ਸ਼ਹਿਰੀਕਰਨ ਅਤੇ ਨੈਤਿਕ ਕਦਰਾਂ-ਕੀਮਤਾਂ ਦੇ ਖੋਰੇ ਨੇ ਦੇਸ਼ ’ਚ ਵਿਗਾੜੀ ਬਜ਼ੁਰਗਾਂ ਦੀ ਹਾਲਤ

09/22/2020 3:34:00 AM

60-70 ਸਾਲ ਦੀ ਉਮਰ ਤਕ ਪਹੁੰਚਦੇ-ਪਹੁੰਚਦੇ ਅਨੇਕ ਲੋਕਾਂ ਦਾ ਸਰੀਰ ਅਤੇ ਯਾਦਸ਼ਕਤੀ ਕਮਜ਼ੋਰ ਹੋਣ ਲੱਗਦੀ ਹੈ ਅਤੇ ਉਨ੍ਹਾਂ ਦੀ ਕਾਰਜ ਸਮਰੱਥਾ ਪਹਿਲਾਂ ਵਰਗੀ ਨਹੀਂ ਰਹਿੰਦੀ। ਲੋਕ ਉਨ੍ਹਾਂ ਨੂੰ ‘ਬਜ਼ੁਰਗ’ ਕਹਿਣ ਲੱਗਦੇ ਹਨ ਅਤੇ ਉਨ੍ਹਾਂ ਨੂੰ ਪਹਿਲਾਂ ਦੀ ਤੁਲਨਾ ’ਚ ਆਪਣੇ ਪਰਿਵਾਰਿਕ ਮੈਂਬਰਾਂ ਦੀ ਮਦਦ ਅਤੇ ਸਹਾਰੇ ਦੀ ਜ਼ਿਆਦਾ ਲੋੜ ਮਹਿਸੂਸ ਹੋਣ ਲੱਗਦੀ ਹੈ।

ਅਜਿਹੇ ’ਚ ਔਲਾਦਾਂ ਵਲੋਂ ਆਪਣੇ ਮਾਤਾ-ਪਿਤਾ ਜਾਂ ਹੋਰ ਬਜ਼ੁਰਗਾਂ ਨਾਲ ਸਨੇਹ ਅਤੇ ਹਮਦਰਦੀ ਭਰਿਆ ਸਲੂਕ ਕਰਨ ਦੀ ਆਸ ਕੀਤੀ ਜਾਂਦੀ ਹੈ ਪਰ ਅਸਲੀਅਤ ਇਸ ਤੋਂ ਬਹੁਤ ਵੱਖਰੀ ਹੈ। ਅੱਜ ਵੀ ਭਾਰਤ ’ਚ ਬਜ਼ੁਰਗਾਂ ਦੇ ਹਿੱਤਾਂ ਦੀ ਰੱਖਿਆ ਕਰਨ ਵਾਲੇ ਕਾਨੂੰਨਾਂ ਦੀ ਮੌਜੂਦਗੀ ਦੇ ਬਾਵਜੂਦ ਵੱਖ-ਵੱਖ ਕਾਰਨਾਂ ਨਾਲ ਵੱਡੀ ਗਿਣਤੀ ’ਚ ਬਜ਼ੁਰਗ ਔਲਾਦਾਂ ਦੀ ਅਣਦੇਖੀ ਦੇ ਸ਼ਿਕਾਰ ਹਨ।

ਭਾਰਤੀ ਪਰਿਵਾਰਾਂ ’ਚ ਬਜ਼ੁਰਗਾਂ ਦੀ ਸਥਿਤੀ ਦੇ ਬਾਰੇ ’ਚ ਹਾਲ ਹੀ ’ਚ ‘ਪੋਸਟ ਗ੍ਰੈਜੂਏਟ ਇੰਸਚੀਟਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ’ ਚੰਡੀਗੜ੍ਹ ਅਤੇ ‘ਆਲ ਇੰਡੀਆ ਇੰਸਚੀਟਿਊਟ ਆਫ ਮੈਡੀਕਲ ਸਾਇੰਸਿਜ਼’ ਬਠਿੰਡਾ ਵਲੋਂ ਕਰਵਾਏ ਗਏ ਇਕ ਸਾਂਝੇ ਅਧਿਅੈਨ ’ਚ ਬਜ਼ੁਰਗਾਂ ਦੀ ਦਸ਼ਾ ਬਾਰੇ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ, ਜਿਸਦੇ ਅਨੁਸਾਰ :

* ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ 60 ਸਾਲ ਜਾਂ ਉਸ ਤੋਂ ਵੱਧ ਉਮਰ ਵਾਲੇ ਸਭ ਤੋਂ ਵੱਧ ਆਬਾਦੀ ਵਾਲੇ ਸੂਬਿਆਂ ’ਚ ਪੰਜਾਬ ਵੀ ਸ਼ਾਮਲ ਹੈ, ਜਿਥੇ ਕੁਲ ਆਬਾਦੀ ’ਚੋਂ 10 ਫੀਸਦੀ ਆਬਾਦੀ ਦੀ ਉਮਰ 60 ਸਾਲ ਜਾਂ ਵੱਧ ਹੈ।

* ਤੇਜ਼ੀ ਨਾਲ ਹੋਈਆਂ ਸਮਾਜਿਕ, ਆਰਥਿਕ ਤਬਦੀਲੀਆਂ ਅਤੇ ਕਮਜ਼ੋਰ ਹੋ ਰਹੇ ਪਰਿਵਾਰਿਕ ਰਿਸ਼ਤਿਆਂ ਦੇ ਕਾਰਨ ਬਜ਼ੁਰਗਾਂ ਦੀ ਹਾਲਤ ਬਹੁਤ ਹੀ ਤਰਸਯੋਗ ਹੋ ਗਈ ਹੈ ਅਤੇ ਉਹ ਆਪਣੇ ਹੀ ਲੋਕਾਂ ਦੇ ਹੱਥੋਂ ਭੈੜੇ ਵਤੀਰੇ ਦੇ ਸ਼ਿਕਾਰ ਹੋ ਰਹੇ ਹਨ।

* ਅਧਿਐਨ ’ਚ ਸ਼ਾਮਲ 60 ਸਾਲ ਤੋਂ 86 ਸਾਲ ਤਕ ਦੀ ਉਮਰ ਦੇ 311 ਬਜ਼ੁਰਗਾਂ ’ਚੋਂ 24 ਫੀਸਦੀ ਬਜ਼ੁਰਗਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਿਛਲੇ 12 ਮਹੀਨਿਆਂ ਦੇ ਅੰਦਰ ਆਪਣੇ ਪਰਿਵਾਰਕ ਮੈਂਬਰਾਂ ਵਲੋਂ ਭੈੜੇ ਵਤੀਰੇ ਦਾ ਸਾਹਮਣਾ ਕਰਨਾ ਪਿਆ ਹੈ।

* 20 ਫੀਸਦੀ ਤੋਂ ਵੱਧ ਬਜ਼ੁਰਗਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪਰਿਵਾਰ ’ਚ ਘੱਟ ਤੋਂ ਘੱਟ ਕਿਸੇ ਇਕ ਮੈਂਬਰ ਤੋਂ ਡਰ ਲੱਗਦਾ ਹੈ।

* 15 ਫੀਸਦੀ ਬਜ਼ੁਰਗਾਂ ਨੇ ਕਿਹਾ ਕਿ ਉਨ੍ਹਾਂ ਦੇ ਨੇੜੇ-ਤੇੜੇ ਰਹਿਣ ਵਾਲੇ ਕਿਸੇ ਨਾ ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ।

* 21 ਫੀਸਦੀ ਤੋਂ ਵੱਧ ਬਜ਼ੁਰਗਾਂ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਉਨ੍ਹਾਂ ਦਾ ਨਾਂ ਲੈ ਕੇ ਪੁਕਾਰਿਆ ਜਾਂ ਆਪਣੀ ਕਿਸੇ ਹਰਕਤ ਨਾਲ ਬੁਰਾ ਮਹਿਸੂਸ ਕਰਵਾਇਆ।

* 46 ਫੀਸਦੀ ਬਜ਼ੁਰਗਾਂ ਨੇ ਆਪਣੇ ਨਾਲ ਧੱਕਾ-ਮੁੱਕੀ ਕੀਤੇ ਜਾਣ ਜਾਂ ਧਮਕੀਆਂ ਦੇਣ ਅਤੇ 20 ਫੀਸਦੀ ਬਜ਼ੁਰਗਾਂ ਨੇ ਉਨ੍ਹਾਂ ਨੂੰ ਆਪਣੀ ਇੱਛਾ ਦੇ ਵਿਰੁੱਧ ਕੰਮ ਕਰਨ ਲਈ ਮਜਬੂਰ ਕਰਨ ਦੀ ਸ਼ਿਕਾਇਤ ਕੀਤੀ।

* 39 ਫੀਸਦੀ ਬਜ਼ੁਰਗਾਂ ਨੇ ਬਹੁਤ ਹੀ ਜ਼ਿਆਦਾ ਚਿੰਤਾਗ੍ਰਸਤ ਰਹਿਣ, 54 ਫੀਸਦੀ ਨੇ ਡਿਪਰੈਸ਼ਨ ਅਤੇ 38.6 ਫੀਸਦੀ ਨੇ ਇਕੱਲੇਪਨ ਦੀ ਪੀੜ ਦੀ ਸ਼ਿਕਾਇਤ ਕੀਤੀ।

* ਅਧਿਅੈਨ ਦੇ ਅਨੁਸਾਰ ਹਾਲੀਆ ਸਾਲਾਂ ਦੇ ਦੌਰਾਨ ਲਗਾਤਾਰ ਵਧ ਰਹੇ ਸ਼ਹਿਰੀਕਰਨ ਅਤੇ ਰਵਾਇਤੀ ਉੱਚ ਭਾਰਤੀ ਸੱਭਿਆਚਾਰਕ ਕਦਰਾਂ-ਕੀਮਤਾਂ ਦੇ ਖੋਰੇ ਅਤੇ ਪਰਿਵਾਰਾਂ ਦਾ ਆਕਾਰ ਵਧਣ ਦੇ ਨਾਲ-ਨਾਲ ਬਜ਼ੁਰਗਾਂ ਨਾਲ ਭੈੜਾ ਵਤੀਰਾ ਵਧਿਆ ਹੈ ਅਤੇ ਜਾਇਦਾਦ ’ਤੇ ਅਧਿਕਾਰ ਕਰਨ ਦੀ ਲਾਲਸਾ ਦਾ ਵੀ ਇਸ ’ਚ ਯੋਗਦਾਨ ਹੈ।

* ਅਧਿਅੈਨ ’ਚ ਜੋ ਖਾਸ ਗੱਲ ਕਹੀ ਗਈ ਹੈ ਉਸਦੇ ਅਨੁਸਾਰ ਇਕੱਠੀਆਂ ਮੈਡੀਕਲ ਅਤੇ ਮਨੋਵਿਗਿਆਨਿਕ ਸਮੱਸਿਆਵਾਂ ਦੇ ਸ਼ਿਕਾਰ ਹੋ ਜਾਣ ਦੇ ਕਾਰਨ ਬਜ਼ੁਰਗਾਂ ਦੀ ਹਾਲਤ ਤਰਸਯੋਗ ਹੋ ਗਈ ਹੈ। ਇਸ ਲਈ ਉਨ੍ਹਾਂ ਨਾਲ ਕੀਤੇ ਜਾਣ ਵਾਲੇ ਭੈੜੇ ਵਤੀਰੇ ਦਾ ਸਮੇਂ-ਸਮੇਂ ’ਤੇ ਜਾਇਜ਼ਾ ਲੈਂਦੇ ਰਹਿਣ ਦੀ ਲੋੜ ਹੈ।

ਬਜ਼ੁਰਗਾਂ ਦੀ ਹਾਲਤ ਦੇ ਬਾਰੇ ’ਚ ਉਕਤ ਅਧਿਅੈਨ ਅੱਖਾਂ ਖੋਲ੍ਹਣ ਵਾਲਾ ਹੈ ਪਰ ਸਿਰਫ ਪੰਜਾਬ ’ਚ ਹੀ ਨਹੀਂ ਲਗਭਗ ਸਮੁੱਚੇ ਦੇਸ਼ ’ਚ ਬਜ਼ੁਗਰਾਂ ਦਾ ਅਜਿਹਾ ਹੀ ਹਾਲ ਹੈ, ਜੋ ਹੇਠਾਂ ਦਰਜ ਹਾਲ ਹੀ ਦੀਆਂ ਕੁਝ ਉਦਾਹਰਣਾਂ ਤੋਂ ਸਪੱਸ਼ਟ ਹੈ :

* 27 ਅਗਸਤ ਨੂੰ ਹਰਿਆਣਾ ’ਚ ਗੋਹਾਨਾ ਦੇ ਬਰੋਦਾ ਥਾਣਾ ਦੇ ਪਿੰਡ ’ਚ ਰਹਿਣ ਵਾਲੀ 75 ਸਾਲਾ ਬਜ਼ੁਰਗ ਨੇ ਜਾਇਦਾਦ ਦੇ ਲੋਭੀ ਆਪਣੇ ਪੁੱਤਰ ਅਤੇ ਨੂੰਹ ’ਤੇ ਉਸਨੂੰ ਘਰ ’ਚੋਂ ਕੱਢ ਦੇਣ ਦਾ ਦੋਸ਼ ਲਗਾਇਆ।

* 02 ਸਤੰਬਰ ਨੂੰ ਰਾਜ ਸਭਾ ਦੇ ਕੋਟਾ ਸ਼ਹਿਰ ’ਚ ਰੋਹਿਤ ਨਾਂ ਦੇ ਇਕ ਨੌਜਵਾਨ ਨੇ ਪਹਿਲਾਂ ਤਾਂ ਆਪਣੀ ਮਾਂ ਨਾਲ ਕੁੱਟਮਾਰ ਕੀਤੀ ਅਤੇ ਫਿਰ ਰਾਤ ਨੂੰ ਆਪਣੇ ਪਿਤਾ ਮੁਕੇਸ਼ ਨੂੰ ਡਾਂਗ ਨਾਲ ਇੰਨਾ ਕੁੱਟਿਆ ਕਿ ਉਸਦੀ ਮੌਤ ਹੋ ਗਈ।

* 07 ਸਤੰਬਰ ਨੂੰ ਡੇਰਾਬੱਸੀ ’ਚ ਇਕ ਨੌਜਵਾਨ ਨੇ ਆਪਣੀ ਬਜ਼ੁਰਗ ਮਾਂ ਅਤੇ ਬੀਮਾਰ ਭਰਾ ਨੂੰ ਕੁੱਟਮਾਰ ਕਰ ਕੇ ਘਰ ਤੋਂ ਕੱਢ ਦਿੱਤਾ।

* 09 ਸਤੰਬਰ ਨੂੰ ਉੱਤਰ ਪ੍ਰਦੇਸ਼ ’ਚ ਕਾਨਪੁਰ ਦੇ ਨੇੜੇ ਡੇਰਾਪੁਰ ਥਾਣਾ ਇਲਾਕੇ ਦੇ ਕੋਰਵਾ ਪਿੰਡ ਦੇ 75 ਸਾਲਾ ਬਜ਼ੁਰਗ ਹਰੀ ਸ਼ੰਕਰ ਨੇ ਪੁਲਸ ਕੋਲ ਰਿਪੋਰਟ ਲਿਖਵਾਈ ਕਿ 20 ਅਗਸਤ ਨੂੰ ਉਨ੍ਹਾਂ ਦੇ ਪੁੱਤਰ ਸੰਦੀਪ ਕੁਮਾਰ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਕੁੱਟ ਕੇ ਘਰ ਤੋਂ ਕੱਢ ਦਿੱਤਾ ਤਾਂ ਉਹ ਖੇਤ ’ਚ ਝੌਂਪੜੀ ਬਣਾ ਕੇ ਰਹਿਣ ਲੱਗੇ ਪਰ 9 ਸਤੰਬਰ ਨੂੰ ਸੰਦੀਪ ਉਥੇ ਵੀ ਆ ਧਮਕਿਆ ਅਤੇ ਉਨ੍ਹਾਂ ਨੂੰ ਸਾੜ ਕੇ ਮਾਰ ਦੇਣ ਦੀ ਕੋਸ਼ਿਸ਼ ਕੀਤੀ।

* 13-14 ਸਤੰਬਰ ਦੀ ਅੱਧੀ ਰਾਤ ਨੂੰ ਲੁਧਿਆਣਾ ਦੇ ਹੈਦੋਂ ਪਿੰਡ ’ਚ ਇਕ ਸਾਬਕਾ ਫੌਜੀ ਦੀ 70 ਸਾਲਾ ਵਿਧਵਾ ਨੂੰ ਉਨ੍ਹਾਂ ਦੇ ਗੋਦ ਲਏ ਲੜਕੇ ਨੇ ਨਸ਼ੇ ਦੇ ਲਈ ਪੈਸੇ ਨਾ ਦੇਣ ਦੇ ਕਾਰਨ ਮਾਰ ਦਿੱਤਾ।

ਇਸ ਲਈ ਅਸੀਂ ਆਪਣੇ ਲੇਖਾਂ ’ਚ ਵਾਰ-ਵਾਰ ਲਿਖਦੇ ਰਹਿੰਦੇ ਹਾਂ ਕਿ ਮਾਤਾ-ਪਿਤਾ ਆਪਣੀ ਜਾਇਦਾਦ ਦੀ ਵਸੀਅਤ ਤਾਂ ਆਪਣੇੇ ਬੱਚਿਆਂ ਦੇ ਨਾਂ ’ਤੇ ਜ਼ਰੂਰ ਕਰ ਦੇਣ ਪਰ ਇਸ ਨੂੰ ਟਰਾਂਸਫਰ ਨਾ ਕਰਨ। ਅਜਿਹਾ ਕਰ ਕੇ ਉਹ ਆਪਣੀ ਜ਼ਿੰਦਗੀ ਦੀ ਸ਼ਾਮ ’ਚ ਆਉਣ ਵਾਲੀਆਂ ਅਨੇਕ ਪਰੇਸ਼ਾਨੀਆਂ ਤੋਂ ਬਚ ਸਕਦੇ ਹਨ ਪਰ ਅਕਸਰ ਉਹ ਇਹ ਭੁੱਲ ਕਰ ਬੈਠਦੇ ਹਨ, ਜਿਸਦਾ ਖਮਿਆਜ਼ਾ ਉਨ੍ਹਾਂ ਨੂੰ ਆਪਣੀ ਬਾਕੀ ਜ਼ਿੰਦਗੀ ’ਚ ਭੁਗਤਣਾ ਪੈਂਦਾ ਹੈ।

-ਵਿਜੇ ਕੁਮਾਰ


Bharat Thapa

Content Editor

Related News