''ਫਰਾਂਸ ਟਾਈਪ'' ਅੱਤਵਾਦੀ ਹਮਲਾ ਆਸਾਮ ਦੇ ਭੀੜ ਭਰੇ ਬਾਜ਼ਾਰ ''ਚ

08/07/2016 2:42:37 AM

ਇਸ ਸਮੇਂ ਲੱਗਭਗ ਸਾਰੀ ਦੁਨੀਆ ਹੀ ਅੱਤਵਾਦ ਦੀ ਲਪੇਟ ''ਚ ਆਈ ਹੋਈ ਹੈ। ਕੌਮਾਂਤਰੀ ਮੰਚ ''ਤੇ ''ਆਈ. ਐੱਸ.'' (ਇਸਲਾਮਿਕ ਸਟੇਟ) ਦੁਨੀਆ ''ਚ ਭਿਆਨਕ ਅੱਤਵਾਦੀ ਗਿਰੋਹ ਵਜੋਂ ਉੱਭਰਿਆ ਹੈ, ਜਿਸ ਦੀ ਰਣਨੀਤੀ ਵੱਖ-ਵੱਖ ਦੇਸ਼ਾਂ ''ਚ ਸਰਗਰਮ ਅੱਤਵਾਦੀ ਅਪਣਾ ਰਹੇ ਹਨ।
ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਐੱਮ. ਕੇ. ਨਾਰਾਇਣਨ ਅਨੁਸਾਰ ਭਾਰਤ ''ਚ 800 ਤੋਂ ਜ਼ਿਆਦਾ ਅੱਤਵਾਦੀ ਗਿਰੋਹ ਸਰਗਰਮ ਹਨ, ਜਿਨ੍ਹਾਂ ''ਚੋਂ ਕਈ ਆਪਣੇ ਵਿਦੇਸ਼ੀ ਆਕਿਆਂ ਦੀਆਂ ਹਦਾਇਤਾਂ ਮੁਤਾਬਕ ਕੰਮ ਕਰ ਰਹੇ ਹਨ। ਇਨ੍ਹਾਂ ''ਚ ਪਾਕਿਸਤਾਨ ਦੇ ਸਮਰਥਨ ਵਾਲੇ ਅੱਤਵਾਦੀਆਂ ਤੋਂ ਇਲਾਵਾ ਮਾਓਵਾਦੀ, ਨਕਸਲਵਾਦੀ, ਬੋਡੋ ਅੱਤਵਾਦੀ ਆਦਿ ਸ਼ਾਮਿਲ ਹਨ।
5 ਅਗਸਤ ਨੂੰ ਆਸਾਮ ''ਚ ''ਬਾਲਜਾਨ ਤਿਲਿਆਨੀ'' ਕਸਬੇ ਦੇ ਭੀੜ ਭਰੇ ਬਾਜ਼ਾਰ ''ਚ ਭਾਰੀ ਹਥਿਆਰਾਂ ਨਾਲ ਲੈਸ ਸ਼ੱਕੀ ਬੋਡੋ ਅੱਤਵਾਦੀ ਹੋਰਨਾਂ ਯਾਤਰੀਆਂ ਨਾਲ ਇਕ ਆਟੋ ਰਿਕਸ਼ਾ ''ਚ ਸਵਾਰ ਹੋ ਕੇ ਬਾਜ਼ਾਰ ''ਚ ਆਏ।
ਇਨ੍ਹਾਂ ਨੇ ਉਸੇ ਤਰ੍ਹਾਂ ਬਾਜ਼ਾਰ ''ਚ ਲੋਕਾਂ ''ਤੇ ਹੱਲਾ ਬੋਲ ਦਿੱਤਾ, ਜਿਸ ਤਰ੍ਹਾਂ ਇਸੇ ਸਾਲ 14 ਜੁਲਾਈ ਨੂੰ ਫਰਾਂਸ ਦੇ ਨੀਸ ਸ਼ਹਿਰ ''ਚ ਆਈ. ਐੱਸ. ਦਾ ਇਕ ਅੱਤਵਾਦੀ ਇਕ ਤੇਜ਼ ਰਫਤਾਰ ਟਰੱਕ ''ਚ ਸਵਾਰ ਹੋ ਕੇ ''ਲੋਨ ਵੁਲਫ ਅਟੈਕ'' ਸ਼ੈਲੀ ''ਚ 2 ਕਿਲੋਮੀਟਰ ਰਸਤੇ ''ਤੇ 84 ਵਿਅਕਤੀਆਂ ਨੂੰ ਕੁਚਲਦਾ ਹੋਇਆ ਨਿਕਲ ਗਿਆ ਸੀ। 
ਸਭ ਤੋਂ ਪਹਿਲਾਂ ਉਨ੍ਹਾਂ ਨੇ ਬਾਜ਼ਾਰ ''ਚ ਇਕ ਗ੍ਰਨੇਡ ਸੁੱਟਿਆ ਅਤੇ ਫਿਰ ਕੁਝ ਦੁਕਾਨਾਂ ''ਤੇ ਹਮਲਾ ਕਰਨ ਤੋਂ ਬਾਅਦ 15-20 ਮਿੰਟਾਂ ਤਕ ਲਗਾਤਾਰ ਅੰਨ੍ਹੇਵਾਹ ਗੋਲੀਆਂ ਚਲਾ ਕੇ 14 ਬੇਕਸੂਰ ਵਿਅਕਤੀਆਂ ਨੂੰ ਮਾਰ ਦਿੱਤਾ। ਆਸਾਮ ''ਚ ਕਿਸੇ ਜਨਤਕ ਜਗ੍ਹਾ ''ਤੇ ਦਿਨ-ਦਿਹਾੜੇ ਇੰਨਾ ਵੱਡਾ ਅੱਤਵਾਦੀ ਹਮਲਾ ਇਸ ਤੋਂ ਪਹਿਲਾਂ ਕਦੇ ਨਹੀਂ ਹੋਇਆ ਸੀ।
ਆਸਾਮ ''ਚ ਇਸ ਸਾਲ 24 ਮਈ ਨੂੰ ਸਰਬਾਨੰਦ ਸੋਨੋਵਾਲ ਦੀ ਅਗਵਾਈ ਹੇਠ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਇਹ ਪਹਿਲਾ ਵੱਡਾ ਹਮਲਾ ਹੈ, ਜਿਸ ਨੇ ਸੋਨੋਵਾਲ ਸਰਕਾਰ ਨੂੰ ਦਰਪੇਸ਼ ਅੱਤਵਾਦ ਦੀ ਭਾਰੀ ਚੁਣੌਤੀ ਦਾ ਚੇਤਾ ਕਰਵਾ ਦਿੱਤਾ ਹੈ।
ਇਸ ਤੋਂ ਇਹ ਵੀ ਸਪੱਸ਼ਟ ਹੋ ਗਿਆ ਕਿ ਭਾਰਤ ''ਚ ਸਰਗਰਮ ਅੱਤਵਾਦੀਆਂ ਨੇ ਵੀ ਹੁਣ ਪੱਛਮੀ ਦੇਸ਼ਾਂ ''ਚ ਸਰਗਰਮ ਅੱਤਵਾਦੀਆਂ ਵਾਂਗ ਹੀ ਖਤਰਨਾਕ ਤਰੀਕੇ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਲਈ ਜੇਕਰ ਇਨ੍ਹਾਂ ਦੇ ਨੈੱਟਵਰਕ ਨੂੰ ਖਤਮ ਕਰਨ ਲਈ ਅਸਰਦਾਰ ਕਦਮ ਨਾ ਚੁੱਕੇ ਗਏ ਤਾਂ ਇਸ ਦੇ ਨਤੀਜੇ ਦੇਸ਼ ਲਈ ਭਿਆਨਕ ਹੋਣਗੇ।                                        
—ਵਿਜੇ ਕੁਮਾਰ


Vijay Kumar Chopra

Chief Editor

Related News