‘ਨਾਰੀ ਜਾਤੀ ਘਰਾਂ ’ਚ ਹੀ ਸੁਰੱਖਿਅਤ ਨਹੀਂ’ ‘ਬਾਹਰ ਕਿਵੇਂ ਸੁਰੱਖਿਅਤ ਰਹੇਗੀ’

Friday, Feb 12, 2021 - 02:31 AM (IST)

‘ਨਾਰੀ ਜਾਤੀ ਘਰਾਂ ’ਚ ਹੀ ਸੁਰੱਖਿਅਤ ਨਹੀਂ’ ‘ਬਾਹਰ ਕਿਵੇਂ ਸੁਰੱਖਿਅਤ ਰਹੇਗੀ’

ਸਰਕਾਰ ਵੱਲੋਂ ਨਾਰੀ ਜਾਤੀ ਦੇ ਵਿਰੁੱਧ ਜੁਰਮਾਂ ’ਚ ਕਮੀ ਆਉਣ ਦੇ ਦਾਅਵਿਆਂ ਦੇ ਬਾਵਜੂਦ ਇਹ ਜੁਰਮ ਲਗਾਤਾਰ ਜਾਰੀ ਹਨ। ਅਪਰਾਧੀ ਇੰਨੇ ਬੇਖੌਫ ਹੋ ਚੁੱਕੇ ਹਨ ਕਿ ਹੁਣ ਤਾਂ ਬੱਚੀਆਂ ਅਤੇ ਬਜ਼ੁਰਗਾਂ ਤੱਕ ਇਨ੍ਹਾਂ ਦੀ ਹਵਸ ਦਾ ਸ਼ਿਕਾਰ ਹੋ ਰਹੀਆਂ ਹਨ। ਹਾਲਤ ਕਿੰਨੀ ਚਿੰਤਾਜਨਕ ਹੋ ਚੁੱਕੀ ਹੈ ਕਿ ਇਸੇ ਮਹੀਨੇ ਦੇ ਸਿਰਫ 10 ਦਿਨਾਂ ਦੀਆਂ ਹੇਠਾਂ ਦਿੱਤੀਆਂ ਘਟਨਾਵਾਂ ਤੋਂ ਸਪੱਸ਼ਟ ਹੈ :

* 1 ਫਰਵਰੀ ਨੂੰ ਬਿਹਾਰ ’ਚ ਮੁਜ਼ੱਫਰਪੁਰ ਦੇ ‘ਬੋਚਹਾਂ’ ਪਿੰਡ ’ਚ ਇਕ ਵਿਅਕਤੀ ਨੇ ਘਰ ਦੇ ਬਾਹਰ ਧੂਣਾ ਬਾਲ ਕੇ ਅੱਗ ਸੇਕ ਰਹੀ ਔਰਤ ਵੱਲੋਂ ਸੈਕਸ ਸ਼ੋਸ਼ਣ ਦਾ ਵਿਰੋਧ ਕਰਨ ’ਤੇ ਉਸ ਦੀ ਤਿੰਨ ਮਹੀਨਿਆਂ ਦੀ ਬੱਚੀ ਨੂੰ ਅੱਗ ’ਚ ਸੁੱਟ ਦਿੱਤਾ।

* 1 ਫਰਵਰੀ ਨੂੰ ਹੀ ਲੁਧਿਆਣਾ ’ਚ ਇਕ ਨਾਬਾਲਗ ਦੇ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਉਸ ਦੇ ਗੁਆਂਢੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ।

* 1 ਫਰਵਰੀ ਵਾਲੇ ਦਿਨ ਹੀ ਹੁਸ਼ਿਆਰਪੁਰ ਦੇ ਟਾਂਡਾ ’ਚ ਸਾਢੇ ਚਾਰ ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਯਤਨ ’ਚ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ।

* 2 ਫਰਵਰੀ ਨੂੰ ਹੀ ਕਰਨਾਟਕ ’ਚ ਇਕ ਮੰਗਲੂਰ ਦੇ ‘ਸ਼੍ਰਿੰਗੇਰੀ’ ਇਲਾਕੇ ’ਚ ਇਕ 15 ਸਾਲਾ ਨਾਬਾਲਗ ਨਾਲ 5 ਮਹੀਨਿਆਂ ਤੱਕ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ 8 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਦਕਿ 9 ਹੋਰਨਾਂ ਦੀ ਭਾਲ ਕੀਤੀ ਜਾ ਰਹੀ ਹੈ।

* 2 ਫਰਵਰੀ ਨੂੰ ਸਹਾਰਨਪੁਰ ਦੇ ਨੇੜੇ ਜਨਕਪੁਰੀ ਇਲਾਕੇ ’ਚ ਇਕ ਬਜ਼ੁਰਗ ਦੀ ਲਾਸ਼ ਮਿਲੀ ਹੈ। ਪੁਲਸ ਦੇ ਅਨੁਸਾਰ ਜਬਰ-ਜ਼ਨਾਹ ’ਚ ਅਸਫਲ ਰਹਿਣ ’ਤੇ ਪੱਥਰ ਨਾਲ ਕੁੱਟ-ਕੁੱਟ ਕੇ ਉਸ ਦੀ ਹੱਤਿਆ ਕੀਤੀ ਗਈ।

* 2 ਫਰਵਰੀ ਨੂੰ ਸੂਰਤ ਦੇ ‘ਕਤਾਰਗਾਮ’ ਇਲਾਕੇ ’ਚ ਗਰਭਵਤੀ ਪਾਈ ਗਈ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਪੁਲਸ ਨੇ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ।

* 3 ਫਰਵਰੀ ਨੂੰ ‘ਫਿਰੋਜ਼ਪੁਰ ਝਿਰਕਾ’ ਦੇ ਇਕ ਪਿੰਡ ’ਚ 5 ਨੌਜਵਾਨਾਂ ਨੇ ਖੇਤ ’ਚ ਚਾਰਾ ਲੈਣ ਗਈ ਇਕ ਮੁਟਿਆਰ ਨਾਲ ਸਮੂਹਿਕ ਜਬਰ-ਜ਼ਨਾਹ ਕਰ ਦਿੱਤਾ।

* 3 ਫਰਵਰੀ ਨੂੰ ਜੀਂਦ ਦੇ ਇਕ ਪਿੰਡ ’ਚ ਜੰਗਲ ਪਾਣੀ ਲਈ ਨਿਕਲੀ ਨਾਬਾਲਗ ਨੂੰ ਅਗਵਾ ਕਰ ਕੇ 4 ਨੌਜਵਾਨਾਂ ਨੇ ਉਸ ਨਾਲ ਜਬਰ-ਜ਼ਨਾਹ ਕੀਤਾ।

* 4 ਫਰਵਰੀ ਨੂੰ ਕੋਲਕਾਤਾ ’ਚ ਇਕ 9 ਸਾਲਾ ਬੱਚੀ ਨਾਲ ਜਬਰ-ਜ਼ਨਾਹ ਦੇ ਬਾਅਦ ਪਹਿਲਾਂ ਉਸ ਦੇ 4 ਦੰਦ ਤੋੜੇ ਗਏ ਅਤੇ ਫਿਰ ਗਲਾ ਘੁੱਟ ਕੇ ਉਸ ਦੀ ਜੀਵਨ ਲੀਲਾ ਖਤਮ ਕਰਨ ਦੇ ਬਾਅਦ ਉਸ ਦੀ ਧੌਣ ਵੱਢ ਦਿੱਤੀ ਗਈ।

* 4 ਫਰਵਰੀ ਨੂੰ ਹੀ ਅੰਿਮ੍ਰਤਸਰ ਦੇ ਪੁਲਸ ਥਾਣਾ ‘ਘਰਿੰਡਾ’ ਦੇ ਅਧੀਨ ਇਕ 14 ਸਾਲ ਦੀ ਨਾਬਾਲਗ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ।

* 5 ਫਰਵਰੀ ਨੂੰ ਉੱਤਰ ਪ੍ਰਦੇਸ਼ ’ਚ ਮਹੋਬਾ ਜ਼ਿਲੇ ਦੇ ‘ਖਰੇਲਾ’ ਥਾਣੇ ਅਧੀਨ ਪੈਂਦੇ ਇਲਾਕੇ ਦੇ ਪਿੰਡ ’ਚ 2 ਨੌਜਵਾਨ ਇਕ ਮਕਾਨ ਦੀ ਕੰਧ ਟੱਪ ਕੇ ਅੰਦਰ ਜਾ ਵੜੇ ਅਤੇ ਘਰ ’ਚ ਮੌਜੂਦ 80 ਸਾਲਾ ਬਜ਼ੁਰਗ ਔਰਤ ਨਾਲ ਜਬਰ-ਜ਼ਨਾਹ ਕਰ ਦਿੱਤਾ।

* 5 ਫਰਵਰੀ ਨੂੰ ਹੀ ਹਰਿਆਣਾ ’ਚ ਰੇਵਾੜੀ ਦੇ ਨੇੜੇ ਬਨੀਪੁਰ ਚੌਕ ’ਚ ਆਟੋ ’ਚ ਜਾ ਰਹੀ ਔਰਤ ਨਾਲ ਆਟੋ ਚਾਲਕ ਅਤੇ ਉਸ ਦੇ ਦੋਸਤ ਨੇ ਔਰਤ ਦੇ ਪਤੀ ਦੇ ਸਾਹਮਣੇ ਹੀ ਜਬਰ-ਜ਼ਨਾਹ ਕਰ ਦਿੱਤਾ।

* 5 ਫਰਵਰੀ ਨੂੰ ਮੱਧ ਪ੍ਰਦੇਸ਼ ਦੇ ਮੁਰੈਨਾ ’ਚ ‘ਸਬਲਗੜ੍ਹ’ ਇਲਾਕੇ ਦੇ ‘ਖਿਰਕਾਰੀ’ ਪਿੰਡ ’ਚ ਇਕ 5 ਸਾਲਾ ਬੱਚੀ ਦੀ ਜਬਰ-ਜ਼ਨਾਹ ਦੇ ਬਾਅਦ ਹੱਤਿਆ ਕਰ ਦਿੱਤੀ ਗਈ। ਕੁਝ ਦਿਨ ਪਹਿਲਾਂ ਹੀ ਮੁਲਜ਼ਮ ਮ੍ਰਿਤਕ ਬੱਚੀ ਦੀ ਚਾਚੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ 6 ਮਹੀਨੇ ਜੇਲ ’ਚ ਰਹਿ ਕੇ ਜ਼ਮਾਨਤ ’ਤੇ ਰਿਹਾਅ ਹੋ ਕੇ ਪਿੰਡ ਪਰਤਿਆ ਸੀ।

* 7 ਫਰਵਰੀ ਨੂੰ ਹਿਮਾਚਲ ਪ੍ਰਦੇਸ਼ ਦੇ ਸੁੰਦਰ ਨਗਰ ’ਚ ਚੰਡੀਗੜ੍ਹ ਦੀ ਰਹਿਣ ਵਾਲੀ ਇਕ ਮੁਟਿਆਰ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ।

* 8 ਫਰਵਰੀ ਨੂੰ ਛੱਤੀਸਗੜ੍ਹ ਦੇ ‘ਬਾਲੋਦ’ ਜ਼ਿਲੇ ’ਚ 10 ਸਾਲਾ ਬੱਚੀ ਨੂੰ ਅਗਵਾ ਕਰਨ ਦੇ ਬਾਅਦ 2 ਨੌਜਵਾਨਾਂ ਨੇ ਉਸ ਨਾਲ ਜਬਰ-ਜ਼ਨਾਹ ਕਰ ਦਿੱਤਾ।

* 9 ਫਰਵਰੀ ਨੂੰ ਉੱਤਰ ਪ੍ਰਦੇਸ਼ ’ਚ ਇਟਾਵਾ ਜ਼ਿਲੇ ਦੇ ‘ਲਵੇਦੀ’ ਇਲਾਕੇ ’ਚ ਇਕ ਸਕੂਲੀ ਵਿਦਿਆਰਥਣ ਨੂੰ 2 ਨੌਜਵਾਨ ਕੁੱਟਦੇ ਹੋਏ ਖੇਤ ’ਚ ਲੈ ਗਏ ਅਤੇ ਉੱਥੇ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰ ਦਿੱਤਾ।

* 9 ਫਰਵਰੀ ਨੂੰ ਹੀ ਛੱਤੀਸਗੜ੍ਹ ਦੇ ਅੰਬਿਕਾਪੁਰ ’ਚ ਨਾਬਾਲਗ ਲੜਕੀ ਨੂੰ ਅਗਵਾ ਕਰ ਕੇ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਕੋਤਵਾਲੀ ਪੁਲਸ ਨੇ ਮੁਲਜ਼ਮ ਨੌਜਵਾਨ ਅਤੇ ਉਸ ਦੇ ਰਿਸ਼ਤੇਦਾਰ ਨੂੰ ਗ੍ਰਿਫਤਾਰ ਕੀਤਾ।

* 10 ਫਰਵਰੀ ਨੂੰ ਆਪਣੀ 13 ਸਾਲਾ ਧੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਮਾਮਲੇ ’ਚ ਨਾਭਾ ਸਦਰ ਪੁਲਸ ਨੇ ਇਕ ਸਾਬਕਾ ਫੌਜੀ ਨੂੰ ਗ੍ਰਿਫਤਾਰ ਕੀਤਾ।

* 10 ਫਰਵਰੀ ਨੂੰ ਹੀ ਲੁਧਿਆਣਾ ’ਚ ਅਮਨ ਨਗਰ ’ਚ 6 ਸਾਲਾ ਬੱਚੀ ਦੇ ਨਾਲ ਕਿਸੇ ਅਗਿਆਤ ਵਿਅਕਤੀ ਨੇ ਹੈਵਾਨੀਅਤ ਕਰ ਦਿੱਤੀ।

* 10 ਫਰਵਰੀ ਵਾਲੇ ਦਿਨ ਹੀ ਬਰੇਲੀ ’ਚ ਪੁਲਸ ਨੇ 2 ਨੌਜਵਾਨਾਂ ਵਿਰੁੱਧ 2 ਨਾਬਾਲਗ ਵਿਦਿਆਰਥਣਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲੈ ਜਾਣ ਅਤੇ ਫਿਰ ਧਰਮ ਨੂੰ ਬਦਲਣ ਦੇ ਲਈ ਨਾ ਮੰਨਣ ’ਤੇ ਉਨ੍ਹਾਂ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ।

* 10 ਫਰਵਰੀ ਨੂੰ ਹੀ ਲੁਧਿਆਣਾ ’ਚ ਆਪਣੀ ਭਤੀਜੀ ਨਾਲ ਜਬਰ-ਜ਼ਨਾਹ ਕਰ ਕੇ ਉਸ ਨੂੰ ਗਰਭਵਤੀ ਕਰਨ ਦੇ ਦੋਸ਼ ’ਚ ਉਸ ਦੇ ਫੁੱਫੜ ਨੂੰ ਗ੍ਰਿਫਤਾਰ ਕੀਤਾ ਗਿਆ।

ਇਸ ਮਹੀਨੇ ਦੇ ਸਿਰਫ 10 ਦਿਨਾਂ ਦੀਆਂ ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਦੇਸ਼ ’ਚ ਨਾਰੀ ਜਾਤੀ ਕਿੰਨੀ ਅਸੁਰੱਖਿਅਤ ਹੈ। ਅਜਿਹੀ ਹੀ ਸਥਿਤੀ ’ਤੇ ਸਖਤ ਟਿੱਪਣੀ ਕਰਦੇ ਹੋਏ ‘ਵਧੀਕ ਜ਼ਿਲਾ ਅਤੇ ਸੈਸ਼ਨ ਜੱਜ’, ਰੋਹਤਕ ਆਰ. ਪੀ. ਗੋਇਲ ਨੇ 29 ਜਨਵਰੀ, 2021 ਨੂੰ ਕਿਹਾ ਕਿ, ‘‘ਦੇਸ਼ ’ਚ ਔਰਤਾਂ ਅਤੇ ਬੱਚੇ ਸਭ ਤੋਂ ਵੱਧ ਪੀੜਤ ਹਨ।’’

ਰੋਜ਼ਾਨਾ ਹੋ ਰਹੀਆਂ ਜਬਰ-ਜ਼ਨਾਹ ਦੀਆਂ ਘਟਨਾਵਾਂ ਨੇ ਦੇਸ਼ ’ਚ ਨਾਰੀ ਜਾਤੀ ਦੀ ਸੁਰੱਖਿਆ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਲਈ ਲੋੜ ਇਸ ਗੱਲ ਦੀ ਹੈ ਕਿ ਜਬਰ-ਜ਼ਨਾਹ ਦੇ ਮਾਮਲਿਆਂ ਦਾ ਜ਼ਰਾ ਵੀ ਦੇਰ ਕੀਤੇ ਬਿਨਾਂ ਜਲਦੀ ਤੋਂ ਜਲਦੀ ਫੈਸਲਾ ਕਰ ਕੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਤੇ ਅਜਿਹੇ ਲੋਕਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ ਤਾਂ ਕਿ ਇਸ ਬੁਰਾਈ ’ਤੇ ਰੋਕ ਲੱਗੇ।

- ਵਿਜੇ ਕੁਮਾਰ


author

Bharat Thapa

Content Editor

Related News