ਅਰਵਿੰਦ ਕੇਜਰੀਵਾਲ ਦੇ ਸੰਘ ਪ੍ਰਮੁੱਖ ਨੂੰ ‘ਪੰਜ ਸਵਾਲ’

Saturday, Sep 28, 2024 - 01:08 PM (IST)

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਜੰਤਰ-ਮੰਤਰ ’ਤੇ ਲੋਕ ਦਰਬਾਰ ਦਾ ਆਯੋਜਨ ਕੀਤਾ ਪਰ ਇਸ ’ਚ ਉਨ੍ਹਾਂ ਨੇ ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੂੰ ਸਵਾਲ ਪੁੱਛੇ। ਹੁਣ ਚਿੱਠੀ ਲਿਖ ਕੇ ਇਹੀ ਸਵਾਲ ਪੁੱਛੇ ਗਏ ਹਨ। ਉਨ੍ਹਾਂ ਨੇ ਪੰਜ ਸਵਾਲ ਪੁੱਛੇ। ਇਕ ਜਿਸ ਤਰ੍ਹਾਂ ਭਾਜਪਾ ਪੂਰੇ ਦੇਸ਼ ਵਿਚ ਲਾਲਚ ਦੇ ਕੇ, ਡਰਾ ਕੇ ਜਾਂ ਈ. ਡੀ., ਸੀ. ਬੀ. ਆਈ. ਦੀ ਧਮਕੀ ਦੇ ਕੇ ਹੋਰ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂਆਂ ਨੂੰ ਤੋੜ ਰਹੀ ਹੈ, ਗੈਰ-ਭਾਜਪਾ ਸਰਕਾਰਾਂ ਨੂੰ ਡੇਗ ਰਹੀ ਹੈ, ਕੀ ਇਹ ਦੇਸ਼ ਲਈ ਸਹੀ ਹੈ? ਕੀ ਤੁਸੀਂ ਨਹੀਂ ਮੰਨਦੇ ਕਿ ਇਹ ਭਾਰਤੀ ਲੋਕਤੰਤਰ ਲਈ ਨੁਕਸਾਨਦੇਹ ਹੈ?

ਦੋ, ਭਾਜਪਾ ਨੇ ਸਭ ਤੋਂ ਭ੍ਰਿਸ਼ਟ ਆਗੂਆਂ ਨੂੰ ਆਪਣੀ ਪਾਰਟੀ ਵਿਚ ਸ਼ਾਮਲ ਕੀਤਾ ਹੈ। ਜਿਨ੍ਹਾਂ ਆਗੂਆਂ ਨੂੰ ਪਹਿਲਾਂ ਭਾਜਪਾ ਆਗੂ ਖੁਦ ਸਭ ਤੋਂ ਭ੍ਰਿਸ਼ਟ ਕਹਿੰਦੇ ਸਨ, ਉਨ੍ਹਾਂ ਨੂੰ ਕੁਝ ਦਿਨਾਂ ਬਾਅਦ ਭਾਜਪਾ ਵਿਚ ਸ਼ਾਮਲ ਕਰ ਲਿਆ ਗਿਆ। ਕੀ ਤੁਸੀਂ ਇਸ ਤਰ੍ਹਾਂ ਦੀ ਸਿਆਸਤ ਨਾਲ ਸਹਿਮਤ ਹੋ? ਕੀ ਤੁਸੀਂ ਅਜਿਹੀ ਭਾਜਪਾ ਦੀ ਕਲਪਨਾ ਕੀਤੀ ਸੀ? ਤਿੰਨ, ਭਾਜਪਾ ਆਰ. ਐੱਸ. ਐੱਸ. ਦੀ ਕੁੱਖ ਤੋਂ ਪੈਦਾ ਹੋਈ ਹੈ। ਕਿਹਾ ਜਾਂਦਾ ਹੈ ਕਿ ਇਹ ਦੇਖਣਾ ਸੰਘ ਦੀ ਜ਼ਿੰਮੇਵਾਰੀ ਹੈ ਕਿ ਭਾਜਪਾ ਪਤਿਤ ਨਾ ਹੋਵੇ। ਮੈਂ ਪੁੱਛਣਾ ਚਾਹੁੰਦਾ ਹਾਂ, ਕੀ ਤੁਸੀਂ ਅੱਜ ਦੀ ਭਾਜਪਾ ਦੇ ਇਨ੍ਹਾਂ ਕਦਮਾਂ ਨਾਲ ਸਹਿਮਤ ਹੋ? ਕੀ ਤੁਸੀਂ ਕਦੇ ਭਾਜਪਾ ਨੂੰ ਇਹ ਸਭ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਹੈ, ਉਨ੍ਹਾਂ ਨੂੰ ਇਸ ਬਾਰੇ ਸਵਾਲ ਪੁੱਛੇ ਹਨ?

ਚਾਰ, ਜੇ. ਪੀ. ਨੱਡਾ ਨੇ ਲੋਕ ਸਭਾ ਚੋਣਾਂ ਦੌਰਾਨ ਕਿਹਾ ਸੀ ਕਿ ਭਾਜਪਾ ਨੂੰ ਸੰਘ ਦੀ ਲੋੜ ਨਹੀਂ ਹੈ। ਜਦੋਂ ਨੱਡਾ ਨੇ ਇਹ ਕਿਹਾ ਤਾਂ ਤੁਹਾਡੇ ਦਿਲ ’ਤੇ ਕੀ ਬੀਤੀ? ਤੁਹਾਨੂੰ ਦੁੱਖ ਨਹੀਂ ਹੋਇਆ? ਆਰ. ਐੱਸ. ਐੱਸ. ਭਾਜਪਾ ਲਈ ਮਾਂ ਬਰਾਬਰ ਹੈ। ਕੀ ਪੁੱਤਰ ਇੰਨਾ ਵੱਡਾ ਹੋ ਗਿਆ ਹੈ ਕਿ ਉਹ ਮੋੜ ਕੇ ਮਾਂ ਵਾਲੀ ਸੰਸਥਾ ਨੂੰ ਅੱਖਾਂ ਦਿਖਾ ਰਿਹਾ ਹੈ? ਪੰਜ, ਤੁਸੀਂ ਲੋਕਾਂ ਨੇ ਮਿਲ ਕੇ ਕਾਨੂੰਨ ਬਣਾਇਆ ਸੀ ਕਿ 75 ਸਾਲ ਤੋਂ ਵੱਧ ਉਮਰ ਦੇ ਪਾਰਟੀ ਆਗੂ ਸੇਵਾਮੁਕਤ ਹੋਣਗੇ। ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ​​ਮਨੋਹਰ ਜੋਸ਼ੀ ਵਰਗੇ ਕਈ ਆਗੂ ਸੇਵਾਮੁਕਤ ਹੋ ਗਏ। ਹੁਣ ਅਮਿਤ ਸ਼ਾਹ ਕਹਿ ਰਹੇ ਹਨ ਕਿ ਇਹ ਨਿਯਮ ਮੋਦੀ ’ਤੇ ਲਾਗੂ ਨਹੀਂ ਹੋਵੇਗਾ। ਕੀ ਤੁਸੀਂ ਇਸ ਨਾਲ ਸਹਿਮਤ ਹੋ?

ਸੋਸ਼ਲ ਮੀਡੀਆ ’ਤੇ ਸਰਗਰਮ ਵਿਰੋਧੀ ਪਾਰਟੀਆਂ, ਆਗੂ, ਕਾਰਕੁੰਨ ਅਤੇ ਨੈਰੇਟਿਵ ਸੈਂਟਰ ਸਾਰੇ ਭਾਜਪਾ ਅਤੇ ਨਰਿੰਦਰ ਮੋਦੀ ਸਰਕਾਰ ਦਾ ਵਿਰੋਧ ਕਰਦੇ ਹੋਏ, ਹਮਲਾ ਕਰਦੇ ਹੋਏ ਸੰਘ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਕੁਝ ਤਾਂ ਭਾਜਪਾ ਨਾਲੋਂ ਵੀ ਵੱਧ ਸੰਘ ’ਤੇ ਹਮਲਾ ਕਰਦੇ ਹਨ ਪਰ ਸਿਆਸੀ ਆਗੂਆਂ ਵਿਚੋਂ ਅਰਵਿੰਦ ਕੇਜਰੀਵਾਲ ਵਰਗਾ ਸਵਾਲ ਕਿਸੇ ਨੇ ਨਹੀਂ ਸੀ ਪੁੱਛਿਆ।
ਅਰਵਿੰਦ ਕੇਜਰੀਵਾਲ ਨੇ ਆਗੂਆਂ ਨੂੰ ਡਰਾਉਣ-ਧਮਕਾਉਣ ਜਾਂ ਈ. ਡੀ., ਸੀ. ਬੀ. ਆਈ. ਦਾ ਡਰ ਦਿਖਾਉਣ ਜਾਂ ਫਿਰ 75 ਸਾਲ ਦੀ ਉਮਰ ਆਦਿ ਬਾਰੇ ਜੋ ਕੁਝ ਕਿਹਾ, ਉਹ ਉਸ ਦਾ ਆਪਣਾ ਨਜ਼ਰੀਆ ਹੈ। ਇਨ੍ਹਾਂ ਸਵਾਲਾਂ ਅਤੇ ਕਥਨਾਂ ਦਾ ਸਾਰ ਵੱਖਰਾ ਹੈ। ਉਨ੍ਹਾਂ ਅਸਤੀਫ਼ੇ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਜਨਤਾ ਵਿਚ ਜਾਣਗੇ ਅਤੇ ਜੇਕਰ ਜਨਤਾ ਉਨ੍ਹਾਂ ਨੂੰ ਬੇਕਸੂਰ ਸਾਬਤ ਕਰਦੀ ਹੈ ਤਾਂ ਉਹ ਮੁੱਖ ਮੰਤਰੀ ਬਣ ਜਾਣਗੇ।

ਸੁਭਾਵਿਕ ਹੀ ਅਜਿਹੀ ਮੁਹਿੰਮ ਵਿਚ ਉਹ ਬਹੁਤ ਸੋਚ-ਸਮਝ ਕੇ ਸਧੇ ਹੋਏ ਅੰਦਾਜ਼ ’ਚ ਆਪਣੀ ਚਲਾਕੀ ਵਾਲੀ ਸਿਆਸਤ ਦੇ ਤਹਿਤ ਹੀ ਕੋਈ ਮੁੱਦਾ ਉਠਾਉਣਗੇ। ਇਸ ਲਈ, ਅਰਵਿੰਦ ਕੇਜਰੀਵਾਲ ਅਤੇ ‘ਆਪ’ ਦੇ ਨਜ਼ਰੀਏ ਤੋਂ, ਤੁਸੀਂ ਸੰਘ ਮੁਖੀ ਨੂੰ ਪੁੱਛੇ ਗਏ ਸਵਾਲਾਂ ਨੂੰ ਉਂਝ ਹੀ ਖਾਰਿਜ ਨਹੀਂ ਕਰ ਸਕਦੇ। ਰਾਸ਼ਟਰੀ ਸਵੈਮਸੇਵਕ ਸੰਘ ਦੇ ਕੰਮਕਾਜ ਵਿਚ ਆਮ ਤੌਰ ’ਤੇ, ਸਿਆਸੀ ਸਵਾਲ ਤਾਂ ਛੱਡੋ, ਰੁਟੀਨ ਨਿੰਦਾ, ਆਲੋਚਨਾ ਜਾਂ ਹਮਲਿਆਂ ਦਾ ਜਵਾਬ ਦੇਣਾ ਜਾਂ ਕਿਸੇ ਵੀ ਸਵਾਲ ’ਤੇ ਸਪੱਸ਼ਟੀਕਰਨ ਦੇਣਾ ਸ਼ਾਮਲ ਨਹੀਂ। ਸੰਘ ’ਤੇ ਡੂੰਘੀ ਨਜ਼ਰ ਰੱਖਣ ਵਾਲੇ ਜਾਣਦੇ ਹਨ ਕਿ ਇਸ ਸਭ ਤੋਂ ਪ੍ਰਭਾਵਿਤ ਨਾ ਹੋ ਕੇ ਉਹ ਆਪਣੇ ਉਦੇਸ਼ਾਂ ਲਈ ਤੈਅ ਕੀਤੇ ਕੰਮਾਂ ਅਤੇ ਸਮਾਗਮਾਂ ’ਚ ਲੱਗੇ ਰਹਿੰਦੇ ਹਨ।

ਉਹ ਮੀਡੀਆ ਜਾਂ ਹੋਰ ਖੇਤਰਾਂ ਵਿਚ ਜਨਤਕ ਤੌਰ ’ਤੇ ਸਰਗਰਮ ਲੋਕਾਂ ਨੂੰ ਵੀ ਬੇਨਤੀ ਕਰਦੇ ਹਨ ਕਿ ਉਹ ਸੰਘ ਦੀ ਆਲੋਚਨਾ ਜਾਂ ਹਮਲਿਆਂ ਦਾ ਜਵਾਬ ਦੇਣ ਵਿਚ ਸਮਾਂ ਨਾ ਲਗਾਉਣ। ਵੈਸੇ ਤਾਂ ਅਰਵਿੰਦ ਕੇਜਰੀਵਾਲ ਦੇ ਬਤੌਰ ਮਾਲ ਅਧਿਕਾਰੀ ਸਮੇਂ ਤੋਂ ਐੱਨ. ਜੀ. ਓ. ਅਤੇ ਸੂਚਨਾ ਅਧਿਕਾਰ ਕਾਰਕੁੰਨ, ਫਿਰ ਭ੍ਰਿਸ਼ਟਾਚਾਰ ਵਿਰੁੱਧ ਅੰਨਾ ਦੀ ਮੁਹਿੰਮ ਅਤੇ ਅੰਤ ਵਿਚ ਆਮ ਆਦਮੀ ਪਾਰਟੀ ਦੀਆਂ ਹੁਣ ਤੱਕ ਦੀਆਂ ਸਰਗਰਮੀਆਂ ’ਤੇ ਨਜ਼ਰ ਰੱਖਣ ਵਾਲੇ, ਬਿਨਾਂ ਕਿਸੇ ਝਿਜਕ ਦੇ ਕਹਿ ਸਕਦੇ ਹਨ ਕਿ ਉਨ੍ਹਾਂ ਨੇ ਇਹ ਪੰਜ ਸਵਾਲ ਹਾਂ-ਪੱਖੀ ਇਰਾਦੇ ਨਾਲ ਨਹੀਂ ਪੁੱਛੇ ਹੋਣਗੇ।

ਇਹ ਸੱਚ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਤਾ ਸੰਭਾਲਣ ਤੋਂ ਬਾਅਦ ਸੱਤਾ ਅਤੇ ਸਿਆਸਤ ਦੇ ਪੱਧਰ ’ਤੇ ਹਿੰਦੂਤਵ ਅਤੇ ਹਿੰਦੂਤਵ ਤੋਂ ਪ੍ਰੇਰਿਤ ਰਾਸ਼ਟਰਵਾਦ ’ਤੇ ਕੇਂਦ੍ਰਿਤ ਹੋ ਕੇ ਵਿਚਾਰਧਾਰਾ ’ਤੇ ਅਜਿਹੇ ਇਤਿਹਾਸਕ ਫੈਸਲੇ ਅਤੇ ਕਾਰਵਾਈਆਂ ਹੋਈਆਂ ਜਿਨ੍ਹਾਂ ਦੀ ਪਹਿਲਾਂ ਕਲਪਨਾ ਵੀ ਨਹੀਂ ਕੀਤੀ ਗਈ ਸੀ। ਭਾਜਪਾ ਪ੍ਰਧਾਨ ਜੇ. ਪੀ. ਨੱਡਾ ਦੇ ਅਖਬਾਰੀ ਇੰਟਰਵਿਊ ਵਿਚ ਹੈਰਾਨ ਕਰਨ ਵਾਲੇ ਬਿਆਨ ਕਿ ਭਾਜਪਾ ਹੁਣ ਇਕ ਵੱਡੀ ਸੰਸਥਾ ਬਣ ਗਈ ਹੈ ਅਤੇ ਉਸ ਨੂੰ ਸੰਘ ਦੀ ਇਸ ਰੂਪ ਵਿਚ ਲੋੜ ਨਹੀਂ ਹੈ, ਨੇ ਸਮੁੱਚੇ ਸੰਗਠਨ ਪਰਿਵਾਰ ਅਤੇ ਵਚਨਬੱਧ ਹਮਾਇਤੀਆਂ ਦੇ ਮਨਾਂ ਵਿਚ ਇਕ ਵਿਚਾਰਧਾਰਕ ਉਥਲ-ਪੁਥਲ ਪੈਦਾ ਕਰ ਦਿੱਤੀ। ਭਾਜਪਾ ਨੇ ਇਸ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਅਤੇ ਸੰਘ ਵੱਲੋਂ ਜਨਤਕ ਬਿਆਨ ਆਉਣ ਦਾ ਕੋਈ ਕਾਰਨ ਨਹੀਂ ਸੀ। ਇਸ ਲਈ ਇਸ ਸਬੰਧੀ ਪੈਦਾ ਹੋਇਆ ਭੰਬਲਭੂਸਾ ਜਾਰੀ ਹੈ।

ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਵਰਗੇ ਲੋਕ ਭਲੀ-ਭਾਂਤ ਜਾਣਦੇ ਹਨ ਕਿ ਲੋਕਾਂ ਦੇ ਅੰਤਰ ਮਨਾਂ ਵਿਚ ਅਜਿਹੇ ਸਵਾਲ ਹਨ ਅਤੇ ਜੇਕਰ ਕੁਝ ਫੀਸਦੀ ਦੇ ਅੰਦਰ ਵੀ ਉਹ ਇਹ ਭਾਵਨਾ ਪੈਦਾ ਕਰਨ ਵਿਚ ਸਫਲ ਹੋ ਜਾਂਦੇ ਹਨ ਕਿ ਉਨ੍ਹਾਂ ਨੇ ਸਹੀ ਸਵਾਲ ਕੀਤੇ ਹਨ ਤਾਂ ਇਹ ਉਨ੍ਹਾਂ ਦੀ ਸਿਆਸੀ ਦ੍ਰਿਸ਼ਟੀ ਤੋਂ ਲਾਹੇਵੰਦ ਹੋਵੇਗਾ। ਸੰਘ ਅਤੇ ਭਾਜਪਾ ਬਾਰੇ ਉਠਾਏ ਗਏ ਕਈ ਸਵਾਲਾਂ ਦਾ ਜਵਾਬ ਭਾਜਪਾ ਨਹੀਂ ਦੇ ਸਕਦੀ। ਕੇਜਰੀਵਾਲ ਇਹ ਜਾਣਦੇ ਹਨ ਅਤੇ ਇਹੀ ਉਨ੍ਹਾਂ ਦੀ ਰਣਨੀਤੀ ਵੀ ਹੈ। ਉਹ ਇਸ ਤੋਂ ਅੱਗੇ ਦੀ ਰਣਨੀਤੀ ਬਣਾ ਚੁੱਕੇ ਹੋਣਗੇ ਅਤੇ ਭਾਜਪਾ ਦੇ ਨਾਲ-ਨਾਲ ਸੰਘ ਨੂੰ ਵੀ ਕਟਹਿਰੇ ’ਚ ਖੜ੍ਹਾ ਕਰਨਗੇ। ਕੇਜਰੀਵਾਲ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਆਖਰ ਸੰਘ ਬਾਰੇ ਉਨ੍ਹਾਂ ਦੀ ਸੋਚ ਕੀ ਹੈ?

-ਅਵਧੇਸ਼ ਕੁਮਾਰ


Tanu

Content Editor

Related News