ਅਹਿੰਸਾ ਦੇ ਦੇਸ਼ ’ਚ ਆਖਿਰ ਇੰਨੀ ਹਿੰਸਾ ਕਿਉਂ ਵਧ ਰਹੀ ਹੈ

Monday, Feb 20, 2023 - 04:26 AM (IST)

ਉੱਚ ਨੈਤਿਕ ਕਦਰਾਂ-ਕੀਮਤਾਂ ਦੇ ਲਈ ਵਿਸ਼ਵ ਪ੍ਰਸਿੱਧ ਰਹੇ ਸਾਡੇ ਦੇਸ਼ ’ਚ ਪਿਛਲੇ ਕੁਝ ਸਾਲਾਂ ਤੋਂ ਕਈ ਅਨੈਤਿਕ ਅਤੇ ਗੈਰ-ਮਨੁੱਖੀ ਕਾਰੇ ਹੋ ਰਹੇ ਹਨ। ਪਿਛਲੇ ਸਾਲ ਸ਼ਰਦਾ ਵਾਲਕਰ ਕੇਸ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ, ਜਦੋਂ ਆਫਤਾਬ ਨਾਂ ਦੇ ਨੌਜਵਾਨ ਨੇ ਉਸ ਦੀ ਹੱਤਿਆ ਕਰ ਕੇ ਲਾਸ਼ ਦੇ ਕਈ ਟੁਕੜੇ ਕਰ ਦਿੱਤੇ।

ਹੁਣ 9-10 ਫਰਵਰੀ ਦੀ ਰਾਤ ਨੂੰ ਦਿੱਲੀ ਦੇ ਬਾਬਾ ਹਰਿਦਾਸ ਨਗਰ ’ਚ ਸਾਹਿਲ ਨਾਂ ਦੇ ਨੌਜਵਾਨ ਵੱਲੋਂ ਆਪਣੀ ਲਿਵ ਇਨ ਪਾਰਟਨਰ ਨਿੱਕੀ ਯਾਦਵ ਦੀ ਗਲਾ ਘੁੱਟ ਕੇ ਹੱਤਿਆ ਕਰਨ ਦੇ ਬਾਅਦ ਉਸ ਦੀ ਲਾਸ਼ ਫਰਿਜ ’ਚ ਲੁਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਸੇ ਸਿਲਸਿਲੇ ’ਚ ਦਿੱਲੀ ਪੁਲਸ ਨੇ ਸਾਹਿਲ ਦੇ ਇਲਾਵਾ ਉਸ ਦੇ ਪਿਤਾ ਵੀਰੇਂਦਰ ਸਿੰਘ, ਉਸ ਦੇ ਚਚੇਰੇ ਭਰਾ ਅਤੇ 2 ਦੋਸਤਾਂ ਨੂੰ ਪੁੱਛਗਿੱਛ ਦੇ ਬਾਅਦ ਹੱਤਿਆ ’ਚ ਉਨ੍ਹਾਂ ਦੀ ਭੂਮਿਕਾ ਦੀ ਪੁਸ਼ਟੀ ਦਾ ਪਤਾ ਲੱਗਣ ਦੇ ਬਾਅਦ ਗ੍ਰਿਫਤਾਰ ਕੀਤਾ ਹੈ।

ਪੁਲਸ ਦੇ ਅਨੁਸਾਰ ਦੋਵਾਂ ਨੇ 2020 ’ਚ ਵਿਆਹ ਕਰ ਲਿਆ ਸੀ। ਕਿਉਂਕਿ ਸਾਹਿਲ ਕਿਸੇ ਹੋਰ ਔਰਤ ਨਾਲ ਆਪਣੇ ਦੂਜੇ ਵਿਆਹ ਦੇ ਲਈ ਨਿੱਕੀ ਨੂੰ ਰਾਜ਼ੀ ਨਹੀਂ ਕਰ ਸਕਿਆ, ਇਸ ਲਈ ਉਸ ਨੇ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ ਅਤੇ ਹੋਰਨਾਂ ਲੋਕਾਂ ਨੂੰ ਵੀ ਇਸ ’ਚ ਸ਼ਾਮਲ ਕਰ ਲਿਆ।

ਉਕਤ ਦੋਵਾਂ ਹੀ ਹੱਤਿਆਕਾਂਡਾਂ ਨੇ ਦੇਸ਼ ’ਚ ਲੋਕਾਂ ਦੀ ਮਾਨਸਿਕਤਾ ਨੂੰ ਲੈ ਕੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ ਕਿਉਂਕਿ ਅਜਿਹੇ ਅਪਰਾਧਾਂ ’ਚ ਸਮਾਜ ਦੇ ਪੜ੍ਹੇ-ਲਿਖੇ ਅਤੇ ਆਰਥਿਕ ਤੌਰ ਤੋਂ ਬਿਹਤਰ ਸਮਝੇ ਜਾਣ ਵਾਲੇ ਲੋਕ ਸ਼ਾਮਲ ਪਾਏ ਜਾ ਰਹੇ ਹਨ ਜਿਨ੍ਹਾਂ ’ਚ ਦੋਸ਼ੀ ਨੌਜਵਾਨਾਂ ਦੇ ਮਾਂ-ਬਾਪ ਤੱਕ ਸ਼ਾਮਲ ਹਨ।

ਸਵਾਲ ਪੈਦਾ ਹੁੰਦਾ ਹੈ ਕਿ ਆਖਿਰ ਅਹਿੰਸਾ ਦੇ ਝੰਡਾਬਰਦਾਰ ਬੁੱਧ, ਮਹਾਵੀਰ ਦੇ ਦੇਸ਼ ’ਚ ਹਿੰਸਾ ਦੀ ਭਾਵਨਾ ਕਿੱਥੋਂ ਆ ਰਹੀ ਹੈ? ਕੀ ਸਾਡੀ ਸਿੱਖਿਆ ਪ੍ਰਣਾਲੀ ’ਚ ਕੋਈ ਕਮੀ ਹੈ, ਜਿਸ ਨੂੰ ਦੇਖਦੇ ਹੋਏ ਅਮਰੀਕਾ ਦੇ ਸਕੂਲਾਂ ਵਾਂਗ 10ਵੀਂ ਜਮਾਤ ਅਤੇ ਕਾਲਜ ’ਚ ਵੀ ਮਨੋਵਿਗਿਆਨੀਆਂ ਵੱਲੋਂ ਵਿਦਿਆਰਥੀਆਂ ਦੀ ਮਾਨਸਿਕ ਸਿਹਤ, ਚਿੰਤਾ ਪੱਧਰ, ਸਿੱਖਣ ਦੀ ਸਮਰੱਥਾ, ਭਾਵਨਾਤਮਕ ਸਥਿਰਤਾ ਆਦਿ ਦੀ ਜਾਂਚ ਕਰਨ ਦੀ ਪ੍ਰਣਾਲੀ ਲਾਜ਼ਮੀ ਕਰਨ ਦੀ ਲੋੜ ਹੈ?

ਇਹ ਗੱਲ ਵੀ ਸਮਝ ਤੋਂ ਪਰ੍ਹੇ ਹੈ ਕਿ ਕੋਈ ਵਿਅਕਤੀ ਕਿਸੇ ਲੜਕੀ ਦੇ ਨਾਲ ਰਹਿਣ ਨੂੰ ਤਿਆਰ ਹੋ ਜਾਂਦਾ ਹੈ ਪਰ ਜਾਤੀ ਪ੍ਰਥਾ ਦੀਆਂ ਡੂੰਘੀਆਂ ਜੜ੍ਹਾਂ ਦੇ ਕਾਰਨ ਉਸ ਨਾਲ ਵਿਆਹ ਨਹੀਂ ਕਰਦਾ। ਅਖੀਰ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਸਾਡੇ ਦੇਸ਼ ’ਚ ਜਾਤੀ ਪ੍ਰਥਾ ਦਾ ਅੰਤ ਕਦੋਂ ਹੋਵੇਗਾ? ਉਪਰੋਂ ਤਾਂ ਲੋਕ ਖੁਦ ਨੂੰ ਬੜੇ ਪੜ੍ਹੇ-ਲਿਖੇ ਅਤੇ ਸ਼ਾਲੀਨ ਹੋਣ ਦਾ ਦਾਅਵਾ ਕਰਦੇ ਹਨ ਪਰ ਮਨ ਦੇ ਅੰਦਰ ਵਿਤਕਰਾ ਅਤੇ ਹਿੰਸਾ ਕਿਵੇਂ ਭਰੀ ਪਈ ਹੈ।

ਸਵਾਲ ਸਿਰਫ ਲਿਵ ਇਨ ਦਾ ਹੀ ਨਹੀਂ ਹੈ, ਜੇਕਰ ਹਿੰਸਕ ਵਿਚਾਰਧਾਰਾ ਦਾ ਲੜਕਾ ਕਿਸੇ ਨਾਲ ਵੀ ਵਿਆਹ ਕਰੇਗਾ ਤਾਂ ਉਸ ਦੀ ਵਿਆਹੁਤਾ ਜ਼ਿੰਦਗੀ ’ਚ ਵੀ ਹਿੰਸਾ ਹੋਵੇਗੀ। ਇਹੀ ਕਾਰਨ ਹੈ ਕਿ ਭਾਰਤੀ ਜੋੜਿਆਂ ’ਚ ਹਿੰਸਾ ਵੱਧ ਹੈ।

ਇਸ ਨੂੰ ਸੁਧਾਰਨ ਲਈ ਜਿੱਥੇ ਸਾਨੂੰ ਸਮਾਜ ’ਚ ਲੜਕਿਆਂ ਨੂੰ ਉਨ੍ਹਾਂ ਦੀਆਂ ਹੱਦਾਂ ਅਤੇ ਜ਼ਿੰਮੇਵਾਰੀ ਦੇ ਪ੍ਰਤੀ ਸਿੱਖਿਅਤ ਕਰਨ ਦੀ ਲੋੜ ਹੈ, ਉੱਥੇ ਹੀ ਅਮਰੀਕਾ ਦੇ ਵਾਂਗ ਹੀ ਸਕੂਲਾਂ ਅਤੇ ਕਾਲਜਾਂ ’ਚ ਬੱਚਿਆਂ ਅਤੇ ਨੌਜਵਾਨਾਂ ਦੀ ਮਨੋਵਿਗਿਆਨਕ ਜਾਂਚ-ਪੜਤਾਲ ਲਾਜ਼ਮੀ ਕਰਨਾ ਵੀ ਜ਼ਰੂਰੀ ਹੈ ਤਾਂ ਕਿ ਉਨ੍ਹਾਂ ਦੀਆਂ ਮਾਨਸਿਕ ਸਮੱਸਿਆਵਾਂ ਦੇ ਬਾਰੇ ’ਚ ਵੀ ਜਾਣਕਾਰੀ ਹਾਸਲ ਕਰ ਕੇ ਉਨ੍ਹਾਂ ’ਚ ਪੈਦਾ ਹੋਏ ਵਿਕਾਰਾਂ ਨੂੰ ਦੂਰ ਕੀਤਾ ਜਾ ਸਕੇ। ਇਹ ਸਥਿਤੀ ਸਮਾਜ ਦੀ ਅਸਫਲਤਾ ਅਤੇ ਕਾਨੂੰਨ ਦਾ ਡਰ ਨਾ ਰਹਿਣ ਦਾ ਨਤੀਜਾ ਵੀ ਹੈ।


Mukesh

Content Editor

Related News