ਜਦੋਂ ਦੇਸ਼ ਵਿਚ ''ਵੀ. ਆਈ. ਪੀ.'' ਹੀ ਲੁੱਟੇ ਜਾਣ ਲੱਗਣ ਤਾਂ ਫਿਰ ਆਮ ਲੋਕ ''ਕਿਸ ਖੇਤ ਦੀ ਮੂਲੀ ਹਨ''

06/30/2019 4:38:44 AM

ਦੇਸ਼ 'ਚ ਅਮਨ-ਕਾਨੂੰਨ ਦੀ ਹਾਲਤ ਦਾ ਭੱਠਾ ਬੈਠਾ ਹੋਇਆ ਹੈ। ਆਮ ਆਦਮੀ ਤਾਂ ਕੀ, ਸੱਤਾ ਦੇ ਅਦਾਰੇ ਨਾਲ ਜੁੜੇ ਵੀ. ਆਈ. ਪੀ. ਹੁਣ ਅਪਰਾਧੀ ਤੱਤਾਂ ਦੇ ਨਿਸ਼ਾਨੇ 'ਤੇ ਆਉਣ ਲੱਗੇ ਹਨ। ਸਿਰਫ ਇਕ ਦਿਨ 'ਚ ਸਾਹਮਣੇ ਆਈਆਂ 3 ਘਟਨਾਵਾਂ ਤੋਂ ਇਸ ਦੀ ਪੁਸ਼ਟੀ ਹੁੰਦੀ ਹੈ।
ਪਹਿਲੀਆਂ ਦੋ ਘਟਨਾਵਾਂ ਮਹਾਰਾਸ਼ਟਰ ਦੀਆਂ ਹਨ, ਜਿਥੇ 24 ਜੂਨ ਨੂੰ ਕਾਂਗਰਸ ਅਤੇ ਸ਼ਿਵ ਸੈਨਾ ਦੇ 2 ਵਿਧਾਇਕਾਂ ਨੂੰ ਅਣਪਛਾਤੇ ਵਿਅਕਤੀਆਂ ਨੇ ਉਦੋਂ ਲੁੱਟ ਲਿਆ, ਜਦੋਂ ਇਹ ਵਿਧਾਇਕ ਵਿਧਾਨ ਸਭਾ ਦੇ ਮਾਨਸੂਨ ਇਜਲਾਸ 'ਚ ਹਿੱਸਾ ਲੈਣ ਲਈ ਦੋ ਵੱਖ-ਵੱਖ ਰੇਲ ਗੱਡੀਆਂ ਰਾਹੀਂ ਮੁੰਬਈ ਆ ਰਹੇ ਸਨ।
ਮਲਕਾਪੁਰ ਤੋਂ ਵਿਦਰਭ ਐਕਸਪ੍ਰੈੱਸ ਰਾਹੀਂ ਮੁੰਬਈ ਆ ਰਹੇ ਕਾਂਗਰਸੀ ਵਿਧਾਇਕ 'ਰਾਹੁਲ ਬੋਂਦਰੇ' ਦੀ ਟਰੇਨ ਜਦੋਂ ਕਲਿਆਣ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰ. 5 'ਤੇ ਰੁਕੀ, ਉਦੋਂ ਕੋਈ ਅਣਪਛਾਤਾ ਵਿਅਕਤੀ ਉਨ੍ਹਾਂ ਦੇ ਡੱਬੇ 'ਚ ਦਾਖਲ ਹੋ ਕੇ ਉਨ੍ਹਾਂ ਦੀ ਪਤਨੀ ਦਾ ਪਰਸ ਅਤੇ ਇਕ ਫਾਈਲ ਖੋਹ ਕੇ ਫਰਾਰ ਹੋ ਗਿਆ।
ਇਸੇ ਦਿਨ ਇਕ ਹੋਰ ਘਟਨਾ 'ਚ ਠਾਣੇ ਅਤੇ ਕਲਿਆਣ ਸਟੇਸ਼ਨਾਂ ਵਿਚਾਲੇ ਕੋਈ ਲੁਟੇਰਾ ਦੇਵਗਿਰੀ ਐਕਸਪ੍ਰੈੱਸ ਰਾਹੀਂ ਜਾਲਨਾ ਤੋਂ ਮੁੰਬਈ ਆ ਰਹੇ ਸ਼ਿਵ ਸੈਨਾ ਵਿਧਾਇਕ 'ਸੰਜੇ ਰਾਏਮੁਲਕਰ' ਦਾ ਮੋਬਾਇਲ ਖੋਹ ਕੇ ਭੱਜ ਗਿਆ।
ਇਸੇ ਦਿਨ ਵੀ. ਆਈ. ਪੀ. ਲੁੱਟ ਦੀ ਤੀਜੀ ਘਟਨਾ ਨਵੀਂ ਦਿੱਲੀ ਦੇ ਅਤਿ ਸੁਰੱਖਿਅਤ ਅਖਵਾਉਣ ਵਾਲੇ ਲੁਟੀਅਨਜ਼ ਇਲਾਕੇ 'ਚ ਸਵੇਰ ਦੇ ਸਮੇਂ ਮੰਡੀ ਹਾਊਸ ਨੇੜੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ 'ਵਿਜੇਂਦਰ ਗੁਪਤਾ' ਦੀ ਪਤਨੀ 'ਸ਼ੋਭਾ' ਨਾਲ ਵਾਪਰੀ।
ਪੁਲਸ ਅਨੁਸਾਰ 'ਸ਼ੋਭਾ' ਜਦੋਂ ਮੰਡੀ ਹਾਊਸ ਦੇ ਨੇੜੇ ਪਹੁੰਚੀ ਤਾਂ ਸਕੂਟਰ ਸਵਾਰ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਦੀ ਕਾਰ 'ਚੋਂ ਤੇਲ ਵਰਗਾ ਕੁਝ ਰਿਸ ਰਿਹਾ ਹੈ, ਜਿਉਂ ਹੀ 'ਸ਼ੋਭਾ' ਆਪਣੇ ਡਰਾਈਵਰ ਅਤੇ ਸਹਿਯੋਗੀ ਨਾਲ ਕਾਰ 'ਚੋਂ ਬਾਹਰ ਨਿਕਲੀ, ਲੁਟੇਰੇ ਕਾਰ 'ਚ ਰੱਖਿਆ ਉਸ ਦਾ ਸਾਮਾਨ ਲੈ ਕੇ ਫਰਾਰ ਹੋ ਗਏ।
ਉਕਤ ਤਿੰਨੋਂ ਘਟਨਾਵਾਂ ਦੇਖਣ 'ਚ ਬੇਸ਼ੱਕ 'ਛੋਟੀਆਂ' ਜਾਪਦੀਆਂ ਹੋਣ ਪਰ ਇਹ ਬਹੁਤ ਵੱਡਾ ਸਵਾਲ ਖੜ੍ਹਾ ਕਰਦੀਆਂ ਹਨ ਕਿ ਜਦੋਂ ਸਾਡੇ ਦੇਸ਼ 'ਚ ਵੀ. ਆਈ. ਪੀ. ਲੋਕ ਹੀ ਸੁਰੱਖਿਅਤ ਨਹੀਂ ਹਨ ਤਾਂ ਫਿਰ ਆਮ ਲੋਕਾਂ ਦੀ ਤਾਂ ਔਕਾਤ ਹੀ ਕੀ ਹੈ।
ਅਸੀਂ ਵਾਰ-ਵਾਰ ਇਸ ਬਾਰੇ ਲਿਖਦੇ ਰਹੇ ਹਾਂ ਅਤੇ ਅਖ਼ਬਾਰਾਂ ਵਿਚ ਵੀ ਇਸ ਬਾਰੇ ਛਪਦਾ ਰਹਿੰਦਾ ਹੈ ਪਰ ਸਰਕਾਰਾਂ ਨੇ ਖਾਸ ਕੁਝ ਨਹੀਂ ਕੀਤਾ। ਹੁਣ ਜਦਕਿ ਵੀ. ਆਈ. ਪੀ. ਲੋਕਾਂ 'ਤੇ ਹਮਲੇ ਹੋਣ ਲੱਗੇ ਹਨ ਤਾਂ ਅਸੀਂ ਆਸ ਕਰਦੇ ਹਾਂ ਕਿ ਸਰਕਾਰਾਂ ਜਾਗਣਗੀਆਂ ਅਤੇ ਇਸ ਬਾਰੇ ਸਖਤ ਕਦਮ ਚੁੱਕਣਗੀਆਂ।

                                                                                                           — ਵਿਜੇ ਕੁਮਾਰ


KamalJeet Singh

Content Editor

Related News