‘ਪੈਟਰੋਲ ਅਤੇ ਡੀਜ਼ਲ ਦੀ ਹੋ ਰਹੀ ਚੋਰੀ’ ਜ਼ਮੀਨਦੋਜ਼ ਪਾਈਪਲਾਈਨਾਂ ਤੋਂ

06/06/2021 3:07:09 AM

ਇਕ ਪਾਸੇ ਦੇਸ਼ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰਨ ਹਾਹਾਕਾਰ ਮਚੀ ਹੋਈ ਹੈ ਤਾਂ ਦੂਜੇ ਪਾਸੇ ਤੇਲ ਕੰਪਨੀਆਂ ਦੀਆਂ ਪਾਈਪਲਾਈਨਾਂ ਤੋਂ ਤੇਲ ਚੋਰਾਂ ਦੇ ਗਿਰੋਹ ਵੱਡੇ ਪੱਧਰ ’ਤੇ ਤੇਲ ਚੋਰੀ ਕਰ ਕੇ ਉਨ੍ਹਾਂ ਨੂੰ ਕਰੋੜਾਂ ਰੁਪਇਆਂ ਦਾ ਨੁਕਸਾਨ ਪਹੁੰਚਾ ਰਹੇ ਹਨ। ਇਹ ਧੰਦਾ ਕਿੰਨਾ ਗੰਭੀਰ ਰੂਪ ਧਾਰਨ ਕਰ ਚੁੱਕਾ ਹੈ ਇਹ ਹੇਠਾਂ ਦਰਜ ਪਿਛਲੇ ਚਾਰ ਮਹੀਨਿਆਂ ਦੀਆਂ ਘਟਨਾਵਾਂ ਤੋਂ ਸਪੱਸ਼ਟ ਹੈ :

* 5 ਫਰਵਰੀ ਨੂੰ ਜਾਮਨਗਰ ਤੋਂ ਪਾਨੀਪਤ ਤੱਕ ਵਿਛੀ ‘ਇੰਡੀਅਨ ਆਇਲ ਕਾਰਪੋਰੇਸ਼ਨ’ ਦੀ ਪਾਈਪਲਾਈਨ ’ਚ ਛੇਕ ਕਰਨ ਤੋਂ ਬਾਅਦ ਉਸ ’ਚ ਵਾਲਵ ਲਗਾ ਕੇ ਰੋਜ਼ਾਨਾ ਹਜ਼ਾਰਾਂ ਲਿਟਰ ਕੱਚਾ ਤੇਲ ਚੋਰੀ ਕਰਨ ਵਾਲੇ ਮੁੰਬਈ ਅਤੇ ਗੁਜਰਾਤ ਦੇ ਮਾਫੀਆ ਗਿਰੋਹ ਦੇ ਨਾਲ ਮਿਲੀਭੁਗਤ ’ਚ ਸ਼ਾਮਲ ਰਾਜਸਥਾਨ ਦੇ ਪਾਲੀ ਜ਼ਿਲੇ ਦੇ ‘ਬਗੜੀ’ ਥਾਣੇ ਦੇ ਮੁਖੀ ਗੋਪਾਲ ਬਿਸ਼ਨੋਈ ਨੂੰ ਪੁਲਸ ਦੇ ‘ਸਪੈਸ਼ਲ ਆਪ੍ਰੇਸ਼ਨ ਗਰੁੱਪ’ ਨੇ ਫੜਿਆ।

* 8 ਫਰਵਰੀ ਨੂੰ ਹਰਿਆਣਾ ’ਚ ਰੋਹਤਕ ਦੇ ‘ਨੌਨਦ’ ਪਿੰਡ ਦੇ ਖੇਤਾਂ ਦੇ ਦਰਮਿਆਨ ਜ਼ਮੀਨ ਦੇ 4 ਫੁੱਟ ਹੇਠਾਂ ਤੋਂ ਲੰਘ ਰਹੀ ਤੇਲ ਪਾਈਪਲਾਈਨ ’ਚ 2 ਇੰਚ ਦਾ ਵਾਲਵ ਲਗਾ ਕੇ ਤੇਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

* 13 ਫਰਵਰੀ ਨੂੰ ਕੈਥਲ ਤੋਂ ਲੰਘ ਰਹੀ ‘ਇੰਡੀਅਨ ਆਇਲ ਕਾਰਪੋਰੇਸ਼ਨ’ ਦੀ ਪਾਈਪ ’ਤੇ ਅਣਪਛਾਤੇ ਵਿਅਕਤੀਆਂ ਨੇ ਵਾਲਵ ਫਿੱਟ ਕਰ ਕੇ ਤੇਲ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਰਿਫਾਈਨਰੀ ਦੇ ਕਰਮਚਾਰੀਆਂ ਨੂੰ ਇਸ ਦਾ ਪਤਾ ਲੱਗ ਗਿਆ ਅਤੇ ਉਨ੍ਹਾਂ ਨੇ ਚੋਰਾਂ ਦੀ ਕੋਸ਼ਿਸ਼ ਅਸਫਲ ਕਰ ਦਿੱਤੀ।

* 24 ਫਰਵਰੀ ਨੂੰ ਹਰਿਆਣਾ ’ਚ ਰੇਵਾੜੀ ਦੇ ‘ਭਡੰਗੀ’ ਪਿੰਡ ਦੇ ਨੇੜਿਓਂ ਲੰਘ ਰਹੀ ਪਾਈਪਲਾਈਨ ’ਚ ਸੰਨ੍ਹ ਲਗਾ ਕੇ ਚੋਰਾਂ ਨੇ ਵੱਡੀ ਮਾਤਰਾ ’ਚ ਤੇਲ ਚੋਰੀ ਕਰ ਲਿਆ।

* 9 ਮਾਰਚ ਨੂੰ ਸੀ. ਆਈ. ਏ. ਡਬਵਾਲੀ ਨੇ ‘ਬਠਿੰਡਾ ਰਿਫਾਈਨਰੀ’ ਦੀ ਪਾਈਪਲਾਈਨ ਤੋਂ ਕੱਚਾ ਤੇਲ ਚੋਰੀ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਫੜਿਆ। ਪੁੱਛਗਿੱਛ ’ਚ ਪਤਾ ਲੱਗਾ ਕਿ ਦੋਸ਼ੀਆਂ ਨੇ ਪਾਈਪਲਾਈਨ ਤੋਂ 15 ਟਨ ਤੇਲ ਚੋਰੀ ਕੀਤਾ ਸੀ।

* 24 ਮਾਰਚ ਨੂੰ ਕੌਸ਼ਾਂਬੀ ’ਚ ‘ਇੰਡੀਅਨ ਆਇਲ ਕਾਰਪੋਰੇਸ਼ਨ’ ਦੀ ਪਾਈਪਲਾਈਨ ’ਚ ਸੰਨ੍ਹ ਲਗਾ ਕੇ ਲੱਖਾਂ ਲਿਟਰ ਤੇਲ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ ਸਰਗਣਾ ਸਮੇਤ 7 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਤੇਲ ਦਾ ਟੈਂਕਰ, ਪਾਈਪਲਾਈਨ ’ਚ ਛੇਕ ਕਰ ਕੇ ਵਾਲਵ ਲਗਾਉਣ ਦਾ ਯੰਤਰ ਆਦਿ ਬਰਾਮਦ ਕੀਤੇ ਗਏ।

ਦੋਸ਼ੀਆਂ ਨੇ ਪੁੱਛਗਿੱਛ ’ਚ ਦੱਸਿਆ ਕਿ ਉਹ ਰੇਕੀ ਕਰ ਕੇ ਪਾਈਪਲਾਈਨ ਨੂੰ ਕਟਰ ਨਾਲ ਕੱਟ ਕੇ ਉਸ ’ਚ ਵਾਲਵ ਲਗਾ ਕੇ ਤੇਲ ਚੋਰੀ ਕਰਦੇ ਸਨ।

* 10 ਅਪ੍ਰੈਲ ਨੂੰ ਰੇਵਾੜੀ ’ਚ ‘ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ’ ਦੀ ਪਾਈਪਲਾਈਨ ’ਚ ਸੰਨ੍ਹ ਲਗਾ ਕੇ ਚੋਰ ਲੱਖਾਂ ਰੁਪਏ ਦਾ ਤੇਲ ਚੋਰੀ ਕਰ ਕੇ ਲੈ ਗਏ।

* 13 ਅਪ੍ਰੈਲ ਨੂੰ ਮਹਾਰਾਸ਼ਟਰ ਦੇ ਸਤਾਰਾ ਜ਼ਿਲੇ ’ਚੋਂ ਲੰਘ ਰਹੀ ਪੈਟਰੋਲ ਦੀ ਪਾਈਪਲਾਈਨ ’ਚ ਛੇਕ ਕਰ ਕੇ ਕੀਤੀ ਜਾ ਰਹੀ ਚੋਰੀ ਦੌਰਾਨ ਲੀਕ ਕਰ ਕੇ ਪੈਟਰੋਲ ਨੇੜੇ ਸਥਿਤ ਖੇਤਾਂ ਅਤੇ ਖੂਹਾਂ ਤੱਕ ਭਰ ਗਿਆ ਜਿਸ ਦੀ ਸ਼ਿਕਾਇਤ ਮਿਲਣ ’ਤੇ ਪੁਲਸ ਨੇ ਇਸ ਜਾਂਚ ਦੇ ਦੌਰਾਨ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ।

ਦੋਸ਼ੀਆਂ ਨੇ ਸਾਵਡ ਪਿੰਡ ਦੇ ਨੇੜੇ ਇਸ ਪਾਈਪਲਾਈਨ ’ਚ ਢਾਈ ਇੰਚ ਲੰਬਾ ਛੇਕ ਕਰ ਕੇ ਉਸ ’ਚ ਵਾਲਵ ਫਿੱਟ ਕਰ ਦਿੱਤਾ ਸੀ ਜਿਸ ਦੇ ਲੀਕ ਕਰ ਜਾਣ ਦੇ ਨਤੀਜੇ ਵਜੋਂ ਖੇਤਾਂ ’ਚ ਤੇਲ ਦੇ ਰਿਸਣ ਦੇ ਕਾਰਨ ਲਗਭਗ 15-20 ਏਕੜ ਜ਼ਮੀਨ ਵੀ ਖਰਾਬ ਹੋ ਗਈ।

* ਅਤੇ ਹੁਣ 4 ਜੂਨ ਨੂੰ ਮਥੁਰਾ ਰਿਫਾਈਨਰੀ ਦੀ ਜਲੰਧਰ ਪੈਟਰੋਲੀਅਮ ਪਾਈਪਲਾਈਨ ਤੋਂ ਪੈਟਰੋਲੀਅਮ ਪਦਾਰਥ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਕੇ ਪੁਲਸ ਨੇ 7 ਵਿਅਕਤੀਆਂ ਨੂੰ ਫੜ ਕੇ ਦੋਸ਼ੀਆ ਕੋਲੋਂ ਲਗਭਗ 2.11 ਲੱਖ ਰੁਪਏ ਨਕਦ, ਤੇਲ ਚੋਰੀ ਕਰਨ ’ਚ ਵਰਤੇ ਜਾਣ ਵਾਲੇ ਵੱਖ-ਵੱਖ ਯੰਤਰ ਅਤੇ ਕਈ ਵਾਹਨ ਜ਼ਬਤ ਕੀਤੇ ਹਨ। ਮਥੁਰਾ ਰਿਫਾਈਨਰੀ ਦੀ ਪਾਈਪਲਾਈਨ ਡਵੀਜ਼ਨ ਦੇ ਇੰਚਾਰਜ ਐੱਸ. ਕੇ. ਵਰਮਾ ਨੇ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਜਲੰਧਰ ਜਾਣ ਵਾਲੀ ਪਾਈਪਲਾਈਨ ਤੋਂ ਡੀਜ਼ਲ ਚੋਰੀ ਕਰਨ ਦੀ ਸ਼ਿਕਾਇਤ ਲਿਖਵਾਈ ਸੀ।

ਮਥੁਰਾ ਦੇ ਸੀਨੀਅਰ ਪੁਲਸ ਸੁਪਰਡੈਂਟ ਡਾ. ਗੌਰਵ ਗਰੋਵਰ ਦੇ ਅਨੁਸਾਰ ਦੋਸ਼ੀਆਂ ਨੇ ਸਿਰਫ ਮਈ ਮਹੀਨੇ ’ਚ ਹੀ 10,13 ਅਤੇ 17 ਤਰੀਕ ਨੂੰ 11,400 ਲਿਟਰ ਡੀਜ਼ਲ ਚੋਰੀ ਕੀਤਾ ਸੀ। ਤੇਲ ਚੋਰਾਂ ਦੇ ਕਬਜ਼ੇ ’ਚੋਂ ਲਗਭਗ 85,000 ਰੁਪਏ ਮੁੱਲ ਦਾ 1000 ਲਿਟਰ ਡੀਜ਼ਲ ਵੀ ਬਰਾਮਦ ਕੀਤਾ ਗਿਆ। ਗ੍ਰਿਫਤਾਰ ਦੋਸ਼ੀ ਪਹਿਲਾਂ ਵੀ ਇਸੇ ਦੋਸ਼ ’ਚ ਜੇਲ ਜਾ ਚੁੱਕੇ ਹਨ।

ਸਪੱਸ਼ਟ ਹੈ ਕਿ ਅੱਜ ਦੇਸ਼ ’ਚ ਜ਼ਮੀਨਦੋਜ਼ ਪਾਈਪਲਾਈਨਾਂ ਤੋਂ ਤੇਲ ਦੀ ਚੋਰੀ ਸੰਗਠਿਤ ਅਪਰਾਧ ਬਣ ਚੁੱਕੀ ਹੈ ਜਿਸ ’ਚ ਅਪਰਾਧੀ ਗਿਰੋਹਾਂ ਦੇ ਨਾਲ-ਨਾਲ ਪੁਲਸ ਕਰਮਚਾਰੀਆਂ ਆਦਿ ਦੀ ਮਿਲੀਭੁਗਤ ਦੇ ਦੋਸ਼ ਵੀ ਲੱਗ ਰਹੇ ਹਨ।

ਤੇਲ ਚੋਰੀ ਦੀਆਂ ਇਨ੍ਹਾਂ ਘਟਨਾਵਾਂ ਨੇ ਪਾਈਪਲਾਈਨਾਂ ਦੀ ਸੁਰੱਖਿਆ ਦੇ ਨਾਲ-ਨਾਲ ਇਨ੍ਹਾਂ ਦੇ ਆਲੇ-ਦੁਆਲੇ ਦੇ ਇਲਾਕੇ ਦੀ ਸੁਰੱਖਿਆ ’ਤੇ ਵੀ ਸਵਾਲੀਆ ਚਿੰਨ੍ਹ ਲਗਾ ਦਿੱਤਾ ਹੈ। ਵਰਨਣਯੋਗ ਹੈ ਕਿ ਪਾਈਪਲਾਈਨ ’ਚ ਤੇਲ ਦਾ ਬਹੁਤ ਵੱਧ ਦਬਾਅ ਹੁੰਦਾ ਹੈ ਇਸ ਲਈ ਸੰਨ੍ਹ ਲਗਾਉਣ ’ਚ ਥੋੜ੍ਹੀ ਜਿਹੀ ਕੋਤਾਹੀ ਕਿਸੇ ਵੱਡੀ ਘਟਨਾ ਦਾ ਕਾਰਨ ਵੀ ਬਣ ਸਕਦੀ ਹੈ।

-ਵਿਜੇ ਕੁਮਾਰ


Bharat Thapa

Content Editor

Related News