ਟਰੰਪ ਦੀ ਭਾਰਤ ਯਾਤਰਾ ਧਿਆਨ ਅਮਰੀਕਾ ’ਚ ਰਹਿਣ ਵਾਲੇ 40 ਲੱਖ ਭਾਰਤੀਆਂ ’ਤੇ

02/26/2020 1:29:42 AM

ਅਮਰੀਕਾ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ ਡੋਨਾਲਡ ਟਰੰਪ ਨੇ 22 ਵਿਦੇਸ਼ ਯਾਤਰਾਵਾਂ ਕੀਤੀਆਂ, ਜੋ ਮਲਟੀਪਲ ਯਾਤਰਾਵਾਂ ਸਨ ਭਾਵ ਉਹ ਇਕੋ ਵਾਰ ਦੋ-ਦੋ, ਤਿੰਨ-ਤਿੰਨ ਦੇਸ਼ਾਂ ਦੀ ਯਾਤਰਾ ’ਤੇ ਗਏ ਪਰ ਭਾਰਤ ਹੀ ਇਕ ਅਜਿਹਾ ਦੇਸ਼ ਹੈ, ਜਿਥੇ ਆਉਣ ਲਈ ਉਨ੍ਹਾਂ ਨੇ ਆਪਣੇ ਯਾਤਰਾ ਪ੍ਰੋਗਰਾਮ ’ਚ ਕਿਸੇ ਹੋਰ ਦੇਸ਼ ਨੂੰ ਨਹੀਂ ਜੋੜਿਆ। ਭਾਰਤ ’ਚ ਮਿਲੇ ਸਨਮਾਨ ਤੋਂ ਪ੍ਰਭਾਵਿਤ ਡੋਨਾਲਡ ਟਰੰਪ ਦੀ ਇਸ ਯਾਤਰਾ ਦੌਰਾਨ ਉਨ੍ਹਾਂ ਨੇ ਸਰਹੱਦ ਪਾਰ ਦੇ ਅੱਤਵਾਦ ’ਤੇ ਪਾਕਿਸਤਾਨ ਨੂੰ ਦੋ¶-ਟੁਕ ਨਸੀਹਤ ਦਿੰਦੇ ਹੋਏ ਭਾਰਤ ਅਤੇ ਅਮਰੀਕਾ ਨੂੰ ਇਸਲਾਮੀ ਅੱਤਵਾਦ ਤੋਂ ਬਚਾਉਣ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਨੇ ਅੱਤਵਾਦ ਦੀ ਵਿਚਾਰਧਾਰਾ ਨੂੰ ਖਤਮ ਕਰਨ ਦੀ ਗੱਲ ਕਹੀ ਅਤੇ ਚਿਤਾਵਨੀ ਦਿੱਤੀ ਕਿ ‘‘ਸਾਡੇ ਨਾਗਰਿਕਾਂ ਦੀ ਸੁਰੱਖਿਆ ’ਤੇ ਖਤਰਾ ਬਣਨ ਵਾਲਿਆਂ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਹਰ ਦੇਸ਼ ਨੂੰ ਆਪਣੀ ਸੁਰੱਖਿਆ ਕਰਨ ਦਾ ਅਧਿਕਾਰ ਹੈ ਅਤੇ ਮੇਰਾ ਪ੍ਰਸ਼ਾਸਨ ਪਾਕਿਸਤਾਨ ਤੋਂ ਚੱਲ ਰਹੇ ਅੱਤਵਾਦੀ ਸੰਗਠਨਾਂ ਅਤੇ ਅੱਤਵਾਦੀਆਂ ਨੂੰ ਤਬਾਹ ਕਰਨ ਲਈ ਕੰਮ ਕਰ ਰਿਹਾ ਹੈ।’’ ਟਰੰਪ ਦੀ ਯਾਤਰਾ ਦੀ ਸਮਾਪਤੀ ’ਤੇ 25 ਫਰਵਰੀ ਨੂੰ ਨਰਿੰਦਰ ਮੋਦੀ ਅਤੇ ਟਰੰਪ ਨੇ ਆਪਣੇ ਸੰਯੁਕਤ ਸੰਬੋਧਨ ’ਚ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਸਮੁੱਚੇ ਵਿਸ਼ਵ ਯੁੱਧਨੀਤਕ ਗੱਠਜੋੜ ਦੇ ਪੱਧਰ ’ਤੇ ਲਿਜਾਣ ਦੀ ਗੱਲ ਕਹੀ। ਦੋਵਾਂ ਨੇਤਾਵਾਂ ਨੇ 3 ਸਮਝੌਤਾ ਪੱਤਰਾਂ ’ਤੇ ਦਸਤਖਤ ਕੀਤੇ। ਇਨ੍ਹਾਂ ’ਚ 3 ਅਰਬ ਡਾਲਰ ਦੇ ਰੱਖਿਆ ਸਮਝੌਤੇ ਨੂੰ ਅੰਤਿਮ ਰੂਪ ਦੇਣ ਤੋਂ ਇਲਾਵਾ ਊਰਜਾ ਦੇ ਖੇਤਰ ’ਚ ਸਹਿਯੋਗ ਅਤੇ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ, ਨਸ਼ੇ ਵਾਲੇ ਪਦਾਰਥਾਂ ਨਾਲ ਜੁੜੇ ਅੱਤਵਾਦ ਅਤੇ ਸੰਗਠਿਤ ਅਪਰਾਧ ਵਰਗੀਆਂ ਗੰਭੀਰ ਸਮੱਸਿਆਵਾਂ ਨਾਲ ਨਜਿੱਠਣ ਲਈ ਇਕ ਨਵਾਂ ਤੰਤਰ ਕਾਇਮ ਕਰਨ ’ਤੇ ਸਹਿਮਤੀ ਬਣੀ। ਬਾਅਦ ’ਚ ਆਪਣੀ ਪ੍ਰੈੱਸ ਕਾਨਫਰੰਸ ’ਚ ਟਰੰਪ ਨੇ ਕਿਹਾ ਕਿ ਪਾਕਿਸਤਾਨ ’ਚ ਜੋ ਹੋ ਰਿਹਾ ਹੈ, ਉਸ ਨੂੰ ਸਾਰਾ ਵਿਸ਼ਵ ਜਾਣਦਾ ਹੈ ਅਤੇ ਅਸੀਂ ਪਾਕਿਸਤਾਨ ’ਤੇ ਦਬਾਅ ਬਣਾਉਣ ਦਾ ਯਤਨ ਕਰ ਰਹੇ ਹਾਂ। ਉਨ੍ਹਾਂ ਨੇ ਮੋਦੀ ਦੇ ਰਾਜ ’ਚ ਸਭ ਨੂੰ ਧਾਰਮਿਕ ਆਜ਼ਾਦੀ ਦਾ ਵਰਣਨ ਕੀਤਾ ਅਤੇ ਭਾਰਤ ਦੇ ਨਾਲ ਕਾਰੋਬਾਰ ’ਚ ਅਸੰਤੁਲਨ ਬਾਰੇ ਉਨ੍ਹਾਂ ਨੇ ਕਿਹਾ ਕਿ ਭਾਰਤ ਜ਼ਿਆਦਾ ਦਰਾਮਦ ਡਿਊਟੀ ਵਸੂਲ ਕਰ ਰਿਹਾ ਹੈ। ਭਾਰਤ ਦੀ ਯਾਤਰਾ ’ਤੇ ਆਉਣ ਤੋਂ ਪਹਿਲਾਂ ਟਰੰਪ ਨੇ ਨਰਿੰਦਰ ਮੋਦੀ ਨੂੰ ‘ਟਫ ਨੈਗੋਸ਼ੀਏਟਰ’ ਦੱਸਿਆ ਸੀ, ਜਦਕਿ ਅਸਲ ’ਚ ਡੋਨਾਲਡ ਟਰੰਪ ਵੀ ਉਹੋ ਜਿਹੇ ਹੀ ਹਨ। ਲਿਹਾਜ਼ਾ ਉਨ੍ਹਾਂ ਦੇ ਇਸ ਦੌਰੇ ਨਾਲ ਭਾਰਤ ਨੂੰ ਕੁਝ ਜ਼ਿਆਦਾ ਹਾਸਲ ਹੋਣ ਦੀ ਆਸ ਕਰਨਾ ਬੇਕਾਰ ਹੀ ਸੀ। ਪਰ ਕਿਉਂਕਿ ਇਸ ਸਾਲ ਦੇ ਅਖੀਰ ’ਚ ਅਮਰੀਕਾ ’ਚ ਰਾਸ਼ਟਰਪਤੀ ਦੀਆਂ ਚੋਣਾਂ ਹੋਣ ਵਾਲੀਆਂ ਹਨ ਅਤੇ ਅਮਰੀਕਾ ’ਚ ਰਹਿਣ ਵਾਲੇ 40 ਲੱਖ ਭਾਰਤੀ ਚੋਣਾਂ ’ਚ ਵੱਡੀ ਭੂਮਿਕਾ ਨਿਭਾਉਂਦੇ ਹਨ, ਲਿਹਾਜ਼ਾ ਟਰੰਪ ਨੇ ਕੁਝ ਸਮਝੌਤੇ ਰੋਕੇ ਹੋਏ ਹਨ, ਜਿਨ੍ਹਾਂ ’ਤੇ ਸ਼ਾਇਦ ਉਹ ਇਸ ਸਾਲ ਕਿਸੇ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕੀ ਦੌਰੇ ’ਤੇ ਦਸਤਖਤ ਕਰ ਸਕਦੇ ਹਨ ਤਾਂ ਕਿ ਉਥੇ ਰਹਿਣ ਵਾਲੇ ਭਾਰਤੀਆਂ ਨੂੰ ਪ੍ਰਭਾਵਿਤ ਕਰ ਸਕਣ। ਸਿੱਟੇ ਵਜੋਂ ਇਸ ਦੌਰੇ ਨਾਲ ਜਿਥੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਨਵਾਂ ਅਾਯਾਮ ਮਿਲਿਆ ਹੈ, ਉਥੇ ਹੀ ਇਸ ਨਾਲ ਡੋਨਾਲਡ ਟਰੰਪ ਨੂੰ ਚੋਣਾਂ ’ਚ ਸਿਆਸੀ ਲਾਭ ਵੀ ਮਿਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

–ਵਿਜੇ ਕੁਮਾਰ\\\


Bharat Thapa

Content Editor

Related News