ਜੀਵਨ ਦੀ ਸੰਧਿਆ ਔਲਾਦਾਂ ਵਲੋਂ ਅਣਗੌਲੇ ਅਤੇ ਅਪਮਾਨਿਤ 4 ਬਜ਼ੁਰਗਾਂ ਦੀ ਦੁਖਦਾਈ ਕਹਾਣੀ

11/05/2017 6:25:54 AM

ਪ੍ਰਾਚੀਨ ਕਾਲ ਵਿਚ ਮਾਂ-ਪਿਓ ਦੇ ਇਕ ਹੀ ਹੁਕਮ 'ਤੇ ਔਲਾਦਾਂ ਸਭ ਕੁਝ ਕਰਨ ਲਈ ਤਿਆਰ ਰਹਿੰਦੀਆਂ ਸਨ ਪਰ ਅੱਜ ਆਪਣੀ ਗ੍ਰਹਿਸਥੀ ਬਣ ਜਾਣ ਤੋਂ ਬਾਅਦ ਕਲਯੁਗੀ ਔਲਾਦਾਂ ਆਪਣੇ ਮਾਂ-ਪਿਓ ਵਲੋਂ ਅੱਖਾਂ ਫੇਰ ਲੈਂਦੀਆਂ ਹਨ। ਉਨ੍ਹਾਂ ਦਾ ਇਕੋ-ਇਕ ਉਦੇਸ਼ ਕਿਸੇ ਨਾ ਕਿਸੇ ਤਰ੍ਹਾਂ ਉਨ੍ਹਾਂ ਦੀ ਜਾਇਦਾਦ 'ਤੇ ਕਬਜ਼ਾ ਕਰਨਾ ਹੀ ਰਹਿ ਜਾਂਦਾ ਹੈ, ਜਿਸ ਦੀਆਂ ਕੁਝ ਮਿਸਾਲਾਂ ਹੇਠਾਂ ਦਰਜ ਹਨ :
* ਆਗਰਾ ਦੀ ਰਹਿਣ ਵਾਲੀ 70 ਸਾਲਾ ਬਜ਼ੁਰਗ ਔਰਤ ਨੇ ਆਪਣੇ ਬੇਟੇ ਵਿਰੁੱਧ ਜਾਇਦਾਦ ਨੂੰ ਲੈ ਕੇ ਉਸ ਨਾਲ ਮਾਰ-ਕੁਟਾਈ ਕਰਨ ਦਾ ਦੋਸ਼ ਲਾਇਆ ਹੈ। ਪੀੜਤ ਔਰਤ ਦਾ ਬੇਟਾ ਇਕ ਸਾਬਕਾ ਉੱਚ ਅਧਿਕਾਰੀ ਤੇ ਸੁਪਰੀਮ ਕੋਰਟ ਦਾ ਵਕੀਲ ਹੈ। 
ਔਰਤ ਦਾ ਦੋਸ਼ ਹੈ ਕਿ ਆਪਣੇ ਨਾਂ 'ਤੇ ਪ੍ਰਾਪਰਟੀ ਕਰਵਾਉਣ ਲਈ ਉਸ ਨੂੰ ਮਜਬੂਰ ਕਰਨ ਦੇ ਉਦੇਸ਼ ਨਾਲ ਉਸ ਦੇ ਵੱਡੇ ਬੇਟੇ ਤੇ ਉਸ ਦੀ ਪਤਨੀ ਨੇ ਉਸ ਨੂੰ ਜੁੱਤੀਆਂ ਨਾਲ ਕੁੱਟਿਆ ਤੇ ਗਾਲ੍ਹਾਂ ਕੱਢੀਆਂ।
* 9 ਅਕਤੂਬਰ ਨੂੰ ਦਿੱਲੀ ਵਿਚ ਭਜਨਪੁਰਾ ਦੇ ਗਾਂਵੜੀ ਐਕਸਟੈਨਸ਼ਨ ਵਿਚ ਰਹਿਣ ਵਾਲੇ ਇਕ ਬਜ਼ੁਰਗ ਨੇ ਆਪਣੇ ਦੋ ਬੇਟਿਆਂ ਤੇ ਇਕ ਨੂੰਹ ਵਿਰੁੱਧ ਕੇਸ ਦਰਜ ਕਰਵਾਇਆ, ਜਿਸ ਤੋਂ ਬਾਅਦ ਪੁਲਸ ਨੇ ਬਜ਼ੁਰਗ ਦੀ ਮੈਡੀਕਲ ਰਿਪੋਰਟ ਅਤੇ ਬਿਆਨ ਦੇ ਆਧਾਰ 'ਤੇ ਉਸ ਦੇ 2 ਬੇਟਿਆਂ ਤੇ ਨੂੰਹ ਵਿਰੁੱਧ ਧਮਕੀ ਦੇਣ, ਮਾਰ-ਕੁਟਾਈ ਕਰਨ ਅਤੇ ਅਪਰਾਧ ਭਰੀ ਨੀਅਤ ਨਾਲ ਉਸ ਦਾ ਰਾਹ ਰੋਕਣ ਦਾ ਕੇਸ ਦਰਜ ਕੀਤਾ ਹੈ। 
ਬਾਜ਼ਾਰ ਵਿਚ ਫੜ੍ਹੀ ਲਾ ਕੇ ਸਾਮਾਨ ਵੇਚਣ ਵਾਲੇ ਬਜ਼ੁਰਗ ਦਾ ਕਹਿਣਾ ਹੈ ਕਿ ਘਟਨਾ ਵਾਲੇ ਦਿਨ ਉਸ ਦੇ ਪਰਿਵਾਰਕ ਮੈਂਬਰਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ, ਜਿਸ ਦਾ ਪਤਾ ਉਸ ਨੂੰ ਰਾਤ ਨੂੰ ਲੱਗਭਗ 12 ਵਜੇ ਘਰ ਪਹੁੰਚਣ 'ਤੇ ਲੱਗਾ। 
ਬਜ਼ੁਰਗ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੇ ਬੇਟਿਆਂ ਨਾਲ ਝਗੜੇ ਬਾਰੇ ਗੱਲ ਕਰਨ ਗਿਆ ਤਾਂ ਦੋਹਾਂ ਬੇਟਿਆਂ ਤੇ ਇਕ ਬੇਟੇ ਦੀ ਪਤਨੀ ਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। 
ਇੰਨਾ ਹੀ ਨਹੀਂ, ਜਦੋਂ ਉਹ ਪੌੜੀਆਂ ਤੋਂ ਹੇਠਾਂ ਉਤਰਨ ਲੱਗਾ ਤਾਂ ਬੇਟਿਆਂ ਤੇ ਨੂੰਹ ਨੇ ਉਸ ਨਾਲ ਮਾਰ-ਕੁਟਾਈ ਕੀਤੀ ਤੇ ਪੌੜੀਆਂ ਤੋਂ ਧੱਕਾ ਦੇ ਦਿੱਤਾ, ਜਿਸ ਨਾਲ ਉਸ ਨੂੰ ਕਾਫੀ ਸੱਟਾਂ ਲੱਗੀਆਂ। ਇੰਨਾ ਕਰਕੇ ਵੀ ਬੇਟਿਆਂ ਤੇ ਨੂੰਹ ਦਾ ਦਿਲ ਨਹੀਂ ਭਰਿਆ ਤੇ ਉਨ੍ਹਾਂ ਨੇ ਆਪਣੇ ਪਿਤਾ ਨੂੰ ਜਾਨੋਂ ਮਾਰਨ ਦੀ ਧਮਕੀ ਤਕ ਦੇ ਦਿੱਤੀ।
* ਮਾਂ-ਪਿਓ ਤਾਂ ਚਾਰ-ਚਾਰ ਬੱਚਿਆਂ ਨੂੰ ਪਾਲ਼ ਲੈਂਦੇ ਹਨ ਪਰ ਉਹੀ 4 ਬੱਚੇ ਮਿਲ ਕੇ ਇਕ ਮਾਂ-ਪਿਓ ਨੂੰ ਨਹੀਂ ਪਾਲ਼ ਸਕਦੇ। ਇਹ ਕਹਾਵਤ 1 ਅਕਤੂਬਰ ਨੂੰ 'ਸੀਨੀਅਰ ਸਿਟੀਜ਼ਨਜ਼ ਦਿਵਸ' ਮੌਕੇ ਲਖਨਊ ਵਿਚ ਸਹੀ ਸਿੱਧ ਹੋਈ, ਜਦੋਂ 4 ਪੁੱਤਾਂ ਦੀ ਮਾਂ ਵਿੱਦਿਆ ਸ਼੍ਰੀਵਾਸਤਵ ਅਲੀਗੰਜ ਦੇ ਸੈਕਟਰ 'ਐੱਮ' ਵਿਚ ਪਾਰਕ ਨੇੜੇ ਲੋਕਾਂ ਨੂੰ ਸੜਕ ਕੰਢੇ ਧੁੱਪ 'ਚ ਬੈਠੀ ਮਿਲੀ। 
ਲੱਗਭਗ 3 ਘੰਟਿਆਂ ਤੋਂ ਤਿੱਖੀ ਧੁੱਪ ਵਿਚ ਬੈਠੀ  ਬਜ਼ੁਰਗ ਤੋਂ ਜਦੋਂ ਇਸ ਦੀ ਵਜ੍ਹਾ ਪੁੱਛੀ ਗਈ ਤਾਂ ਉਸ ਦੀਆਂ ਅੱਖਾਂ ਭਰ ਆਈਆਂ। ਉਸ ਨੇ ਭਰੇ ਮਨ ਨਾਲ ਆਪਣੇ ਚਾਰਾਂ ਪੁੱਤਾਂ ਦੀ ਕਰਤੂਤ ਦੱਸੀ। ਇਸ 'ਤੇ ਲੋਕਾਂ ਨੇ 100 ਨੰਬਰ ਡਾਇਲ ਕਰ ਕੇ ਪੁਲਸ ਬੁਲਾ ਲਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਉਸ ਦੇ ਪੁੱਤਰਾਂ ਨੂੰ ਬੁਲਾਇਆ ਤੇ ਮਾਂ ਦਾ ਖਿਆਲ ਰੱਖਣ ਦੀ ਨਸੀਹਤ ਦਿੱਤੀ, ਤਾਂ ਕਿਤੇ ਜਾ ਕੇ ਬਜ਼ੁਰਗ ਔਰਤ ਨੂੰ ਛੋਟੇ ਬੇਟੇ ਦਾ ਸਹਾਰਾ ਮਿਲਿਆ।
* ਅਜਿਹੀ ਹੀ ਇਕ ਮਿਸਾਲ 13 ਅਕਤੂਬਰ ਨੂੰ ਪੰਜਾਬ ਦੇ ਮੋਹਾਲੀ ਵਿਚ ਦੇਖਣ ਨੂੰ ਮਿਲੀ, ਜਦੋਂ ਪੁਲਸ ਨੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਰਹਿ ਕੇ ਜ਼ਿੰਦਗੀ ਬਿਤਾ ਰਹੀ ਬਜ਼ੁਰਗ ਮਾਂ ਨੂੰ ਨਾ ਸੰਭਾਲਣ ਵਾਲੇ ਉਸ ਦੇ ਐੱਸ. ਡੀ. ਓ. ਬੇਟੇ ਨੂੰ ਗ੍ਰਿਫਤਾਰ ਕੀਤਾ। 
ਪੰਜਾਬ ਸਕੱਤਰੇਤ ਤੋਂ ਰਿਟਾਇਰਡ ਔਰਤ ਦੀ ਮੋਹਾਲੀ ਵਿਚ ਕਾਫੀ ਜਾਇਦਾਦ ਹੈ। ਉਸ ਦੇ 2 ਬੇਟੇ ਹਨ, ਜਿਨ੍ਹਾਂ 'ਚੋਂ ਇਕ ਬੇਟਾ ਪਰਿਵਾਰ ਸਮੇਤ ਬਠਿੰਡਾ ਵਿਚ ਰਹਿੰਦਾ ਹੈ ਤੇ ਸਰਕਾਰੀ ਮਹਿਕਮੇ ਵਿਚ ਐੱਸ. ਡੀ. ਓ. ਦੇ ਅਹੁਦੇ 'ਤੇ ਤਾਇਨਾਤ ਹੈ। ਔਰਤ ਦੇ ਪਤੀ ਦੀ ਮੌਤ ਤੋਂ ਬਾਅਦ ਦੋਹਾਂ ਪੁੱਤਰਾਂ ਨੇ ਉਸ ਦੀ ਦੇਖਭਾਲ ਨਹੀਂ ਕੀਤੀ ਤੇ ਉਹ ਕਈ ਵਰ੍ਹਿਆਂ ਤੋਂ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਰਹਿ ਕੇ ਜ਼ਿੰਦਗੀ ਬਿਤਾ ਰਹੀ ਹੈ। 
ਕੁਝ ਦਿਨ ਪਹਿਲਾਂ ਇਕ ਜੱਜ ਦੀ ਨਜ਼ਰ ਇਸ ਬਜ਼ੁਰਗ ਔਰਤ 'ਤੇ ਪਈ ਤਾਂ ਉਨ੍ਹਾਂ ਨੇ ਪੂਰੇ ਮਾਮਲੇ ਦਾ ਪਤਾ ਲਾਇਆ ਤੇ ਔਰਤ ਦੇ ਦੋਹਾਂ ਪੁੱਤਰਾਂ ਵਿਰੁੱਧ ਪੁਲਸ ਕੇਸ ਦਰਜ ਕਰਵਾਇਆ ਤਾਂ 13 ਅਕਤੂਬਰ ਨੂੰ ਪੁਲਸ ਚੌਕੀ, ਫੇਸ-6 ਦੀ ਪੁਲਸ ਨੇ ਬਜ਼ੁਰਗ ਔਰਤ ਦੇ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ ਪਰ ਅਪਰਾਧ ਜ਼ਮਾਨਤਯੋਗ ਹੋਣ ਕਰਕੇ ਉਸ ਨੂੰ ਜ਼ਮਾਨਤ ਮਿਲ ਗਈ। ਹੁਣ ਜੱਜ ਨੇ ਬਜ਼ੁਰਗ ਔਰਤ ਦੀ ਸਾਰੀ ਪ੍ਰਾਪਰਟੀ ਵੇਚਣ 'ਤੇ ਰੋਕ ਲਾ ਦਿੱਤੀ ਹੈ ਤਾਂ ਕਿ ਉਸ ਦੇ ਬੇਟੇ ਪ੍ਰਾਪਰਟੀ ਨਾ ਵੇਚ ਸਕਣ।
ਸਭ ਕੁਝ ਹੁੰਦੇ ਹੋਏ ਵੀ ਆਪਣੀ ਹੀ ਔਲਾਦ ਵਲੋਂ ਅਣਗੌਲੇ ਸਮਾਜ ਵਿਚ ਅੱਜ ਪਤਾ ਨਹੀਂ ਕਿੰਨੇ ਬਜ਼ੁਰਗ ਇਸੇ ਤਰ੍ਹਾਂ ਅਪਮਾਨਜਨਕ ਜ਼ਿੰਦਗੀ ਗੁਜ਼ਾਰ ਰਹੇ ਹਨ। ਇਸੇ ਲਈ ਅਸੀਂ ਆਪਣੇ ਲੇਖਾਂ ਵਿਚ ਵਾਰ-ਵਾਰ ਲਿਖਦੇ ਰਹਿੰਦੇ ਹਾਂ ਕਿ ਮਾਂ-ਪਿਓ ਆਪਣੀ ਜਾਇਦਾਦ ਦੀ ਵਸੀਅਤ ਤਾਂ ਬੱਚਿਆਂ ਦੇ ਨਾਂ ਜ਼ਰੂਰ ਕਰ ਦੇਣ ਪਰ ਉਸ ਨੂੰ ਟਰਾਂਸਫਰ ਨਾ ਕਰਨ। ਅਜਿਹਾ ਕਰ ਕੇ ਉਹ ਆਪਣੇ ਜੀਵਨ ਦੀ ਸੰਧਿਆ (ਆਖਰੀ ਪੜਾਅ) ਵਿਚ ਆਉਣ ਵਾਲੀਆਂ ਕਈ ਪ੍ਰੇਸ਼ਾਨੀਆਂ ਤੋਂ ਬਚ ਸਕਦੇ ਹਨ। 
—ਵਿਜੇ ਕੁਮਾਰ


Related News