ਸਰਜੀਕਲ ਸਟ੍ਰਾਈਕ–2 ਬਾਰੇ, ਭਾਜਪਾ ਨੇਤਾਵਾਂ ਦੇ ਬਿਆਨ ਹੀ ਆਪਸ ''ਚ ਮੇਲ ਨਹੀਂ ਖਾਂਦੇ

03/05/2019 6:12:26 AM

ਪਾਕਿਸਤਾਨ ਦੇ ਬਾਲਾਕੋਟ ਅਤੇ ਪੀ. ਓ. ਕੇ. ਦੇ ਚਕੋਟੀ ਤੇ ਮੁਜ਼ੱਫਰਾਬਾਦ ਸਥਿਤ ਅੱਤਵਾਦੀ ਕੈਂਪਾਂ 'ਤੇ ਭਾਰਤੀ ਹਵਾਈ ਫੌਜ ਦੀ ਭਾਰੀ ਬੰਬ ਵਰਖਾ ਨਾਲ ਵੱਡੀ ਗਿਣਤੀ 'ਚ ਜੈਸ਼ ਦੇ ਅੱਤਵਾਦੀਆਂ ਦੇ ਮਾਰੇ ਜਾਣ ਦੇ ਦਾਅਵੇ 'ਤੇ ਪਾਕਿਸਤਾਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਭਾਰਤ 'ਚ ਇਸ 'ਤੇ ਵੱਖ-ਵੱਖ ਨੇਤਾਵਾਂ ਵਲੋਂ ਸਵਾਲ ਉਠਾਏ ਜਾਣ ਨਾਲ ਸਿਆਸਤ ਸ਼ੁਰੂ ਹੋ ਗਈ ਹੈ। 
ਡੀ. ਜੀ. ਪਾਕਿਸਤਾਨ ਇੰਟਰ ਸਰਵਿਸ ਪਬਲਿਕ ਰਿਲੇਸ਼ਨਜ਼ ਮੇਜਰ ਜਨਰਲ ਆਸਿਫ ਗੱਫੂਰ ਨੇ ਹਮਲੇ 'ਚ ਹੋਏ ਨੁਕਸਾਨ ਦਾ ਖੰਡਨ ਕਰਦਿਆਂ ਕਿਹਾ :
''ਉਹ ਦਾਅਵਾ ਕਰ ਰਹੇ ਹਨ ਕਿ 350 ਅੱਤਵਾਦੀ ਮਾਰੇ ਗਏ। ਮੈਂ ਕਹਿੰਦਾ ਹਾਂ ਕਿ ਜੇਕਰ 10 ਵੀ ਮਾਰੇ ਗਏ ਹੁੰਦੇ ਤਾਂ ਉਨ੍ਹਾਂ ਦੀਆਂ ਬਾਡੀਜ਼ ਕਿੱਥੇ ਗਈਆਂ?  ਖੂਨ  ਕਿੱਥੇ ਗਿਆ, ਉਨ੍ਹਾਂ ਦੇ ਜਨਾਜ਼ਿਆਂ ਦਾ ਕੀ ਬਣਿਆ? ਇਥੇ ਲੋਕਲ ਮੀਡੀਆ ਹੈ। ਕਿਸੇ ਨੂੰ ਕੁਝ ਪਤਾ ਨਹੀਂ ਲੱਗਾ। ਖ਼ੁਦ ਆ ਕੇ ਦੇਖ ਲਓ ਅਤੇ ਆਪਣੇ ਪ੍ਰਧਾਨ ਮੰਤਰੀ ਨੂੰ ਜਾ ਕੇ ਹਕੀਕਤ ਦੱਸੋ। ਮੋਦੀ ਸਰਕਾਰ ਨੇ ਚੋਣ ਲਾਭ ਲਈ ਅਜਿਹਾ ਕੀਤਾ ਹੈ।''
ਮਾਰੇ ਗਏ ਅੱਤਵਾਦੀਆਂ ਦੀ ਗਿਣਤੀ ਬਾਰੇ ਆ ਰਹੀਆਂ ਵੱਖ-ਵੱਖ ਰਿਪੋਰਟਾਂ ਵਿਚਾਲੇ ਮਮਤਾ ਬੈਨਰਜੀ, ਰਾਹੁਲ ਗਾਂਧੀ, ਕਪਿਲ ਸਿੱਬਲ, ਪੀ. ਚਿਦਾਂਬਰਮ, ਦਿੱਗਵਿਜੇ ਸਿੰਘ, ਨਵਜੋਤ ਸਿੰਘ ਸਿੱਧੂ ਅਤੇ ਅਖਿਲੇਸ਼ ਯਾਦਵ ਆਦਿ ਵਿਰੋਧੀ ਨੇਤਾਵਾਂ ਨੇ ਬਾਲਾਕੋਟ ਕਾਰਵਾਈ ਦੇ ਨੁਕਸਾਨ ਦਾ ਸਬੂਤ ਮੰਗਿਆ ਹੈ। 
ਪੰਜਾਬ ਸਰਕਾਰ 'ਚ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ''ਕੀ ਉਥੇ 300 ਅੱਤਵਾਦੀ ਮਾਰੇ ਗਏ ਹਨ ਜਾਂ ਨਹੀਂ? ਜੇਕਰ ਨਹੀਂ ਤਾਂ ਇਸ ਦਾ ਕੀ ਮਕਸਦ ਸੀ? ਕੀ ਸਿਰਫ ਦਰੱਖਤ ਪੁੱਟਣ ਹੀ ਗਏ ਸਨ?''
ਭਾਜਪਾ ਦੇ ਕੇਂਦਰੀ ਮੰਤਰੀ ਐੱਸ. ਐੱਸ. ਆਹਲੂਵਾਲੀਆ ਨੇ ਵੀ 3 ਮਾਰਚ ਨੂੰ ਇਹ ਕਹਿ ਕੇ ਸਥਿਤੀ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ : 
''ਪੀ. ਓ. ਕੇ. ਵਿਚ ਭਾਰਤ ਦੀ ਏਅਰ ਸਟ੍ਰਾਈਕ ਦਾ ਮਕਸਦ ਇਹ ਦਿਖਾਉਣਾ ਸੀ ਕਿ ਅਸੀਂ ਇਹ ਕਰ ਸਕਦੇ ਹਾਂ, ਨਾ ਕਿ ਕਿਸੇ ਨੂੰ ਮਾਰਨਾ। ਇਸ ਕਾਰਵਾਈ 'ਚ ਕੋਈ ਅੱਤਵਾਦੀ ਨਹੀਂ ਮਾਰਿਆ ਗਿਆ ਹੈ। ਮੀਡੀਆ 'ਚ 300-350 ਅੱਤਵਾਦੀਆਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਚੱਲ ਰਹੀਆਂ ਹਨ ਪਰ ਅਜਿਹਾ ਕੋਈ ਦਾਅਵਾ ਸਰਕਾਰ ਵਲੋਂ ਕੀਤਾ ਹੀ ਨਹੀਂ ਗਿਆ ਹੈ, ਫਿਰ ਇਹ ਅੰਕੜਾ ਕਿੱਥੋਂ ਆਇਆ?''
ਆਹਲੂਵਾਲੀਆ ਨੇ ਪੁੱਛਿਆ, ''ਕੀ ਕਿਸੇ ਭਾਸ਼ਣ 'ਚ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕਿੰਨੇ ਅੱਤਵਾਦੀ ਮਾਰੇ ਗਏ ਹਨ? ਮੈਂ ਪੁੱਛਦਾ ਹਾਂ ਕਿ ਕੀ ਨਰਿੰਦਰ ਮੋਦੀ, ਅਮਿਤ ਸ਼ਾਹ ਜਾਂ ਸਰਕਾਰ ਦੇ ਕਿਸੇ ਬੁਲਾਰੇ ਨੇ ਕੋਈ ਅੰਕੜਾ ਦਿੱਤਾ ਹੈ?''
ਜਿਥੇ ਸ਼੍ਰੀ ਆਹਲੂਵਾਲੀਆ ਪਾਕਿਸਤਾਨੀ ਨੇਤਾਵਾਂ ਅਤੇ ਅਪੋਜ਼ੀਸ਼ਨ ਦੇ ਸੁਰ 'ਚ ਸੁਰ ਮਿਲਾਉਂਦੇ ਹੋਏ ਭਾਰਤੀ ਹਵਾਈ ਫੌਜ ਦੀ ਕਾਰਵਾਈ 'ਚ ਕਿਸੇ ਵੀ ਪਾਕਿਸਤਾਨੀ ਅੱਤਵਾਦੀ ਦੇ ਨਾ ਮਾਰੇ ਜਾਣ ਦੀ ਗੱਲ ਕਹਿ ਰਹੇ ਹਨ, ਉਥੇ ਹੁਣ ਭਾਜਪਾ ਪ੍ਰਧਾਨ ਅਮਿਤ ਸ਼ਾਹ ਇਸ ਦੇ ਬਿਲਕੁਲ ਉਲਟ ਗੱਲ ਕਹਿ ਰਹੇ ਹਨ। 
3 ਮਾਰਚ ਨੂੰ ਹੀ ਅਹਿਮਦਾਬਾਦ 'ਚ ਉਨ੍ਹਾਂ ਨੇ ਕਿਹਾ, ''ਉੜੀ ਹਮਲੇ ਤੋਂ ਬਾਅਦ ਸਾਡੀ ਫੌਜ ਨੇ ਪਾਕਿਸਤਾਨ 'ਚ ਦਾਖਲ ਹੋ ਕੇ ਸਰਜੀਕਲ ਸਟ੍ਰਾਈਕ ਕਰ ਕੇ ਸਾਡੇ ਜਵਾਨਾਂ ਦੀ ਸ਼ਹਾਦਤ ਦਾ ਬਦਲਾ ਲਿਆ। ਪੁਲਵਾਮਾ ਹਮਲੇ  ਤੋਂ ਬਾਅਦ ਹਰ ਕੋਈ ਸੋਚ ਰਿਹਾ ਸੀ ਕਿ ਇਸ ਵਾਰ ਸਰਜੀਕਲ ਸਟ੍ਰਾਈਕ ਨਹੀਂ ਹੋ ਸਕਦੀ। ਹੁਣ ਕੀ ਹੋਵੇਗਾ?''
''ਉਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਹਮਲੇ ਦੇ 13ਵੇਂ ਦਿਨ ਏਅਰ ਸਟ੍ਰਾਈਕ ਕੀਤੀ ਅਤੇ 250 ਅੱਤਵਾਦੀਆਂ ਨੂੰ ਮਾਰ-ਮੁਕਾਇਆ।''
ਇਹੀ ਨਹੀਂ, ਭਾਰਤੀ ਹਵਾਈ ਫੌਜ ਦੀ ਜੈਸ਼-ਅੱਤਵਾਦੀਆਂ ਵਿਰੁੱਧ ਕਾਰਵਾਈ 'ਚ ਮ੍ਰਿਤਕਾਂ ਦੀ ਗਿਣਤੀ ਨੂੰ ਲੈ ਕੇ ਉਕਤ ਵਿਰੋਧਾਭਾਸੀ ਬਿਆਨਾਂ ਵਿਚਾਲੇ ਭਾਰਤੀ ਹਵਾਈ ਫੌਜ ਦੇ ਮੁਖੀ ਬੀ. ਐੱਸ. ਧਨੋਆ ਨੇ 4 ਮਾਰਚ ਨੂੰ ਇਕ ਵੱਡਾ ਬਿਆਨ ਦਿੰਦਿਆਂ ਕਿਹਾ :
''ਕਿੰਨੇ ਅੱਤਵਾਦੀ ਮਰੇ, ਇਹ  ਗਿਣਨਾ ਸਾਡਾ ਕੰਮ ਨਹੀਂ। ਅਸੀਂ ਤਾਂ ਟਾਰਗੈੱਟ ਉਡਾਉਂਦੇ ਹਾਂ, ਅੱਤਵਾਦੀਆਂ ਨੂੰ ਨਹੀਂ ਗਿਣਦੇ। ਇਨ੍ਹਾਂ ਦੀ ਗਿਣਤੀ ਸਰਕਾਰ ਦੱਸੇਗੀ। ਜੇਕਰ ਜੰਗਲ 'ਚ ਏਅਰ ਸਟ੍ਰਾਈਕ  ਹੋਈ ਹੁੰਦੀ ਤਾਂ ਪਾਕਿਸਤਾਨ ਜੁਆਬੀ ਕਾਰਵਾਈ ਕਿਉਂ ਕਰਦਾ?''
ਕੁਲ ਮਿਲਾ ਕੇ ਪਾਕਿਸਤਾਨੀ ਅੱਤਵਾਦੀਆਂ ਵਿਰੁੱਧ ਭਾਰਤੀ ਹਵਾਈ ਫੌਜ ਦੀ ਕਾਰਵਾਈ ਨੂੰ ਲੈ ਕੇ ਇਕ ਭੁਲੇਖਾਪਾਊ ਜਿਹੀ ਸਥਿਤੀ ਪੈਦਾ ਹੋ ਰਹੀ ਹੈ। ਇਕ ਪਾਸੇ ਜਿੱਥੇ ਇਕ ਮੰਤਰੀ ਕਹਿ ਰਿਹਾ ਹੈ ਕਿ ਇਸ 'ਚ ਕੋਈ ਅੱਤਵਾਦੀ ਮਾਰਿਆ ਨਹੀਂ ਗਿਆ, ਉਥੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ 250 ਅੱਤਵਾਦੀਆਂ ਦੇ ਮਰਨ ਦੀ ਗੱਲ ਕਹਿ ਰਹੇ ਹਨ।
ਅਪੋਜ਼ੀਸ਼ਨ ਦਾ ਇਸ ਹਮਲੇ 'ਤੇ ਸਵਾਲ ਉਠਾਉਣਾ ਸਹੀ ਵੀ ਹੋ ਸਕਦਾ ਹੈ ਪਰ ਇਥੇ ਤਾਂ ਭਾਜਪਾ ਦੇ ਵੱਡੇ ਨੇਤਾਵਾਂ ਦੇ ਬਿਆਨ ਹੀ ਆਪਸ 'ਚ ਨਹੀਂ ਮਿਲ ਰਹੇ। ਇਸ ਲਈ ਸਰਕਾਰ ਨੂੰ ਭਰਮ ਦੀ  ਇਸ ਸਥਿਤੀ ਨੂੰ ਦੂਰ ਕਰਨਾ ਚਾਹੀਦਾ ਹੈ।      –ਵਿਜੇ ਕੁਮਾਰ


Bharat Thapa

Content Editor

Related News