ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਦੀ ਆਸਟ੍ਰੇਲੀਆ ਤੋਂ ਖ਼ਾਸ ਇੰਟਰਵਿਊ
Sunday, Jun 11, 2023 - 11:30 AM (IST)
ਚਿਰਾਂ ਤੋਂ ਉਡੀਕੀ ਜਾ ਰਹੀ ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਦੀ ਫ਼ਿਲਮ ‘ਕੈਰੀ ਆਨ ਜੱਟਾ-3’ 29 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੀ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਇਸੇ ਸਿਲਸਿਲੇ ’ਚ ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਨਾਲ ਸਾਡੇ ਪ੍ਰਤੀਨਿਧੀ ਰਮਨਦੀਪ ਸਿੰਘ ਸੋਢੀ ਨੇ ਖ਼ਾਸ ਮੁਲਾਕਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–
ਸਵਾਲ– ਇੰਨਾ ਵੱਡਾ ਬਜਟ ਤੇ ਵੱਡੀ ਕਾਸਟ ਨੂੰ ਕਿਵੇਂ ਮੈਨੇਜ ਕਰਦੇ ਹੋ?
ਗਿੱਪੀ ਗਰੇਵਾਲ– ‘ਕੈਰੀ ਆਨ ਜੱਟਾ 3’ ਪਹਿਲੀ ਅਜਿਹੀ ਫ਼ਿਲਮ ਹੈ, ਜਿਸ ਲਈ ਕਿਸੇ ਬੰਦੇ ਨੇ ਕੋਈ ਵੱਖਰੀ ਡਿਮਾਂਡ ਨਹੀਂ ਰੱਖੀ, ਸਕ੍ਰੀਨ ਸਪੇਸ ਨੂੰ ਲੈ ਕੇ ਤਾਂ ਬਿਲਕੁਲ ਨਹੀਂ। ਜ਼ਿਆਦਾਤਰ ਕਲਾਕਾਰਾਂ ਨੇ ਫ਼ਿਲਮ ਦੀ ਸਕ੍ਰਿਪਟ ਵੀ ਨਹੀਂ ਸੁਣੀ, ਸਿਰਫ ਵਨ ਲਾਈਨਰ ਸੁਣਿਆ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਿਸੇ ਕਲਾਕਾਰ ਦੇ ਚਾਰ ਸੀਨ ਘੱਟ ਹਨ ਜਾਂ ਵੱਧ। ਪਰਿਵਾਰ ਵਾਂਗ ਸਾਰੇ ਇਕੱਠੇ ਰਹਿ ਕੇ ਕੰਮ ਕਰਦੇ ਹਨ।
ਸਵਾਲ– ਲੋਕ ਇਹ ਉਮੀਦ ਕਰਦੇ ਹਨ ਕਿ ਕੰਟੈਂਟ ਪਹਿਲਾਂ ਵਾਲੀਆਂ ਫ਼ਿਲਮਾਂ ਨਾਲੋਂ ਡਬਲ ਮਿਲੇ। ਇਸ ’ਤੇ ਕੀ ਕਹੋਗੇ?
ਗਿੱਪੀ– ਕੰਟੈਂਟ ਡਬਲ ਹੀ ਮਿਲੇਗਾ। ਦੇਖੋ ਜਿਹੜੀ ਫ਼ਿਲਮ ਚੰਗੀ ਚੱਲ ਜਾਂਦੀ, ਉਸ ਨੂੰ ਵੱਡੀ ਕਹਿ ਦਿੰਦੇ ਹਾਂ ਤੇ ਜਿਹੜੀ ਮਾੜੀ ਨਿਕਲ ਜਾਂਦੀ ਉਸ ਨੂੰ ਛੋਟੀ। ਲੰਡਨ ’ਚ ਸ਼ੂਟ ਕਰਨ ਦਾ ਮਕਸਦ ਇਹੀ ਸੀ ਕਿ ਅਸੀਂ ਜਦੋਂ ਡਾਇਲਾਗਸ ਬੋਲਦੇ ਹਾਂ ਤਾਂ ਇਸਦਾ ਮਕਸਦ ਹੁੰਦਾ ਹੈ ਕਿ ਫ਼ਿਲਮ ’ਚ ਵਧੀਆ ਲੋਕੇਸ਼ਨ ਦਿਖਾ ਸਕੀਏ। ਇਸ ਨਾਲ ਫ਼ਿਲਮ ਦਾ ਸਕੇਲ ਵੀ ਵਧ ਜਾਂਦਾ ਹੈ ਤੇ ਦੇਖਣ ’ਚ ਵੀ ਵਧੀਆ ਲੱਗਦੀ ਹੈ।
ਸਵਾਲ– ਕਹਾਣੀ ਨੂੰ ਲੈ ਕੇ ਲੋਕ ਬੇਹੱਦ ਉਤਸ਼ਾਹਿਤ ਹਨ। ਇਸ ਵਾਰ ਕਿਵੇਂ ਦੀ ਕਹਾਣੀ ਹੈ?
ਗਿੱਪੀ– ‘ਕੈਰੀ ਆਨ ਜੱਟਾ-1’ ਦੀ ਕਹਾਣੀ ਬਹੁਤ ਵਧੀਆ ਸੀ। ਕਹਾਣੀ ‘ਕੈਰੀ ਆਨ ਜੱਟਾ-2’ ਦੀ ਵੀ ਵਧੀਆ ਸੀ ਪਰ ਉਹ ਪਹਿਲੀ ਵਾਲੀ ਹੀ ਸੀ। ਇਸੇ ਲਈ ਲੋਕਾਂ ਨੂੰ ਇੰਝ ਲੱਗਦਾ ਹੈ ਕਿ ਦੂਜੀ ਵਾਲੀ ਫ਼ਿਲਮ ’ਚ ਕਹਾਣੀ ਇੰਨੀ ਵਧੀਆ ਨਹੀਂ ਸੀ। ਇਸ ਵਾਰ ਕਹਾਣੀ ਬਿਲਕੁਲ ਨਵੀਂ ਹੈ। ਇਸ ’ਚ ਬਿਲਕੁਲ ਫਰੈੱਸ਼ ਸਟੋਰੀ ਹੈ, ਅਸੀਂ ਪਲਾਟ ਹੀ ਵੱਖਰਾ ਚੁੱਕਿਆ ਹੈ।
ਸਵਾਲ– ਤੁਹਾਡੀ ਜ਼ਿੰਦਗੀ ’ਚ ਹਾਸਿਆਂ ਦੀ ਵਜ੍ਹਾ ਕੌਣ ਹੈ?
ਸੋਨਮ ਬਾਜਵਾ– ਮੇਰੀ ਜ਼ਿੰਦਗੀ ’ਚ ਸਿੰਬਾ (ਪੈੱਟ) ਮੇਰੇ ਹਾਸਿਆਂ ਦੀ ਵਜ੍ਹਾ ਹੈ। ਮੈਂ ਸਾਰਿਆਂ ਨੂੰ ਕਹਾਂਗੀ ਕਿ ਇਕ ਪੈੱਟ ਜ਼ਰੂਰ ਰੱਖੋ। ਜਿੰਨੀ ਮਰਜ਼ੀ ਪ੍ਰੇਸ਼ਾਨੀ ਹੋਵੋ, ਉਸ ਨੂੰ ਦੇਖ ਕੇ ਮੈਂ ਸਾਰਾ ਕੁਝ ਭੁੱਲ ਜਾਂਦੀ ਹਾਂ।
ਗਿੱਪੀ– ਮੇਰੀ ਜ਼ਿੰਦਗੀ ’ਚ ਹਾਸਿਆਂ ਦੀ ਵਜ੍ਹਾ ਮੇਰਾ ਪਰਿਵਾਰ ਹੈ। ਸਭ ਤੋਂ ਵੱਧ ਮੈਨੂੰ ਲੱਗਦਾ ਹੈ ਕਿ ਇਹ ਗੁਰਬਾਜ਼ ਕਰਕੇ ਹੈ, ਕਿਉਂਕਿ ਉਹ ਚਾਹੁੰਦਾ ਹੈ ਕਿ ਉਸ ਦੀ ਗੱਲ ’ਤੇ ਕੋਈ ਹੱਸੇ। ਉਸ ਨੂੰ ਦੇਖ ਕੇ ਹੀ ਖ਼ੁਸ਼ੀ ਆ ਜਾਂਦੀ ਹੈ।
ਸਵਾਲ– ਤੁਸੀਂ ਇਸ ਵਾਰ ਪ੍ਰਮੋਸ਼ਨ ਕਾਫੀ ਮਹਿੰਗੀ ਕਰ ਰਹੇ ਹੋ। ਪ੍ਰਾਈਵੇਟ ਜੈੱਟ ਪਾਲੀਵੁੱਡ ’ਚ ਪਹਿਲੀ ਵਾਰ ਵਰਤਿਆ ਜਾ ਰਿਹਾ। ਵਜ੍ਹਾ ਕੀ ਹੈ ਪ੍ਰਮੋਸ਼ਨ ’ਤੇ ਇੰਨਾ ਪੈਸਾ ਖਰਚ ਕਰਨ ਦੀ?
ਗਿੱਪੀ– ਮੈਂ ਸ਼ੁਰੂ ਤੋਂ ਹੀ ਇਹ ਗੱਲ ਕਹਿ ਰਿਹਾ ਹਾਂ ਕਿ ਕਿਸੇ ਵੀ ਵੱਡੀ ਪੰਜਾਬੀ ਫ਼ਿਲਮ ਨੂੰ ਸਾਨੂੰ ਇੰਝ ਲੈ ਕੇ ਚੱਲਣਾ ਪੈਣਾ ਹੈ ਕਿ ਇਹ ਇਕ ਬੰਦੇ ਦੀ ਫ਼ਿਲਮ ਨਹੀਂ, ਸਗੋਂ ਸਾਡੇ ਸਾਰਿਆਂ ਦੀ ਫ਼ਿਲਮ ਹੈ। ਜਿਵੇਂ ਸਾਊਥ ’ਚ ਇਕ ਬੰਦੇ ਦੀ ਫ਼ਿਲਮ ਆਉਂਦੀ ਹੈ ਤਾਂ ਸਾਰੇ ਸੁਪੋਰਟ ਕਰਦੇ ਹਨ। ਜੇ ਅਸੀਂ ਪੁਰਾਣੀ ਫ਼ਿਲਮ ਦਾ ਰਿਕਾਰਡ ਤੋੜਨਾ ਹੈ ਤਾਂ ਸਾਨੂੰ ਵੱਡੇ ਪੱਧਰ ’ਤੇ ਕੋਸ਼ਿਸ਼ ਕਰਨੀ ਹੀ ਪੈਣੀ ਹੈ। ਜੇਕਰ ਇਸ ਫ਼ਿਲਮ ਨੂੰ ਵੱਧ ਤੋਂ ਵੱਧ ਦਰਸ਼ਕਾਂ ਤਕ ਲਿਜਾਣਾ ਹੈ ਤਾਂ ਪ੍ਰਮੋਸ਼ਨ ਵੀ ਵੱਡੀ ਕਰਨੀ ਪਵੇਗੀ।
ਸਵਾਲ– ਗਿੱਪੀ ਗਰੇਵਾਲ ਨਵੇਂ ਟੈਲੇਂਟ ਨੂੰ ਮੌਕਾ ਦਿੰਦੇ ਹਨ। ਇਸ ਬਾਰੇ ਕੀ ਕਹੋਗੇ?
ਸੋਨਮ– ਇਹ ਬਹੁਤ ਵਧੀਆ ਗੱਲ ਹੈ। ਗਿੱਪੀ ਕਿੰਨੇ ਡਿਪਾਰਟਮੈਂਟ ਖ਼ੁਦ ਹੈਂਡਲ ਕਰ ਰਹੇ। ਤੁਸੀਂ ਸੋਚੋ ਸਿਰਫ ਕਲਾਕਾਰਾਂ ਨੂੰ ਨਹੀਂ, ਨਵੇਂ ਰਾਈਟਰਾਂ ਨੂੰ ਮੌਕਾ ਮਿਲ ਰਿਹਾ ਹੈ। ਬਹੁਤ ਸਾਰੇ ਉਨ੍ਹਾਂ ਨਵੇਂ ਕਲਾਕਾਰਾਂ ਨੂੰ ਵੀ ਮੌਕਾ ਮਿਲ ਰਿਹਾ ਹੈ, ਜੋ ਗਾਇਕ ਨਹੀਂ ਹਨ। ਜਿਸ ਤਰ੍ਹਾਂ ਦੀਆਂ ਫ਼ਿਲਮਾਂ ਗਿੱਪੀ ਬਣਾ ਰਹੇ ਹਨ, ਉਹ ਬਹੁਤ ਵਧੀਆ ਗੱਲ ਹੈ ਕਿ ਵੱਖ-ਵੱਖ ਵਿਸ਼ਿਆਂ ਦੀਆਂ ਫ਼ਿਲਮਾਂ ਲਿਆਉਂਦੇ ਹਨ।
ਸਵਾਲ– ਇਕ ਪ੍ਰੋਡਿਊਸਰ ਲਈ ਪੈਸਿਆਂ ਤੋਂ ਇਲਾਵਾ 2 ਹਜ਼ਾਰ ਬੰਦਿਆਂ ਦੇ ਕੰਮ ਦੀ ਜ਼ਿੰਮੇਵਾਰੀ ਵੀ ਹੁੰਦੀ ਹੈ। ਕੀ ਕਹੋਗੇ ਇਸ ਬਾਰੇ?
ਗਿੱਪੀ– ਸਾਡਾ ਇਕੱਲਾ ਪ੍ਰੋਡਕਸ਼ਨ ਹਾਊਸ ਪੰਜਾਬ ’ਚ ਸੀ, ਜਿਸ ਨੇ ਸਾਰੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਪੂਰਾ ਟਾਈਮ ਦਿੱਤੀਆਂ ਹਨ, ਜਦਕਿ ਮੇਰੀ ਟੀਮ ਨੇ ਡੇਢ ਸਾਲ ਮਹਾਮਾਰੀ ਦੇ ਚੱਲਦੇ ਰਹਿਣ ਮਗਰੋਂ ਇਹ ਕਿਹਾ ਸੀ ਕਿ ਅਸੀਂ ਤਨਖ਼ਾਹਾਂ ਅੱਧੀਆਂ ਕਰ ਦੇਈਏ ਪਰ ਫਿਰ ਹੌਲੀ-ਹੌਲੀ ਕੰਮ ਟਰੈਕ ’ਤੇ ਆ ਗਿਆ ਤੇ ਅਜਿਹਾ ਕਰਨ ਦਾ ਮਨ ਵੀ ਨਹੀਂ ਬਣਿਆ।