ਇਹ ਹਨ ਸਾਡੇ ਸਰਕਾਰੀ ਹਸਪਤਾਲਾਂ ਦੇ ਹਾਲ ਡਾਕਟਰਾਂ ਤੇ ਹੋਰ ਮੁਲਾਜ਼ਮਾਂ ਦੀ ਲਾਪਰਵਾਹੀ ਦੇ ਕੁਝ ਨਮੂਨੇ

11/01/2018 6:39:32 AM

 ਲੋਕਾਂ ਨੂੰ ਸਸਤੀ, ਮਿਆਰੀ ਸਿੱਖਿਆ ਤੇ ਇਲਾਜ, ਪੀਣ ਵਾਲਾ ਸਾਫ-ਸੁਥਰਾ ਪਾਣੀ ਤੇ ਲਗਾਤਾਰ ਬਿਜਲੀ ਮੁਹੱਈਆ ਕਰਵਾਉਣਾ ਕੇਂਦਰ ਤੇ ਸੂਬਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਪਰ ਇਹ ਦੋਵੇਂ  ਹੀ ਇਸ ’ਚ ਸਫਲ  ਨਹੀਂ ਹੋਈਆਂ। ਇਸੇ ਲਈ ਸਰਕਾਰੀ ਹਸਪਤਾਲਾਂ ’ਚ ਇਲਾਜ ਕਰਵਾਉਣ ਤੇ ਸਰਕਾਰੀ ਸਕੂਲਾਂ ’ਚ ਆਪਣੇ ਬੱਚਿਆਂ ਨੂੰ ਪੜ੍ਹਾਉਣ ਤੋਂ ਆਮ ਆਦਮੀ ਝਿਜਕਦਾ ਹੈ। ਇਥੇ ਪੇਸ਼ ਹਨ ਹਸਪਤਾਲਾਂ ’ਚ ਸਬੰਧਤ ਸਟਾਫ ਦੀ ਲਾਪ੍ਰਵਾਹੀ ਦੀਆਂ ਕੁਝ ਮਿਸਾਲਾਂ :
* 08 ਅਕਤੂਬਰ ਨੂੰ ਦਿੱਲੀ ਦੇ ਸਰਕਾਰੀ ਹੈਡਗੇਵਾਰ ਹਸਪਤਾਲ ’ਚ ਦਾਖਲ ਮਰੀਜ਼ ਨੇ ਜਦੋਂ ਛਾਤੀ ’ਚ ਭਾਰੀ ਦਰਦ ਦੀ ਸ਼ਿਕਾਇਤ ਕੀਤੀ ਤਾਂ ਹਸਪਤਾਲ ਵਾਲਿਆਂ ਨੇ ਉਸ ਨੂੰ ਫਾਰਮੇਸੀ ਤੋਂ ਆਪਣੇ ਲਈ ਖੁਦ ਦਵਾਈਆਂ ਲਿਆਉਣ ਲਈ ਭੇਜ ਦਿੱਤਾ, ਜਿਥੇ ਉਸ ਦੀ ਮੌਤ ਹੋ ਗਈ।
* 22 ਅਕਤੂਬਰ ਨੂੰ ਬਿਹਾਰ ’ਚ ਬਕਸਰ ਦੇ ਸਦਰ ਹਸਪਤਾਲ ’ਚ ਜ਼ੇਰੇ-ਇਲਾਜ ਇਕ ਜ਼ਖਮੀ ਦਾ ਡਾਕਟਰਾਂ ਨੇ ਪੈਰ ਕੱਟ ਦਿੱਤਾ ਪਰ ਕੱਟਿਆ ਪੈਰ ਸੰਭਾਲਿਆ ਨਹੀਂ ਅਤੇ ਆਪ੍ਰੇਸ਼ਨ ਥਿਏਟਰ ’ਚ ਵੜ ਕੇ ਇਕ ਅਾਵਾਰਾ ਕੁੱਤਾ ਉਸ ਨੂੰ ਚੁੱਕ ਕੇ ਲੈ ਗਿਆ।
* 25 ਅਕਤੂਬਰ ਨੂੰ ਬਿਹਾਰ ਦੇ ਸਹਰਸਾ ਦੇ ਸਦਰ ਹਸਪਤਾਲ ਦੇ ਕੰਪਲੈਕਸ ’ਚੋਂ ਇਕ ਨਵਜੰਮੇ ਬੱਚੇ ਦੀ ਲਾਸ਼ ਨੂੰ ਇਕ ਸੂਰ ਮੂੰਹ ’ਚ ਦਬਾ ਕੇ ਜੰਗਲ ’ਚ ਭੱਜ ਗਿਆ।
* 27 ਅਕਤੂਬਰ ਨੂੰ ‘ਭੋਪਾਲ ਮੈਮੋਰੀਅਲ ਹਸਪਤਾਲ ਅਤੇ ਰਿਸਰਚ ਸੈਂਟਰ’ ਦੇ ਸਟਾਫ ਨੇ ਇਕ ਹਿੰਦੂ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਕੁੰਜੂਮਨ ਨਾਮੀ ਇਕ ਈਸਾਈ ਮ੍ਰਿਤਕ ਦੀ ਲਾਸ਼ ਸੌਂਪ ਦਿੱਤੀ, ਜਿਨ੍ਹਾਂ ਨੇ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ। ਇਸ ਦਾ ਪਤਾ ਲੱਗਣ ’ਤੇ ਦੋਹਾਂ ਧਿਰਾਂ ਨੇ ਭਾਰੀ ਹੰਗਾਮਾ ਕੀਤਾ।
* 27 ਅਕਤੂਬਰ ਨੂੰ ਹੀ ਯੂ. ਪੀ.  ’ਚ ਕਾਨਪੁਰ ਦੇ ਰਸੂਲਾਬਾਦ ’ਚ ਸਥਿਤ ਕਮਿਊਨਿਟੀ ਹੈਲਥ ਸੈਂਟਰ ਤੋਂ ਇਲਾਜ ਲਈ ਇਕ ਔਰਤ ਨੂੰ ਜ਼ਿਲਾ ਮਹਿਲਾ ਹਸਪਤਾਲ ’ਚ ਰੈਫਰ ਕੀਤਾ ਗਿਆ ਪਰ ਉਥੇ ਡਿਊਟੀ ’ਤੇ ਤਾਇਨਾਤ ਮਹਿਲਾ ਡਾਕਟਰ ਦੇ ਗੈਰ-ਹਾਜ਼ਰ ਹੋਣ ਕਾਰਨ ਇਲਾਜ ਨਾ ਹੋਣ ’ਤੇ ਉਸ ਦੀ ਮੌਤ ਹੋ ਗਈ।
* 29 ਅਕਤੂਬਰ ਨੂੰ ਬਿਹਾਰ ਦੇ ਸਾਸਾਰਾਮ ’ਚ ਸਥਿਤ ਸਦਰ ਹਸਪਤਾਲ ਦੇ ‘ਪੋਸਟਮਾਰਟਮ ਹਾਊਸ’ ਨੇੜੇ ਲਾਵਾਰਿਸ ਪਈ ਬੱਚੇ ਦੀ ਲਾਸ਼ ਨੂੰ ਕੀੜੀਆਂ ਖਾਂਦੀਆਂ ਦੇਖੀਆਂ ਗਈਆਂ। 
* 29 ਅਕਤੂਬਰ ਨੂੰ ਹੀ  ਝਾਰਖੰਡ ਦੇ ਗੜ੍ਹਵਾ ਸਦਰ ਹਸਪਤਾਲ ’ਚ ਜ਼ੇਰੇ-ਇਲਾਜ ਮੁਟਿਆਰ ਨੂੰ ਸਮੇਂ ਸਿਰ ਆਕਸੀਜਨ ਨਾ ਲਾਉਣ ਕਰਕੇ ਉਸ ਦੀ ਮੌਤ ਹੋ ਗਈ। 
* 29 ਅਕਤੂਬਰ ਨੂੰ ਹੀ ਯੂ. ਪੀ. ’ਚ ਜੌਨਪੁਰ ਦੇ ਜ਼ਿਲਾ ਮਹਿਲਾ ਹਸਪਤਾਲ ’ਚ ਜਣੇਪਾ ਪੀੜ ਨਾਲ ਤੜਫਦੀ ਔਰਤ ਨੂੰ ਸਬੰਧਤ ਡਾਕਟਰ ਨੇ ਜਾਂਚ ਕੀਤੇ ਬਿਨਾਂ  ਇਹ ਕਹਿੰਦਿਆਂ ਦਾਖਲ ਕਰਨ ਤੋਂ ਮਨ੍ਹਾ ਕਰ ਦਿੱਤਾ ਕਿ ਅਜੇ ਜਣੇਪੇ ’ਚ ਸਮਾਂ ਹੈ ਪਰ  ਹਸਪਤਾਲ ਤੋਂ ਬਾਹਰ ਜਾਣ ਤੋਂ ਪਹਿਲਾਂ ਹੀ ਔਰਤ ਨੇ ਹਸਪਤਾਲ ਦੇ ਪਖਾਨੇ ’ਚ ਬੱਚੇ ਨੂੰ ਜਨਮ ਦੇ ਦਿੱਤਾ।
* 29 ਅਕਤੂਬਰ ਨੂੰ ਹੀ ਬਿਹਾਰ ’ਚ ਮਧੇਪੁਰਾ ਦੇ ਸਦਰ ਹਸਪਤਾਲ ’ਚ ਇਕ ਬੀਮਾਰ ਬੱਚੀ ਨੂੰ ਲਿਆਂਦਾ ਗਿਆ ਪਰ ਡਾਕਟਰਾਂ ਤੇ ਹੋਰ ਮੁਲਾਜ਼ਮਾਂ ਦੀ ਲਾਪ੍ਰਵਾਹੀ ਕਾਰਨ ਪਰਿਵਾਰ ਵਲੋਂ ਹਸਪਤਾਲ ’ਚ ਪਰਚੀ ਕਟਵਾਉਣ ਤੋਂ ਲੈ ਕੇ ਡਾਕਟਰ ਨੂੰ ਮਿਲਣ ਦੀ ਕੋਸ਼ਿਸ਼ ’ਚ ਹੀ ਕਈ ਘੰਟੇ ਬੀਤ ਗਏ ਅਤੇ ਇਸ ਦਰਮਿਆਨ ਬੱਚੀ ਨੇ ਦਮ ਤੋੜ ਦਿੱਤਾ।
* 30 ਅਕਤੂਬਰ ਨੂੰ ਰਾਜਸਥਾਨ ਦੇ ਉਦੈਪੁਰ ’ਚ ਸਥਿਤ ਪੰਨਾਧਾਯ ਹਸਪਤਾਲ ’ਚ  ਮੁਲਾਜ਼ਮਾਂ ਦੀ ਲਾਪ੍ਰਵਾਹੀ ਕਾਰਨ ਜਨਮ ਲੈਂਦਿਆਂ ਹੀ ਨਵਜੰਮਿਆ ਬੱਚਾ ਸਿੱਧਾ ਬਾਲਟੀ ’ਚ ਡਿੱਗ ਪਿਆ ਅਤੇ ਸਿਰ ’ਤੇ ਸੱਟ ਲੱਗਣ ਤੇ ਜ਼ਿਆਦਾ ਖੂਨ ਵਗ ਜਾਣ ਕਾਰਨ ਉਸ ਦੀ ਮੌਤ ਹੋ ਗਈ।
* 30 ਅਕਤੂਬਰ ਨੂੰ ਹੀ ਬਿਹਾਰ ਦੇ ਦਰਭੰਗਾ ’ਚ ਸਥਿਤ ਮੈਡੀਕਲ ਕਾਲਜ ਤੇ ਹਸਪਤਾਲ ’ਚ ਆਈ. ਸੀ. ਯੂ. ’ਚ ਦਾਖਲ ਨਵਜੰਮੇ ਬੱਚੇ ਦੇ ਹੱਥ ਤੇ ਪੈਰ ਚੂਹਿਆਂ ਵਲੋਂ ਕੁਤਰ ਦੇਣ ਨਾਲ ਬੱਚੇ ਦੀ ਦਰਦਨਾਕ ਮੌਤ ਹੋ ਗਈ।
ਇਹ ਤਾਂ ਸਿਰਫ ਉਹ ਘਟਨਾਵਾਂ ਹਨ, ਜੋ ਸਾਹਮਣੇ ਆਈਆਂ, ਇਨ੍ਹਾਂ ਤੋਂ ਇਲਾਵਾ ਵੀ ਪਤਾ ਨਹੀਂ ਕਿੰਨੀਆਂ ਅਜਿਹੀਆਂ ਘਟਨਾਵਾਂ ਹੋਈਆਂ ਹੋਣਗੀਆਂ। ਇਕ ਰਿਪੋਰਟ ਮੁਤਾਬਿਕ ਭਾਰਤ ’ਚ ਹਰ ਸਾਲ ਲਗਭਗ 50 ਲੱਖ ਲੋਕਾਂ ਦੀ ਮੌਤ ਡਾਕਟਰੀ ਲਾਪ੍ਰਵਾਹੀ ਕਾਰਨ ਹੁੰਦੀ ਹੈ ਤੇ ਇਸ ਦੀ ਵਜ੍ਹਾ ਡਾਕਟਰਾਂ ਤੇ ਨਰਸਾਂ ’ਚ ਹਸਪਤਾਲ ਲਿਆਂਦੇ ਜਾਣ ਵਾਲੇ ਮਰੀਜ਼ਾਂ ਨੂੰ ਸੰਭਾਲਣ ਦੇ ਅਮਲੀ ਗਿਆਨ ਦੀ ਘਾਟ ਹੈ।  
ਅਜਿਹੀ ਸਥਿਤੀ ’ਚ ਮਾਹਿਰਾਂ ਦਾ ਦਾਅਵਾ ਹੈ ਕਿ ਡਾਕਟਰਾਂ ਤੇ ਹਸਪਤਾਲਾਂ ਦੇ ਹੋਰਨਾਂ ਮੁਲਾਜ਼ਮਾਂ ਲਈ ਵਿਸ਼ੇਸ਼ ਕੋਰਸ ਚਲਾਉਣ ਦੀ ਲੋੜ ਹੈ, ਜੋ ਇਸ ਗੱਲ ’ਤੇ ਕੇਂਦਰਿਤ ਹੋਵੇ ਕਿ ਗੰਭੀਰ ਬੀਮਾਰ ਜਾਂ ਜ਼ਖਮੀ ਰੋਗੀ ਨੂੰ ਤੁਰੰਤ ਤੇ ਕਿਵੇਂ ਸੰਭਾਲਣਾ ਚਾਹੀਦਾ ਹੈ। 
ਕਈ ਵਾਰ ਤਾਂ ਡਾਕਟਰਾਂ ਤੋਂ ਲੈ ਕੇ ਹੇਠਲੇ ਸਟਾਫ ਤਕ ਦਾ ਰੋਗੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਵਰਤਾਓ ਬਹੁਤ ਰੁੱਖਾ ਤੇ ਅਪਰਾਧ ਵਰਗਾ ਹੁੰਦਾ ਹੈ। ਇਸ ਨੂੰ ਸੁਧਾਰਨ ਤੇ ਸਟਾਫ ਨੂੰ ਇਹ ਅਹਿਸਾਸ ਕਰਵਾਉਣ ਦੀ ਲੋੜ ਹੈ ਕਿ ਰੋਗੀਆਂ ਨਾਲ ਅਜਿਹਾ ਵਰਤਾਓ ਕਰਨਾ ਬਿਲਕੁਲ ਜਾਇਜ਼ ਨਹੀਂ।                      

–ਵਿਜੇ ਕੁਮਾਰ


Related News