ਭਿਆਨਕ ਹਾਦਸਿਆਂ ਵਿਚ 2 ਦੀ ਮੌਤ, 4 ਜ਼ਖਮੀ
Thursday, Mar 21, 2024 - 06:17 PM (IST)

ਬਠਿੰਡਾ (ਸੁਖਵਿੰਦਰ) : ਵੱਖ-ਵੱਖ ਥਾਵਾਂ ’ਤੇ ਵਾਪਰੇ ਹਾਦਸਿਆਂ ਦੌਰਾਨ 2 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 4 ਹੋਰ ਜ਼ਖਮੀ ਹੋ ਗਏ। ਸਹਾਰਾ ਜਨਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੇ ਮੈਂਬਰਾਂ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਸੰਗੂਆਣਾ ਬਸਤੀ ਵਿਚ ਤਿੰਨ ਮੋਟਰਸਾਈਕਲ ਸਵਾਰ ਨੌਜਵਾਨ ਸਪੀਡ ਬਰੇਕਰ ਤੋਂ ਛਾਲ ਮਾਰ ਕੇ ਕੰਧ ਨਾਲ ਟਕਰਾ ਕੇ ਗੰਭੀਰ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ’ਤੇ ਸਹਾਰਾ ਵਰਕਰ ਸੰਦੀਪ ਗੋਇਲ ਅਤੇ ਵਿੱਕੀ ਕੁਮਾਰ ਆਦਿ ਨੇ ਮੌਕੇ ’ਤੇ ਪਹੁੰਚੇ ਅਤੇ ਤਿੰਨਾਂ ਨੌਜਵਾਨਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਇਲਾਜ ਦੌਰਾਨ ਡਾਕਟਰਾਂ ਨੇ ਇਕ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂਕਿ ਬਾਕੀ ਜ਼ਖ਼ਮੀਆਂ ਦਾ ਇਲਾਜ ਚੱਲ ਰਿਹਾ ਹੈ। ਮ੍ਰਿਤਕ ਦੀ ਪਹਿਚਾਣ ਪ੍ਰਕਾਸ਼ ਕੁਮਾਰ ਵਾਸੀ ਅਮਰਪੁਰਾ ਬਸਤੀ ਵਜੋਂ ਹੋਈ ਹੈ।
ਇੱਥੇ ਇਕ ਐਕਟਿਵਾ ਸਵਾਰ ਬਠਿੰਡਾ ਬਾਦਲ ਰੋਡ ’ਤੇ ਪੈਂਦੇ ਬਾਦਲ ਪੁਲ ’ਤੇ ਜਾ ਰਿਹਾ ਸੀ ਤਾਂ ਪਿੱਛੇ ਤੋਂ ਆ ਰਹੇ ਇਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਕਾਫੀ ਦੂਰ ਤੱਕ ਘਸੀਟ ਕੇ ਲੈ ਗਿਆ। ਹਾਦਸੇ ’ਚ ਐਕਟਿਵਾ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਥਾਣਾ ਕੈਨਾਲ ਕਲੋਨੀ ਦੀ ਪੁਲਸ ਅਤੇ ਸਹਾਰਾ ਵਰਕਰ ਮੌਕੇ ’ਤੇ ਪੁੱਜੇ। ਪੁਲਸ ਕਾਰਵਾਈ ਤੋਂ ਬਾਅਦ ਜਥੇਬੰਦੀ ਦੇ ਮੈਂਬਰਾਂ ਨੇ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾਇਆ। ਮ੍ਰਿਤਕ ਦੀ ਪਹਿਚਾਣ ਬਲਦੇਵ ਸਿੰਘ (64) ਪੁੱਤਰ ਜਵਾਹਰ ਸਿੰਘ ਵਾਸੀ ਪੱਕਾ ਕਲਾਂ ਵਜੋਂ ਹੋਈ ਹੈ। ਪੁਲਸ ਅਗਲੀ ਕਾਰਵਾਈ ਕਰ ਰਹੀ ਹੈ। ਇਸੇ ਤਰ੍ਹਾਂ ਬੀਬੀ ਵਾਲਾ ਰੋਡ ’ਤੇ ਢਿੱਲੋਂ ਜਿੰਮ ਨੇੜੇ ਇਕ ਕਾਰ ਨੇ ਐਕਟਿਵਾ ਸਵਾਰ ਨੂੰ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ। ਜਥੇਬੰਦੀ ਦੇ ਮੈਂਬਰਾਂ ਨੇ ਜ਼ਖਮੀ ਬਲਜੀਤ ਸਿੰਘ ਪੁੱਤਰ ਟੇਕਚੰਦ ਵਾਸੀ ਅਜੀਤ ਰੋਡ ਨੂੰ ਹਸਪਤਾਲ ਪਹੁੰਚਾਇਆ। ਇਕ ਹੋਰ ਹਾਦਸੇ ਵਿਚ ਬਠਿੰਡਾ ਬਰਨਾਲਾ ਰੋਡ ’ਤੇ ਚੇਤਕ ਪਾਰਕ ਨੇੜੇ ਇਕ ਟਰੈਕਟਰ ਟਰਾਲੀ ਚਾਲਕ ਜਦੋਂ ਟਰੈਕਟਰ ਤੋਂ ਹੇਠਾਂ ਉਤਰ ਰਿਹਾ ਸੀ ਤਾਂ ਅਚਾਨਕ ਪਿੱਛੇ ਤੋਂ ਆ ਰਹੇ ਮੋਟਰਸਾਈਕਲ ਨਾਲ ਟਕਰਾ ਗਿਆ ਤੇ ਉਹ ਜ਼ਖ਼ਮੀ ਹੋ ਗਿਆ। ਜਥੇਬੰਦੀ ਦੇ ਮੈਂਬਰਾਂ ਨੇ ਜ਼ਖ਼ਮੀ ਮਹਿਰਾਜ ਵਾਸੀ ਗੁਰਲਾਲ ਸਿੰਘ ਨੂੰ ਸਿਵਲ ਹਸਪਤਾਲ ਪਹੁੰਚਾਇਆ।