ਸੋਸ਼ਲ ਮੀਡੀਆ ਹੋਵੇ ਜਾਂ ਭੀੜ ਭਰਿਆ ਬਾਜ਼ਾਰ ਔਰਤਾਂ ਕਿਤੇ ਵੀ ਸੁਰੱਖਿਅਤ ਨਹੀਂ

07/09/2018 5:55:11 AM

ਸੋਸ਼ਲ ਮੀਡੀਆ 'ਤੇ ਵਿਰੋਧੀ ਪ੍ਰਚਾਰ ਪ੍ਰਗਟ ਕਰਨ ਵਾਲਿਆਂ ਨੂੰ ਖੁੱਲ੍ਹੇਆਮ ਟ੍ਰੋਲ ਕਰਨ ਦਾ ਰੁਝਾਨ ਤਾਂ ਹੁਣ ਆਮ ਹੋ ਚੁੱਕਾ ਹੈ, ਉਹ ਵੀ ਇੰਨਾ ਜ਼ਿਆਦਾ ਕਿ ਹੁਣ ਤਾਂ ਮੰਨੇ-ਪ੍ਰਮੰਨੇ ਲੋਕਾਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਹੈ। ਔਰਤਾਂ ਤਾਂ ਵਿਸ਼ੇਸ਼ ਤੌਰ 'ਤੇ ਇਸ ਦਾ ਨਿਸ਼ਾਨਾ ਬਣ ਰਹੀਆਂ ਹਨ ਅਤੇ ਭੱਦੇ ਕੁਮੈਂਟਸ ਤੋਂ ਲੈ ਕੇ ਖੁੱਲ੍ਹੇਆਮ ਬਲਾਤਕਾਰ ਤਕ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਹਾਲੀਆ ਉਦਾਹਰਣ ਲਓ ਤਾਂ ਕਾਂਗਰਸ ਬੁਲਾਰਨ ਪ੍ਰਿਅੰਕਾ ਚਤੁਰਵੇਦੀ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਵਿਰੁੱਧ ਬੇਹੱਦ ਅਭੱਦਰ ਟਿੱਪਣੀਆਂ ਕੀਤੀਆਂ ਗਈਆਂ ਹਨ। 
ਕੇਂਦਰੀ ਗ੍ਰਹਿ ਮੰਤਰਾਲੇ ਦੇ ਕਹਿਣ 'ਤੇ ਮੁੰਬਈ ਪੁਲਸ ਨੇ ਪ੍ਰਿਅੰਕਾ ਚਤੁਰਵੇਦੀ ਨੂੰ ਟਵਿਟਰ 'ਤੇ ਉਨ੍ਹਾਂ ਦੀ ਬੇਟੀ ਨਾਲ ਬਲਾਤਕਾਰ ਕਰਨ ਦੀ ਮਿਲੀ ਧਮਕੀ ਦੇ ਸਿਲਸਿਲੇ ਵਿਚ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ  ਹੈ। ਕਾਂਗਰਸ ਬੁਲਾਰਨ ਨੇ ਇਕ ਟਵਿਟਰ ਯੂਜ਼ਰ ਰਾਹੀਂ ਉਨ੍ਹਾਂ ਦੀ 10 ਸਾਲ ਦੀ ਬੇਟੀ ਨਾਲ ਬਲਾਤਕਾਰ ਦੀ ਧਮਕੀ ਦੇਣ ਤੋਂ ਬਾਅਦ ਮੁੰਬਈ ਪੁਲਸ ਕੋਲ ਇਕ ਸ਼ਿਕਾਇਤ ਦਰਜ ਕਰਵਾਈ ਸੀ। 
ਦੂਜੇ ਪਾਸੇ ਮੁਸਲਮਾਨ ਨੌਜਵਾਨ ਨਾਲ ਵਿਆਹ ਕਰਾਉਣ ਵਾਲੀ ਹਿੰਦੂ ਔਰਤ ਦੇ ਪਾਸਪੋਰਟ ਨੂੰ ਲੈ ਕੇ ਹੋਏ ਵਿਵਾਦ ਦੇ ਸਿਲਸਿਲੇ ਵਿਚ ਦੇਸ਼ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਖੂਬ ਟ੍ਰੋਲ ਕੀਤਾ ਗਿਆ। 
ਮਾਮਲਾ ਉਸ ਸਮੇਂ ਹੋਰ ਅੱਗੇ ਵਧ ਗਿਆ, ਜਦੋਂ ਉਨ੍ਹਾਂ ਦੇ ਪਤੀ ਸਵਰਾਜ ਕੌਸ਼ਲ ਨੇ ਇਕ ਟਵਿਟਰ ਯੂਜ਼ਰ ਦਾ ਸਕ੍ਰੀਨਸ਼ਾਟ ਟਵੀਟ ਕੀਤਾ, ਜਿਸ ਵਿਚ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਉਨ੍ਹਾਂ ਦੀ (ਸੁਸ਼ਮਾ ਦੀ) ਮਾਰਕੁੱਟ ਕਰਨ ਅਤੇ ਉਨ੍ਹਾਂ ਨੂੰ ਮੁਸਲਿਮ ਤੁਸ਼ਟੀਕਰਨ ਨਾ ਕਰਨ ਦੀ ਗੱਲ ਸਿਖਾਉਣ। 
ਟ੍ਰੋਲ ਕਰਨ ਵਾਲਿਆਂ ਨੇ ਤਾਂ ਗੁਰਦੇ ਖਰਾਬ ਹੋਣ 'ਤੇ ਉਨ੍ਹਾਂ ਦੀ ਟਰਾਂਸਪਲਾਂਟ ਕੀਤੀ ਗਈ ਕਿਡਨੀ ਤਕ ਨੂੰ ਇਸਲਾਮਿਕ ਕਰਾਰ ਦਿੰਦੇ ਹੋਏ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਉਸ ਗੈਂਗ ਦੀ ਮੈਂਬਰ ਦੱਸ ਦਿੱਤਾ, ਜਿਸ ਨੇ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਉਣ ਦਾ ਵਿਰੋਧ ਕੀਤਾ ਸੀ। 
ਉਂਝ ਹਰ ਮਾਮਲੇ ਵਿਚ ਭਾਜਪਾ ਅਤੇ ਵਿਰੋਧੀ ਦਲਾਂ ਵਿਚਾਲੇ ਜ਼ੁਬਾਨੀ ਜੰਗ ਛਿੜ ਜਾਂਦੀ ਹੈ ਪਰ ਸੁਸ਼ਮਾ ਸਵਰਾਜ ਦੇ ਮਾਮਲੇ ਵਿਚ ਇਕ ਚੁੱਪੀ ਜਿਹੀ ਬਣੀ ਹੋਈ ਹੈ। ਹਾਲਾਂਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਇਸ ਮਾਮਲੇ ਨੂੰ ਦੇਖਿਆ ਜਾਏਗਾ ਪਰ ਅਜਿਹਾ ਕੁਝ ਹੁੰਦਾ ਦਿਖਾਈ ਨਹੀਂ ਦੇ ਰਿਹਾ। 
ਖੈਰ, ਟ੍ਰੋਲ ਕਰਨ ਵਾਲੇ ਕੋਈ ਵੀ ਹੋਣ, ਟ੍ਰੋਲਿੰਗ ਦੀਆਂ ਇਨ੍ਹਾਂ ਦੋ ਹਾਲੀਆ ਉਦਾਹਰਣਾਂ ਨਾਲ ਚਿੰਤਾ ਪੈਦਾ ਹੁੰਦੀ ਹੈ ਕਿ ਜਦੋਂ ਕੇਂਦਰੀ ਮੰਤਰੀ ਅਤੇ ਵਿਰੋਧੀ ਦਲ ਦੀ ਬੁਲਾਰਨ ਦੇ ਨਾਲ ਸੋਸ਼ਲ ਮੀਡੀਆ 'ਤੇ ਅਜਿਹਾ ਹੋ ਸਕਦਾ ਹੈ ਤਾਂ ਫਿਰ ਦੇਸ਼ ਦੀਆਂ ਹੋਰਨਾਂ ਔਰਤਾਂ ਲਈ ਸੋਸ਼ਲ ਮੀਡੀਆ ਕਿੰਨਾ ਸੁਰੱਖਿਅਤ ਹੈ? 
ਦੇਸ਼ ਵਿਚ ਆਮ ਔਰਤਾਂ ਦੇ ਨਾਲ ਜੋ ਹੋ ਸਕਦਾ ਹੈ ਅਤੇ ਜੋ ਹੋ ਰਿਹਾ ਹੈ, ਉਸ ਦਾ ਕੁਝ ਅੰਦਾਜ਼ਾ ਹਾਲ ਹੀ ਦੀ ਘਟਨਾ ਤੋਂ ਸਾਫ ਲੱਗ ਰਿਹਾ ਹੈ ਕਿ ਅਪਰਾਧੀਆਂ ਵਿਚ ਕਾਨੂੰਨ ਵਿਵਸਥਾ ਦਾ ਜ਼ਰਾ ਜਿੰਨਾ ਵੀ ਡਰ ਨਹੀਂ ਹੈ ਅਤੇ ਕਿਸ ਤਰ੍ਹਾਂ ਉਹ ਆਪਣੀਆਂ ਵਾਰਦਾਤਾਂ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੰਦੇ ਹਨ। 
ਮਾਮਲਾ ਉੱਤਰ ਪ੍ਰਦੇਸ਼ ਦੇ ਉੱਨਾਵ ਦੇ ਸਹਿਜਨੀ ਪਿੰਡ ਦਾ ਹੈ, ਜਿੱਥੇ ਇਕ ਵਿਧਵਾ ਔਰਤ ਨੂੰ ਬਲਾਤਕਾਰ ਲਈ ਘਸੀਟ ਕੇ ਲੈ ਜਾਣ ਦੇ ਵਾਇਰਲ ਵੀਡੀਓ ਦੀਆਂ ਖ਼ਬਰਾਂ ਨਿਊਜ਼ ਚੈਨਲਾਂ 'ਤੇ ਦਿਖਾਏ ਜਾਣ ਤੋਂ ਬਾਅਦ ਉੱਤਰ ਪ੍ਰਦੇਸ਼ ਪੁਲਸ ਨੂੰ ਕਾਰਵਾਈ ਕਰਨੀ ਪਈ। ਪੀੜਤ ਔਰਤ ਦੀ ਪਛਾਣ ਹੋਣ ਤੋਂ ਬਾਅਦ ਉਸ ਨੇ ਮੁਲਜ਼ਮਾਂ 'ਤੇ ਗੈਂਗਰੇਪ ਦਾ ਦੋਸ਼ ਲਗਾਇਆ। ਪੁਲਸ ਨੇ ਕਾਰਵਾਈ ਕਰਦੇ ਹੋਏ ਵੀਡੀਓ ਵਿਚ ਮਹਿਲਾ ਨੂੰ ਘਸੀਟ ਕੇ ਲਿਜਾਂਦੇ 4 ਨੌਜਵਾਨਾਂ ਅਤੇ ਵੀਡੀਓ ਬਣਾਉਣ ਵਾਲੇ ਇਕ ਨੌਜਵਾਨ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਪੰਜਾਂ ਮੁਲਜ਼ਮਾਂ ਦੇ ਵਿਰੁੱਧ ਕਈ ਧਾਰਾਵਾਂ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ। 
ਔਰਤਾਂ 'ਤੇ ਜਬਰੀ ਸਰੀਰਕ ਸਬੰਧ ਬਣਾਉਣ ਦਾ ਦਬਾਅ ਦਿਖਾਉਂਦੇ ਹੋਏ ਅਨੇਕਾਂ ਵੀਡੀਓ ਰੋਜ਼ਾਨਾ ਵਾਇਰਲ ਹੋ ਰਹੇ ਹਨ ਪਰ ਕਾਰਵਾਈ ਦੇ ਨਾਂ 'ਤੇ ਬਹੁਤ ਘੱਟ ਕੀਤਾ ਜਾ ਰਿਹਾ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਅਨੁਸਾਰ ਹਰ 3 ਮਿੰਟ ਵਿਚ ਭਾਰਤ ਵਿਚ ਕਿਸੇ ਨਾ ਕਿਸੇ ਔਰਤ ਵਿਰੁੱਧ ਇਕ ਅਪਰਾਧ ਹੁੰਦਾ ਹੈ। ਹਰ 29 ਮਿੰਟ ਵਿਚ ਇਕ ਔਰਤ ਨਾਲ ਬਲਾਤਕਾਰ ਕੀਤਾ ਜਾਂਦਾ ਹੈ ਅਤੇ 77 ਮਿੰਟ ਵਿਚ ਦਾਜ ਦੀ ਕੁਰੀਤੀ ਦੇ ਕਾਰਨ ਮੌਤ ਦੀ ਖ਼ਬਰ ਆਉਂਦੀ ਹੈ। ਜਿੱਥੇ 70 ਫੀਸਦੀ ਔਰਤਾਂ ਘਰੇਲੂ ਹਿੰਸਾ ਦੀਆਂ ਸ਼ਿਕਾਰ ਹੋਣ, ਅਜਿਹੇ ਵਿਚ ਅਸੀਂ ਕਿਸ ਸੱਭਿਅਤਾ ਦੀ ਗੱਲ ਕਰਦੇ ਹਾਂ। 
ਸਪੱਸ਼ਟ ਹੈ ਕਿ ਭਾਵੇਂ ਸੋਸ਼ਲ ਮੀਡੀਆ ਹੋਵੇ ਜਾਂ ਭੀੜ ਭਰੇ ਬਾਜ਼ਾਰ ਜਾਂ ਘਰ, ਕਿਤੇ ਵੀ ਸਾਡੇ ਦੇਸ਼ ਦੀਆਂ ਔਰਤਾਂ ਸੁਰੱਖਿਅਤ ਨਹੀਂ ਹਨ ਅਤੇ ਉਹ ਸੁਰੱਖਿਅਤ ਤਾਂ ਹੀ ਹੋ ਸਕਦੀਆਂ ਹਨ, ਜੇਕਰ ਹਰ ਮਾਮਲੇ ਵਿਚ ਤੁਰੰਤ ਕਾਰਵਾਈ ਅਤੇ ਜਲਦੀ ਤੋਂ ਜਲਦੀ ਨਿਆਂ ਦਿੰਦੇ ਹੋਏ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦੀ ਵਿਵਸਥਾ ਹੋਵੇ, ਤਾਂ ਕਿ ਅਪਰਾਧ ਕਰਨ ਵਾਲਿਆਂ ਦੇ ਮਨ ਵਿਚ ਕਾਨੂੰਨ ਵਿਵਸਥਾ ਦਾ ਕੁਝ ਤਾਂ ਡਰ ਪੈਦਾ ਕੀਤਾ ਜਾ ਸਕੇ।


Vijay Kumar Chopra

Chief Editor

Related News