ਸਰਹੱਦੀ ਸੂਬੇ ਮਣੀਪੁਰ ’ਚ ਅਸ਼ਾਂਤੀ ਦੇਸ਼ ਦੀ ਸੁਰੱਖਿਆ ਦੇ ਹਿੱਤ ’ਚ ਨਹੀਂ

05/24/2023 3:44:28 AM

ਭਾਰਤ ਦੇ ਪੂਰਬ-ਉੱਤਰ ਦਾ ਸਰਹੱਦੀ ਸੂਬਾ ਮਣੀਪੁਰ ਇਨ੍ਹੀਂ ਦਿਨੀਂ ਗੈਰ ਜਨਜਾਤੀ ‘ਮੈਤੇਈ’ ਭਾਈਚਾਰਾ ਅਤੇ ਜਨਜਾਤੀ ‘ਕੁਕੀ’ ਅਤੇ ਹੋਰ ਭਾਈਚਾਰਿਆਂ ਦੌਰਾਨ ਵਿਵਾਦ ਕਾਰਨ ਹਿੰਸਾ ਦੀ ਲਪੇਟ ’ਚ ਆਇਆ ਹੋਇਆ ਹੈ।

ਇਥੇ 35 ਫੀਸਦੀ ਮਾਨਤਾ ਪ੍ਰਾਪਤ ਜਨਜਾਤੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ‘ਨਗਾ’ ਅਤੇ ‘ਕੁਕੀ’ ਜਨਜਾਤੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜਦਕਿ ਮਣੀਪੁਰ ਦੀ ਕੁੱਲ ਆਬਾਦੀ ’ਚ ਮੈਤੇਈ ਭਾਈਚਾਰੇ ਦੀ ਭਾਈਵਾਲੀ 64 ਫੀਸਦੀ ਤੋਂ ਵੱਧ ਹੈ।

‘ਸ਼ੈਡਿਊਲ ਟ੍ਰਾਈਬ ਡਿਮਾਂਡ ਕਮੇਟੀ ਆਫ ਮਣੀਪੁਰ’ 2012 ਤੋਂ ਹੀ ਮੈਤੇਈ ਭਾਈਚਾਰੇ ਨੂੰ ਜਨਜਾਤੀ ਦਾ ਦਰਜਾ ਦੇਣ ਦੀ ਮੰਗ ਕਰਦੀ ਆ ਰਹੀ ਹੈ ਪਰ ਇਸਦਾ ਵਿਰੋਧ ਕਰ ਰਹੇ ਮਣੀਪੁਰ ਦੇ ਜਨਜਾਤੀ ਸਮੂਹਾਂ ਦਾ ਕਹਿਣਾ ਹੈ ਕਿ ਮੈਤੇਈ ਭਾਈਚਾਰੇ ਦਾ ਸੂਬੇ ’ਚ ਸਿਆਸੀ ਦਬਦਬਾ ਹੈ ਅਤੇ ਇਹ ਹੋਰਨਾਂ ਮਾਮਲਿਆਂ ’ਚ ਵੀ ਜਨਜਾਤੀ ਸਮੂਹਾਂ ਤੋਂ ਅੱਗੇ ਹੈ।

ਜਨਜਾਤੀ ਸਮੂਹਾਂ ਨੂੰ ਡਰ ਹੈ ਕਿ ਮੈਤੇਈ ਭਾਈਚਾਰੇ ਨੂੰ ਵੀ ਜਨਜਾਤੀ ਦਾ ਦਰਜਾ ਮਿਲ ਜਾਣ ’ਤੇ ਉਨ੍ਹਾਂ ਦੀਆਂ ਸਮੱਸਿਆਵਾਂ ਵਧ ਜਾਣਗੀਆਂ ਜਦਕਿ ਇਸ ਸਮੇਂ ਉਨ੍ਹਾਂ ਨੂੰ ਅਨੁਸੂਚਿਤ ਜਾਤੀ, ਪੱਛੜੀ ਜਾਤੀ ਅਤੇ ਇਕੋਨਾਮੀਕਲੀ ਵੀਕਰ ਸੈਕਸ਼ਨ ਭਾਵ ਈ. ਡਬਲਯੂ. ਐੱਸ. ਦਾ ਲਾਭ ਮਿਲ ਰਿਹਾ ਹੈ। ਇਨ੍ਹਾਂ ਦੋਹਾਂ ਸਮੂਹਾਂ ਦੌਰਾਨ ਵਿਵਾਦ ਦੇ ਕੁਝ ਹੋਰ ਵੀ ਕਾਰਨ ਹਨ। ਕੁਕੀ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਮੈਤੇਈ ਲੋਕਾਂ ਦੇ ਪੱਖ ’ਚ ਹੈ ਅਤੇ ਉਨ੍ਹਾਂ ਦੀ ਜ਼ਿਆਦਾ ਮਦਦ ਕਰ ਰਹੀ ਹੈ।

ਇਸ ਪਿਛੋਕੜ ’ਚ 3 ਮਈ ਨੂੰ ਮਣੀਪੁਰ ਹਾਈਕੋਰਟ ਦੇ ਇਕ ਹੁਕਮ, ਜਿਸ ’ਚ ਹਾਈਕੋਰਟ ਨੇ ਸਰਕਾਰ ਨੂੰ ਮੈਤੇਈ ਭਾਈਚਾਰੇ ਨੂੰ ਜਨਜਾਤੀ ਭਾਈਚਾਰੇ ’ਚ ਸ਼ਾਮਲ ਕਰਨ ਦੀ ਕੇਂਦਰੀ ਜਨਜਾਤੀ ਮੰਤਰਾਲਾ ਦੀ 10 ਸਾਲ ਪੁਰਾਣੀ ਸਿਫਾਰਸ਼ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਸੀ, ਤੋਂ ਬਾਅਦ ਪੂਰੇ ਸੂਬੇ ’ਚ ਫੈਲੀ ਹਿੰਸਾ ’ਚ 73 ਲੋਕਾਂ ਦੀ ਜਾਨ ਚਲੀ ਗਈ। ਇਸ ਹਿੰਸਾ ਕਾਰਨ ਕੁਕੀ ਅਤੇ ਮੈਤੇਈ ਭਾਈਚਾਰਿਆਂ ਦੇ ਹਜ਼ਾਰਾਂ ਲੋਕ ਆਪਣੇ ਘਰ ਛੱਡ ਕੇ ਚਲੇ ਗਏ।

ਉਕਤ ਘਟਨਾ ਦੇ 18 ਦਿਨ ਬਾਅਦ 22 ਮਈ ਨੂੰ ਇਕ ਵਾਰ ਫਿਰ ਰਾਜਧਾਨੀ ਇੰਫਾਲ ਹਿੰਸਾ ਦੀ ਲਪੇਟ ’ਚ ਆ ਗਈ ਜਦੋਂ ਮੈਤੇਈ ਅਤੇ ਕੁਕੀ ਭਾਈਚਾਰੇ ਦੇ ਲੋਕਾਂ ਦਰਮਿਆਨ ਝਗੜੇ ਤੋਂ ਬਾਅਦ ਵਿਖਾਵਾਕਾਰੀਆਂ ਨੇ ਕੁਝ ਘਰਾਂ ’ਚ ਅੱਗ ਵੀ ਲਗਾ ਦਿੱਤੀ ਅਤੇ ਸਥਿਤੀ ’ਤੇ ਕੰਟਰੋਲ ਲਈ ਪ੍ਰਸ਼ਾਸਨ ਨੂੰ ਅਰਧ ਸੈਨਿਕ ਫੋਰਸਾਂ ਅਤੇ ਫੌਜ ਨੂੰ ਬੁਲਾਉਣਾ ਪਿਆ।

ਆਜ਼ਾਦੀ ਦੇ 75 ਸਾਲ ਬਾਅਦ ਵੀ ਦੇਸ਼ ’ਚ ਇਸ ਤਰ੍ਹਾਂ ਦੇ ਵਿਵਾਦਾਂ ਦਾ ਜਾਰੀ ਰਹਿਣਾ ਖੇਦਜਨਕ ਹੈ। ਇਸ ਲਈ ਇਸ ਸਮੱਸਿਆ ਨੂੰ ਤੁਰੰਤ ਸੁਲਝਾ ਕੇ ਇਥੇ ਸ਼ਾਂਤੀ ਸਥਾਪਿਤ ਕਰਨ ਦੀ ਲੋੜ ਹੈ ਤਾਂ ਜੋ ਇਸ ਸਰਹੱਦੀ ਸੂਬੇ ’ਚ ਪੈਦਾ ਜਨ ਅਸੰਤੋਸ਼ ਦਾ ਕਿਤੇ ਦੇਸ਼ ਦੀਆਂ ਦੁਸ਼ਮਣ ਸ਼ਕਤੀਆਂ ਲਾਭ ਨਾ ਉਠਾ ਲੈਣ।

–ਵਿਜੇ ਕੁਮਾਰ


Anmol Tagra

Content Editor

Related News