ਹੇਮੰਤ ਸੋਰੇਨ ਦੇ ਸਿਰ ’ਤੇ ‘ਕੰਡਿਆਂ ਦਾ ਤਾਜ’

12/26/2019 1:44:59 AM

ਕਲਿਆਣੀ ਸ਼ੰਕਰ

ਝਾਰਖੰਡ ਇਕ ਛੋਟਾ ਸੂਬਾ ਹੈ, ਫਿਰ ਵੀ ਮਹਾਗੱਠਜੋੜ ਦੀ ਸ਼ਾਨਦਾਰ ਜਿੱਤ ਨੇ ਇਕ ਸ਼ਕਤੀਸ਼ਾਲੀ ਸਿਆਸੀ ਸੰਦੇਸ਼ ਦਿੱਤਾ ਹੈ। ਪਿਛਲੇ 6 ਮਹੀਨਿਆਂ ਦੌਰਾਨ ਮਹਾਰਾਸ਼ਟਰ ਤੋਂ ਬਾਅਦ ਭਾਜਪਾ ਨੇ ਦੂਸਰਾ ਸੂਬਾ ਆਪਣੇ ਹੱਥੋਂ ਗੁਆ ਦਿੱਤਾ ਹੈ। ਮੋਦੀ-ਸ਼ਾਹ ਦੀ ਜੋੜੀ ਨੂੰ ਹੁਣ ਇਕ ਕਦਮ ਪਿੱਛੇ ਖਿੱਚਣਾ ਪੈ ਗਿਆ ਹੈ ਕਿਉਂਕਿ ਦੇਸ਼ ’ਚ ਗੈਰ-ਭਾਜਪਾ ਸਰਕਾਰਾਂ ਦੇਸ਼ ਦੀ 65 ਫੀਸਦੀ ਆਬਾਦੀ ਨੂੰ ਕੰਟਰੋਲ ਕਰ ਰਹੀਆਂ ਹਨ। ਇਸ ’ਚ ਕੋਈ ਸ਼ੱਕ ਨਹੀਂ ਕਿ ਮੋਦੀ ਦਾ ਜਾਦੂ ਫਿੱਕਾ ਪੈ ਗਿਆ ਹੈ। ਹਾਲਾਂਕਿ 2019 ਦੀਆਂ ਲੋਕ ਸਭਾ ਚੋਣਾਂ ’ਚ ਜ਼ੋਰਦਾਰ ਜਿੱਤ ਤੋਂ ਬਾਅਦ ਮੋਦੀ ਮਜ਼ਬੂਤ ਹੋ ਕੇ ਉੱਭਰੇ ਹਨ।

ਸੋਰੇਨ ਪਰਿਵਾਰ ਲਈ ਇਹ ਜਿੱਤ ਮਹੱਤਵਪੂਰਨ

ਝਾਰਖੰਡ ’ਚ ਝਾਮੁਮੋ ਪੰਜਵੀਂ ਵਾਰ ਸੂਬੇ ਦੀ ਵਾਗਡੋਰ ਸੰਭਾਲੇਗੀ। ਸ਼ਿਬੂ ਸੋਰੇਨ ਪਰਿਵਾਰ ਲਈ ਵੀ ਇਹ ਜਿੱਤ ਮਹੱਤਵਪੂਰਨ ਹੈ। ਹਾਲਾਂਕਿ ਸ਼ਿਬੂ ਆਪਣੇ ਵੱਡੇ ਬੇਟੇ ਦੁਰਗਾ ਨੂੰ ਰਾਜਨੀਤੀ ਦੇ ਦਾਅ-ਪੇਚ ਸਿਖਾ ਰਹੇ ਸਨ ਪਰ 2009 ’ਚ ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਛੋਟੇ ਬੇਟੇ ਹੇਮੰਤ ਸੋਰੇਨ ਦੂਸਰੀ ਪਸੰਦ ਸਨ। ਜੁਲਾਈ 2013 ਤੋਂ ਲੈ ਕੇ ਦਸੰਬਰ 2014 ਤਕ ਹੇਮੰਤ ਸਭ ਤੋਂ ਨੌਜਵਾਨ ਮੁੱਖ ਮੰਤਰੀ ਅਹੁਦੇ ’ਤੇ ਰਹੇ। ਪਿਛਲੇ ਦੋ ਸਾਲਾਂ ’ਚ ਹੇਮੰਤ ਕੋਲ ਦਰਜਨਾਂ ਅਜਿਹੇ ਪੇਸ਼ੇਵਰ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਸਾਧਾਰਨ ਲੋਕਾਂ ਤਕ ਪਹੁੰਚ ਬਣਾਉਣ ਵਾਲੇ ਨੇਤਾ ਦੇ ਰੂਪ ’ਚ ਆਪਣੇ ਆਪ ਨੂੰ ਪ੍ਰਗਟ ਕਰਨ ਲਈ ਸਲਾਹ ਦਿੱਤੀ। ਸੋਸ਼ਲ ਮੀਡੀਆ ’ਤੇ ਹੇਮੰਤ ਨੇ ਆਪਣੇ ਅਜਿਹੇ ਚਿੱਤਰ ਪੋਸਟ ਕੀਤੇ, ਜਿਨ੍ਹਾਂ ’ਚ ਉਹ ਮੋਟਰਸਾਈਕਲ ’ਤੇ ਬੈਠੇ ਅਤੇ ਆਪਣੇ ਆਦਿਵਾਸੀ ਪਹਿਰਾਵੇ ’ਚ ਝੌਂਪੜੀ ਕੋਲ ਖੜ੍ਹੇ ਨਜ਼ਰ ਆ ਰਹੇ ਸਨ। 2009 ਤੋਂ 2010 ਤਕ ਉਹ ਰਾਜ ਸਭਾ ਮੈਂਬਰ ਰਹੇ ਅਤੇ ਅਰਜੁਨ ਮੁੰਡਾ ਦੀ ਅਗਵਾਈ ਵਾਲੀ ਐੱਨ. ਡੀ. ਏ. ਸਰਕਾਰ (2010-2013) ’ਚ ਉਪ ਮੁੱਖ ਮੰਤਰੀ ਦੇ ਅਹੁਦੇ ’ਤੇ ਰਹੇ। ਇਸ ਲਈ ਸਰਕਾਰ ਚਲਾਉਣਾ ਉਨ੍ਹਾਂ ਲਈ ਕੋਈ ਨਵੀਂ ਗੱਲ ਨਹੀਂ।

ਅੱਜ ਝਾਰਖੰਡ ਦੇ ਇਤਿਹਾਸ ’ਚ ਇਕ ਨਵਾਂ ਪੰਨਾ ਜੁੜ ਚੁੱਕਾ ਹੈ ਅਤੇ ਭਵਿੱਖ ’ਚ ਇਹ ਮੀਲ ਦਾ ਪੱਥਰ ਸਾਬਿਤ ਹੋਵੇਗਾ। ਹੇਮੰਤ ਨੇ ਜਿੱਤ ਤੋਂ ਤੁਰੰਤ ਬਾਅਦ ਕਿਹਾ ਸੀ ਕਿ ਅੱਜ ਸਮਾਂ ਆ ਗਿਆ ਕਿ ਉਨ੍ਹਾਂ ਵਾਅਦਿਆਂ ਨੂੰ ਪੂਰਾ ਕੀਤਾ ਜਾਵੇ, ਜਿਨ੍ਹਾਂ ਲਈ ਝਾਰਖੰਡ ਦੀ ਸਥਾਪਨਾ ਕੀਤੀ ਗਈ ਸੀ।

ਹਾਲਾਂਕਿ ਉਨ੍ਹਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਮਹਾਗੱਠਜੋੜ ਦੀ ਅਗਵਾਈ ਕਰਨਾ ਕੋਈ ਆਸਾਨ ਕੰਮ ਨਹੀਂ ਹੋਵੇਗਾ ਕਿਉਂਕਿ ਹੇਮੰਤ ਨੇ ਆਪਣੇ ਸਿਰ ’ਤੇ ਕੰਡਿਆਂ ਦਾ ਤਾਜ ਸਜਾਇਆ ਹੈ। ਅਜਿਹੀ ਕੋਈ ਵਿਚਾਰਧਾਰਾ ਨਹੀਂ ਹੈ, ਜਿਸ ਨੇ ਗੱਠਜੋੜ ਸਹਿਯੋਗੀਆਂ ਨੂੰ ਇਕ ਮੁੱਠੀ ’ਚ ਬੰਨ੍ਹਿਆ ਹੋਵੇ।

ਝਾਰਖੰਡ ਦਾ ਇਤਿਹਾਸ ਰਿਹਾ ਹੈ ਕਿ ਇਥੇ ਰਘੁਵਰ ਦਾਸ ਨੂੰ ਛੱਡ ਕੇ ਕਦੇ ਵੀ ਸਥਾਈ ਸਰਕਾਰ ਨਹੀਂ ਰਹੀ। ਸੂਬੇ ਦੇ ਸਾਬਕਾ ਮੁੱਖ ਮੰਤਰੀ ਰਘੁਵਰ ਦਾਸ ਨੇ ਆਪਣੇ ਪੰਜ ਸਾਲ ਪੂਰੇ ਕੀਤੇ ਸਨ, ਇਸ ਕਾਰਣ ਹੇਮੰਤ ਨੂੰ ਆਪਣੀ ਕੁਰਸੀ ਬਚਾ ਕੇ ਰੱਖਣੀ ਹੋਵੇਗੀ। ਉਸ ਨੂੰ ਆਪਣੇ ਦਲ ’ਤੇ ਵੀ ਪਕੜ ਰੱਖਣੀ ਹੋਵੇਗੀ। ਛੋਟੇ ਜਿਹੇ ਸੂਬੇ ’ਚ ਕੁਝ ਵਿਧਾਇਕ ਸਰਕਾਰ ਨੂੰ ਅਸਥਿਰ ਕਰ ਸਕਦੇ ਹਨ। ਜੇਕਰ ਅਸਥਿਰਤਾ ਦੇ ਨਿਸ਼ਾਨ ਨਜ਼ਰ ਆਏ ਤਾਂ ਜ਼ਖਮੀ ਭਾਜਪਾ ਸਰਕਾਰ ਬਣਾਉਣ ਲਈ ਅਜਿਹਾ ਕੋਈ ਮੌਕਾ ਨਹੀਂ ਗੁਆਏਗੀ। ਆਯਾ ਰਾਮ-ਗਯਾ ਰਾਮ ਦੇ ਦਿਨਾਂ ’ਚ ਭਾਜਪਾ ਨੂੰ ਸਿਰੇ ਤੋਂ ਨਹੀਂ ਨਕਾਰਿਆ ਜਾ ਸਕਦਾ। ਮਹਾਗੱਠਜੋੜ ਦੇ ਵਿਧਾਇਕਾਂ ਨੂੰ ਹੇਮੰਤ ਨੂੰ ਸੰਤੁਸ਼ਟ ਕਰਨਾ ਪਵੇਗਾ। ਦਲ-ਬਦਲੂ ਨੇਤਾ ਹੀ ਹੇਮੰਤ ਲਈ ਇਕ ਖਤਰਾ ਹਨ।

ਕੈਬਨਿਟ ਦੇ ਗਠਨ ਲਈ ਆਸਾਨ ਫਾਰਮੂਲਾ ਬਣਾਉਣ

ਹੇਮੰਤ ਕੋਲ ਤੁਰੰਤ ਅਗਲੀ ਚੁਣੌਤੀ ਆਪਣੇ ਮੰਤਰੀ ਮੰਡਲ ਨੂੰ ਬਣਾਉਣ ਦੀ ਹੈ। 12 ਕੈਬਨਿਟ ਮੰਤਰੀਆਂ ’ਚ ਜਗ੍ਹਾ ਹਾਸਲ ਕਰਨ ਲਈ ਸੂਬੇ ’ਚ ਗੱਠਜੋੜ ਸਰਕਾਰ ਦੇ ਕਈ ਭਾਵੀ ਵਿਧਾਇਕ ਹਨ, ਇਸ ਲਈ ਕੈਬਨਿਟ ਦੇ ਗਠਨ ਨੂੰ ਲੈ ਕੇ ਹੇਮੰਤ ਨੂੰ ਕੋਈ ਆਸਾਨ ਫਾਰਮੂਲਾ ਅਪਣਾਉਣਾ ਹੋਵੇਗਾ। ਇਥੇ ਮੰਤਰੀਆਂ ਦੇ ਵਿਭਾਗਾਂ ਨੂੰ ਵੰਡਣ ’ਚ ਹੇਮੰਤ ਨੂੰ ਚੌਕਸੀ ਵਰਤਣੀ ਹੋਵੇਗੀ।

ਗੱਠਜੋੜ ਧਰਮ ਨੂੰ ਨਿਭਾਉਣ ਲਈ ਵੀ ਉਨ੍ਹਾਂ ਨੂੰ ਇਕ ਨਵੀਂ ਚੁਣੌਤੀ ਪੇਸ਼ ਆਏਗੀ। ਹੁਣ ਤਕ ਤਾਂ ਗੱਠਜੋੜ ਸਹਿਯੋਗੀ ਉਨ੍ਹਾਂ ਦੀ ਪੂਰੀ ਪਿੱਠ ਥਾਪੜ ਰਹੇ ਹਨ। ਮਹਾਰਾਸ਼ਟਰ ਵਾਂਗ ਉਨ੍ਹਾਂ ਨੂੰ ਕਾਮਨ ਮਿਨੀਮਮ ਪ੍ਰੋਗਰਾਮ ਅਪਣਾਉਣਾ ਪਵੇਗਾ। ਇਸੇ ਨਾਲ ਹੀ ਮਹਾਗੱਠਜੋੜ ਦੀਆਂ ਦੁਸ਼ਵਾਰੀਆਂ ਤੋਂ ਪਾਰ ਪਾਇਆ ਜਾ ਸਕਦਾ ਹੈ।

ਆਖਰੀ ਅਤੇ ਮਹੱਤਵਪੂਰਨ ਗੱਲ ਇਹ ਹੋਵੇਗੀ ਕਿ ਝਾਰਖੰਡ ਸਰਕਾਰ ਨੂੰ ਸੂਬੇ ਦੇ ਵਿਕਾਸ ਨੂੰ ਅੱਗੇ ਵਧਾਉਣਾ ਅਤੇ ਪਾਰਟੀ ਦੇ ਐਲਾਨ ਪੱਤਰ ਨੂੰ ਪੂਰਾ ਕਰਨਾ ਹੋਵੇਗਾ। ਜਿਥੋਂ ਤਕ ਭਾਜਪਾ ਦਾ ਸਵਾਲ ਹੈ, ਪਾਰਟੀ ਨੇ ਚੋਣ ਮੁਹਿੰਮ ਦੌਰਾਨ ਆਰਟੀਕਲ 370, ਤਿੰਨ ਤਲਾਕ, ਨਾਗਰਿਕਤਾ ਸੋਧ ਕਾਨੂੰਨ ਆਦਿ ਵਰਗੇ ਮੁੱਦਿਆਂ ’ਤੇ ਜ਼ੋਰ ਦਿੱਤਾ ਸੀ। ਉਥੇ ਹੀ ਝਾਮੁਮੋ ਨੇ ਸਥਾਨਕ ਮੁੱਦਿਆਂ, ਜਿਵੇਂ ਬੇਰੋਜ਼ਗਾਰੀ, ਪਾਣੀ ਦੀ ਕਮੀ ਅਤੇ ਜਲ-ਜੰਗਲ ਜ਼ਮੀਨ ਨੂੰ ਬਚਾਉਣ ’ਤੇ ਜ਼ੋਰ ਦਿੱਤਾ ਸੀ।

ਸੋਹਣਾ ਸੂਬਾ ਪਰ ਵਿਕਾਸ ਪ੍ਰਾਜੈਕਟਾਂ ਦੀ ਲੋੜ

ਝਾਰਖੰਡ ਦੇਸ਼ ਦਾ ਬੇਹੱਦ ਸੋਹਣਾ ਸੂਬਾ ਹੈ, ਇਸ ਲਈ ਇਥੇ ਵਿਕਾਸ ਪ੍ਰਾਜੈਕਟਾਂ ਦੀ ਬਹੁਤ ਵੱਡੀ ਲੋੜ ਹੈ। ਸੂਬੇ ਨੂੰ ਹੋਰ ਜ਼ਿਆਦਾ ਏਅਰਪੋਰਟ, ਸੜਕਾਂ ਨੂੰ ਆਪਸ ’ਚ ਜੋੜਨਾ, ਰੇਲ ਟਰਾਂਸਪੋਰਟ ਅਤੇ ਹੋਰ ਮੁੱਢਲੇ ਪ੍ਰਾਜੈਕਟਾਂ ਨੂੰ ਪੂਰਾ ਕਰਨਾ ਹੋਵੇਗਾ। ਇਸ ਦੇ ਲਈ ਪੈਸੇ ਦੀ ਲੋੜ ਪਵੇਗੀ। ਹੇਮੰਤ ਨੂੰ ਇਸ ਦੇ ਲਈ ਸਰਕਾਰੀ ਅਤੇ ਪ੍ਰਾਈਵੇਟ ਹਿੱਸੇਦਾਰੀ ਲੱਭਣੀ ਪਵੇਗੀ। ਝਾਰਖੰਡ ਖਣਿਜਾਂ ਅਤੇ ਕੁਦਰਤੀ ਸੋਮਿਆਂ ਨਾਲ ਭਰਿਆ ਪਿਆ ਹੈ। ਇਸ ਲਈ ਲੋਕਾਂ ਨੂੰ ਇਸ ਦਾ ਲਾਭ ਦੇਣ ਲਈ ਇਨ੍ਹਾਂ ਸਾਰਿਆਂ ਦੀ ਵਰਤੋਂ ਕਰਨੀ ਹੋਵੇਗੀ। ਚੋਣਾਂ ਤੋਂ ਪਹਿਲਾਂ ਹੇਮੰਤ ਨੇ ਆਦਿਵਾਸੀ ਸਮਰਥਿਤ ਪੱਟੇਦਾਰੀ ਕਾਨੂੰਨ ’ਚ ਪ੍ਰਸਤਾਵਿਤ ਸੋਧਾਂ ਦੇ ਵਿਰੁੱਧ ਮੁੱਦਾ ਛੇੜਿਆ ਸੀ। ਉਨ੍ਹਾਂ ਨੇ ‘ਬ੍ਰੈੱਡ ਐਂਡ ਬਟਰ’, ਭੂਮੀ ਹਾਸਲ ਕਰਨ ਅਤੇ ਬੇਰੋਜ਼ਗਾਰੀ ਦੇ ਮੁੱਦਿਆਂ ’ਤੇ ਚੋਣ ਲੜੀ ਸੀ। ਉਨ੍ਹਾਂ ਨੇ ਸਰਕਾਰੀ ਨੌਕਰੀਆਂ ’ਚ ਔਰਤਾਂ ਨੂੰ 50 ਫੀਸਦੀ ਰਿਜ਼ਰਵੇਸ਼ਨ ਦੇਣ ਦਾ ਵਾਅਦਾ ਵੀ ਕੀਤਾ ਸੀ। ਇਕ ਮਹੱਤਵਪੂਰਨ ਵਾਅਦਾ, ਜੋ ਹੇਮੰਤ ਨੇ ਕੀਤਾ ਸੀ, ਉਹ ਸੀ ਨੌਕਰੀਆਂ ’ਚ ਸਥਾਨਕ ਲੋਕਾਂ ਨੂੰ ਰਿਜ਼ਰਵੇਸ਼ਨ ਦੇਣਾ। ਇਸ ਗੱਲ ਕਾਰਣ ਉਹ ਨੌਜਵਾਨਾਂ ਨਾਲ ਜੁੜ ਗਏ ਸਨ ਕਿਉਂਕਿ ਚੋਣਾਂ ਦੌਰਾਨ ਬੇਰੋਜ਼ਗਾਰੀ ਮਹੱਤਵਪੂਰਨ ਮਾਮਲਾ ਬਣ ਕੇ ਉੱਭਰਿਆ ਸੀ।

ਚੰਗਾ ਪ੍ਰਸ਼ਾਸਨ ਦੇਣਾ ਵੀ ਹੇਮੰਤ ਸੋਰੇਨ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ। ਉਨ੍ਹਾਂ ਨੂੰ ਭ੍ਰਿਸ਼ਟਾਚਾਰ ਮੁਕਤ ਅਤੇ ਸਵੱਛ ਸਰਕਾਰ ਦੇਣੀ ਹੋਵੇਗੀ। ਝਾਰਖੰਡ ਆਪਣੇ ਭ੍ਰਿਸ਼ਟਾਚਾਰੀ ਨੇਤਾਵਾਂ ਲਈ ਜਾਣਿਆ ਜਾਂਦਾ ਹੈ। ਇਸ ਲਈ ਨਵੇਂ ਮੁੱਖ ਮੰਤਰੀ ਦੇ ਤੌਰ ’ਤੇ ਇਹ ਬੇਹੱਦ ਮੁਸ਼ਕਿਲ ਪ੍ਰੋਗਰਾਮ ਹੋਵੇਗਾ। ਹੇਮੰਤ ਨੂੰ ਕੇਂਦਰ ਦੇ ਨਾਲ ਵੀ ਚੰਗੇ ਸਬੰਧ ਬਣਾਉਣੇ ਹੋਣਗੇ ਅਤੇ ਇਸ ਦੇ ਲਈ ਨਵੇਂ ਰਾਹ ਲੱਭਣੇ ਹੋਣਗੇ। ਹਰੇਕ ਗੈਰ-ਭਾਜਪਾ ਮੁੱਖ ਮੰਤਰੀ ਲਈ ਇਹ ਸਭ ਚੁਣੌਤੀਆਂ ਹੁੰਦੀਆਂ ਹਨ। ਹੁਣ ਦੇਖਣਾ ਹੋਵੇਗਾ ਕਿ ਇਨ੍ਹਾਂ ਚੁਣੌਤੀਆਂ ਨਾਲ ਹੇਮੰਤ ਕਿਵੇਂ ਨਜਿੱਠਦੇ ਹਨ।


Bharat Thapa

Content Editor

Related News