‘ਵਿਜੇਦਸ਼ਮੀ’ ਤਿਉਹਾਰ ਅਤੇ ‘ਗਰਬਾ’ ਦੇ ਦੌਰਾਨ ਵੀ ਹੋਈਆਂ ਦੁਖਦਾਈ ਘਟਨਾਵਾਂ

Friday, Oct 07, 2022 - 03:51 AM (IST)

‘ਵਿਜੇਦਸ਼ਮੀ’ ਤਿਉਹਾਰ ਅਤੇ ‘ਗਰਬਾ’ ਦੇ ਦੌਰਾਨ ਵੀ ਹੋਈਆਂ ਦੁਖਦਾਈ ਘਟਨਾਵਾਂ

ਦੇਸ਼ ’ਚ ਇਸ ਸਮੇਂ ਤਿਉਹਾਰਾਂ ਦਾ ਮਹੀਨਾ ਚੱਲ ਰਿਹਾ ਹੈ। ਹਾਲ ਹੀ ’ਚ ਗਣੇਸ਼ ਉਤਸਵ ਅਤੇ ਨਰਾਤਿਆਂ ਤੋਂ ਬਾਅਦ ਵਿਜੇਦਸ਼ਮੀ ਦਾ ਪਵਿੱਤਰ ਤਿਉਹਾਰ ਸੰਪੰਨ ਹੋਇਆ ਹੈ। ਖੁਸ਼ੀ ਦੇ ਇਸ ਤਿਉਹਾਰ ’ਤੇ ਵੱਖ-ਵੱਖ ਕਾਰਨਾਂ ਨਾਲ ਹੋਣ ਵਾਲੀਆਂ ਦੁਖਦਾਈ ਘਟਨਾਵਾਂ ਖੁਸ਼ੀ ਨੂੰ ਗਮੀ ’ਚ ਬਦਲ  ਰਹੀਆਂ ਹਨ। ਇਨ੍ਹਾਂ ’ਚੋਂ ਹੋਈਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ : 

* 2 ਅਕਤੂਬਰ ਨੂੰ ਭਦੋਹੀ (ਉੱਤਰ ਪ੍ਰਦੇਸ਼) ’ਚ ਦੁਰਗਾ ਪੂਜਾ ਪੰਡਾਲ ’ਚ ਭਿਆਨਕ ਅੱਗ ਲੱਗ ਜਾਣ ਨਾਲ 8 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 42 ਨੂੰ ਗੰਭੀਰ ਹਾਲਤ ’ਚ ਵਾਰਾਣਸੀ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ। 
* 4 ਅਕਤੂਬਰ ਰਾਤ ਨੂੰ ਇੰਦੌਰ (ਮੱਧ ਪ੍ਰਦੇਸ਼) ਦੇ ਮਾਂ ਸ਼ਾਰਧਾ ਨਗਰ ’ਚ ਇਕ ਹੈਰਾਨ ਕਰਨ ਵਾਲੀ ਘਟਨਾ ’ਚ ਆਪਣੀ ਮਾਂ ਦੀ ਗੋਦ ’ਚ ਬੈਠ ਕੇ ਗਰਬਾ ਦੇਖ ਰਹੀ 11 ਸਾਲਾ ਬੱਚੀ ਦੇ ਸਿਰ ’ਚ ਅਚਾਨਕ ਗੋਲੀ ਲੱਗ ਜਾਣ ਨਾਲ ਉਸ ਦੀ ਮੌਤ ਹੋ ਗਈ। 
* 5 ਅਕਤੂਬਰ ਨੂੰ ਬੇਗੂਸਰਾਏ ’ਚ ਦੁਰਗਾ ਪੂਜਾ ਤੋਂ ਬਾਅਦ ਸਾਮਾਨ ਨੂੰ ਜਲ ਪ੍ਰਵਾਹ ਕਰਨ ਲਈ ਲਿਜਾਂਦੇ ਸਮੇਂ 2 ਮੋਟਰਸਾਈਕਲ ਸਵਾਰ ਚਚੇਰੇ ਭਰਾਵਾਂ ਨੂੰ ਤੇਜ਼ ਰਫਤਾਰ ਟਰੱਕ ਨੇ ਦਰੜ ਦਿੱਤਾ, ਜਿਸ ਨਾਲ ਦੋਵਾਂ ਦੀ ਮੌਤ ਹੋ ਗਈ। 
* 5 ਅਕਤੂਬਰ ਨੂੰ ਹੀ ਪੱਛਮੀ ਬੰਗਾਲ ਦੇ ਜਲਪਾਈਗੁੜੀ ’ਚ ਮੂਰਤੀ ਵਿਸਰਜਨ ਦੇ ਸਮੇਂ ਅਚਾਨਕ ਆਏ ਹੜ੍ਹ ’ਚ 8 ਵਿਅਕਤੀਆਂ ਦੀ ਮੌਤ ਹੋ ਗਈ।
* 5 ਅਕਤੂਬਰ ਨੂੰ ਰਾਜਸਥਾਨ ’ਚ ਅਜਮੇਰ ਦੇ ਨਸੀਰਾਬਾਦ ਦੇ ਨਾਂਦਲਾ ਪਿੰਡ ’ਚ 6 ਲੋਕਾਂ ਦੀ ਮਾਤਾ ਦੀ ਮੂਰਤੀ ਵਿਸਰਜਨ ਦੌਰਾਨ ਡੂੰਘੇ ਪਾਣੀ ਵਾਲੀ ਖਾਈ ’ਚ ਉਤਰਨ ਦੇ ਕਾਰਨ ਡੁੱਬ ਜਾਣ ਨਾਲ ਮੌਤ ਹੋ ਗਈ। 
* 5 ਅਕਤੂਬਰ ਨੂੰ ਹੀ ਚਿਤੌੜਗੜ੍ਹ ’ਚ 3 ਅਤੇ ਧੌਲਪੁਰ ’ਚ ਮੂਰਤੀ ਵਿਸਰਜਨ ਦੌਰਾਨ ਪਾਣੀ ’ਚ ਡੁੱਬਣ ਨਾਲ 1 ਬੱਚੇ ਦੀ ਜਾਨ ਚਲੀ ਗਈ। 
* 5 ਅਕਤੂਬਰ ਨੂੰ ਹੀ ਯਮੁਨਾ ਨਗਰ (ਹਰਿਆਣਾ) ਸਥਿਤ ਮਾਡਲ ਟਾਊਨ ਦੀ ਦੁਸਹਿਰਾ ਗਰਾਊਂਡ ’ਚ ਰਾਵਣ ਨੂੰ ਸਾੜਣ ਦੇ ਦੌਰਾਨ ਸੜਦਾ ਹੋਇਆ ਰਾਵਣ ਦਾ ਪੁਤਲਾ ਲੋਕਾਂ ਦੇ ਨੇੜੇ ਆ ਡਿੱਗਾ। 

ਸਰਕਾਰ ਵੱਲੋਂ ਅਜਿਹੇ ਤਿਉਹਾਰਾਂ ਆਦਿ ’ਤੇ ਕਿਸੇ ਕਿਸਮ ਦੀ ਅਣਹੋਣੀ ਘਟਨਾ ਨੂੰ ਰੋਕਣ ਲਈ ਕੀਤੇ ਜਾਣ ਵਾਲੇ ‘ਪ੍ਰਬੰਧਾਂ’ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਕਿਸੇ ਹੱਦ ਤੱਕ ਪ੍ਰਬੰਧਕੀ ਘਾਟਾਂ ਅਤੇ ਲੋਕਾਂ ਦੀ ਲਾਪ੍ਰਵਾਹੀ ਦਾ ਹੀ ਨਤੀਜਾ ਹਨ। ਖੁਸ਼ੀ ਅਤੇ ਉਤਸ਼ਾਹ ਦੇ ਤਿਉਹਾਰਾਂ ਦਾ ਇਸ ਤਰ੍ਹਾਂ ਸੋਗ ਤਿਉਹਾਰ ’ਚ ਬਦਲ ਜਾਣਾ ਬੜਾ ਹੀ ਦੁਖਦਾਈ ਹੈ ਪਰ ਇਸ ਦੇ ਲਈ ਸਾਡੀ ਜਲਦਬਾਜ਼ੀ, ਕਾਹਲੀ, ਸਭ ਕੁਝ ਫਟਾਫਟ ਨਿਪਟਾਉਣ ਦੀ ਪ੍ਰਵਿਰਤੀ ਹੀ ਜ਼ਿੰਮੇਵਾਰ ਹੈ, ਜਦਕਿ ਅਜਿਹੇ ਆਯੋਜਨਾਂ ’ਚ ਜੋਸ਼ ਦੇ ਨਾਲ-ਨਾਲ ਹੋਸ਼ ਅਤੇ ਖੁਦ ’ਤੇ ਕਾਬੂ ਤੇ ਹੌਸਲਾ ਰੱਖਣਾ ਬੜਾ ਜ਼ਰੂਰੀ ਹੈ।     

-ਵਿਜੇ ਕੁਮਾਰ


author

Mukesh

Content Editor

Related News