ਟਾਟਾ ਮੋਟਰਜ਼ ਦੇ ਕਮਰਸ਼ੀਅਲ ਵਾਹਨ ਹੋਣਗੇ ਮਹਿੰਗੇ
Wednesday, Jun 29, 2022 - 11:13 AM (IST)

ਨਵੀਂ ਦਿੱਲੀ– ਟਾਟਾ ਮੋਟਰਜ਼ ਦੇ ਕਮਰਸ਼ੀਅਲ ਵਾਹਨ ਇਕ ਜੁਲਾਈ ਤੋਂ 1.5 ਤੋਂ 2.5 ਫੀਸਦੀ ਤੱਕ ਮਹਿੰਗੇ ਹੋ ਜਾਣਗੇ। ਕੰਪਨੀ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਤਪਾਦਨ ਲਾਗਤ ਦੀ ਅੰਸ਼ਿਕ ਭਰਪਾਈ ਲਈ ਉਹ ਇਹ ਕਦਮ ਉਠਾ ਰਹੀ ਹੈ। ਟਾਟਾ ਮੋਟਰਜ਼ ਨੇ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ ’ਚ ਕਿਹਾ ਕਿ ਲਗਭਗ ਸਾਰੇ ਕਮਰਸ਼ੀਅਲ ਵਾਹਨਾਂ ਦੇ ਰੇਟ ਵਧਣਗੇ। ਰੇਟ ਕਿੰਨਾ ਵਧੇਗਾ, ਇਹ ਮਾਡਲ ਅਤੇ ਐਡੀਸ਼ਨ ’ਤੇ ਨਿਰਭਰ ਕਰੇਗਾ।
ਕੰਪਨੀ ਨੇ ਕਿਹਾ ਕਿ ਉਸ ਨੇ ਨਿਰਮਾਣ ਦੇ ਵੱਖ-ਵੱਖ ਪੜਾਅ ’ਚ ਉਤਪਾਦਨ ਲਾਗਤ ’ਚ ਵਾਧੇ ਦਾ ਕਾਫੀ ਬੋਝ ਖੁਦ ਉਠਾਉਣ ਦਾ ਯਤਨ ਕੀਤਾ ਹੈ ਪਰ ਉਤਪਾਦਨ ਦੀ ਕੁੱਲ ਲਾਗਤ ਕਾਫੀ ਵਧੀ ਹੈ। ਅਜਿਹੇ ’ਚ ਹੁਣ ਇਸ ਦਾ ਕੁੱਝ ਬੋਝ ਗਾਹਕਾਂ ’ਤੇ ਪਾਉਣਾ ਜ਼ਰੂਰੀ ਹੋ ਗਿਆ ਹੈ। ਅਪ੍ਰੈਲ ’ਚ ਟਾਟਾ ਮੋਟਰਜ਼ ਨੇ ਆਪਣੇ ਯਾਤਰੀ ਵਾਹਨਾਂ ਦੇ ਰੇਟ 1.1 ਫੀਸਦੀ ਅਤੇ ਕਮਰਸ਼ੀਅਲ ਵਾਹਨਾਂ ਦੇ ਦੋ ਤੋਂ ਢਾਈ ਫੀਸਦੀ ਵਧਾਏ ਸਨ।