ਪੰਜਾਬ 'ਚ ਚੜ੍ਹਦੀ ਸਵੇਰ ਗੂੰਜੀਆਂ ਮੌਤ ਦੀਆਂ ਚੀਕਾਂ, ਟੂਰਿੱਸਟ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ

Monday, Mar 10, 2025 - 10:07 AM (IST)

ਪੰਜਾਬ 'ਚ ਚੜ੍ਹਦੀ ਸਵੇਰ ਗੂੰਜੀਆਂ ਮੌਤ ਦੀਆਂ ਚੀਕਾਂ, ਟੂਰਿੱਸਟ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ

ਭੋਗਪੁਰ (ਰਾਜੇਸ਼ ਸੂਰੀ) : ਜਲੰਧਰ-ਜੰਮੂ ਨੈਸ਼ਨਲ ਹਾਈਵੇ 'ਤੇ ਸੋਮਵਾਰ ਸਵੇਰੇ ਪਿੰਡ ਜਲੋਵਾਲ ਨੇੜੇ ਇਕ ਟੂਰਿੱਸਟ ਬੱਸ ਦੀ ਇੱਟਾਂ ਦੀ ਭਰੀ ਟਰਾਲੀ ਨਾਲ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਬੱਸ ਚਾਲਕ ਅਤੇ ਇਕ ਸਵਾਰੀ ਸਣੇ 4 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਬੱਸ 'ਚ ਸਵਾਰ 11 ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ। ਇਕੱਤਰ ਜਾਣਕਾਰੀ ਅਨੁਸਾਰ ਇਹ ਬੱਸ ਜਲੰਧਰ ਵੱਲੋਂ ਆ ਰਹੀ ਸੀ। ਜਦੋਂ ਬੱਸ ਕਾਲਾ ਬੱਕਰਾ ਤੋਂ ਅੱਗੇ ਪੁੱਜੀ ਤਾਂ ਨੈਸ਼ਨਲ ਹਾਈਵੇ 'ਤੇ ਇੱਕ ਇੱਟਾਂ ਨਾਲ ਭਰੀ ਟਰਾਲੀ ਨਾਲ ਜਾ ਟਕਰਾਈ। ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਬੱਸ ਦੀ ਟੱਕਰ ਨਾਲ ਇੱਟਾ ਦੀ ਭਰੀ ਟਰਾਲੀ ਸੜਕ 'ਤੇ ਪਲਟ ਗਈ ਅਤੇ ਸੜਕੀ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਸੜਕ ਸੁਰੱਖਿਆ ਫੋਰਸ ਗੱਡੀ ਇੰਚਾਰਜ ਰਣਧੀਰ ਸਿੰਘ ਆਪਣੀ ਟੀਮ ਨਾਲ ਹਾਦਸੇ ਵਾਲੀ ਥਾਂ 'ਤੇ ਪੁੱਜੇ ਅਤੇ ਉਨ੍ਹਾਂ ਵੱਲੋਂ ਜ਼ਖਮੀਆਂ ਨੂੰ ਬੱਸ 'ਚੋਂ ਬਾਹਰ ਕੱਢਿਆ ਗਿਆ ਅਤੇ ਹਸਪਤਾਲਾਂ 'ਚ ਲਿਜਾਇਆ ਗਿਆ।

ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਪੈਨਸ਼ਨ ਧਾਰਕਾਂ ਲਈ ਖ਼ੁਸ਼ਖ਼ਬਰੀ, ਅਧਿਕਾਰੀਆਂ ਨੂੰ ਵੀ ਜਾਰੀ ਹੋਏ ਹੁਕਮ

ਇਸ ਹਾਦਸੇ 'ਚ ਬੱਸ ਚਾਲਕ ਸਤਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਭਾਲਖ ਰਿਆਸੀ (ਜੰਮੂ ਕਸਮੀਰ), ਕੁਲਦੀਪ ਸਿੰਘ ਪੁੱਤਰ ਗੁਰਬਚਨ ਸਿੰਘ, ਗੁਰਬਚਨ ਸਿੰਘ ਪੁੱਤਰ ਚਰਨ ਸਿੰਘ ਵਾਸੀ ਉੱਤਮ ਨਗਰ ਨਵੀਂ ਦਿੱਲੀ, ਵਰਿੰਦਰ ਪਾਲ ਸਿੰਘ ਪੁੱਤਰ ਰਵਿੰਦਰ ਵਾਸੀ ਮਾਛੀਵਾੜਾ ਦੀ ਮੌਤ ਹੋ ਗਈ ਹੈ, ਜਿਨ੍ਹਾਂ ਦੀਆਂ ਲਾਸ਼ਾਂ ਨੂੰ ਸੜਕ ਸੁਰੱਖਿਆ ਫੋਰਸ ਵੱਲੋਂ ਜੇ. ਸੀ. ਬੀ. ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਬੱਸ 'ਚ ਸਵਾਰ ਬਲਦੇਵ ਸਿੰਘ ਪੁੱਤਰ ਚਰਨ ਸਿੰਘ ਵਾਸੀ ਉੱਤਮ ਨਗਰ, ਯੁਗੇਸ਼ ਕੁਮਾਰ ਪੁੱਤਰ ਚੁੰਨੀ ਲਾਲ ਵਾਸੀ ਚੰਬਾ, ਸੰਨੀ ਚੌਧਰੀ ਪੁੱਤਰ ਬਿੰਨੀ ਸਿੰਘ ਵਾਸੀ ਗਾਜ਼ੀਆਬਾਦ ਸਮੇਤ 11 ਲੋਕ ਜ਼ਖਮੀ ਹੋਏ ਹਨ ਅਤੇ ਇੱਟਾਂ ਨਾਲ ਲੱਦੇ ਟਰੈਕਟਰ-ਟਰਾਲੀ ਦੇ ਚਾਲਕ ਪਰਵਿੰਦਰ ਸਿੰਘ ਪੁੱਤਰ ਸਾਧੂ ਸਿੰਘ ਦੀ ਹਾਦਸੇ ਕਾਰਨ ਲੱਤ ਟੁੱਟ ਗਈ ਹੈ।

ਇਹ ਵੀ ਪੜ੍ਹੋ : ਸੁਨੰਦਾ ਸ਼ਰਮਾ ਦੇ ਮਾਮਲੇ 'ਚ ਮਹਿਲਾ ਕਮਿਸ਼ਨ ਦੀ ਵੱਡੀ ਕਾਰਵਾਈ, CM ਮਾਨ ਨੂੰ ਕੀਤੀ ਸੀ ਅਪੀਲ

ਇਸ ਟਰਾਲੀ 'ਚ ਸਵਾਰ 2 ਹੋਰ ਮਜ਼ਦੂਰ ਵੀ ਜ਼ਖਮੀ ਹੋ ਗਏ ਹਨ। ਹਾਦਸੇ ਦੀ ਸੂਚਨਾ ਮਿਲਣ 'ਤੇ ਥਾਣਾ ਮੁਖੀ ਭੋਗਪੁਰ ਯਾਦਵਿੰਦਰ ਸਿੰਘ ਰਾਣਾ, ਥਾਣੇਦਾਰ ਰਾਮ ਕਿਸ਼ਨ, ਪੁਲਸ ਚੌਂਕੀ ਲਾਹਦੜਾ ਤੋਂ ਪੁਲਸ ਪਾਰਟੀਆਂ ਹਾਦਸੇ ਵਾਲੀ ਥਾਂ 'ਤੇ ਪੁੱਜ ਗਈਆਂ ਹਨ। ਸੜਕ ਸੁਰੱਖਿਆ ਫੋਰਸ ਗੱਡੀ ਇੰਚਾਰਜ ਰਣਧੀਰ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਭੋਗਪੁਰ ਪੁਲਸ ਦੇ ਸਹਿਯੋਗ ਨਾਲ ਹਾਦਸਾ ਗ੍ਰਸਤ ਵਾਹਨਾਂ ਨੂੰ ਸੜਕ ਤੋਂ ਪਾਸੇ ਕਰਵਾ ਕੇ ਆਵਾਜਾਈ ਨੂੰ ਸਚਾਰੂ ਢੰਗ ਨਾਲ ਚਾਲੂ ਕਰਵਾ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 
 


author

Babita

Content Editor

Related News