‘ਫੈਮਿਲੀ ਕੋਰਟ’ ਦਾ ਚੰਗਾ ਫ਼ੈਸਲਾ- ਕਮਾਊ ਪਤਨੀ ਦੇਵੇਗੀ ਬੇਰੋਜ਼ਗਾਰ ਪਤੀ ਨੂੰ ਗੁਜ਼ਾਰਾ ਭੱਤਾ

Saturday, Feb 24, 2024 - 06:04 AM (IST)

‘ਫੈਮਿਲੀ ਕੋਰਟ’ ਦਾ ਚੰਗਾ ਫ਼ੈਸਲਾ- ਕਮਾਊ ਪਤਨੀ ਦੇਵੇਗੀ ਬੇਰੋਜ਼ਗਾਰ ਪਤੀ ਨੂੰ ਗੁਜ਼ਾਰਾ ਭੱਤਾ

ਮੱਧ ਪ੍ਰਦੇਸ਼ ’ਚ ਇਕਪਾਸੜ ਪਿਆਰ ’ਚ ਪਈ ਔਰਤ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਇਕ ਨੌਜਵਾਨ ਨੂੰ ਡਰਾ-ਧਮਕਾ ਕੇ ਉਸ ਨੂੰ ਆਰੀਆ ਸਮਾਜ ਮੰਦਰ ’ਚ ਸਾਲ 2022 ’ਚ ਵਿਆਹ ਲਈ ਮਜਬੂਰ ਕਰ ਦਿੱਤਾ ਸੀ ਜਦਕਿ ਨੌਜਵਾਨ ਇਸ ਵਿਆਹ ਲਈ ਰਾਜ਼ੀ ਨਹੀਂ ਸੀ। ਇਸ ਸਬੰਧ ’ਚ ਇੰਦੌਰ ਦੀ ਇਕ ‘ਫੈਮਿਲੀ ਕੋਰਟ’ ’ਚ ਪੀੜਤ ਨੌਜਵਾਨ ਦੇ ਵਕੀਲ ਮਨੀਸ਼ ਝਾਰੋਲਾ ਨੇ ਦਾਇਰ ਕੀਤੀ ਸ਼ਿਕਾਇਤ ’ਚ ਕਿਹਾ ਸੀ ਕਿ :

‘‘ਵਿਆਹ ਕਾਰਨ ਨੌਜਵਾਨ ਆਪਣੀ ਪੜ੍ਹਾਈ ਪੂਰੀ ਨਾ ਕਰਨ ਕਾਰਨ ਬੇਰੋਜ਼ਗਾਰ ਹੈ ਅਤੇ ਆਪਣਾ ਘਰ ਚਲਾਉਣ ’ਚ ਅਸਮਰੱਥ ਹੈ ਜਦਕਿ ਉਸ ਦੀ ਪਤਨੀ ਬਿਊਟੀ ਪਾਰਲਰ ਚਲਾਉਂਦੀ ਹੈ ਅਤੇ ਚੰਗੀ ਰਕਮ ਕਮਾਉਂਦੀ ਹੈ।’’

ਨੌਜਵਾਨ ਦੇ ਵਕੀਲ ਦੀਆਂ ਦਲੀਲਾਂ ਨਾਲ ਸਹਿਮਤ ਹੋ ਕੇ ‘ਫੈਮਿਲੀ ਕੋਰਟ’ ਨੇ ਇਕ ਬੇਮਿਸਾਲ ਫੈਸਲੇ ’ਚ ਨੌਜਵਾਨ ਦੀ ‘ਕਮਾਊ ਪਤਨੀ’ ਨੂੰ ਆਪਣੇ ਬੇਰੋਜ਼ਗਾਰ ਪਤੀ ਨੂੰ ਗੁਜ਼ਾਰੇ ਲਈ ਹਰ ਮਹੀਨੇ 5000 ਰੁਪਏ ਦੇਣ ਅਤੇ ਪਤੀ (ਨੌਜਵਾਨ) ਵੱਲੋਂ ਉਸ ਵਿਰੁੱਧ ਦਾਇਰ ਮੁਕੱਦਮੇ ’ਤੇ ਆਇਆ ਖਰਚ ਵੀ ਵੱਖ ਤੋਂ ਦੇਣ ਦਾ ਹੁਕਮ ਦੇ ਦਿੱਤਾ ਹੈ।

ਆਮ ਤੌਰ ’ਤੇ ਵਿਆਹ ਸਬੰਧੀ ਝਗੜਿਆਂ ਦੇ ਮਾਮਲਿਆਂ ’ਚ ਅਦਾਲਤਾਂ ਮਰਦ ਨੂੰ ਇਹ ਹੁਕਮ ਦਿੰਦੀਆਂ ਹਨ ਕਿ ਉਹ ਆਪਣੀ ਪਤਨੀ ਨੂੰ ਗੁਜ਼ਾਰੇ ਲਈ ਹਰ ਮਹੀਨੇ ਇਕ ਮਿੱਥੀ ਰਕਮ ਦੇਵੇ ਪਰ ਉਕਤ ਅਦਾਲਤ ਨੇ ਇਸ ਦੇ ਉਲਟ ਕਮਾਊ ਪਤਨੀ ਨੂੰ ਆਪਣੇ ਬੇਰੋਜ਼ਗਾਰ ਪਤੀ ਨੂੰ ਗੁਜ਼ਾਰਾ ਭੱਤਾ ਦੇਣ ਦਾ ਹੁਕਮ ਦੇ ਕੇ ਇਕ ਨਵੀਂ ਉਦਾਹਰਣ ਪੇਸ਼ ਕੀਤੀ ਹੈ।

ਇਹ ਫੈਸਲਾ ਇਸ ਨਜ਼ਰੀਏ ਤੋਂ ਵੀ ਅਹਿਮ ਹੈ ਕਿਉਂਕਿ ਵਿਆਹ ਦੇ ਸਮੇਂ ਪਤੀ-ਪਤਨੀ ਸੁੱਖ-ਦੁੱਖ ’ਚ ਇਕ-ਦੂਜੇ ਦਾ ਸਾਥ ਨਿਭਾਉਣ ਦਾ ਵਾਅਦਾ ਕਰਦੇ ਹਨ ਅਤੇ ਇਸ ਲਈ ਪਤਨੀ ਨੂੰ ਮਰਦ ਦੀ ‘ਅਰਧਾਂਗਣੀ’ ਕਿਹਾ ਗਿਆ ਹੈ।

ਇਸ ਲਈ ਜਦ ਪਤਨੀ ਦੇ ਗੁਜ਼ਾਰੇ ਲਈ ਉਸ ਨੂੰ ਇਕ ਮਿੱਥੀ ਰਕਮ ਦੇਣ ਦਾ ਉਸ ਦੇ ਪਤੀ ਨੂੰ ਹੁਕਮ ਦਿੱਤਾ ਜਾ ਸਕਦਾ ਹੈ ਤਾਂ ਪਤਨੀ ਨੂੰ ਵੀ ਉਸ ਸਥਿਤੀ ’ਚ ਇਹ ਹੁਕਮ ਦੇਣਾ ਉਚਿਤ ਹੀ ਲੱਗਦਾ ਹੈ, ਜਦ ਪਤਨੀ ਕਮਾਊ ਹੋਵੇ ਅਤੇ ਪਤੀ ਬੇਰੋਜ਼ਗਾਰ।

- ਵਿਜੇ ਕੁਮਾਰ


author

Anmol Tagra

Content Editor

Related News