ਭੀਖੀ ’ਚ ਲੰਪੀ ਸਕਿਨ ਬੀਮਾਰੀ ਨਾਲ ਮਰਨ ਲੱਗੇ ਆਵਾਰਾ ਪਸ਼ੂ, ਗਊਆਂ ਦੇ ਦੁੱਧ ਤੋਂ ਕਿਨਾਰਾ ਕਰਨ ਲੱਗੇ ਲੋਕ

08/09/2022 10:46:52 AM

ਭੀਖੀ(ਤਾਇਲ) : ਕਸਬਾ ਭੀਖੀ ’ਚ ਲੰਪੀ ਸਕਿਨ ਬੀਮਾਰੀ ਨੇ ਆਪਣੇ ਪੈਰ-ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇਸ ਬੀਮਾਰੀ ਨਾਲ ਕਸਬੇ ਦੇ ਨਾਲ ਲੱਗਦੇ ਪਿੰਡਾਂ ਵਿਚ ਵੀ ਪਸ਼ੂ ਇਸ ਬੀਮਾਰੀ ਦੀ ਲਪੇਟ ਵਿਚ ਆ ਕੇ ਮਰ ਰਹੇ ਹਨ। ਬੀਮਾਰੀ ਨੇ ਆਵਾਰਾ ਘੁੰਮ ਰਹੇ ਬਹੁਤ ਸਾਰੇ ਪਸ਼ੂਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ਪਰ ਪ੍ਰਸ਼ਾਸਨ ਵੱਲੋਂ ਵੀ ਕੋਈ ਸਾਰਥਕ ਹੱਲ ਨਹੀਂ ਕੀਤਾ ਜਾ ਰਿਹਾ। ਦੁਪਹਿਰ ਸਮੇਂ ਥਾਣਾ ਭੀਖੀ ਦੇ ਕੋਲ ਇਕ ਆਵਾਰਾ ਪਸ਼ੂ ਇਸ ਬੀਮਾਰੀ ਨਾਲ ਤੜਪ-ਤੜਪ ਕੇ ਮਰ ਗਿਆ, ਉਸ ਨੂੰ ਚੁੱਕਣ ਲਈ ਪ੍ਰਸ਼ਾਸਨ ਵੱਲੋਂ ਸ਼ਾਮ ਤੱਕ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ- ਮੁੜ ਸੁਰਖੀਆਂ 'ਚ ਮੰਤਰੀ ਜੌੜਾਮਾਜਰਾ, ਹੁਣ ਆਪਣੇ ਨਿੱਜੀ ਖ਼ਰਚੇ 'ਚੋਂ ਫਰੀਦਕੋਟ ਦੇ ਹਸਪਤਾਲ ਭੇਜੇ ਨਵੇਂ ਗੱਦੇ

ਇਸ ਬਾਰੇ ਸਮਾਜ ਸੇਵੀ ਨੌਜਵਾਨ ਰਾਜਿੰਦਰ ਜਾਫਰੀ ਨੇ ਕਿਹਾ ਕਿ ਇਹ ਬੀਮਾਰੀ ਬਹੁਤ ਭਿਆਨਕ ਹੈ, ਆਵਾਰਾ ਪਸ਼ੂ ਗਲੀ-ਗਲੀ ਘੁੰਮਦੇ ਫਿਰ ਰਹੇ ਹਨ, ਜਿਸ ਕਾਰਨ ਇਹ ਲੋਕਾਂ ਵਿਚ ਵੀ ਫੈਲ ਸਕਦੀ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਪੰਚਾਇਤ ਭੀਖੀ ਤੋਂ ਮੰਗ ਕੀਤੀ ਕਿ ਇਸ ਬਿਮਾਰੀ ਦਾ ਵਿਸ਼ੇਸ਼ ਤੌਰ ’ਤੇ ਟੀਕਾਕਰਨ ਕਰਵਾਇਆ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੇ ਪਸ਼ੂਆਂ ਨੂੰ ਇਹ ਬੀਮਾਰੀ ਹੋਵੇ, ਉਨ੍ਹਾਂ ਪਸ਼ੂਆਂ ਦਾ ਦੁੱਧ ਡੇਅਰੀ ਆਦਿ ਵਿਚ ਨਾ ਪਾਇਆ ਜਾਵੇ ।ਉਕਤ ਮਾਮਲੇ ਸਬੰਧੀ ਸੈਨੇਟਰੀ ਇੰਸਪੈਕਟਰ ਰੁਸਤਮ ਸ਼ੇਰ ਸੋਢੀ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਕੋਈ ਵੀ ਇਸ ਬੀਮਾਰੀ ਸਬੰਧੀ ਹਦਾਇਤ ਜਾਰੀ ਨਹੀਂ ਹੋਈ, ਨਾ ਹੀ ਲੋਕਾਂ ਨੇ ਇਸ ਬੀਮਾਰੀ ਬਾਰੇ ਉਨ੍ਹਾਂ ਨਾਲ ਕੋਈ ਰਾਬਤਾ ਕੀਤਾ ਹੈ। ਓਧਰ ਗਊਸ਼ਾਲਾ ਕਮੇਟੀ ਪ੍ਰਧਾਨ ਪਿਊਸ਼ ਜੈਨ ਨੇ ਕਿਹਾ ਕਿ ਜਿਨ੍ਹਾਂ ਗਾਵਾਂ ਨੂੰ ਇਹ ਬੀਮਾਰੀ ਹੋ ਚੁੱਕੀ ਹੈ, ਉਨ੍ਹਾਂ ਨੂੰ ਵੱਖਰੇ ਤੌਰ ’ਤੇ ਰੱਖ ਕੇ ਇਲਾਜ ਕਰਵਾਇਆ ਜਾ ਰਿਹਾ ਹੈ।

ਬੀਮਾਰ ਗਊਆਂ ਦੇ ਦੁੱਧ ਤੋਂ ਕਿਨਾਰਾ ਕਰਨ ਲੱਗੇ ਲੋਕ

ਪਸ਼ੂਆਂ ਖਾਸ ਕਾਰਨ ਗਊਆਂ ਵਿਚ ਫੈਲੀ ਲੰਪੀ ਸਕਿਨ ਦੀ ਬੀਮਾਰੀ ਕਾਰਨ ਲੋਕਾਂ ਵਿਚ ਦਹਿਸ਼ਤ ਇਸ ਹੱਦ ਤੱਕ ਵਧ ਗਈ ਹੈ ਕਿ ਲੋਕ ਗਾਂ ਦਾ ਦੁੱਧ ਪੀਣ ਤੋਂ ਕੰਨੀ ਕਤਰਾਉਣ ਲੱਗੇ ਹਨ। ਲੋਕਾਂ ਵੱਲੋਂ ਦੋਧੀਆਂ ਨੂੰ ਵੀ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਹਨ ਪਰ ਦੋਧੀਆਂ ਵੱਲੋਂ ਵੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਜਾ ਰਿਹਾ। ਅਜਿਹੇ ’ਚ ਪਸ਼ੂ ਪਾਲਣ ਵਿਭਾਗ ਵੱਲੋਂ ਵਿਸ਼ਵ ਸੰਸਥਾ ਫਾਰ ਐਨੀਮਲ ਹੈਲਥ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਸ ’ਚ ਕਿਹਾ ਗਿਆ ਹੈ ਕਿ ਉਕਤ ਬੀਮਾਰੀ ਕਾਰਨ ਮਨੁੱਖਾਂ ਨੂੰ ਕੋਈ ਖਤਰਾ ਨਹੀਂ ਹੈ ਕਿਉਂਕਿ ਇਹ ਬੀਮਾਰੀ ਮਨੁੱਖਾਂ ’ਚ ਨਹੀਂ ਫੈਲਦੀ। .

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News