ਸੰਘ ਦੇ ਸੀਨੀਅਰ ਨੇਤਾ ਇੰਦਰੇਸ਼ ਕੁਮਾਰ ਦਾ ਕਥਨ, ਭਾਰਤੀ ਮੁਸਲਮਾਨ ਪੂਰਵਜਾਂ, ਸੰਸਕ੍ਰਿਤੀ ਅਤੇ ਮਾਤ੍ਰਭੂਮੀ ਦੇ ਲਿਹਾਜ ਨਾਲ ਹਿੰਦੁਸਤਾਨੀ
Tuesday, Nov 15, 2022 - 01:22 AM (IST)

ਦੇਸ਼ ਦੇ ਕਈ ਹਿੱਸਿਆਂ ’ਚ ਫੈਲੀ ਫਿਰਕੂ ਮੰਦਭਾਵਨਾ ਨੂੰ ਰੋਕਣ ਲਈ ‘ਰਾਸ਼ਟਰੀ ਸਵੈਮ-ਸੇਵਕ ਸੰਘ’ ਦੇ ਸੀਨੀਅਰ ਨੇਤਾ ਇੰਦਰੇਸ਼ ਕੁਮਾਰ ਸਮੇਂ-ਸਮੇਂ ’ਤੇ ਹਿੰਦੂਆਂ ਅਤੇ ਮੁਸਲਮਾਨਾਂ ਦੋਹਾਂ ਨੂੰ ਹੀ ਆਪਸੀ ਬੇਭਰੋਸਗੀ ਦੀਆਂ ਕੰਧਾਂ ਡੇਗ ਕੇ ‘ਦੰਗਾ ਮੁਕਤ ਭਾਰਤ’ ਬਣਾਉਣ ਦਾ ਸੱਦਾ ਦਿੰਦੇ ਰਹਿੰਦੇ ਹਨ। ਇਸੇ ਮੰਤਵ ਨਾਲ ਸਾਲ 2022 ’ਚ ਰਾਸ਼ਟਰੀ ਮੁਸਲਿਮ ਮੰਚ (ਆਰ. ਐੱਮ. ਐੱਸ.) ਦਾ ਗਠਨ ਕਰਨ ਵਾਲੇ ਇੰਦਰੇਸ਼ ਕੁਮਾਰ ਨੇ 13 ਨਵੰਬਰ ਨੂੰ ਠਾਣੇ ਜ਼ਿਲੇ ਦੇ ‘ਉੱਤਨ’ ਵਿਚ ਆਰ. ਐੱਸ. ਐੱਸ. ਦੀ ਮੁਸਲਿਮ ਸ਼ਾਖਾ ‘ਮੁਸਲਿਮ ਰਾਸ਼ਟਰੀ ਮੰਚ’ (ਐੱਮ. ਆਰ. ਐੱਮ.) ਦੇ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ‘‘ਭਾਰਤ ਵਿਚ 99 ਫੀਸਦੀ ਮੁਸਲਮਾਨ ਆਪਣੇ ਪੂਰਵਜਾਂ, ਸੰਸਕ੍ਰਿਤੀ, ਪ੍ਰੰਪਰਾਵਾਂ ਅਤੇ ਮਾਤ੍ਰਭੂਮੀ ਪੱਖੋਂ ਹਿੰਦੁਸਤਾਨੀ ਹਨ।’’
ਉਨ੍ਹਾਂ ਸੰਘ ਮੁਖੀ ਮੋਹਨ ਭਾਗਵਤ ਦੇ ਉਸ ਕਥਨ ਦੀ ਵੀ ਹਮਾਇਤ ਕੀਤੀ ਕਿ ‘‘ਭਾਰਤੀਆਂ ਦੇ ਪੂਰਵਜ਼ ਇਕ ਹੀ ਸਨ, ਇਸ ਲਈ ਉਨ੍ਹਾਂ ਦਾ ਡੀ. ਐੱਨ. ਏ. ਇਕੋ ਜਿਹਾ ਹੈ।’’ ਇੰਦਰੇਸ਼ ਕੁਮਾਰ ਨੇ ਕਿਹਾ, ‘‘ਡੀ ਦਾ ਅਰਥ ਹੈ ਸੁਪਨੇ ਜੋ ਅਸੀਂ ਰੋਜ਼ ਦੇਖਦੇ ਹਾਂ, ‘ਐੱਨ’ ਮੂਲ ਰਾਸ਼ਟਰ ਨੂੰ ਦਰਸਾਉਂਦਾ ਹੈ ਅਤੇ ‘ਏ’ ਪੂਰਵਜਾਂ ਦੀ ਪ੍ਰਤੀਨਿਧਤਾ ਕਰਦਾ ਹੈ।’’ ਇੰਦਰੇਸ਼ ਕੁਮਾਰ ਦੇ ਹਵਾਲੇ ਨਾਲ ਇਕ ਰਿਲੀਜ਼ ਵਿਚ ਕਿਹਾ ਗਿਆ ਹੈ, ‘‘ਸਾਨੂੰ ਪਵਿੱਤਰ ਕੁਰਾਨ ਦੇ ਨਿਰਦੇਸ਼ਾਂ ਅਤੇ ਸਿਧਾਂਤਾਂ ਅਨੁਸਾਰ ਆਪਣੇ ਰਾਸ਼ਟਰ ਪ੍ਰਤੀ ਆਪਣੇ ਫਰਜ਼ਾਂ ਨੂੰ ਸਰਵਉੱਚ ਅਤੇ ਹੋਰਨਾਂ ਸਭ ਚੀਜ਼ਾਂ ਤੋਂ ਉਪਰ ਮੰਨਣਾ ਚਾਹੀਦਾ ਹੈ।’’
ਇਸ ਤੋਂ ਇਨਕਾਰ ਕੀਤਾ ਹੀ ਨਹੀਂ ਜਾ ਸਕਦਾ ਹੈ ਕਿ ਭਾਰਤ ਦੇ ਮੁਸਲਮਾਨ ਦੇਸ਼ ਦੀ ਗੰਗਾ-ਯਮੁਨਾ ਸੰਸਕ੍ਰਿਤੀ ਦਾ ਅਨਿੱਖੜਵਾਂ ਿਹੱਸਾ ਅਤੇ ਭਾਰਤ, ਭਾਰਤੀਅਤਾ ਅਤੇ ਭਾਰਤੀ ਸੰਸਕ੍ਰਿਤੀ ’ਚ ਘੁਲੇ-ਮਿਲੇ ਹਨ।
ਇਸ ਦਾ ਤਾਜ਼ਾ ਸਬੂਤ 14 ਨਵੰਬਰ ਦੀਆਂ ਅਖਬਾਰਾਂ ’ਚ ਪ੍ਰਕਾਸ਼ਿਤ ਉਹ ਖਬਰ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਕੇਰਲ ਦੇ ਤ੍ਰਿਸ਼ੂਰ ਜ਼ਿਲੇ ’ਚ ‘ਮਲਿਕ ਦੀਨਾਰ ਇਸਲਾਮਿਕ ਕੰਪਲੈਕਸ’ ਵਲੋਂ ਸੰਚਾਲਿਤ ‘ਅਕੈਡਮੀ ਆਫ ਸ਼ਰੀਆ ਐਂਡ ਐਡਵਾਂਸਡ ਸਟੱਡੀਜ਼’ ਿਵਚ ਮੁਸਲਮਾਨ ਵਿਦਿਆਰਥੀ ਇਸਲਾਮ ਧਰਮ ਦਾ ਅਧਿਐਨ ਕਰਨ ਦੇ ਨਾਲ-ਨਾਲ ‘ਗੀਤਾ’ ਅਤੇ ‘ਉਪਨਿਸ਼ਦ’ ਦੀ ਪੜ੍ਹਾਈ ਵੀ ਕਰ ਰਹੇ ਹਨ ਅਤੇ ਫਰਾਟੇਦਾਰ ਸੰਸਕ੍ਰਿਤੀ ਦੇ ‘ਸ਼ਲੋਕ’ ਅਤੇ ਮੰਤਰਾਂ ਦਾ ਉਚਾਰਣ ਵੀ ਕਰਦੇ ਹਨ। ਇਹ ਗੱਲ ਤਾਂ ਸਭ ਨੂੰ ਪਤਾ ਹੀ ਹੈ ਕਿ ਹਿੰਦੂ ਧਰਮ ਦੇ ਵੱਖ-ਵੱਖ ਆਯੋਜਨਾਂ ਰਾਮ ਲੀਲਾ ਅਤੇ ਸ਼੍ਰੀ ਕ੍ਰਿਸ਼ਨ ਰਾਸ ਲੀਲਾ ਆਦਿ ਵਿਚ ਵੀ ਮੁਸਲਮਾਨ ਕਲਾਕਾਰ ਵਧ-ਚੜ੍ਹ ਕੇ ਹਿੱਸਾ ਲੈਂਦੇ ਰਹਿੰਦੇ ਹਨ।
ਜਲੰਧਰ ਵਿਚ ‘ਸ਼੍ਰੀ ਰਾਮਨੌਮੀ ਉਤਸਵ ਕਮੇਟੀ’ ਵਲੋਂ ਕੀਤੇ ਜਾਣ ਵਾਲੇ ਰਾਮਨੌਮੀ ਦੇ ਆਯੋਜਨਾਂ ਅਤੇ ਸ਼ੋਭਾ ਯਾਤਰਾ ਵਿਚ ਮੁਸਲਿਮ ਭਰਾ ਸਾਲਾਂ ਤੋਂ ਵਧ-ਚੜ੍ਹ ਕੇ ਹਿੱਸਾ ਲੈਂਦੇ ਆ ਰਹੇ ਹਨ। ਇਨ੍ਹਾਂ ’ਚ ਕਾਦੀਆਂ ਤੋਂ ਆਉਣ ਵਾਲੇ ਅਹਿਮਦੀਆ ਭਾਈਚਾਰੇ ਦੇ ਮੈਂਬਰ ਵੀ ਸ਼ਾਮਲ ਹਨ, ਜਿਨ੍ਹਾਂ ਵਿਚੋਂ ਕੁਝ ਇਕ ਨੇ ਸ਼ਾਸਤਰੀ ਦੀ ਡਿਗਰੀ ਵੀ ਹਾਸਲ ਕੀਤੀ ਹੋਈ ਹੈ। ਅੱਜ ਜਦੋਂਕਿ ਵਧੇਰੇ ਨੇਤਾ ਆਪਣੇ ਨਿੱਜੀ ਸਵਾਰਥਾਂ ਦੀ ਖਾਤਿਰ ਉਕਸਾਹਟ ਨਾਲ ਭਰਪੂਰ ਬਿਆਨਾਂ ਰਾਹੀਂ ਭਰਾ-ਭਰਾ ’ਚ ਫੁੱਟ ਪਾਉਣ ਅਤੇ ਲੜਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ, ਸ਼੍ਰੀ ਇੰਦਰੇਸ਼ ਕੁਮਾਰ ਆਪਣੇ ਕਥਨ ਅਤੇ ਕੰਮਾਂ ਨਾਲ ਭਾਰਤ ਨੂੰ ਜੋੜਣ ਅਤੇ ਇਕੱਠਾ ਰੱਖਣ ਦਾ ਭਰਪੂਰ ਯਤਨ ਕਰ ਰਹੇ ਹਨ।
–ਵਿਜੇ ਕੁਮਾਰ