ਅਹਿਮਦਾਬਾਦ ਦੇ ਏਜੰਟ ਨੇ ਬਠਿੰਡਾ ਦੇ ਵੀਜ਼ਾ ਕੰਸਲਟੈਂਟ ਨਾਲ 91 ਲੱਖ 75 ਹਜ਼ਾਰ ਰੁਪਏ ਦੀ ਠੱਗੀ ਕੀਤੀ
Friday, Jan 24, 2025 - 05:28 PM (IST)
ਬਠਿੰਡਾ (ਵਿਜੈ ਵਰਮਾ) : ਅਹਿਮਦਾਬਾਦ ਦੇ ਇਕ ਇਮੀਗ੍ਰੇਸ਼ਨ ਏਜੰਟ ਵੱਲੋਂ ਬਠਿੰਡਾ ਦੇ ਇਕ ਵੀਜ਼ਾ ਕਨਸਲਟੈਂਟ ਨਾਲ 91.75 ਲੱਖ ਰੁਪਏ ਦੀ ਠੱਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਏਜੰਟ ਨੇ ਨੌਜਵਾਨਾਂ ਨੂੰ ਬ੍ਰਿਟੇਨ ਭੇਜਣ ਦੇ ਨਾਂ 'ਤੇ ਇਹ ਰਕਮ ਲੈ ਲਈ ਪਰ ਵਾਅਦੇ ਮੁਤਾਬਕ ਨੌਕਰੀਆਂ ਦਿਲਾਉਣ ਵਿਚ ਨਾਕਾਮ ਰਿਹਾ।
ਕੀ ਹੈ ਮਾਮਲਾ?
ਬਠਿੰਡਾ ਦੇ ਅਜੀਤ ਰੋਡ ਨਿਵਾਸੀ ਵੀਜ਼ਾ ਕੰਸਲਟੈਂਟ ਨਵਪ੍ਰੀਤ ਸਿੰਘ ਨੇ ਪੁਲਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਅਹਿਮਦਾਬਾਦ ਦੇ ਯੂਰੇਨਸ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਦੇ ਸੰਚਾਲਕ ਮੋਹਿਤ ਦੇਸਾਈ 'ਤੇ ਭਰੋਸਾ ਕਰਦੇ ਆ ਰਹੇ ਸਨ। ਮੋਹਿਤ ਨੇ ਭਰੋਸਾ ਦਿਵਾਇਆ ਸੀ ਕਿ ਉਹ ਬ੍ਰਿਟੇਨ ਭੇਜਣ ਲਈ ਸੀ. ਓ. ਐੱਸ (Certificate of Sponsorship) ਲੈਟਰ ਉਪਲੱਬਧ ਕਰਵਾਏਗਾ, ਜਿਸ ਨਾਲ ਨੌਜਵਾਨਾਂ ਨੂੰ ਉੱਥੇ ਚੰਗੀ ਨੌਕਰੀ ਮਿਲ ਸਕੇ।
ਠੱਗੀ ਦਾ ਖੇਡ ਕਿਵੇਂ ਚੱਲਿਆ?
ਨਵਪ੍ਰੀਤ ਸਿੰਘ ਨੇ ਦੱਸਿਆ ਕਿ ਹਰਵਿੰਦਰ ਕੌਰ, ਸੰਦੀਪ ਕੌਰ, ਪਰਮਿੰਦਰ ਕੌਰ, ਗੁਰਪ੍ਰੀਤ ਸਿੰਘ ਅਤੇ ਨਵਦੀਪ ਕੌਰ ਵਰਗੇ ਕਈ ਨੌਜਵਾਨ ਬ੍ਰਿਟੇਨ ਜਾਣ ਲਈ ਉਨ੍ਹਾਂ ਨਾਲ ਸੰਪਰਕ ਵਿਚ ਆਏ। ਮੋਹਿਤ ਦੇਸਾਈ ਨੇ ਪ੍ਰਤੀ ਵਿਅਕਤੀ 18.50 ਲੱਖ ਰੁਪਏ ਦੀ ਮੰਗ ਕੀਤੀ। ਨਵਪ੍ਰੀਤ ਨੇ ਮੋਹਿਤ ਵਲੋਂ ਦਿੱਤੇ ਗਏ ਖਾਤਿਆਂ ਵਿਚ 7 ਜੂਨ 2023 ਨੂੰ 15.75 ਲੱਖ, 9 ਜੂਨ ਨੂੰ 37 ਲੱਖ ਅਤੇ 12 ਜੂਨ ਨੂੰ 49 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ। ਨੌਜਵਾਨ ਵੀਜ਼ਾ ਲੈ ਕੇ ਬ੍ਰਿਟੇਨ ਤਾਂ ਪਹੁੰਚ ਗਏ ਪਰ ਜਿਹੜੀਆਂ ਕੰਪਨੀਆਂ ਵਿਚ ਨੌਕਰੀਆਂ ਮਿਲਣੀਆਂ ਸੀ, ਉਹ ਜਾਂ ਤਾਂ ਝੂਠੀਆਂ ਨਿਕਲੀਆਂ ਜਾਂ ਉਨ੍ਹਾਂ ਨੇ ਕੰਮ ਦੇਣ ਤੋਂ ਇਨਕਾਰ ਕਰ ਦਿੱਤਾ।
ਬਜ਼ਾਰ ਵਿਚ ਸਾਖ ਬਚਾਉਣ ਦੀ ਕੋਸ਼ਿਸ਼
ਨਵਪ੍ਰੀਤ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਦੀ ਮਦਦ ਲਈ ਉਨ੍ਹਾਂ ਹੋਰ ਕੰਪਨੀਆਂ ਤੋਂ ਨਵੇਂ ਸੀਓਐੱਸ ਲੈਟਰ ਲੈ ਕੇ ਉਨ੍ਹਾਂ ਨੂੰ ਨੌਕਰੀ ਦਿਵਾਈ। ਇਸ ਲਈ ਉਨ੍ਹਾਂ ਨੇ ਲਗਭਗ 20 ਲੱਖ ਰੁਪਏ ਖਰਚੇ। ਉਨ੍ਹਾਂ ਨੇ ਬਜ਼ਾਰ ਵਿਚ ਆਪਣੀ ਪ੍ਰਤਿਸ਼ਠਾ ਬਣਾਈ ਰੱਖਣ ਲਈ ਕਈ ਨੌਜਵਾਨਾਂ ਦੇ ਪੈਸੇ ਵੀ ਵਾਪਸ ਕਰ ਦਿੱਤੇ।
ਪੁਲਸ ਨੇ ਦਰਜ ਕੀਤਾ ਮਾਮਲਾ
ਪੀੜਤ ਦੀ ਸ਼ਿਕਾਇਤ 'ਤੇ ਪੁਲਸ ਨੇ ਅਹਿਮਦਾਬਾਦ ਨਿਵਾਸੀ ਮੋਹਿਤ ਦੇਸਾਈ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ। ਸਿਵਲ ਲਾਈਨ ਥਾਣੇ ਦੇ ਇੰਚਾਰਜ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਜੇਕਰ ਇਸ ਵਿਚ ਕਿਸੇ ਹੋਰ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸਨੂੰ ਵੀ ਦੋਸ਼ੀ ਬਨਾਇਆ ਜਾਵੇਗਾ।