ਸਕੂਲਾਂ ''ਚ ਛੁੱਟੀਆਂ ਘੱਟ ਕਰਨ ਦਾ ਯੋਗੀ ਆਦਿੱਤਿਆਨਾਥ ਦਾ ਵੱਡਾ ਫੈਸਲਾ

04/18/2017 6:47:53 AM

ਸੱਤਾ ''ਚ ਆਉਣ ਤੋਂ ਬਾਅਦ ਕੁਝ ਹੀ ਦਿਨਾਂ ਅੰਦਰ ਯੂ. ਪੀ. ਦੀ ਯੋਗੀ ਆਦਿੱਤਿਆਨਾਥ ਸਰਕਾਰ ਨੇ ਕੁਝ ਜਨ-ਹਿਤੈਸ਼ੀ ਫੈਸਲਿਆਂ ਦੀ ਦਿਸ਼ਾ ''ਚ ਕਦਮ ਵਧਾਇਆ ਹੈ। ਇਨ੍ਹਾਂ ''ਚ  ਪਿੰਡਾਂ ਵਿਚ 18 ਘੰਟੇ ਰੋਜ਼ਾਨਾ ਬਿਜਲੀ ਦੇਣ, ਪੁਰਾਣੇ ਬਿਜਲੀ ਬਿੱਲਾਂ ''ਤੇ ਸਰਚਾਰਜ ਮੁਆਫ ਕਰਨ, ਆਲੂ ਖਰੀਦ ਕੇਂਦਰ ਬਣਾਉਣ, ਗੰਨਾ ਉਤਪਾਦਕ ਕਿਸਾਨਾਂ ਨੂੰ 14 ਦਿਨਾਂ ਅੰਦਰ ਭੁਗਤਾਨ ਅਤੇ ਪੁਰਾਣੇ ਬਕਾਇਆ 4 ਮਹੀਨਿਆਂ ਅੰਦਰ ਨਿਪਟਾਉਣ ਆਦਿ ਦੇ ਹੁਕਮ ਸ਼ਾਮਲ ਹਨ।
ਇਸੇ ਲੜੀ ਵਿਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ 126ਵੀਂ ਜੈਅੰਤੀ ਦੇ ਮੌਕੇ ''ਤੇ ਲਖਨਊ ''ਚ ਆਯੋਜਿਤ ਸ਼ਰਧਾਂਜਲੀ ਸਮਾਗਮ ਵਿਚ ਯੋਗੀ ਆਦਿੱਤਿਆਨਾਥ ਨੇ ਇਕ ਵੱਡਾ ਐਲਾਨ ਕਰਦਿਆਂ ਕਿਹਾ :
''''ਯੂ. ਪੀ. ਵਿਚ ਮਹਾਪੁਰਸ਼ਾਂ ਦੇ ਨਾਂ ''ਤੇ ਬਹੁਤ ਜ਼ਿਆਦਾ (42) ਛੁੱਟੀਆਂ ਹੁੰਦੀਆਂ ਹਨ। ਇਨ੍ਹਾਂ ਤੋਂ ਇਲਾਵਾ ਵੱਖ-ਵੱਖ ਤਿਉਹਾਰਾਂ, ਬਰਸਾਤ-ਗਰਮੀ-ਸਰਦੀ ਆਦਿ ਕਾਰਨ ਵੀ ਛੁੱਟੀਆਂ ਹੁੰਦੀਆਂ ਰਹਿੰਦੀਆਂ ਹਨ। ਇਸ ਕਾਰਨ ਸੂਬੇ ''ਚ 220 ਦਿਨਾਂ ਦੇ ਸੈਸ਼ਨ ਵਿਚ ਕਲਾਸਾਂ 120 ਦਿਨਾਂ ਤੋਂ ਜ਼ਿਆਦਾ ਨਹੀਂ ਚੱਲਦੀਆਂ। ਜੇ ਇਹੋ ਸਿਲਸਿਲਾ ਜਾਰੀ ਰਿਹਾ ਤਾਂ ਸਕੂਲਾਂ ਵਿਚ ਬੱਚਿਆਂ ਨੂੰ ਪੜ੍ਹਾਉਣ ਲਈ ਕੋਈ ਦਿਨ ਬਚੇਗਾ ਹੀ ਨਹੀਂ, ਇਸ ਲਈ ਇਹ ਪ੍ਰਥਾ ਬੰਦ ਹੋਣੀ ਚਾਹੀਦੀ ਹੈ।''''
''''ਮਹਾਪੁਰਸ਼ਾਂ ਦੀ ਜੈਅੰਤੀ ਅਤੇ ਬਰਸੀ ''ਤੇ ਹੁਣ ਸੂਬੇ ਦੇ ਸਕੂਲਾਂ ''ਚ ਛੁੱਟੀ ਨਹੀਂ ਹੋਵੇਗੀ, ਸਗੋਂ ਇਸ ਦਿਨ ਸਕੂਲਾਂ ਵਿਚ ਉਨ੍ਹਾਂ ਬਾਰੇ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤੇ ਜਾਣਗੇ ਤਾਂ ਕਿ ਬੱਚਿਆਂ ਨੂੰ ਉਨ੍ਹਾਂ ਦੀ ਮਾਣਮੱਤੀ ਸ਼ਖਸੀਅਤ, ਸੰਘਰਸ਼, ਦੇਸ਼ ਅਤੇ ਸਮਾਜ ਪ੍ਰਤੀ ਉਨ੍ਹਾਂ ਦੇ ਯੋਗਦਾਨ ਦੀ ਜਾਣਕਾਰੀ ਦਿੱਤੀ ਜਾ ਸਕੇ।''''
''''ਸਰਕਾਰ ਦੇ ਇਸ ਕਦਮ ''ਤੇ ਕੁਝ ਲੋਕ ਇਤਰਾਜ਼ ਕਰ ਸਕਦੇ ਹਨ ਪਰ ਸਾਡੇ ਬੱਚੇ ਅਜਿਹੇ ਮਹਾਨ ਮੌਕਿਆਂ ਅਤੇ ਮਹਾਨ ਸ਼ਖਸੀਅਤਾਂ ਤੋਂ ਅਣਜਾਣ ਹਨ। ਅਜਿਹਾ ਨਹੀਂ ਹੋਣਾ ਚਾਹੀਦਾ। ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਮਹਾਪੁਰਸ਼ਾਂ ਨੇ ਜ਼ਿੰਦਗੀ ਵਿਚ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕੀਤਾ ਤੇ ਕਿਹੜੀਆਂ ਸਥਿਤੀਆਂ ਵਿਚ ਉੱਚ ਸਿੱਖਿਆ ਹਾਸਲ ਕੀਤੀ। ਇਸ ਲਈ ਛੁੱਟੀਆਂ ਬੰਦ ਕਰੋ ਤੇ ਸਕੂਲ ਚਲਾਓ।''''
ਮਹਾਪੁਰਸ਼ਾਂ ਦੇ ਨਾਂ ''ਤੇ ਹਰ ਸਾਲ ਪੰਜਾਬ ਵਿਚ 14, ਮੱਧ ਪ੍ਰਦੇਸ਼ ਵਿਚ 17, ਕੇਰਲਾ ਵਿਚ 18, ਬਿਹਾਰ ਵਿਚ 21, ਰਾਜਸਥਾਨ ਵਿਚ 28 ਤੇ ਯੂ. ਪੀ. ਵਿਚ ਸਭ ਤੋਂ ਜ਼ਿਆਦਾ 42 ਛੁੱਟੀਆਂ ਹੁੰਦੀਆਂ ਹਨ, ਜਦਕਿ ਇਨ੍ਹਾਂ ਤੋਂ ਇਲਾਵਾ ਹੋਰ ਛੁੱਟੀਆਂ ਦੀ ਵੀ ਭਰਮਾਰ ਹੈ।
ਇਸ ਕਾਰਨ ਬੱਚਿਆਂ ਨੂੰ ਪੜ੍ਹਾਉਣ ਲਈ ਤਾਂ ਅਧਿਆਪਕਾਂ ਕੋਲ ਸਮਾਂ ਬਚਦਾ ਹੀ ਨਹੀਂ ਕਿਉਂਕਿ ਜਿਹੜੇ ਬਚੇ-ਖੁਚੇ 120 ਦਿਨਾਂ ਵਿਚ ਕਲਾਸਾਂ ਲੱਗਣ ਦੀ ਉਮੀਦ ਹੁੰਦੀ ਹੈ, ਉਨ੍ਹਾਂ ਵਿਚੋਂ ਵੀ ਜ਼ਿਆਦਾਤਰ ਅਧਿਆਪਕਾਂ ਦੀਆਂ ਛੁੱਟੀਆਂ ਆਦਿ ਦੀ ਭੇਟ ਚੜ੍ਹ ਜਾਂਦੇ ਹਨ। 
ਇਸ ਲਈ ਮਹਾਪੁਰਸ਼ਾਂ ਦੇ ਜਨਮ ਦਿਨਾਂ ਅਤੇ ਬਰਸੀਆਂ ''ਤੇ ਛੁੱਟੀਆਂ ਨੂੰ ਸੀਮਤ ਕਰ ਕੇ  ਸਕੂਲਾਂ ਵਿਚ ਸੰਬੰਧਤ ਮਹਾਪੁਰਸ਼ਾਂ ਦੇ ਜੀਵਨ ਅਤੇ ਸਿੱਖਿਆਵਾਂ ਦੀ ਜਾਣਕਾਰੀ ਦੇਣ ਲਈ ਵਿਸ਼ੇਸ਼ ਸੈਸ਼ਨ ਆਯੋਜਿਤ ਕਰਨਾ ਜ਼ਰੂਰ ਹੀ ਸ਼ਲਾਘਾਯੋਗ ਕਦਮ ਹੈ।
ਸਰਕਾਰੀ ਸਕੂਲਾਂ ਅਤੇ ਦਫਤਰਾਂ ਵਿਚ ਛੁੱਟੀਆਂ ਦੀ ਭਰਮਾਰ ਤੋਂ ਤੰਗ ਆਏ ਬੱਚਿਆਂ ਦੇ ਮਾਪਿਆਂ ਤੋਂ ਇਲਾਵਾ ਸਿੱਖਿਆ ਵਿਗਿਆਨੀਆਂ ਅਤੇ ਕਈ ਮੰਨੀਆਂ-ਪ੍ਰਮੰਨੀਆਂ ਹਸਤੀਆਂ ਨੇ ਵੀ ਯੋਗੀ ਆਦਿੱਤਿਆਨਾਥ ਦੇ ਫੈਸਲੇ ਦਾ ਸਵਾਗਤ ਕੀਤਾ ਹੈ।
ਰਾਜਸਥਾਨ ਦੇ ਰਾਜਪਾਲ ਸ਼੍ਰੀ ਕਲਿਆਣ ਸਿੰਘ ਨੇ ਕਿਹਾ ਹੈ ਕਿ ਵਿੱਦਿਅਕ ਅਦਾਰਿਆਂ ਵਿਚ ਹੀ ਨਹੀਂ, ਸਗੋਂ ਹੋਰ ਸਰਕਾਰੀ ਅਦਾਰਿਆਂ ਵਿਚ ਵੀ ਮਹਾਪੁਰਸ਼ਾਂ ਦੀ ਜੈਅੰਤੀ ਤੇ ਬਰਸੀ ''ਤੇ ਜਨਤਕ ਛੁੱਟੀ ਨਹੀਂ ਹੋਣੀ ਚਾਹੀਦੀ।
ਉਸ ਦਿਨ ਸਕੂਲਾਂ ਵਿਚ ਘੱਟੋ-ਘੱਟ 4 ਘੰਟਿਆਂ ਦਾ ਵਿਸ਼ੇਸ਼ ਸੈਸ਼ਨ ਆਯੋਜਿਤ ਕਰ ਕੇ ਮਹਾਪੁਰਸ਼ਾਂ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਲੋਕ ਛੁੱਟੀ ਵਿਚ ਆਪਣਾ ਦਿਨ ਬਰਬਾਦ ਕਰਨ ਦੀ ਬਜਾਏ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਸਕਣ।
ਸੰਸਦ ਮੈਂਬਰ-ਅਭਿਨੇਤਾ ਪਰੇਸ਼ ਰਾਵਲ ਨੇ ਵੀ ਇਸ ਕਦਮ ਦਾ ਸਮਰਥਨ ਕਰਦਿਆਂ ਦੂਜੇ ਸੂਬਿਆਂ ਦੀਆਂ ਸਰਕਾਰਾਂ ਨੂੰ ਇਸ ਪਹਿਲ ''ਤੇ ਅਮਲ ਕਰਨ ਦੀ ਸਲਾਹ ਦਿੱਤੀ ਹੈ।
ਸਿੱਖਿਆ ਵਿਗਿਆਨੀਆਂ ਅਨੁਸਾਰ, ''''ਸਕੂਲਾਂ ਵਿਚ ਇਕ ਸਾਲ ਵਿਚ ਘੱਟੋ-ਘੱਟ 220 ਦਿਨਾਂ ਤੱਕ ਤਾਂ ਪੜ੍ਹਾਈ ਹੋਣੀ ਹੀ ਚਾਹੀਦੀ ਹੈ। ਅਜਿਹਾ ਕਰ ਕੇ ਹੀ ਬੱਚਿਆਂ ਦਾ ਉੱਚ ਸਿੱਖਿਆ ਪੱਧਰ ਕਾਇਮ ਰੱਖਿਆ ਜਾ ਸਕਦਾ ਹੈ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ  ਦਿੱਤੀ ਜਾਣ ਵਾਲੀ ਮੋਟੀ ਤਨਖਾਹ ਨੂੰ ਜਾਇਜ਼ ਠਹਿਰਾਇਆ ਜਾ ਸਕਦਾ ਹੈ।'''' 
ਸਕੂਲਾਂ ''ਚ ਛੁੱਟੀਆਂ ਦੀ ਭਰਮਾਰ ਦੀ ਵਜ੍ਹਾ ਕਰਕੇ ਵੱਖ-ਵੱਖ ਕਲਾਸਾਂ ਲਈ ਨਿਰਧਾਰਿਤ ਸਿਲੇਬਸ ਪੂਰਾ ਨਹੀਂ ਹੁੰਦਾ, ਜਿਸ ਕਾਰਨ ਸਿੱਖਿਆ ਦੇ ਮਿਆਰ ਵਿਚ ਲਗਾਤਾਰ ਗਿਰਾਵਟ ਆਉਣ ਦੇ ਨਾਲ-ਨਾਲ ਵਿਦਿਆਰਥੀਆਂ ਵਿਚ ''ਵਰਕ ਕਲਚਰ'' ਵੀ ਵਿਗੜ ਰਿਹਾ ਹੈ ਤੇ ਪਾਸ ਹੋਣ ਦੇ ''ਸ਼ਾਰਟਕੱਟ'' ਵਜੋਂ ਇਮਤਿਹਾਨਾਂ ਵਿਚ ਨਕਲ ਦੇ ਰੁਝਾਨ ''ਚ ਭਾਰੀ ਵਾਧਾ ਹੋ ਰਿਹਾ ਹੈ।
ਅੱਜ ਜਦੋਂ ਸਾਡਾ ਦੇਸ਼ ਵਿਕਸਿਤ ਦੇਸ਼ਾਂ ਦੀ ਕਤਾਰ ''ਚ ਸ਼ਾਮਲ ਹੋਣ ਦੀ ਦਿਸ਼ਾ ਵਿਚ ਵਧ ਰਿਹਾ ਹੈ, ਸੰਬੰਧਤ ਸਰਕਾਰਾਂ ਵਲੋਂ ਉਥੋਂ ਦੇ ਵਿੱਦਿਅਕ ਅਦਾਰਿਆਂ ਵਿਚ ਲਾਗੂ ਜਨਤਕ ਛੁੱਟੀਆਂ ਸੰਬੰਧੀ ਸਰਕਾਰ ਦੀ ਨੀਤੀ ਨੂੰ ਅਪਣਾਉਣਾ ਲਾਹੇਵੰਦ ਹੋ ਸਕਦਾ ਹੈ, ਜਿਥੇ ਅਜਿਹੀਆਂ ਛੁੱਟੀਆਂ ਦਾ ਰਿਵਾਜ ਨਹੀਂ ਹੈ।          
—ਵਿਜੇ ਕੁਮਾਰ 


Vijay Kumar Chopra

Chief Editor

Related News