ਰਸੂਖ਼ਦਾਰ ਕੈਦੀਅਾਂ ਦੀ ਐਸ਼ਗਾਹ ਬਣ ਚੁੱਕੀ ਹੈ ਤਿਹਾੜ ਜੇਲ

01/14/2019 7:40:57 AM

ਦੱਖਣੀ ਏਸ਼ੀਆ ਦੀ ਸਭ ਤੋਂ ਵੱਡੀ ਅਤੇ ਦੇਸ਼ ਦੀ ਸਭ ਤੋਂ ਸੁਰੱਖਿਅਤ ਮੰਨੀ ਜਾਣ ਵਾਲੀ ਤਿਹਾੜ ਜੇਲ ਦੇਸ਼ ਦੇ ਕੁਝ ਸਭ ਤੋਂ ਖਤਰਨਾਕ ਕੈਦੀਅਾਂ ਤੋਂ ਲੈ ਕੇ ਸਮੇਂ-ਸਮੇਂ ’ਤੇ ਆਪਣੇ ਹਾਈ-ਪ੍ਰੋਫਾਈਲ ਕੈਦੀਅਾਂ ਤਕ ਨੂੰ ਲੈ ਕੇ ਵੀ ਸੁਰਖ਼ੀਅਾਂ ’ਚ ਰਹੀ ਹੈ। ਜਨਕਪੁਰੀ ਤੋਂ ਕਰੀਬ 3 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਦਿੱਲੀ ਦੇ ਸਭ ਤੋਂ ਪੁਰਾਣੇ ਪਿੰਡਾਂ ’ਚੋਂ ਇਕ ਤਿਹਾੜ ਪਿੰਡ ’ਚ ਸਥਿਤ ਤਿਹਾੜ ਜੇਲ ਨੂੂੰ ਇਕ ‘ਸੁਧਾਰ ਘਰ’ ਦੇ ਤੌਰ ’ਤੇ ਸਥਾਪਿਤ ਕੀਤਾ ਗਿਆ ਹੈ, ਜਿਸ ਦਾ ਮਕਸਦ ਕੈਦੀਅਾਂ ਨੂੰ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਸਮਾਜ ਦੀ ਮੁੱਖ ਧਾਰਾ ’ਚ ਪਰਤਣ ਵਿਚ ਮਦਦ ਕਰਨਾ ਸੀ। 
ਕੈਦੀਅਾਂ ਦੇ ਸੁਧਾਰ ਅਤੇ ਕਲਿਆਣ ਲਈ ਜੇਲ ’ਚ ਕੁਝ ਇਕ ਚੰਗੇ ਕੰਮ ਹੋਏ ਹਨ ਪਰ ਹਾਲੀਆ ਦਿਨਾਂ ’ਚ ਇਹ ਕਿਸੇ ਨਾ ਕਿਸੇ ਗਲਤ ਕਾਰਨਾਂ ਕਰਕੇ ਸੁਰਖੀਅਾਂ ’ਚ ਰਹਿਣ ਲੱਗੀ ਹੈ। ਇਕ ਪਾਸੇ ਕੈਦੀ ਭੇਦਭਾਵ ਅਤੇ ਮੁਢਲੀਅਾਂ ਸਹੂਲਤਾਂ ਦੀ ਕਮੀ ਦੀਅਾਂ ਸ਼ਿਕਾਇਤਾਂ ਤਕ ਕਰਦੇ ਰਹੇ ਹਨ ਤਾਂ ਦੂਜੇ ਪਾਸੇ ਹਾਲ ਹੀ ’ਚ ਤਿਹਾੜ ਵਿਚ ਬੰਦ ਕੈਦੀਅਾਂ ਦੀ ਫੋਨ ’ਤੇ ਗੱਲਬਾਤ ਦੀ ਲੀਕ ਹੋਈ ਰਿਕਾਰਡਿੰਗਜ਼ ਤੋਂ ਖੁਲਾਸਾ ਹੋਇਆ ਹੈ ਕਿ ਕਿਸ ਤਰ੍ਹਾਂ ਪੈਸੇ ਦੇ ਦਮ ’ਤੇ ਦਬੰਗ ਅਤੇ ਹਾਈ-ਪ੍ਰੋਫਾਈਲ ਕੈਦੀ ਤਿਹਾੜ ਜੇਲ ’ਚ ਐਸ਼ ਹੀ ਨਹੀਂ ਕਰਦੇ,  ਹਰ ਸੁੱਖ-ਸਹੂਲਤ ਉਨ੍ਹਾਂ ਦੀ ਪਹੁੰਚ ’ਚ ਰਹਿੰਦੀ ਹੈ। 
9000 ਕੈਦੀਅਾਂ ਦੀ ਸਮਰੱਥਾ ਦੇ ਬਾਵਜੂਦ ਮੌਜੂਦਾ ਸਮੇਂ 50,000 ਤੋਂ ਵੱਧ ਕੈਦੀਅਾਂ ਵਾਲੀ ਇਸ ਜੇਲ ’ਚ ਤਿੰਨ ਪੱਧਰੀ ਸੁਰੱਖਿਆ ਵਿਵਸਥਾ ਹੈ, ਜਿਸ ਨੂੰ ਸੀ. ਆਰ. ਪੀ. ਐੱਫ., ਆਈ. ਟੀ. ਬੀ. ਪੀ. ਅਤੇ ਤਾਮਿਲਨਾਡੂ ਪੁਲਸ ਸੰਭਾਲਦੀ ਹੈ ਪਰ ਇਸ ਸਾਰੀ ਸੁਰੱਖਿਆ ਵਿਵਸਥਾ ਦੇ ਬਾਵਜੂਦ ਤਿਹਾੜ ਜੇਲ ’ਚ ਬੰਦ ਗਿਰੋਹ ਸਰਗਣੇ, ਵੱਡੇ ਬਦਮਾਸ਼ ਅਤੇ ਹਾਈ-ਪ੍ਰੋਫਾਈਲ ਕੈਦੀ ਦੌਲਤ, ਤਾਕਤ ਅਤੇ ਪਹੁੰਚ ਦੇ ਬਲ ’ਤੇ ਪੂਰੀ ਐਸ਼ ਕਰ ਰਹੇ ਹਨ। ਇਨ੍ਹਾਂ ਕੈਦੀਅਾਂ ਨੂੰ ਪੈਸੇ ਦੇ ਦਮ ’ਤੇ ਹਰ ਉਹ ਚੀਜ਼ ਆਸਾਨੀ ਨਾਲ ਹਾਸਲ ਹੋ ਜਾਂਦੀ ਹੈ, ਜਿਨ੍ਹਾਂ ਦੀ ਇਨ੍ਹਾਂ ਨੂੰ ਇੱਛਾ ਹੁੰਦੀ ਹੈ। 
ਮੋਬਾਇਲ ਫੋਨ ਦੀ ਮਦਦ ਨਾਲ ਜੇਲ ’ਚ ਬੰਦ ਹੋਣ ਦੇ ਬਾਵਜੂਦ ਉਹ ਵਸੂਲੀ ਅਤੇ ਹੋਰ ਗੈਰ-ਕਾਨੂੰਨੀ ਧੰਦਿਅਾਂ ਨੂੰ ਅੰਜਾਮ ਦੇ ਰਹੇ ਹਨ। ਜੇਲ ’ਚ ਸਮੇਂ-ਸਮੇਂ ’ਤੇ ਛਾਪਿਅਾਂ ਦੌਰਾਨ ਮਹਿੰਗੇ ਤੋਂ ਮਹਿੰਗੇ ਮੋਬਾਇਲ ਫੋਨ ਬਰਾਮਦ ਹੁੰਦੇ ਰਹੇ ਹਨ। ਫੋਨ ’ਤੇ ਹੀ ਕੈਦੀ ਆਪਣੇ ਘਰ ਵਾਲਿਅਾਂ ਅਤੇ ਦੋਸਤਾਂ ਹੀ ਨਹੀਂ, ਆਪਣੇ ਗਿਰੋਹ ਦੇ ਮੈਂਬਰਾਂ ਨਾਲ ਸੰਪਰਕ ’ਚ ਰਹਿ ਕੇ ਆਪਣੇ ਸਾਰੇ ਗੋਰਖ ਧੰਦਿਅਾਂ ਨੂੰ ਬੇਰੋਕ-ਟੋਕ ਚਲਾ ਰਹੇ ਹਨ। 
ਦੂਜੇ ਪਾਸੇ ਜੇਲ ’ਚ ਸਜ਼ਾ ਕੱਟ ਚੁੱਕੇ ਇਕ ਕੈਦੀ ਨੇ ਵੀ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ ਕਿ ਇਸ ਹਾਈ ਸਕਿਓਰਿਟੀ ਜੇਲ ਵਿਚ ਕੀ-ਕੁਝ ਹੋ ਰਿਹਾ ਹੈ। ਉਨ੍ਹਾਂ ਅਨੁਸਾਰ ਪੈਸਾ ਹੋਵੇ ਤਾਂ ਜੇਲ ’ਚ ਸਭ ਕੁਝ ਮਿਲ ਜਾਂਦਾ ਹੈ, ਜਿਸ ’ਚ ਸਮੈਕ, ਗਾਂਜਾ, ਤੰਬਾਕੂ ਅਤੇ ਬੀੜੀ ਸਮੇਤ ਸਭ ਕੁਝ ਸ਼ਾਮਿਲ ਹੈ। ਇਨ੍ਹਾਂ ਦੇ ਲਈ ਕੋਡ ਲੈਗੂਏਜ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਕਿ ਚਰਸ ਨੂੰ ‘ਕਾਲਰ’, ਗਾਂਜੇ ਨੂੰ ‘ਘਾਹ’ ਅਤੇ ਤੰਬਾਕੂ ਨੂੰ ‘ਢੱਕਣ’ ਕਹਿੰਦੇ ਹਨ। 
ਗੌਰਤਲਬ ਹੈ ਕਿ ਕੁਝ ਮਹੀਨੇ ਪਹਿਲਾਂ ਐਡੀਸ਼ਨਲ ਸੈਸ਼ਨ ਜੱਜ ਰਮੇਸ਼ ਕੁਮਾਰ ਨੇ ਜੇਲ ’ਚ ਛਾਪਾ ਮਾਰਨ ਤੋਂ ਬਾਅਦ ਹਾਈ ਕੋਰਟ ਨੂੰ ਸੌਂਪੀ ਆਪਣੀ ਰਿਪੋਰਟ ’ਚ ਵੀ ਤਿਹਾੜ ਦੇ ਕੈਦੀਅਾਂ ਬਾਰੇ ਕੁਝ ਅਜਿਹੇ ਹੀ ਖੁਲਾਸੇ ਕੀਤੇ ਸਨ। 
ਜੇਲ ਦੇ ਘੱਟੋ-ਘੱਟ 25 ਕੈਦੀਅਾਂ ਨੇ ਸ਼ਿਕਾਇਤ ਕੀਤੀ ਸੀ ਕਿ ਗਾਹਕਾਂ ਨਾਲ ਧੋਖਾ ਕਰਨ ਦੇ ਦੋਸ਼ਾਂ ’ਚ ਜੇਲ ਭੇਜੇ ਗਏ ਰੀਅਲ ਅਸਟੇਟ ਕੰਪਨੀ ਯੂਨੀਟੈੱਕ ਦੇ ਮੈਨੇਜਿੰਗ ਡਾਇਰੈਕਟਰ ਸੰਜੇ ਚੰਦਰਾ ਅਤੇ ਉਨ੍ਹਾਂ ਦੇ ਭਰਾ ਅਜੈ ਆਪਣੀ ਹਾਈ ਸਕਿਓਰਿਟੀ ਕੋਠੜੀ ’ਚ ਪੂਰੇ ਐਸ਼ੋ-ਆਰਾਮ ਨਾਲ ਰਹਿ ਰਹੇ ਹਨ ਅਤੇ ਜੇਲ ਅਫਸਰਾਂ ਦੀ ਮਿਲੀਭੁਗਤ ਨਾਲ ਉਨ੍ਹਾਂ ਦੇ ਕੋਲ ਹਰ ਸੁੱਖ-ਸਹੂਲਤਾਂ ਦੀ ਚੀਜ਼ ਪਹੁੰਚ ਰਹੀ ਹੈ। ਇਸ ’ਤੇ ਰਮੇਸ਼ ਕੁਮਾਰ ਨੇ ਸਤੰਬਰ ’ਚ ਤਿਹਾੜ ’ਚ ਛਾਪੇਮਾਰੀ ਕਰਨ ਤੋਂ ਬਾਅਦ ਦਿੱਲੀ ਹਾਈ ਕੋਰਟ ਨੂੰ ਰਿਪੋਰਟ ਸੌਂਪੀ ਸੀ।
ਇਸ ਰਿਪੋਰਟ ’ਚ ਉਨ੍ਹਾਂ ਚੀਜ਼ਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ, ਜੋ ਸੰਜੇ ਅਤੇ ਅਜੈ ਦੇ ਕਮਰੇ ’ਚ ਛਾਪੇ ਦੌਰਾਨ ਮਿਲੀਅਾਂ ਸਨ। ਪਤਾ ਲੱਗਾ ਕਿ ਦੋਹਾਂ ਭਰਾਵਾਂ ਲਈ ਜੇਲ ਦੀ ਕੋਠੜੀ ਕਿਸੇ ਲਗਜ਼ਰੀ ਹੋਟਲ ਤੋਂ ਘੱਟ ਨਹੀਂ, ਜਿੱਥੇ ਐੱਲ. ਈ. ਡੀ. ਟੀ. ਵੀ., ਸੋਫਾ, ਨਾਰੀਅਲ ਪਾਣੀ, ਬੋਤਲਬੰਦ ਪਾਣੀ, ਸੀਲਿੰਗ ਫੈਨ, ਕੱਪੜਿਅਾਂ ਨਾਲ ਭਰੇ ਬੈਗ, ਅਚਾਰ, ਘੜੀਅਾਂ ਸਮੇਤ ਵੱਖ-ਵੱਖ ਕਿਸਮ ਦੀਅਾਂ ਪਾਬੰਦੀਸ਼ੁਦਾ ਚੀਜ਼ਾਂ ਮਿਲੀਅਾਂ। ਉਨ੍ਹਾਂ ਨੂੰ ਇਕ ਵਿਸ਼ੇਸ਼ ਕਮਰੇ ’ਚ ਕੰਪਿਊਟਰ, ਪ੍ਰਿੰਟਰ, ਇੰਟਰਨੈੱਟ ਅਤੇ ਮੋਬਾਇਲ ਫੋਨ ਦੀਅਾਂ ਸਹੂਲਤਾਂ ਵੀ ਮੁਹੱਈਆ ਕਰਵਾਈਅਾਂ ਗਈਅਾਂ ਸਨ। 
ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਕੇਂਦਰ ਸਰਕਾਰ ਨੂੰ ਝਾੜ ਪਾਈ ਸੀ ਕਿ ਕੀ ਤਿਹਾੜ ਜੇਲ ’ਚ ਸ਼ਾਸਨ ਦੀ ਕੋਈ ਸਮਾਨਾਂਤਰ ਵਿਵਸਥਾ ਚੱਲ ਰਹੀ ਹੈ? ਕੀ ਜੇਲ ’ਚ ਬੰਦ ਇਨ੍ਹਾਂ ਲੋਕਾਂ ਕੋਲ ਵਿਸ਼ੇਸ਼ ਅਧਿਕਾਰ ਹਨ? ਇਹ ਲੋਕ ਟੀ. ਵੀ. ਦੇਖ ਰਹੇ ਹਨ, ਉਹ ਸੋਫੇ ’ਤੇ ਬੈਠਦੇ ਹਨ, ਰੱਬ ਜਾਣੇ ਉਹ ਕਿਹੜੀ-ਕਿਹੜੀ ਚੀਜ਼ ਦਾ ਆਨੰਦ ਲੈ ਰਹੇ ਹੋਣਗੇ? ਸੁਪਰੀਮ ਕੋਰਟ ਨੇ ਸਰਕਾਰ ਨੂੰ ਜੇਲ ਅਧਿਕਾਰੀਅਾਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਕਿਹਾ ਸੀ। 
ਪਰ ਜਿਸ ਤਰ੍ਹਾਂ ਦੇ ਖੁਲਾਸੇ ਤਿਹਾੜ ਜੇਲ ਦੇ ਫੋਨ ਕਾਲਜ਼ ਦੀ ਰਿਕਾਰਡਿੰਗ ਤੋਂ ਹੋਏ ਹਨ, ਉਨ੍ਹਾਂ ਤੋਂ ਨਹੀਂ ਲੱਗਦਾ ਕਿ ਤਿਹਾੜ ਜੇਲ ’ਚ ਰਸੂਖ਼ਦਾਰ ਕੈਦੀਅਾਂ ਦੀਅਾਂ ਸੁੱਖ-ਸਹੂਲਤਾਂ ਤਕ ਪਹੁੰਚ ’ਤੇ ਅਜੇ ਤਕ ਕਿਸੇ ਤਰ੍ਹਾਂ ਦੀ ਲਗਾਮ ਲਗਾਈ ਜਾ ਸਕਦੀ ਹੈ। 


Related News