ਮਰੀਜ਼ ਦੀ ਜ਼ਿੰਦਗੀ ਬਚਾਉਣ ਲਈ ਡਾ. ਗੋਵਿੰਦ ਨੰਦਕੁਮਾਰ ਨੇ ਲਗਾਈ 3 ਕਿਲੋਮੀਟਰ ਦੌੜ

Wednesday, Sep 14, 2022 - 03:25 AM (IST)

ਮਰੀਜ਼ ਦੀ ਜ਼ਿੰਦਗੀ ਬਚਾਉਣ ਲਈ ਡਾ. ਗੋਵਿੰਦ ਨੰਦਕੁਮਾਰ ਨੇ ਲਗਾਈ 3 ਕਿਲੋਮੀਟਰ ਦੌੜ

ਸਮਾਜ ’ਚ ਡਾਕਟਰੀ ਨੂੰ ਇਕ ਆਦਰਸ਼ ਪੇਸ਼ਾ ਮੰਨਿਆ ਜਾਂਦਾ ਹੈ ਅਤੇ ਡਾਕਟਰ ਨੂੰ ਧਰਤੀ ’ਤੇ ਭਗਵਾਨ ਦੇ ਰੂਪ ’ਚ ਦੇਖਿਆ ਜਾਂਦਾ ਹੈ ਅਤੇ ਅੱਜ ਵੀ ਦੇਸ਼ ’ਚ ਅਜਿਹੇ ਡਾਕਟਰ ਮੌਜੂਦ ਹਨ, ਜੋ ਮਰੀਜ਼ ਦੀ ਜ਼ਿੰਦਗੀ ਬਚਾਉਣ ਲਈ ਕੁਝ ਵੀ ਕਰ ਗੁਜ਼ਰਨ ਨੂੰ ਤਿਆਰ ਰਹਿੰਦੇ ਹਨ। ਅਜਿਹੀ ਹੀ ਇਕ ਉਦਾਹਰਣ ਹਾਲ ਹੀ ’ਚ ਬੇਂਗਲੁਰੂ ਦੇ ‘ਮਣੀਪਾਲ ਹਸਪਤਾਲ’ ’ਚ ਗੈਸਟ੍ਰੋਐਂਟ੍ਰਾਲਾਜੀ ਦੇ ਸਰਜਨ ਡਾ. ਗੋਵਿੰਦ ਨੰਦਕੁਮਾਰ ਨੇ ਪੇਸ਼ ਕੀਤੀ। ਉਸ ਦਿਨ ਇਕ ਔਰਤ ਰੋਗੀ ਦੀ ਐਮਰਜੈਂਸੀ ਸਰਜਰੀ ਕਰਨ ਲਈ ਉਹ ਕਾਰ ਰਾਹੀਂ ਸਮੇਂ ’ਤੇ ਘਰੋਂ ਨਿਕਲੇ ਅਤੇ ਹਸਪਤਾਲ ’ਚ ਉਨ੍ਹਾਂ ਦੀ ਟੀਮ ਆਪ੍ਰੇਸ਼ਨ ਦੀ ਤਿਆਰੀ ਪੂਰੀ ਕਰ ਚੁੱਕੀ ਸੀ ਪਰ ਹਸਪਤਾਲ ਤੋਂ 3 ਕਿ. ਮੀ. ਪਹਿਲਾਂ ਹੀ ਉਹ ਭਾਰੀ ਮੀਂਹ ਅਤੇ ਪਾਣੀ ਭਰ ਜਾਣ ਕਾਰਨ ਲੰਬੇ ਟ੍ਰੈਫਿਕ ਜਾਮ ’ਚ ਫਸ ਗਏ। 

ਜਾਮ ’ਚੋਂ ਨਿਕਲਣ ਦੀ ਕੋਈ ਸੂਰਤ ਨਜ਼ਰ ਨਾ ਆਉਣ ਅਤੇ ਆਪ੍ਰੇਸ਼ਨ ਦਾ ਸਮਾਂ ਨਿਕਲਦੇ ਜਾਣ ਨਾਲ ਰੋਗੀ ਦੀ ਜਾਨ ਨੂੰ ਖਤਰਾ ਦੇਖਦੇ ਹੋਏ ਉਨ੍ਹਾਂ ਨੇ ਕਾਰ ਉੱਥੇ ਛੱਡੀ ਅਤੇ ਪਾਣੀ ਤੇ ਚਿੱਕੜ ਦੇ ਦਰਮਿਆਨ ਹੀ ਹਸਪਤਾਲ ਵੱਲ ਦੌੜ ਲਾ ਦਿੱਤੀ ਅਤੇ ਸਮੇਂ ’ਤੇ ਹਸਪਤਾਲ ਪਹੁੰਚ ਕੇ ਔਰਤ ਦਾ ਆਪ੍ਰੇਸ਼ਨ ਕਰ ਕੇ ਉਸ ਦੀ ਜਾਨ ਬਚਾ ਲਈ।  ਡਾਕਟਰ ਗੋਵਿੰਦ ਨੇ ਇਹ ਦੌੜ 45 ਮਿੰਟ ’ਚ ਤੈਅ ਕੀਤੀ। ਇਸ ਸਮੇਂ ਜਦਕਿ ਕੁਝ ਡਾਕਟਰਾਂ ਦੇ ਗਲਤ ਵਤੀਰੇ ਕਾਰਨ ਡਾਕਟਰੀ ਦਾ ਪੇਸ਼ਾ ਆਲੋਚਨਾ ਦੇ ਘੇਰੇ ’ਚ ਹੈ, ਗੋਵਿੰਦ ਨੰਦਕੁਮਾਰ ਵਰਗੇ ਡਾਕਟਰ ਭੌਤਿਕਵਾਦੀ ਮਾਹੌਲ ’ਚ ਵੀ ਨਿਰਸਵਾਰਥ ਸੇਵਾ ਭਾਵਨਾ ਦੀ ਮਸ਼ਾਲ ਰੌਸ਼ਨ ਕਰ ਰਹੇ ਹਨ।

ਵਰਨਣਯੋਗ ਹੈ ਕਿ ਪਾਚਨ ਸਬੰਧੀ ਤਕਲੀਫਾਂ ਦੇ ਮਾਹਿਰ ਡਾ. ਨੰਦਕੁਮਾਰ ਪਿਛਲੇ 18 ਸਾਲਾਂ ਤੋਂ ਗੰਭੀਰ ਆਪ੍ਰੇਸ਼ਨ ਕਰਦੇ ਆ ਰਹੇ ਹਨ ਅਤੇ ਹੁਣ ਤੱਕ 1000 ਤੋਂ ਵੱਧ ਆਪ੍ਰੇਸ਼ਨ ਸਫਲਤਾਪੂਰਵਕ ਕਰ ਚੁੱਕੇ ਹਨ। ਜੇਕਰ ਸਾਡੇ ਡਾਕਟਰ ਇਸ ਤਰ੍ਹਾਂ ਦੀ ਸੇਵਾ ਭਾਵਨਾ ਆਪਣਾ ਲੈਣ ਤਾਂ ਦੇਸ਼ ਦੀਆਂ ਸਿਹਤ ਸੇਵਾਵਾਂ ’ਚ ਕਾਫੀ ਸੁਧਾਰ ਹੋ ਸਕਦਾ ਹੈ। ਅਸਲ ’ਚ ਅਜਿਹੇ ਹੀ ਲੋਕ ‘ਧਰਤੀ ਦੇ ਭਗਵਾਨ’ ਅਖਵਾਉਣ ਦੇ ਪਾਤਰ ਹਨ। ‘ਅਭੀ ਕੁਛ ਲੋਗ ਬਾਕੀ ਹੈਂ ਜਹਾਂ ਮੇਂ।’

-ਵਿਜੇ ਕੁਮਾਰ


author

Mukesh

Content Editor

Related News