‘ਕੜਾਕੇ ਦੀ ਠੰਡ ’ਚ ਬੰਦ ਕਮਰਿਆਂ 'ਚ’ ਅੰਗੀਠੀਆਂ ਬਾਲ ਕੇ ਸੌਣ ਨਾਲ ਹੋ ਰਹੀਆਂ ਗੈਰ-ਕੁਦਰਤੀ ਮੌਤਾਂ’
Thursday, Jan 21, 2021 - 02:26 AM (IST)

ਇਨ੍ਹੀਂ ਦਿਨੀਂ ਦੇਸ਼ ਦੇ ਕਈ ਹਿੱਸਿਆਂ ’ਚ ਕੜਾਕੇ ਦੀ ਠੰਡ ਪੈਣ ਨਾਲ ਕਈ ਇਲਾਕਿਆਂ ’ਚ ਤਾਪਮਾਨ 0 ਤੋਂ ਵੀ ਘੱਟ ਚਲਾ ਗਿਆ ਹੈ। ਅਗਿਆਨਤਾ ਅਤੇ ਜਾਗਰੂਕਤਾ ਦੀ ਘਾਟ ਨਾਲ ਕਈ ਲੋਕ ਕਮਰਿਆਂ ’ਚ ਅੰਗੀਠੀ ਬਾਲ ਕੇ ਸੌਣ ਦੇ ਕਾਰਨ ਜ਼ਹਿਰੀਲਾ ਧੂੰਆਂ ਚੜ੍ਹਨ ਨਾਲ ਅਨਿਆਈ ਮੌਤ ਦਾ ਸ਼ਿਕਾਰ ਹੋ ਰਹੇ ਹਨ।
ਇਸ ਲਈ ਬੰਦ ਕਮਰੇ ’ਚ ਲੱਕੜੀ ਜਾਂ ਕੋਲੇ ਦੀ ਅੰਗੀਠੀ ਨੂੰ ਦੇਰ ਤਕ ਬਾਲ ਕੇ ਰੱਖਣਾ ਬਹੁਤ ਖਤਰਨਾਕ ਹੈ। ਇਸ ਨਾਲ ਕਮਰੇ ’ਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਅਤੇ ਕਾਰਬਨ ਮੋਨੋਆਕਸਾਈਡ ਸਾਹ ਦੇ ਜ਼ਰੀਏ ਫੇਫੜਿਆਂ ਤਕ ਪਹੁੰਚ ਕੇ ਖੂਨ ’ਚ ਮਿਲ ਜਾਂਦੀ ਹੈ। ਇਸ ਨਾਲ ਸਰੀਰ ’ਚ ਹੀਮੋਗਲੋਬਿਨ ਘੱਟ ਹੋਣ ਨਾਲ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਕਮਰੇ ’ਚ ਅੰਗੀਠੀ ਬਾਲਣ ਨਾਲ ਹੋਈਆਂ ਮੌਤਾਂ ਦੇ ਹਾਲ ਹੀ ਦੀਆਂ ਕੁਝ ਦਰਦਨਾਕ ਉਦਾਹਰਣਾਂ ਹੇਠਾਂ ਦਰਜ ਹਨ :
* 16 ਦਸੰਬਰ 2020 ਨੂੰ ਹਿਮਾਚਲ ’ਚ ਕੁੱਲੂ ਦੇ ਇਕ ਗੈਸਟ ਹਾਊਸ ’ਚ ਰਾਤ ਨੂੰ ਸਰਦੀ ਤੋਂ ਬਚਣ ਲਈ ਅੰਗੀਠੀ ਬਾਲ ਕੇ ਸੁੱਤੇ ਦੋ ਨੌਜਵਾਨਾਂ ਦੀ ਮੌਤ ਹੋ ਗਈ।
* 18 ਦਸੰਬਰ ਨੂੰ ਉੱਤਰਾਖੰਡ ’ਚ ‘ਜਸਪੁਰ’ ਦੇ ਮੁਹੱਲਾ ‘ਭੂਪ ਸਿੰਘ’ ਵਿਚ ਅੰਗੀਠੀ ਦੇ ਧੂੰਏਂ ਨਾਲ ਸਾਹ ਰੁਕਣ ਨਾਲ ਦੋ ਨੌਜਵਾਨਾਂ ਨੇ ਦਮ ਤੋੜ ਦਿੱਤਾ।
* 18 ਦਸੰਬਰ ਨੂੰ ਹੀ ਬਿਹਾਰ ਦੇ ਨਵਾਦਾ ਦੇ ‘ਕੌਆਕੋਲ’ ਪਿੰਡ ’ਚ ਬੰਦ ਕਮਰੇ ’ਚ ਅੰਗੀਠੀ ਬਾਲ ਕੇ ਸੌਂ ਰਹੇ ਇਕ ਹੀ ਪਰਿਵਾਰ ਦੇ 7 ਮੈਂਬਰ ਜ਼ਹਿਰੀਲੀ ਗੈਸ ਚੜ੍ਹ ਜਾਣ ਨਾਲ ਬੇਹੋਸ਼ ਹੋ ਗਏ, ਜਿਨ੍ਹਾਂ ’ਚੋਂ ਇਕ ਦੀ ਬਾਅਦ ’ਚ ਮੌਤ ਹੋ ਗਈ।
* 21 ਦਸੰਬਰ ਨੂੰ ਉੱਤਰ ਪ੍ਰਦੇਸ਼ ’ਚ ਗੌਰਖਪੁਰ ਦੇ ਪਿੰਡ ‘ਮਝਵਲੀਆ’ ਵਿਚ ਬੰਦ ਕਮਰੇ ’ਚ ਅੰਗੀਠੀ ਬਾਲ ਕੇ ਸੌਂ ਰਹੀਆਂ ਤਿੰਨ ਸਕੀਆਂ ਭੈਣਾਂ ਪ੍ਰਤਿਮਾ (20), ਅੰਤਿਮਾ (18) ਅਤੇ ਅਤੇ ਨਿਧੀ (17) ’ਚੋਂ ਦੋ ਦੀ ਜ਼ਹਿਰੀਲੀ ਗੈਸ ਨਾਲ ਦਮ ਘੁਟਣ ਦਾ ਕਾਰਨ ਮੌਤ ਹੋ ਗਈ ਜਦਕਿ ਤੀਸਰੀ ਨੂੰ ਗੰਭੀਰ ਹਾਲਤ ’ਚ ਹਸਪਤਾਲ ’ਚ ਦਾਖਲ ਕਰਵਾਇਆ ਗਿਆ।
* 28 ਦਸੰਬਰ ਨੂੰ ਰਾਜਸਥਾਨ ’ਚ ਜੋਧਪੁਰ ਦੇ ‘ਦੇੜਾ’ ਪਿੰਡ ’ਚ ਕੜਾਕੇ ਦੀ ਠੰਡ ਤੋਂ ਬਚਣ ਲਈ ਅੰਗੀਠੀ ਬਾਲ ਕੇ ਸੌਂ ਰਹੀ ‘ਛਗਨੀ ਦੇਵੀ’ ਨਾਂ ਦੀ ਬਜ਼ੁਰਗ ਔਰਤ ਦੀ ਕਮਰੇ ’ਚ ਜ਼ਹਿਰੀਲਾ ਧੂੰਆਂ ਭਰ ਜਾਣ ਨਾਲ ਮੌਤ ਹੋ ਗਈ।
* 30 ਦਸੰਬਰ ਨੂੰ ਦਿੱਲੀ ਦੇ ‘ਸਮਾਲਖਾਂ’ ਵਿਚ ਰਾਮ ਪ੍ਰਵੇਸ਼ ਅਤੇ ਉਸ ਦੀ ਪਤਨੀ ਕਵਿਤਾ ਦੀ ਕਮਰੇ ’ਚ ਬਲ ਰਹੀ ਅੰਗੀਠੀ ਦੇ ਜ਼ਹਿਰੀਲੇ ਧੂੰਏਂ ਨਾਲ ਮੌਤ ਹੋ ਗਈ।
* 1 ਜਨਵਰੀ 2021 ਨੂੰ ਫਰੀਦਾਬਾਦ ਦੇ ਵਜ਼ੀਰਪੁਰ ’ਚ ਠੰਡ ਤੋਂ ਬਚਣ ਲਈ ਬਾਲੀ ਅੰਗੀਠੀ ਦੇ ਧੂੰਏਂ ਨੇ ਇਕ ਪਤੀ-ਪਤਨੀ ਅਤੇ ਉਨ੍ਹਾਂ ਦੀ 9 ਸਾਲਾ ਧੀ ਦੀ ਜਾਨ ਲੈ ਲਈ।
* 10 ਜਨਵਰੀ ਨੂੰ ਉੱਤਰਾਖੰਡ ’ਚ ‘ਚੰਪਾਵਤ’ ਦੇ ‘ਚੌੜਾਕੋਟ’ ਪਿੰਡ ’ਚ ਠੰਡ ਤੋਂ ਬਚਣ ਲਈ ਕਮਰੇ ’ਚ ਅੰਗੀਠੀ ਬਾਲ ਕੇ ਸੌਂ ਰਹੇ ਬਜ਼ੁਰਗ ਤੇਜ ਸਿੰਘ ਦੀ ਦਮ ਘੁਟਣ ਨਾਲ ਮੌਤ ਹੋ ਗਈ ਜਦਕਿ ਉਸ ਦੀ ਪਤਨੀ ਬਸੰਤੀ ਦੇਵੀ ਗੰਭੀਰ ਰੂਪ ਨਾਲ ਬੀਮਾਰ ਹੋ ਗਈ।
* 12 ਜਨਵਰੀ ਨੂੰ ਫਿਲੌਰ ਦੇ ਨੇੜਲੇ ਪਿੰਡ ‘ਜਗਤਪੁਰਾ’ ਵਿਚ ਸਰਦੀ ਤੋਂ ਬਚਣ ਲਈ ਕਮਰੇ ’ਚ ਕੋਲੇ ਦੀ ਅੰਗੀਠੀ ਬਾਲ ਕੇ ਸੌਂ ਰਹੇ ਸਾਹਿਲ ਨਾਂ ਦੇ ਨੌਜਵਾਨ ਦੀ ਕੋਲੇ ਦੇ ਜ਼ਹਿਰੀਲੇ ਧੂੰਏਂ ਨਾਲ ਦਮ ਘੁੱਟਣ ਕਾਰਨ ਮੌਤ ਹੋ ਗਈ ਜਦਕਿ ਉਸ ਦਾ ਪਿਤਾ ਗੰਭੀਰ ਤੌਰ ’ਤੇ ਬੀਮਾਰ ਹੋ ਗਿਆ।
* 14 ਜਨਵਰੀ ਨੂੰ ਉੱਤਰ ਪ੍ਰਦੇਸ਼ ਦੇ ਮੁਰਾਦਨਗਰ ’ਚ ਘਰ ’ਚ ਅੰਗੀਠੀ ਬਾਲ ਕੇ ਸੁੱਤੇ ਚਾਰ ਲੋਕਾਂ ’ਚੋਂ ਇਕ ਦੀ ਜ਼ਹਿਰੀਲੀ ਗੈਸ ਨਾਲ ਮੌਤ ਹੋ ਗਈ।
* 16 ਜਨਵਰੀ ਨੂੰ ਬਹਾਦੁਰਗੜ੍ਹ ’ਚ ਕਮਰੇ ’ਚ ਅੰਗੀਠੀ ਬਾਲ ਕੇ ਸੌਂ ਰਹੇ ਤਿੰਨ ਨੌਜਵਾਨਾਂ ’ਚੋਂ ਇਕ ਦੀ ਮੌਤ ਅਤੇ 2 ਗੰਭੀਰ ਰੂਪ ਤੌਰ ’ਤੇ ਬੀਮਾਰ ਹੋ ਗਏ।
* 16 ਜਨਵਰੀ ਨੂੰ ਉੱਤਰ ਪ੍ਰਦੇਸ਼ ’ਚ ਚਿੱਤਰਕੂਟ ਜ਼ਿਲੇ ਦੇ ‘ਗਈਦਾ ਪੁਰਵਾ’ ਪਿੰਡ ’ਚ ਠੰਡ ਤੋਂ ਬਚਾਉਣ ਲਈ ਤਿੰਨ ਮਹੀਨੇ ਦੇ ਬੱਚੇ ਦੇ ਨੇੜੇ ਰੱਖੀ ਅੰਗੀਠੀ ਦੀ ਗੈਸ ਚੜ੍ਹਣ ਨਾਲ ਉਸ ਦੀ ਮੌਤ ਹੋ ਗਈ।
* 18 ਜਨਵਰੀ ਨੂੰ ਅੰਮ੍ਰਿਤਸਰ ਦੇ ‘ਲੋਹਗੜ੍ਹ’ ਵਿਚ ਬੰਦ ਕਮਰੇ ’ਚ ਅੰਗੀਠੀ ਬਾਲ ਕੇ ਸੌਂ ਰਹੇ ਮਾਂ-ਬੇਟੇ ਦੀ ਦਮ ਘੁਟਣ ਨਾਲ ਮੌਤ ਹੋ ਗਈ।
* 18 ਜਨਵਰੀ ਨੂੰ ਹੀ ਇਕ ਹੋਰ ਘਟਨਾ ’ਚ ਫਿਰੋਜ਼ਪੁਰ ਦੇ ਪਿੰਡ ‘ਹਾਮਦ’ ਵਿਚ ਇਕ ਔਰਤ ਰਾਜਬੀਰ ਕੌਰ ਅਤੇ ਉਸ ਦੇ ਦੋ ਬੇਟਿਆਂ 5 ਸਾਲਾ ਏਕਮਪ੍ਰੀਤ ਅਤੇ 12 ਸਾਲਾ ਸਾਹਿਲਪ੍ਰੀਤ ਦੀ ਅੰਗੀਠੀ ਦੀ ਜ਼ਹਿਰੀਲੀ ਗੈਸ ਨਾਲ ਮੌਤ ਹੋ ਗਈ।
* 20 ਜਨਵਰੀ ਨੂੰ ਫਰੀਦਾਬਾਦ ਦੇ ਸੈਕਟਰ 58 ’ਚ ਬੰਦ ਕਮਰੇ ’ਚ ਅੰਗੀਠੀ ਬਾਲ ਕੇ ਸੌਂ ਰਹੇ ਪਤੀ-ਪਤਨੀ ਅਤੇ ਉਨ੍ਹਾਂ ਦੇ ਬੇਟ ਦੀ ਦਮ ਘੁਟਣ ਨਾਲ ਮੌਤ ਹੋ ਗਈ।
ਕਮਰੇ ’ਚ ਅੰਗੀਠੀ ਨਹੀਂ ਬਾਲਣੀ ਚਾਹੀਦੀ ਅਤੇ ਜੇਕਰ ਬਾਲਣੀ ਹੀ ਪਏ ਤਾਂ ਸੌਣ ਤੋਂ ਪਹਿਲਾਂ ਉਸ ਨੂੰ ਬੁਝਾ ਦੇਣਾ ਚਾਹੀਦਾ ਹੈ ਤਾਂਕਿ ਧੂੰਆਂ ਪੈਦਾ ਨਾ ਹੋਵੇ। ਸੌਂਦੇ ਸਮੇਂ ਖਿੜਕੀ ਅਤੇ ਰੌਸ਼ਨਦਾਨ ਵੀ ਕੁਝ ਖੁੱਲ੍ਹੇ ਰੱਖਣੇ ਚਾਹੀਦੇ ਹਨ।
ਇਹ ਛੋਟੀਆਂ-ਛੋਟੀਆਂ ਪਰ ਮਹੱਤਵਪੂਰਨ ਸਾਵਧਾਨੀਆਂ ਅਪਣਾ ਕੇ ਹੀ ਅਸੀਂ ਇਸ ਕਿਸਮ ਦੀਆਂ ਦੁਰਘਨਾਵਾਂ ਤੋਂ ਬਚ ਸਕਦੇ ਹਾਂ। ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਇਸ ਸਬੰਧ ’ਚ ਲੋਕਾਂ ਨੂੰ ਜਾਗਰੂਕ ਕਰਨ ਤਾਂਕਿ ਇਸ ਤਰ੍ਹਾਂ ਦੀਆਂ ਦਰਦਨਾਕ ਅਤੇ ਗੈਰ-ਕੁਦਰਤੀ ਮੌਤਾਂ ਦੇ ਸਿੱਟੇ ਵਜੋਂ ਪਰਿਵਾਰ ਤਬਾਹ ਹੋਣ ਤੋਂ ਬਚ ਸਕਣ।
–ਵਿਜੇ ਕੁਮਾਰ