ਚੋਣਾਂ ਨੇੜੇ ਆਉਂਦਿਆਂ ਹੀ ਉੱਤਰ ਪ੍ਰਦੇਸ਼ ’ਚ ਦੂਸ਼ਣਬਾਜ਼ੀ ਹੋਈ ਤੇਜ਼

Tuesday, Dec 07, 2021 - 03:33 AM (IST)

ਚੋਣਾਂ ਨੇੜੇ ਆਉਂਦਿਆਂ ਹੀ ਉੱਤਰ ਪ੍ਰਦੇਸ਼ ’ਚ ਦੂਸ਼ਣਬਾਜ਼ੀ ਹੋਈ ਤੇਜ਼

ਅਗਲੇ ਸਾਲ ਹੋਣ ਵਾਲੀਆਂ ਉੱਤਰ ਪ੍ਰਦੇਸ਼ ਦੀਆਂ ਚੋਣਾਂ ’ਚ ਮੁੱਖ ਮੁਕਾਬਲਾ ਸੱਤਾਧਾਰੀ ਭਾਜਪਾ ਅਤੇ ਸੱਤਾ ’ਤੇ ਕਬਜ਼ਾ ਕਰਨ ਲਈ ਯਤਨਸ਼ੀਲ ਸਮਾਜਵਾਦੀ ਪਾਰਟੀ ’ਚ ਹੈ, ਜਦੋਂ ਕਿ ਬਸਪਾ ਅਤੇ ਕਾਂਗਰਸ ਵੀ ਇਕੱਲੀਆਂ ਹੀ ਜਿਥੋਂ ਤਕ ਸੰਭਵ ਹੋ ਸਕੇ ਜ਼ੋਰ ਲਾ ਰਹੀਆਂ ਹਨ।

ਆਪਣੀ ਜਿੱਤ ਪ੍ਰਤੀ ਆਸਵੰਦ ਭਾਜਪਾ ਦੀ ਚੋਣ ਰਣਨੀਤੀ ਦਾ ਬਲਿਊ ਪ੍ਰਿੰਟ ਤਿਆਰ ਕਰਨ ਵਾਲੇ ਪਾਰਟੀ ਦੇ ਚਾਣੱਕਿਆ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜ਼ੋਰ ਦੇ ਕੇ ਕਿਹਾ ਹੈ ਕਿ ‘‘ਜੇ ਬੂਥ ਮਜ਼ਬੂਤ ਹੋਵੇਗਾ ਤਾਂ ‘300+’ ਦਾ ਅੰਕੜਾ ਛੂਹਣ ’ਚ ਪਾਰਟੀ ਨੂੰ ਕੋਈ ਦਿੱਕਤ ਨਹੀਂ ਹੋਵੇਗੀ।’’

ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਦਾਅਵਾ ਕੀਤਾ ਹੈ ਕਿ ‘‘ਭਾਜਪਾ ਸੂਬੇ ’ਚ ਇਕ ਵਾਰ ਮੁੜ ਬਹੁਮਤ ਨਾਲ ਸਰਕਾਰ ਬਣਾਏਗੀ ਅਤੇ 325 ਤੋਂ ਵੱਧ ਸੀਟਾਂ ਜਿੱਤੇਗੀ।’’

ਇਸ ਦੇ ਨਾਲ ਹੀ ਜਿਥੇ ਸਭ ਧਿਰਾਂ ਵਲੋਂ ਜ਼ੋਰ-ਸ਼ੋਰ ਨਾਲ ਚੋਣ ਦੌਰੇ ਕੀਤੇ ਜਾ ਰਹੇ ਹਨ, ਉਥੇ ਦੋਸ਼-ਜਵਾਬੀ ਦੋਸ਼ ਦਾ ਸਿਲਸਿਲਾ ਵੀ ਜਾਰੀ ਹੈ। ਵਿਸ਼ੇਸ਼ ਤੌਰ ’ਤੇ ਭਾਜਪਾ ਅਤੇ ਸਪਾ ਇਕ ਦੂਜੇ ’ਤੇ ਸ਼ਬਦਾਂ ਦੇ ਖੂਬ ਬਾਣ ਛੱਡ ਰਹੀਆਂ ਹਨ।

ਯੋਗੀ ਆਦਿੱਤਿਆਨਾਥ ਦਾ ਕਹਿਣਾ ਹੈ ਕਿ, ‘‘ਅਖਿਲੇਸ਼ ਯਾਦਵ ਦੀਆਂ ਰੈਲੀਆਂ ’ਚ ਭੀੜ ਨਹੀਂ ਸਗੋਂ ਮਜਮਾਂ ਲੱਗਦਾ ਹੈ। ਕਿਸੇ ਚੌਕ ’ਤੇ ਮਜਮਾ ਲੱਗਦਾ ਹੈ ਤਾਂ ਉਥੇ ਵੀ ਭੀੜ ਇਕੱਠੀ ਹੁੰਦੀ ਹੈ। ਬਾਜ਼ਾਰ ’ਚ ਵੀ ਭੀੜ ਇਕੱਠੀ ਹੁੰਦੀ ਹੈ।’’

ਇਕ ਹੋਰ ਸਭਾ ’ਚ ਯੋਗੀ ਅਾਦਿੱਤਿਆਨਾਥ ਨੇ ਕਿਹਾ, ‘‘ਸਪਾ ਸਰਕਾਰ ਦੇ ਸਮੇਂ ’ਚ ਦੇਸ਼ ਅੰਦਰ ਇਕ ਨਾਅਰਾ ਚੱਲਿਆ ਸੀ- ਜਿਸ ਗਾੜੀ ਮੇਂ ਸਪਾ ਕਾ ਝੰਡਾ, ਸਮਝੋ ਉਸ ਕੇ ਅੰਦਰ ਬੈਠਾ ਜਾਨਾ-ਪਹਿਚਾਨਾ ਗੁੰਡਾ।’’

ਉਪ-ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਸਪਾ ਦੇ ਸੁਪਰੀਮੋ ਅਖਿਲੇਸ਼ ਯਾਦਵ ’ਤੇ ਨਿਸ਼ਾਨਾ ਵਿਨ੍ਹਦਿਆਂ ਕਿਹਾ ਹੈ ਕਿ ‘‘2017 ਤੋਂ ਪਹਿਲਾਂ ਉੱਤਰ ਪ੍ਰਦੇਸ਼ ’ਚ ‘ਲੂੰਗੀ ਛਾਪ’ ਅਤੇ ‘ਜਾਅਲੀਦਾਰ ਟੋਪੀ’ ਪਹਿਨੀ ਗੁੰਡੇ ਹੀ ਘੁੰਮਦੇ ਸਨ। ਇਨ੍ਹਾਂ ਗੁੰਡਾ ਮਾਫੀਆ ਨੂੰ ਜੇ ਸਪਾ ’ਚੋਂ ਕੱਢ ਦਿੱਤਾ ਜਾਵੇ ਤਾਂ ਇਸ ’ਚ ਕੁਝ ਵੀ ਨਹੀਂ ਬਚੇਗਾ।’’

ਉਨ੍ਹਾਂ ਕਾਂਗਰਸ ਬਾਰੇ ਵੀ ਕਿਹਾ, ‘‘ਇਹੀ ਹਾਲ ਕਾਂਗਰਸ ਦਾ ਵੀ ਹੈ। ਕਾਂਗਰਸ ’ਚੋਂ ਜੇ ਭ੍ਰਿਸ਼ਟਾਚਾਰੀਆਂ ਨੂੰ ਬਾਹਰ ਕਰ ਦੇਈਏ ਤਾਂ ਇਸ ’ਚ ਵੀ ਕੁਝ ਨਹੀਂ ਬਚੇਗਾ।’’

ਉੱਤਰ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸਵਤੰਤਰ ਦੇਵ ਸਿੰਘ ਨੇ ਵੀ ਕਿਹਾ ਹੈ ਕਿ ‘‘ਅਖਿਲੇਸ਼ ਯਾਦਵ ਮੌਸਮੀ ਬੀਮਾਰੀ ਤੋਂ ਪੀੜਤ ਹਨ ਅਤੇ ਮੌਸਮੀ ਹਿੰਦੂ ਹਨ। ਮੰਦਿਰ ਜਾਣ ਵਾਲਿਆਂ ’ਤੇ ਸਪਾ ਸਰਕਾਰ ਨੇ ਗੋਲੀਆਂ ਚਲਾਈਆਂ ਸਨ। ਅਖਿਲੇਸ਼ ਯਾਦਵ ਦੀ ਸਰਕਾਰ ਦੇ ਕੰਮ ਮੁਗਲ ਹਮਲਾਵਰਾਂ ਗਜ਼ਨੀ ਅਤੇ ਗੌਰੀ ਤੋਂ ਘੱਟ ਨਹੀਂ ਹਨ।’’

ਭਾਜਪਾ ਦੀ ਆਲੋਚਨਾ ਕਰਨ ’ਚ ਅਖਿਲੇਸ਼ ਯਾਦਵ ਵੀ ਪਿੱਛੇ ਨਹੀਂ ਹਨ ਅਤੇ ਉਹ ਤਾਂ ਇਕ ਵਾਰ ਭਾਜਪਾ ਤੋਂ ਵੀ ਅੱਗੇ ਵਧ ਕੇ 400+ ਸੀਟਾਂ ਦਾ ਨਾਅਰਾ ਦੇ ਚੁੱਕੇ ਹਨ।

ਲਖੀਮਪੁਰ ਖੀਰੀ ਕਾਂਡ ਬਾਰੇ ਅਖਿਲੇਸ਼ ਨੇ ਇਕ ਸਭਾ ’ਚ ਕਿਹਾ, ‘‘ਅੰਗਰੇਜ਼ਾਂ ਨੇ ਜਲਿਆਂਵਾਲਾ ਕਾਂਡ ’ਚ ਸਾਹਮਣੇ ਤੋਂ ਗੋਲੀਆਂ ਚਲਾਈਆਂ ਸਨ, ਭਾਜਪਾ ਨੇ ਪਿਛੋਂ ਕਿਸਾਨਾਂ ’ਤੇ ਜੀਪ ਚੜ੍ਹਵਾ ਦਿੱਤੀ। ਭਾਜਪਾ ਦੇ ਰਾਜ ’ਚ ਸਭ ਕੁਝ ਬਰਬਾਦ ਹੋਇਆ ਹੈ।’’

‘‘ਸੰਡੀਲਾ ਸ਼ਹਿਰ ਦੇ ਪ੍ਰਸਿੱਧ ਲੱਡੂਆਂ ਦਾ ਕਾਰੋਬਾਰ ਬੰਦ ਹੋ ਗਿਆ ਹੈ। ਲੋਕ ਰੋਜ਼ਗਾਰ ਨੂੰ ਤਰਸ ਰਹੇ ਹਨ ਅਤੇ ਤਬਦੀਲੀ ਚਾਹੁੰਦੇ ਹਨ। ਇਕ ਰੰਗ ਵਾਲੇ ਦੇਸ਼ ’ਚ ਕਿਵੇਂ ਖੁਸ਼ਹਾਲੀ ਲਿਅਾਵਾਂਗੇ। ਸਪਾ ਨੇ ਸਭ ਰੰਗ ਜੋੜ ਕੇ ਗੁਲਦਸਤਾ ਬਣਾਇਆ ਹੈ। ਲਾਲ-ਪੀਲਾ ਝੰਡਾ ਦੇਖ ਕੇ ਦਿੱਲੀ ਅਤੇ ਲਖਨਊ ਵਾਲੇ ਲਾਲ-ਪੀਲੇ ਹੋ ਰਹੇ ਹਨ।’’

ਸਮਾਜਵਾਦੀ ਵਿਜੇ ਰੱਥ ਯਾਤਰਾ ਦੇ ਪੰਜਵੇਂ ਪੜਾਅ ’ਚ ਅਖਿਲੇਸ਼ ਯਾਦਵ ਨੇ ਹੁਣੇ ਜਿਹੇ ਹੀ ਸੋਕਾ ਪੀੜਤ ਬੁੰਦੇਲਖੰਡ       ਖੇਤਰ ’ਚ ਤਿੰਨ ਦਿਨਾਂ ’ਚ ਚਾਰ ਚੋਣ ਜਲਸੇ ਕੀਤੇ ਅਤੇ ਝਾਂਸੀ ਦੇ ਰੋਡ ਸ਼ੋਅ ’ਚ ਵੀ ਭੀੜ ਇਕੱਠੀ ਕਰ ਕੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਅਤੇ ਬੁੰਦੇਲਖੰਡ ਦੌਰੇ ਦੌਰਾਨ ਉਨ੍ਹਾਂ ਦੇ ਨਿਸ਼ਾਨੇ ’ਤੇ ਸਿਰਫ ਭਾਜਪਾ ਹੀ ਰਹੀ ਅਤੇ ਆਪਣੀਆਂ ਰੈਲੀਆਂ ਰਾਹੀਂ ਉਨ੍ਹਾਂ ਵਿਰੋਧੀ ਪਾਰਟੀਆਂ ਦਰਮਿਆਨ ਇਕੱਲਿਆਂ ਖੜ੍ਹੇ ਹੋਣ ਦਾ ਸੰਦੇਸ਼ ਵੀ ਦਿੱਤਾ।

ਅਖਿਲੇਸ਼ ਯਾਦਵ ਨੇ ਆਪਣੇ ਚੋਣ ਜਲਸਿਆਂ ’ਚ ਕਿਹਾ ਕਿ ਜਿਸ ਤਰ੍ਹਾਂ ਬੰਗਾਲ ’ਚ ਮਮਤਾ ਬੈਨਰਜੀ ਨੇ ਭਾਜਪਾ ਨੂੰ ਹਾਰ ਦਾ ਮੂੰਹ ਦਿਖਾਇਆ ਹੈ, ਉਸੇ ਤਰ੍ਹਾਂ ਉੱਤਰ ਪ੍ਰਦੇਸ਼ ’ਚ ਇਹ ਕੰਮ ਸਮਾਜਵਾਦੀ ਪਾਰਟੀ ਕਰੇਗੀ। ਉਨ੍ਹਾਂ ਦੇ ਇਸ ਦੌਰੇ ਦੀ ਇਕ ਵਿਸ਼ੇਸ਼ਤਾ ਇਹ ਵੀ ਰਹੀ ਕਿ ਉਨ੍ਹਾਂ ਨਾ ਤਾਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ’ਤੇ ਨਿਸ਼ਾਨਾ ਵਿੰਨ੍ਹਿਆ ਅਤੇ ਨਾ ਹੀ ਬਸਪਾ ਸੁਪਰੀਮੋ ਮਾਇਆਵਤੀ ’ਤੇ ਕੋਈ ਟਿੱਪਣੀ ਕੀਤੀ ਅਤੇ ਕਿਹਾ ਕਿ ‘‘ਉੱਤਰ ਪ੍ਰਦੇਸ਼ ਨੂੰ ਯੋਗੀ ਸਰਕਾਰ ਨਹੀਂ ਯੋਗ ਸਰਕਾਰ ਚਾਹੀਦੀ ਹੈ। ’’

ਆਪਣੀਆਂ ਚੋਣ ਸਭਾਵਾਂ ’ਚ ਅਖਿਲੇਸ਼ ਯਾਦਵ ਨਿੱਜੀ ਹਮਲੇ ਕਰਨ ਤੋਂ ਵੀ ਨਹੀਂ ਖੁੰਝ ਰਹੇ। ਉਨ੍ਹਾਂ 3 ਦਸੰਬਰ ਨੂੰ ਝਾਂਸੀ ’ਚ ਕਿਹਾ, ‘‘ਜਿਨ੍ਹਾਂ ਲੋਕਾਂ ਦਾ ਪਰਿਵਾਰ ਹੀ ਨਹੀਂ ਹੈ, ਉਹ ਕਿਸੇ ਦੇ ਪਰਿਵਾਰ ਦਾ ਦਰਦ ਕੀ ਸਮਝਣਗੇ।’’

ਅਖਿਲੇਸ਼ ਯਾਦਵ ਦੇ ਇਸ ਤਰ੍ਹਾਂ ਦੇ ਬਿਆਨਾਂ ਨੂੰ ਲੈ ਕੇ ਟਿੱਪਣੀ ਕਰਦਿਆਂ ਸਿਆਸੀ ਹਲਕਿਆਂ ’ਚ ਕਿਹਾ ਜਾ ਰਿਹਾ ਹੈ ਕਿ, ‘‘ਭਈਆ ਤੁਹਾਡੀਆਂ ਰੈਲੀਆਂ ’ਚ ਭੀੜ ਤਾਂ ਬਹੁਤ ਹੈ ਪਰ ਦੇਖੋ ਵੋਟ ਕਿੰਨੇ ਹਾਸਲ ਕਰਦੇ ਹੋ।’’

ਬੇਸ਼ੱਕ ਯੋਗੀ ਆਦਿੱਤਿਆਨਾਥ ਨੇ ਸੂਬੇ ’ਚ ਵਿਕਾਸ ਦੇ ਕਈ ਕੰਮ ਕੀਤੇ ਹਨ ਪਰ ਉਨ੍ਹਾਂ ਦੇ ਸਾਹਮਣੇ ਬੇਰੋਜ਼ਗਾਰੀ ਅਤੇ ਸੂਬੇ ’ਚ ਵਧ ਰਹੇ ਅਪਰਾਧਾਂ ਦੀ ਸਮੱਸਿਆ ਵੱਡੀ ਚੁਣੌਤੀ ਪੇਸ਼ ਕਰ ਰਹੀ ਹੈ।

ਕੁਲ ਮਿਲਾ ਕੇ ਉੱਤਰ ਪ੍ਰਦੇਸ਼ ਦਾ ਚੋਣ ਦੰਗਲ ਦਿਨ-ਬ-ਦਿਨ ਸਖਤ ਹੁੰਦਾ ਜਾ ਰਿਹਾ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਆਉਣ ਵਾਲੇ ਦਿਨਾਂ ’ਚ ਇਹ ਚੋਣ ਦੰਗਲ ਕੀ ਰੂਪ ਧਾਰਨ ਕਰਦਾ ਹੈ।

–ਵਿਜੇ ਕੁਮਾਰ


author

Bharat Thapa

Content Editor

Related News