''ਬਿਸ਼ਪਾਂ'' ਦੀ ਨਿਯੁਕਤੀ ਦੇ ਲਈ ਪੋਪ ਫ੍ਰਾਂਸਿਸ ਨੇ ਸਲਾਹਕਾਰ ਮੰਡਲ ’ਚ ਪਹਿਲੀ ਵਾਰ ਸ਼ਾਮਲ ਕੀਤੀਆਂ 3 ਔਰਤਾਂ
Sunday, Jul 24, 2022 - 02:42 AM (IST)

19 ਮਾਰਚ, 2013 ਨੂੰ ਵੈਟੀਕਨ ਦੇ ਨਵੇਂ ਬਣੇ ਪੋਪ ਫ੍ਰਾਂਸਿਸ ਨੇ ਆਪਣੇ ਕਾਰਜਕਾਲ ਦੇ ਪਹਿਲੇ ਹੀ ਦਿਨ ਆਪਣੇ ਭਾਸ਼ਣ ’ਚ ਵੈਟੀਕਨ ’ਚ ਘਰ ਕਰ ਚੁੱਕੀਆਂ ਕਮਜ਼ੋਰੀਆਂ ਦੂਰ ਕਰਨ ਲਈ ਇਸ ’ਚ ਕ੍ਰਾਂਤੀਕਾਰੀ ਸੁਧਾਰਾਂ ਦੇ ਸੰਕੇਤ ਦਿੱਤੇ ਸਨ। ਪੋਪ ਫ੍ਰਾਂਸਿਸ ਦੀ ਵੈਟੀਕਨ ਦੇ ਕੰਮਕਾਜ ’ਚ ਸੁਧਾਰ ਮੁਹਿੰਮ ਲਗਾਤਾਰ ਜਾਰੀ ਹੈ ਅਤੇ ਉਨ੍ਹਾਂ ਨੇ ਇਸ ਵਿਚ ਔਰਤਾਂ ਨੂੰ ਵਿਸ਼ੇਸ਼ ਸਥਾਨ ਦੇਣ ਦੀ ਦਿਸ਼ਾ ’ਚ ਮਹੱਤਵਪੂਰਨ ਅਹੁਦਿਆਂ ’ਤੇ ਨਿਯੁਕਤ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਹੈ, ਜਿਸ ਦੇ ਅਧੀਨ ਉਨ੍ਹਾਂ ਨੇ :
* 11 ਜਨਵਰੀ, 2021 ਨੂੰ ਔਰਤਾਂ ਨੂੰ ਕੈਥੋਲਿਕ ਚਰਚ ’ਚ ਬਰਾਬਰੀ ਦਾ ਦਰਜਾ ਅਤੇ ਉਨ੍ਹਾਂ ਨੂੰ ਚਰਚ ਦੀ ਪ੍ਰਾਰਥਨਾ ਕਰਵਾਉਣ ਦੀ ਪ੍ਰਕਿਰਿਆ ’ਚ ਸ਼ਾਮਲ ਹੋਣ ਦਾ ਅਧਿਕਾਰ ਦੇਣ ਦਾ ਫੈਸਲਾ ਲਿਆ ਅਤੇ ਕਿਹਾ ਕਿ ਪ੍ਰਾਰਥਨਾ ਪ੍ਰਕਿਰਿਆ ’ਚ ਸ਼ਾਮਲ ਔਰਤਾਂ ਕਿਸੇ ਦਿਨ ਪਾਦਰੀ ਦਾ ਦਰਜਾ ਵੀ ਹਾਸਲ ਕਰਨਗੀਆਂ।
* ਅਤੇ ਹੁਣ 13 ਜੁਲਾਈ ਨੂੰ ਵੈਟੀਕਨ ਨੇ ਪੋਪ ਵੱਲੋਂ ਕੁਝ ਸਮੇਂ ਪਹਿਲਾਂ ਲਏ ਗਏ ਇਕ ਫੈਸਲੇ ਨੂੰ ਜਨਤਕ ਕਰਦੇ ਹੋਏ ਕਿਹਾ ਹੈ ਕਿ ਵੈਟੀਕਨ ’ਚ ਵੱਧ ਉੱਚ ਪੱਧਰ ’ਤੇ ਔਰਤਾਂ ਦੀ ਭਾਈਵਾਲੀ ਵਧਾਉਣ ਦੀ ਆਪਣੀ ਇੱਛਾ ਦੇ ਅਧੀਨ ਪੋਪ ਨੇ ਵਿਸ਼ਵ ਭਰ ’ਚ ਵੈਟੀਕਨ ਦੇ 5300 ਬਿਸ਼ਪਾਂ (ਧਰਮਮੁਖੀਆਂ) ਦੀ ਚੋਣ ਲਈ ਉਨ੍ਹਾਂ ਨੂੰ ਸਲਾਹ ਦੇਣ ਵਾਲੀ ਕਮੇਟੀ ’ਚ ਪਹਿਲੀ ਵਾਰ 3 ਔਰਤਾਂ ਨੂੰ ਨਿਯੁਕਤ ਕੀਤਾ ਹੈ। ਇਸ ਕਮੇਟੀ ’ਚ ਪਹਿਲਾਂ ਸਿਰਫ ਮਰਦ ਹੀ ਹੁੰਦੇ ਸਨ।
ਇਨ੍ਹਾਂ ਵਿਚ ਵੈਟੀਕਨ ਦੀ ਮੌਜੂਦਾ ਡਿਪਟੀ ਗਵਰਨਰ ਸਿਸਟਰ ‘ਰਾਫੇਲਾ ਪੈਤਰਿਨੀ’ ਫਰਾਂਸੀਸੀ ਨਨ ‘ਇਵੋਨ ਰਿਓਂਗੋਟ’ ਅਤੇ ਔਰਤਾਂ ਦੇ ਕੈਥੋਲਿਕ ਸੰਗਠਨ ਯੂ. ਐੱਮ. ਓ. ਐੱਸ. ਸੀ. ਦੀ ਮੁਖੀ ‘ਮਾਰੀਆ ਲਿਆ ਜੇਰਵਿਨੋ’ ਸ਼ਾਮਲ ਹਨ।
ਪੋਪ ਨੇ ਕਿਹਾ ਹੈ ਕਿ ਉਹ ‘ਹੋਲੀ ਸੀ’ (ਵੈਟੀਕਨ) ’ਚ ਵਧੇਰੇ ਔਰਤਾਂ ਨੂੰ ਉੱਚ ਪੱਧਰੀ ਭੂਮਿਕਾਵਾਂ ’ਚ ਦੇਖਣਾ ਚਾਹੁੰਦੇ ਹਨ। ਜਾਣਕਾਰਾਂ ਦੇ ਅਨੁਸਾਰ ਗੈਰ-ਰਸਮੀ ਤੌਰ ’ਤੇ ਐਲਾਨਿਆ ਇਹ ਬਦਲ ਬੇਹੱਦ ਮਹੱਤਵਪੂਰਨ ਹੈ ਕਿਉਂਕਿ ਇਹ ਔਰਤਾਂ ਨੂੰ ਵਿਸ਼ਵ ਦੇ ਬਿਸ਼ਪਾਂ ਦੀ ਚੋਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਣ ਦਾ ਰਸਤਾ ਖੋਲ੍ਹ ਦੇਵੇਗਾ। ਅਤੀਤ ਦੇ ਫੈਸਲਿਆ ਦੇ ਵਾਂਗ ਹੀ ਪੋਪ ਦਾ ਉਕਤ ਫੈਸਲਾ ਵੀ ਵੈਟੀਕਨ ’ਚ ਲਿੰਗਿਕ ਬਰਾਬਰੀ ਨੂੰ ਉਤਸ਼ਾਹ ਦੇਣ ਦੀ ਦਿਸ਼ਾ ’ਚ ਸਹਾਇਕ ਸਿੱਧ ਹੋਵੇਗਾ, ਜਿਸ ਦੀਆਂ ਔਰਤਾਂ ਹੱਕਦਾਰ ਵੀ ਹਨ।
- ਵਿਜੇ ਕੁਮਾਰ