ਅਮਰੀਕਾ, ਫਰਾਂਸ, ਚੀਨ ਤੇ ਆਸਟ੍ਰੇਲੀਆ ਦੇ ਬਣਦੇ ਵਿਗੜਦੇ ਰਿਸ਼ਤੇ
Friday, Sep 24, 2021 - 03:22 PM (IST)

ਕੋਰੋਨਾ ਲਾਗ ਦੀ ਬੀਮਾਰੀ ਤੋਂ ਬਾਅਦ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਦੀਆਂ ਨੀਤੀਆਂ ਅਤੇ ਵਿਦੇਸ਼ ਨੀਤੀਆਂ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਵੇਖਣ ਅਤੇ ਸੁਨਣ ਨੂੰ ਮਿਲ ਰਹੀਆਂ ਹਨ। ਸੀਤ ਯੁੱਧ ਦੀ ਸਮਾਪਤੀ ਤੋਂ ਬਾਅਦ ਜਿੱਥੇ ਬੀਤੇ ਤਿੰਨ ਦਹਾਕਿਆਂ ਤੋਂ ਜਿਸ ਅਮਰੀਕਾ ਨੇ ਦੁਨੀਆ ਦੇ ਦੇਸ਼ਾਂ 'ਤੇ ਆਪਣੀ ਧਾਕ ਜਮ੍ਹਾ ਰੱਖੀ ਸੀ ਅਤੇ ਆਪਣੇ ਆਪ-ਹੁਦਰੇ ਫ਼ੈਸਲਿਆਂ ਨਾਲ ਵੱਖ-ਵੱਖ ਦੇਸ਼ਾਂ ਵਿਰੁੱਧ ਆਨੀ-ਬਹਾਨੀ ਜੰਗ ਛੇੜੀ ਰੱਖੀ ਸੀ ਉਹ ਲੱਗਦਾ ਹੈ ਕਿ ਉਸ ਦੇ ਜੀਅ ਦਾ ਜੰਜਾਲ ਬਣਦਾ ਜਾ ਰਿਹਾ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਅਮਰੀਕਾ ਪਿਛਲੇ ਦਿਨੀਂ ਜਿਸ ਤਰ੍ਹਾਂ ਨਾਲ ਅਫਗਾਨਿਸਤਾਨ 'ਚੋਂ ਨਿਕਲ ਕੇ ਗਿਆ ਹੈ ਉਸ ਨਾਲ ਉਸ ਦੀ ਵਿਸ਼ਵ ਸ਼ਕਤੀ ਵਾਲੀ ਤਸਵੀਰ ਨੂੰ ਜਿੱਥੇ ਕਰਾਰੀ ਚੋਟ ਲੱਗੀ ਹੈ ਉਥੇ ਹੀ ਅਮਰੀਕਾ ਦੀ ਅਫਗਾਨਿਸਤਾਨ ਤੋਂ ਵਿਦਾਇਗੀ ਤੋਂ ਬਾਅਦ ਉਸ ਦੀ ਭਰੋਸੇਯੋਗਤਾ 'ਤੇ ਵੀ ਸਵਾਲ ਉੱਠਣ ਲੱਗੇ ਹਨ।
ਉਧਰ ਅਫਗਾਨਿਸਤਾਨ 'ਚੋਂ ਅਮਰੀਕੀ ਫ਼ੌਜੀਆਂ ਦੀ ਵਾਪਸੀ ਤੋਂ ਬਾਅਦ ਉਸ ਦੇ ਪੁਰਾਣੇ ਪ੍ਰਤੀਦਵੰਦੀ ਰੂਸ ਅਤੇ ਨਵੇਂ ਪ੍ਰਤੀਦਵੰਦੀ ਚੀਨ ਵਧੇਰੇ ਖ਼ੁਸ਼ ਨਜ਼ਰ ਆ ਰਹੇ ਹਨ। ਇਹੋ ਵਜ੍ਹਾ ਹੈ ਕਿ ਉਹ ਇਸ ਸਮੇਂ ਅਫਗਾਨਿਸਤਾਨ ਨੂੰ ਥਾਪੜਾ ਦਿੰਦੇ ਜਾਪਦੇ ਹਨ।
ਹਿੱਤਾਂ ਦੀ ਪੂਰਤੀ ਲਈ ਬਦਲਦੇ ਸਬੰਧ
ਜਿਸ ਤਰ੍ਹਾਂ ਅਕਸਰ ਧਿਰਾਂ ਸਦੀਵੀ ਮਿੱਤਰ ਅਤੇ ਸਦੀਵੀ ਦੁਸ਼ਮਣ ਨਹੀਂ ਹੋਇਆ ਕਰਦੀਆਂ ਉਸੇ ਤਰ੍ਹਾਂ ਸੰਸਾਰ ਦੇਸ਼ਾਂ ਦੇ ਸਬੰਧ ਵੀ ਆਪਣੇ ਹਿੱਤਾਂ ਦੀ ਪੂਰਤੀ ਲਈ ਬਣਦੇ ਵਿਗੜਦੇ ਰਹਿੰਦੇ ਹਨ।
ਇਹ ਕਿ ਇਸ ਸੰਦਰਭ ਵਿੱਚ ਜੇਕਰ ਵੇਖਿਆ ਜਾਵੇ ਤਾਂ ਅੱਜ ਵਿਸ਼ਵ ਦੇ ਵੱਖ ਵੱਖ ਦੇਸ਼ ਆਪਣੇ ਹਿੱਤਾਂ ਨੂੰ ਪੂਰਾ ਕਰਨ ਲਈ ਆਪਣੀਆਂ ਨਵੀਆਂ ਵਿਦੇਸ਼ ਨੀਤੀਆਂ ਘੜਨ ਵਿੱਚ ਜੁਟੇ ਜਾਪਦੇ ਹਨ। ਅਫਗਾਨਿਸਤਾਨ ਦੇ ਮਾਮਲੇ ਨੂੰ ਹੀ ਲਈਏ ਤਾਂ ਜਿੱਥੇ ਰੂਸ, ਚੀਨ ਅਤੇ ਯੂਰਪੀਅਨ ਯੂਨੀਅਨ ਦੇ ਕੁੱਝ ਦੇਸ਼ ਇਕ ਸੁਰ ਹਨ ਉਥੇ ਹੀ ਅਮਰੀਕਾ ਬਰਤਾਨੀਆ ਆਦਿ ਦਾ ਨਜ਼ਰੀਆ ਇਨ੍ਹਾਂ ਤੋਂ ਵੱਖਰਾ ਮਹਿਸੂਸ ਹੁੰਦਾ ਹੈ। ਸ਼ਾਇਦ ਇਸੇ ਸਭ ਦੇ ਚਲਦਿਆਂ ਅੱਜ ਪੁਰਾਣੇ ਦੋਸਤ ਬਦਲੇ ਜਾ ਰਹੇ ਹਨ ਅਤੇ ਨਵੇਂ ਬਣਾਏ ਜਾ ਰਹੇ ਹਨ। ਇਨ੍ਹਾਂ ਬਣਦੇ ਵਿਗੜਦੇ ਸੰਬੰਧਾਂ ਦਾ ਅਸਰ ਵੱਖ ਵੱਖ ਦੇਸ਼ਾਂ ਵਿਚਕਾਰ ਹੋਏ ਸਮਝੌਤਿਆਂ 'ਤੇ ਵੀ ਵੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ: ਕਹਾਣੀਨਾਮਾ: ਪੜ੍ਹੋ ਨੋਟਬੰਦੀ ਦੇ ਦੌਰ ਦੀ ਕਥਾ-ਅੱਲ੍ਹਾ ਦੇ ਨੇਕ ਬੰਦੇ
ਔਕਸ ਦੀ ਹੋਂਦ
ਇਸ ਸੰਦਰਭ ਵਿੱਚ ਤਾਜ਼ਾ ਮਾਮਲਾ ਫਰਾਂਸ ਅਤੇ ਆਸਟ੍ਰੇਲੀਆ ਵਿਚਕਾਰ ਪਣਡੁੱਬੀਆਂ ਵਾਲੇ ਸਮਝੌਤੇ ਦਾ ਹੈ। ਇਸ ਦੇ ਤਹਿਤ ਆਸਟ੍ਰੇਲੀਆ ਨੇ ਫਰਾਂਸ ਤੋਂ 2016 ਵਿਚ 12 ਪਣਡੁੱਬੀਆਂ ਲੈਣ ਦਾ ਸਮਝੌਤਾ ਕੀਤਾ ਸੀ, ਜਿਹੜਾ ਉਸ ਨੇ ਹਾਲ ਹੀ ਵਿੱਚ ਰੱਦ ਕਰ ਦਿੱਤਾ ਹੈ। ਦਰਅਸਲ ਬਰਤਾਨੀਆ, ਅਮਰੀਕਾ ਅਤੇ ਆਸਟ੍ਰੇਲੀਆ ਨੇ ਰਣਨੀਤਕ ਤੌਰ 'ਤੇ ਮਹੱਤਵਪੂਰਨ ਹਿੰਦ ਪ੍ਰਸ਼ਾਂਤ ਵਿਚ ਚੀਨ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਆਪਣਾ ਇਕ ਨਵਾਂ ਤਿੱਕੜੀ ਸੁਰੱਖਿਆ ਗਠਜੋੜ (ਔਕਸ) ਬਣਾਇਆ ਹੈ। ਇਸ ਦਾ ਮੁੱਖ ਉਦੇਸ਼ ਆਪਣੇ ਸਾਂਝੇ ਹਿੱਤਾਂ ਦੀ ਰੱਖਿਆ ਕਰਨਾ ਤੇ ਆਸਟ੍ਰੇਲੀਆ ਨੂੰ ਪ੍ਰਮਾਣੂ ਊਰਜਾ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਦਿਵਾਉਣ 'ਚ ਸਹਾਇਤਾ ਕਰਨਾ ਹੈ। ਉਕਤ ਸਮਝੌਤੇ ਤੋਂ ਬਾਅਦ ਹੁਣ ਅਮਰੀਕਾ ਤੇ ਬਰਤਾਨੀਆ ਆਸਟ੍ਰੇਲੀਆ ਨੂੰ ਪ੍ਰਮਾਣੂ ਪਣਡੁੱਬੀ ਬਣਾਉਣ ਵਿਚ ਸਹਾਇਤਾ ਪ੍ਰਦਾਨ ਕਰਨਗੇ। ਇਸ ਦੀ ਮਦਦ ਵਜੋਂ ਇਹ ਦੇਸ਼ ਹੁਣ ਆਸਟ੍ਰੇਲੀਆ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ, ਕੁਆਨਟਮ ਟੈਕਨਾਲੋਜੀ ਤੇ ਸਾਈਬਰ ਟੈਕਨਾਲੋਜੀ ਦੇਣਗੇ। ਇਥੇ ਵਰਨਣਯੋਗ ਹੈ ਕਿ ਇਹ ਸੌਦਾ ਅਰਬਾਂ ਡਾਲਰਾਂ ਦਾ ਹੋਵੇਗਾ।
ਅੱਗ-ਬਬੂਲਾ ਹੋਇਆ ਫਰਾਂਸ
ਉਧਰ ਆਸਟ੍ਰੇਲੀਆ ਦੇ ਸਮਝੌਤਾ ਰੱਦ ਕਰਨ ਤੋਂ ਬਾਅਦ ਫਰਾਂਸ ਅੱਗ-ਬਬੂਲਾ ਹੋਇਆ ਪਿਆ ਜਾਪਦਾ ਹੈ। ਇਸ ਦਾ ਅੰਦਾਜ਼ਾ ਉਸ ਦੇ ਬਿਆਨਾਂ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਇਸ ਸਬੰਧੀ ਫਰਾਂਸ ਨੇ ਇਸ ਨੂੰ ਪਿੱਠ ਵਿਚ ਛੁਰਾ ਮਾਰਨਾ ਕਰਾਰ ਦਿੱਤਾ ਹੈ ਇਸ ਸੰਬੰਧੀ ਫਰਾਂਸ ਦੇ ਵਿਦੇਸ਼ ਮੰਤਰੀ ਜੀਨ ਵੇਸ ਲੀ ਡ੍ਰੀਅਨ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਨੇ ਵਿਸ਼ਵਾਸ ਤੋੜਿਆ ਹੈ। ਇਤਿਹਾਦੀ ਇਕ-ਦੂਜੇ ਨਾਲ ਇਸ ਤਰ੍ਹਾਂ ਨਹੀਂ ਕਰਦੇ। ਮੈਂ ਬਹੁਤ ਗੁੱਸੇ ਵਿਚ ਹਾਂ।
ਇੱਥੇ ਜ਼ਿਕਰਯੋਗ ਹੈ ਕਿ ਉਕਤ ਸਮਝੌਤਾ ਟੁੱਟਣ ਨਾਲ ਫਰਾਂਸ ਦੇ ਨੇਵਲ ਗਰੁੱਪ, ਜਿਸ ਵਿਚ ਸਰਕਾਰ ਦੀ ਵੀ ਕੁਝ ਮਾਲਕੀ ਹੈ, ਨੇ ਆਸਟ੍ਰੇਲੀਆ ਨੂੰ ਸਾਢੇ 36 ਅਰਬ ਡਾਲਰਾਂ ਦੀਆਂ ਪਣਡੁੱਬੀਆਂ ਬਣਾ ਕੇ ਦੇਣੀਆਂ ਸਨ ਪਰ ਹੁਣ ਇਹੋ ਪਣਡੁੱਬੀਆਂ ਅਮਰੀਕਾ ਆਸਟ੍ਰੇਲੀਆ ਨੂੰ ਦੇਵੇਗਾ। ਫਰਾਂਸ ਦੇ ਵਿਦੇਸ਼ ਮੰਤਰੀ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਕੀ ਅਮਰੀਕਾ ਨੇ ਫਰਾਂਸ ਨਾਲ ਠੱਗੀ ਮਾਰੀ, ਫਰਾਂਸੀਸੀ ਮੰਤਰੀ ਦਾ ਇਹੋ ਆਖਣਾ ਸੀ ਕਿ ਤੁਹਾਡਾ ਵਿਸ਼ਲੇਸ਼ਣ ਕਮੋ-ਬੇਸ਼ ਸਹੀ ਹੈ। ਜਦੋਂ ਕਿ ਉਧਰ ਫਰਾਂਸ ਦੇ ਰੱਖਿਆ ਮੰਤਰੀ ਦਾ ਵੀ ਲਗਭਗ ਇਹੋ ਜਿਹਾ ਹੀ ਪ੍ਰਤੀਕਰਮ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਆਸਟ੍ਰੇਲੀਆ ਜ਼ਬਾਨ 'ਤੇ ਨਹੀਂ ਰਿਹਾ।
ਇਹ ਵੀ ਪੜ੍ਹੋ: ਸ਼੍ਰੀਲੰਕਾ ਨੂੰ ਚੀਨ ਨੇ ਬਣਾਇਆ ਕੰਗਾਲ, ਬੁਰੇ ਹਾਲ ਹੋਣ ਕਾਰਨ ਰੋਟੀ ਦੇ ਪਏ ਲਾਲੇ
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਦਾ ਬਿਆਨ
ਉਧਰ ਉਕਤ ਘਟਨਾਕ੍ਰਮ ਵਿਚਕਾਰ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਦਾ ਕਹਿਣਾ ਹੈ ਕਿ ਉਹ ਆਪਣੇ ਪਾਣੀਆਂ ਵਿਚ ਪ੍ਰਮਾਣੂ ਪਣਡੁੱਬੀਆਂ ਆਉਣ 'ਤੇ ਇਕ ਦਹਾਕਾ ਪਹਿਲਾਂ ਲਾਈ ਰੋਕ ਨਹੀਂ ਚੁੱਕੇਗੀ। ਇਥੇ ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਇਹ ਬਿਆਨ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਵੱਲੋਂ ਉਨ੍ਹਾ ਨੂੰ ਨਵੇਂ ਗੱਠਜੋੜ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਆਇਆ ਹੈ।
ਚੀਨ ਦੀ ਆਸਟਰੇਲੀਆ ਨੂੰ ਧਮਕੀ
ਉਧਰ ਚੀਨੀ ਕਮਿਊਨਿਸਟ ਪਾਰਟੀ ਦੇ ਅਖ਼ਬਾਰ 'ਗਲੋਬਲ ਟਾਈਮਜ਼' ਨੇ ਆਪਣੇ ਸੰਪਾਦਕੀ ਵਿਚ ਬੜੀ ਹੀ ਸਖਤ ਤੇ ਘਟੀਆ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਆਸਟ੍ਰੇਲੀਆ ਨੂੰ ਅਮਰੀਕਾ ਦਾ ਪਾਲਤੂ ਕੁੱਤਾ ਗਰਦਾਨਿਆ ਹੈ। ਉਸ ਨੇ ਲਿਖਿਆ ਹੈ ਅਸੀਂ ਆਸਟ੍ਰੇਲੀਆ ਨੂੰ ਸਲਾਹ ਦੇਵਾਂਗੇ ਕਿ ਜੇ ਉਹ ਪ੍ਰਮਾਣੂ ਪਣਡੁੱਬੀ ਜਾਂ ਕਿੱਲਰ ਮਿਜ਼ਾਈਲਾਂ ਹਾਸਲ ਕਰ ਵੀ ਲੈਂਦਾ ਹੈ ਤਾਂ ਵੀ ਉਸ ਕੋਲ ਚੀਨ ਨੂੰ ਧਮਕਾਉਣ ਲਈ ਤਾਕਤ ਨਹੀਂ ਆ ਜਾਵੇਗੀ। ਇਹ ਮਾਅਨੇ ਨਹੀਂ ਰੱਖਦਾ ਕਿ ਆਸਟ੍ਰੇਲੀਆ ਕਿਸ ਤਰ੍ਹਾਂ ਖੁਦ ਨੂੰ ਹਥਿਆਰਾਂ ਨਾਲ ਲੈੱਸ ਕਰਦਾ ਹੈ।
ਉਧਰ ਤਾਜ਼ਾ ਰਿਪੋਰਟਾਂ ਅਨੁਸਾਰ ਅਮਰੀਕਾ ਅਤੇ ਫਰਾਂਸ ਵਿਚਕਾਰ ਨਾਰਾਜ਼ਗੀ ਇਸ ਕਦਰ ਵਧ ਗਈ ਹੈ ਕਿ ਫਰਾਂਸ ਨੇ ਅਮਰੀਕਾ ਵਿਚਲੇ ਆਪਣੇ ਰਾਜਦੂਤ ਨੂੰ ਵਾਪਸ ਬੁਲਾ ਲਿਆ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ 18ਵੀਂ ਸਦੀ ਦੀ ਕ੍ਰਾਂਤੀ ਦੌਰਾਨ ਦੋਵਾਂ ਦੇਸ਼ਾਂ ਦੇ ਬਣੇ ਸਬੰਧਾਂ ਵਿੱਚ ਹੁਣ ਪਈ ਹੋਈ ਤਰੇੜ ਪੂਰੀ ਤਰ੍ਹਾਂ ਜੱਗ ਜਾਹਿਰ ਹੋ ਗਈ ਹੈ। ਫਰਾਂਸ ਦੇ ਵਿਦੇਸ਼ ਮੰਤਰਾਲੇ ਦੇ ਅਨੁਸਾਰ ਇਹ ਪਹਿਲੀ ਵਾਰ ਹੈ ਜਦੋਂ ਉਸ ਨੇ ਅਮਰੀਕਾ ਤੋਂ ਆਪਣੇ ਰਾਜਦੂਤ ਨੂੰ ਵਾਪਸ ਬੁਲਾਇਆ ਹੈ। ਉਸ ਨੇ ਆਸਟਰੇਲੀਆ ਤੋਂ ਵੀ ਆਪਣੇ ਰਾਜਦੂਤ ਨੂੰ ਸੱਦ ਲਿਆ ਹੈ।
ਉਪਰੋਕਤ ਹਾਲਾਤ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਖੁਦ ਨੂੰ ਦੁਨੀਆ ਦੀਆਂ ਵਿਸ਼ਵ ਸ਼ਕਤੀਆਂ ਕਹਾਉਣ ਵਾਲੇ ਦੇਸ਼ ਭਾਵੇਂ ਕਿੰਨੀ ਹੀ ਤਰੱਕੀ ਕਰ ਲੈਣ ਦੇ ਦਾਅਵੇ ਕਰਦੇ ਫਿਰਨ ਪਰ ਯਥਾਰਥ ਇਹ ਹੈ ਕਿ ਆਪਣੇ ਹਿੱਤਾਂ ਦੀ ਪੂਰਤੀ ਲਈ ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਆਪਣੇ ਮਿੱਤਰ ਬਦਲ ਸਕਦੇ ਹਨ ਇਥੋਂ ਤਕ ਕਿ ਚੰਗੇ ਮਿੱਤਰ ਦੇਸ਼ਾਂ ਵਿਚਕਾਰ ਹੋਏ ਸੌਦਿਆਂ ਨੂੰ ਰੱਦ ਕਰਵਾ ਕੇ ਦੁਸ਼ਮਣੀ ਪਵਾ ਸਕਦੇ ਹਨ।
ਅੱਬਾਸ ਧਾਲੀਵਾਲ
ਸੰਪਰਕ: 9855259650
ਮਲੇਰਕੋਟਲਾ।
ਨੋਟ: ਵਿਸ਼ਵ ਤਾਕਤਾਂ ਦੇ ਬਦਲ ਰਹੇ ਰਿਸ਼ਤਿਆਂ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ?