5.3 ਸਕਿੰਟ ''ਚ 96Km/h ਦੀ ਸਪੀਡ ਫੜੇਗੀ XF Sportbrake

Tuesday, Jun 20, 2017 - 11:54 AM (IST)

ਜਲੰਧਰ- ਟਾਟਾ ਦੀ ਮਲਕੀਅਤ ਵਾਲੀ ਕੰਪਨੀ ਜੈਗੁਆਰ ਆਪਣੀ ਪਾਵਰਫੁਲ ਕਾਰ ਐਕਸ. ਐੱਫ. ਸਪੋਰਟਬ੍ਰੇਕ (XF Sportbrake) ਦਾ ਨਵਾਂ ਮਾਡਲ ਬਾਜ਼ਾਰ 'ਚ ਪੇਸ਼ ਕਰਨ ਵਾਲੀ ਹੈ। ਇਸ ਕਾਰ ਦੀ ਖਾਸੀਅਤ ਹੈ ਕਿ ਇਹ 0 ਤੋਂ 96.5 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਫੜਨ ਵਿਚ ਸਿਰਫ 5.3 ਸਕਿੰਟ ਦਾ ਸਮਾਂ ਲੈਂਦੀ ਹੈ ਅਤੇ ਇਸ ਦੀ ਟਾਪ ਸਪੀਡ 195 ਕਿਲੋਮੀਟਰ ਪ੍ਰਤੀ ਘੰਟੇ ਦੀ ਹੈ।
ਕੰਪਨੀ ਨੇ ਦੱਸਿਆ ਕਿ ਇਸ ਕਾਰ ਨੂੰ ਸਭ ਤੋਂ ਪਹਿਲਾਂ ਅਮਰੀਕੀ ਬਾਜ਼ਾਰ ਵਿਚ ਉਤਾਰਿਆ ਜਾਵੇਗਾ। ਅਨੁਮਾਨ ਹੈ ਕਿ ਇਸ ਕਾਰ ਦੀ ਕੀਮਤ 70,450 ਡਾਲਰ ਹੋਵੇਗੀ, ਜੋ ਭਾਰਤ ਵਿਚ ਅੱਜ ਦੇ ਡਾਲਰ ਰੇਟ ਦੇ ਹਿਸਾਬ ਨਾਲ 45 ਲੱਖ 36 ਹਜ਼ਾਰ ਰੁਪਏ ਬਣਦੀ ਹੈ।

8 ਇੰਚ ਸਕ੍ਰੀਨ ਸਿਸਟਮ
ਨਵੀਂ ਐਕਸ. ਐੱਫ. ਸਪੋਰਟਬ੍ਰੇਕ ਵਿਚ 8 ਇੰਚ ਸਾਈਜ਼ ਦਾ ਟੱਚ ਸਕ੍ਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ, ਜੋ ਨੇਵੀਗੇਸ਼ਨ ਦਿਖਾਉਣ ਦੇ ਨਾਲ-ਨਾਲ 2ਡੀ ਅਤੇ 3ਡੀ ਗ੍ਰਾਫਿਕਸ ਤੇ ਵਾਇਸ ਕੰਟਰੋਲ ਨੂੰ ਵੀ ਸਪੋਰਟ ਕਰੇਗਾ। ਇਸ ਵਿਚ 825 ਵਾਟ ਦੇ 17 ਸਪੀਕਰ ਲੱਗੇ ਹਨ, ਜੋ ਮਿਊਜ਼ਿਕ ਦੇ ਐਕਸਪੀਰੀਐਂਸ ਨੂੰ ਹੋਰ ਵੀ ਬਿਹਤਰ ਬਣਾ ਦੇਣਗੇ। ਵਾਈ-ਫਾਈ ਦੇ ਨਾਲ ਕਾਰ ਵਿਚ ਸੈਂਸਰ ਪਾਵਰਡ ਆਟੋਮੇਟਿਡ ਸਿਸਟਮ ਲੱਗਾ ਹੈ, ਜੋ ਅਡੈਪਟਿਵ ਕਰੂਜ਼ ਕੰਟਰੋਲ, ਟ੍ਰੈਫਿਕ ਅਸਿਸਟ, ਲੇਨ ਕੀਪ ਅਸਿਸਟ, ਪਾਰਕ ਅਸਿਸਟ, ਟ੍ਰੈਫਿਕ ਸਾਈਨ ਰਿਕੋਗਨੇਸ਼ਨ ਅਤੇ ਡਰਾਈਵਰ ਅਲਰਟਨੈੱਸ ਮਾਨੀਟਰਿੰਗ ਆਦਿ ਫੀਚਰਸ ਨੂੰ ਸਪੋਰਟ ਕਰਦਾ ਹੈ। ਕੰਪਨੀ ਨੂੰ ਆਸ ਹੈ ਕਿ ਨਵੇਂ ਫੀਚਰਸ ਦੀ ਇੱਛਾ ਰੱਖਣ ਵਾਲੇ ਲੋਕਾਂ ਨੂੰ ਇਹ ਕਾਰ ਕਾਫੀ ਪਸੰਦ ਆਏਗੀ।

ਨਵਾਂ ਡਿਜ਼ਾਈਨ
ਨਵੀਂ ਐਕਸ. ਐੱਫ. ਸਪੋਰਟਬ੍ਰੇਕ ਵਿਚ ਕਈ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ। 195 ਇੰਚ ਲੰਮੀ ਦੂਜੀ ਜਨਰੇਸ਼ਨ ਦੀ ਇਸ ਕਾਰ ਨੂੰ ਕੰਪਨੀ ਨੇ ਮੌਜੂਦਾ ਐੱਫ. ਪੇਸ ਕ੍ਰਾਸਓਵਰ ਤੋਂ ਲੱਗਭਗ 9 ਇੰਚ ਲੰਮੀ ਬਣਾਇਆ ਹੈ। ਕਾਰ ਦੇ ਬੋਨਟ ਨੂੰ ਕਾਫੀ ਵੱਡਾ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ ਨਵੀਂ LED ਫਰੰਟ ਤੇ ਟੇਲ ਲਾਈਟਸ ਲੱਗੀਆਂ ਹਨ, ਜੋ ਖਿੱਚ ਦਾ ਕਾਰਨ ਹਨ।

3.0 ਲਿਟਰ ਸੁਪਰਚਾਰਜਡ V6 ਇੰਜਣ ਨਾਲ ਲੈਸ : ਜੈਗੁਆਰ ਦੀ ਇਸ ਕਾਰ ਵਿਚ 380 ਹਾਰਸ ਪਾਵਰ ਪੈਦਾ ਕਰਨ ਵਾਲਾ 3.0 ਲਿਟਰ ਦਾ ਸੁਪਰਚਾਰਜਡ ਵੀ6 ਇੰਜਣ ਲੱਗਾ ਹੈ। ਕੰਪਨੀ ਨੇ ਇਸ ਇੰਜਣ ਨੂੰ ਰਿਫਾਇੰਡ ਇੰਜਣ ਕਿਹਾ ਹੈ ਮਤਲਬ ਇਹ ਇੰਜਣ ਘੱਟ ਆਵਾਜ਼ ਤੇ ਵਾਈਬ੍ਰੇਸ਼ਨ ਪੈਦਾ ਕਰੇਗਾ, ਜਿਸ ਨਾਲ ਸਮੂਥ ਡਰਾਈਵ ਦਾ ਤਜਰਬਾ ਮਿਲੇਗਾ। ਇਸ ਇੰਜਣ ਨੂੰ 8 ਸਪੀਡ ਆਟੋਮੈਟਿਕ ਸਟੈਂਡਰਡ ਆਲ ਵ੍ਹੀਲ ਡਰਾਈਵ ਸਿਸਟਮ ਨਾਲ ਲੈਸ ਕੀਤਾ ਗਿਆ ਹੈ।

ਜੈਗੁਆਰ ਇੰਟੈਲੀਜੈਂਟ ਡਰਾਈਵ ਲਾਈਨ ਡਾਈਨੈਮਿਕਸ ਸਿਸਟਮ : ਕਾਰ ਵਿਚ ਜੈਗੁਆਰ ਇੰਟੈਲੀਜੈਂਟ ਡਰਾਈਵ ਲਾਈਨ ਡਾਈਨੈਮਿਕਸ ਸਿਸਟਮ ਲੱਗਾ ਹੈ, ਜੋ ਕਾਰ ਚਲਾਉਂਦੇ ਸਮੇਂ ਉਚਾਈ ਆਉਣ 'ਤੇ ਫਰੰਟ ਐਕਸਲ ਦੀ ਟਾਰਕ ਵਧਾ ਦੇਵੇਗਾ, ਜਿਸ ਨਾਲ ਕਾਰ ਬਿਨਾਂ ਸਲਿੱਪ ਹੋਏ ਵੀ ਚੜ੍ਹਾਈ ਵਾਲੀ ਥਾਂ ਨੂੰ ਆਸਾਨੀ ਨਾਲ ਪਾਰ ਕਰ ਲਵੇਗੀ।

ਲਾਈਟ ਵੇਟ ਐਲੂਮੀਨੀਅਮ ਡਿਜ਼ਾਈਨ : ਕਾਰ ਦੀ ਬਿਹਤਰੀਨ ਪ੍ਰਫਾਰਮੈਂਸ ਦਾ ਇਕ ਕਾਰਨ ਇਹ ਵੀ ਹੈ ਕਿ ਇਸ ਦੇ ਡਿਜ਼ਾਈਨ ਨੂੰ ਐਲੂਮੀਨੀਅਮ ਨਾਲ ਬਣਾਇਆ ਗਿਆ ਹੈ, ਜਿਸ ਨਾਲ ਕਾਰ ਦੇ ਚਾਰਾਂ ਟਾਇਰਾਂ 'ਤੇ ਬਰਾਬਰ ਦਾ ਭਾਰ ਪੈਂਦਾ ਹੈ ਅਤੇ ਹੈਂਡਲਿੰਗ ਕਾਫੀ ਬਿਹਤਰ ਹੋ ਜਾਂਦੀ ਹੈ। ਜ਼ਿਆਦਾ ਕਾਰਗੋ ਸਪੇਸ ਮਤਲਬ ਸਮਾਨ ਰੱਖਣ ਦੀ ਥਾਂ ਨੂੰ ਧਿਆਨ ਵਿਚ ਰੱਖਦੇ ਹੋਏ ਕਾਰ ਦੀਆਂ ਸੀਟਸ ਨੂੰ 40:20:40 ਰੇਸ਼ੋ ਵਿਚ ਐਡਜਸਟ ਕੀਤਾ ਗਿਆ ਹੈ ਮਤਲਬ ਡਰਾਈਵਰ ਸੀਟਸ ਜਿੰਨੀ ਵੱਡੀ ਸਪੇਸ ਕਾਰਗੋ 'ਚ ਵੀ ਮਿਲੇਗੀ।


Related News