ਹਿੰਸਾਗ੍ਰਸਤ ਜੰਮੂ-ਕਸ਼ਮੀਰ ਦੇ ਲੋਕ ਹੁਣ ਹੋਣ ਲੱਗੇ ਅੱਤਵਾਦੀਆਂ ਦੇ ਵਿਰੁੱਧ ਇਕਜੁੱਟ

07/10/2022 1:18:09 AM

ਅਸੀਂ ਅਕਸਰ ਲਿਖਦੇ ਰਹਿੰਦੇ ਹਾਂ ਕਿ ਪਾਕਿਸਤਾਨ ਦੇ ਪਾਲੇ ਹੋਏ ਅੱਤਵਾਦੀ ਜੰਮੂ-ਕਸ਼ਮੀਰ ’ਚ ਘੱਟਗਿਣਤੀਆਂ ਦੇ ਨਾਲ-ਨਾਲ ਪ੍ਰਵਾਸੀ ਲੋਕਾਂ ਨੂੰ ਹਿਜਰਤ ਕਰਨ ਲਈ ਮਜਬੂਰ ਕਰਨ ਦੇ ਇਲਾਵਾ ਆਪਣੇ ਹੀ ਭਰਾਵਾਂ ਦੀ ਹੱਤਿਆ ਕਰ ਕੇ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਮੁਸ਼ਕਲਾਂ ਵਧਾ ਕੇ ਆਖਿਰ ਕਿਸ ਦਾ ਭਲਾ ਕਰ ਰਹੇ ਹਨ। 
25 ਜੂਨ ਨੂੰ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਵੀ ਨੌਜਵਾਨਾਂ ਨੂੰ ਅੱਤਵਾਦ ਦਾ ਰਸਤਾ ਛੱਡਣ ਦੀ ਬੇਨਤੀ ਕੀਤੀ ਅਤੇ ਕਿਹਾ, ‘‘ਰੋਜ਼ 3-4 ਨੌਜਵਾਨ ਮਾਰੇ ਜਾ ਰਹੇ ਹਨ ਭਾਵ ਸਾਡੀ ਸਥਾਨਕ ਅੱਤਵਾਦੀਆਂ ਦੀ ਭਰਤੀ ਵਧ ਗਈ ਹੈ। ਮੈਂ ਅਪੀਲ ਕਰਦੀ ਹਾਂ ਕਿ ਇਹ ਸਹੀ ਨਹੀਂ ਹੈ ਅਤੇ ਤੁਹਾਨੂੰ ਇਸ ਨੂੰ ਛੱਡ ਦੇਣਾ ਚਾਹੀਦਾ ਹੈ।’’
ਇਸੇ ਬਾਰੇ ਅਸੀਂ ਆਪਣੇ 28 ਜੂਨ ਦੇ ਸੰਪਾਦਕੀ ‘ਨੌਜਵਾਨ ਹਥਿਆਰ ਛੱਡ ਦੇਣ : ਮਹਿਬੂਬਾ’ ’ਚ ਲਿਖਿਆ ਸੀ ਕਿ, ‘‘ਪੰਜਾਬ ਕੇਸਰੀ ਵੱਲੋਂ ਸੰਚਾਲਿਤ ‘ਸ਼ਹੀਦ ਪਰਿਵਾਰ ਫੰਡ’ ’ਚ ਆਰਥਿਕ ਮਦਦ ਦੇ ਲਈ ਬੇਨਤੀ ਕਰਨ ਵਾਲੇ ਅੱਤਵਾਦ ਪੀੜਤਾਂ  ’ਚ ਹੁਣ ਵਧੇਰੇ ਜੰਮੂ-ਕਸ਼ਮੀਰ ਦੇ ਮੁਸਲਿਮ ਪਰਿਵਾਰ ਹੀ ਆ ਰਹੇ ਹਨ।’’ 
ਇਸੇ ਦੌਰਾਨ ਜੰਮੂ-ਕਸ਼ਮੀਰ ਦੇ ਲੋਕਾਂ ਦੇ ਅੱਤਵਾਦੀਆਂ ਦੇ ਪ੍ਰਤੀ ਨਜ਼ਰੀਏ ’ਚ ਕੁਝ ਹਾਂਪੱਖੀ ਤਬਦੀਲੀਆਂ ਦੀਆਂ ਉਦਾਹਰਣਾਂ ਸਾਹਮਣੇ ਆਈਆਂ ਹਨ :
* 3 ਜੁਲਾਈ ਨੂੰ ਰਿਆਸੀ ਜ਼ਿਲੇ ਦੀ ਮਾਹੌਰ ਤਹਿਸੀਲ ਤੋਂ ਲਗਭਗ 35 ਕਿਲੋਮੀਟਰ ਦੂਰ ‘ਤੁਕਸਿਨ ਢੋਕ’ ਨਾਂ ਦੇ ਪਿੰਡ ਦੇ ਨਿਵਾਸੀ ਨੇ ਜੰਗਲ ’ਚ ਲੁਕਣ ਲਈ ਪਹੁੰਚੇ ‘ਲਸ਼ਕਰ-ਏ-ਤੋਇਬਾ’ ਦੇ 2 ਲੋੜੀਂਦੇ ਅੱਤਵਾਦੀਆਂ ਨੂੰ ਫੜਨ ਦੇ ਬਾਅਦ ਰੱਸੀਆਂ ਨਾਲ ਬੰਨ੍ਹ ਕੇ ਉਨ੍ਹਾਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ। 
* 6 ਜੁਲਾਈ ਨੂੰ ਕੁਲਗਾਮ ਦੇ ‘ਹਾਦੀਗਾਮ’ ਪਿੰਡ ’ਚ ਅੱਤਵਾਦੀਆਂ ਦੀ ਘੇਰਾਬੰਦੀ ਦੇ ਦੌਰਾਨ ਘਰੋਂ ਭੱਜ ਕੇ ਅੱਤਵਾਦੀ ਬਣੇ ਅਤੇ ‘ਲਸ਼ਕਰ’ ਦੇ ਹਿੱਟ ਸਕੁਐਡ ‘ਦਿ ਰਜਿਸਟੈਂਸ ਫਰੰਟ’ ’ਚ ਸ਼ਾਮਲ 2  ਸਥਾਨਕ ਨੌਜਵਾਨ ਨਦੀਮ ਅਤੇ ਕਫੀਰ ਨੇ ਆਪਣੀ ਮਾਂ ਅਤੇ ਪੁਲਸ ਦੀ ਅਪੀਲ ’ਤੇ ਆਤਮਸਮਰਪਣ ਕਰ ਦਿੱਤਾ ਜਿਸ ਦੇ ਬਾਅਦ ਉਨ੍ਹਾਂ ਦੇ ਕਬਜ਼ੇ ’ਚੋਂ ਇਤਰਾਜ਼ਯੋਗ ਸਮੱਗਰੀ, ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ।  
ਘਾਟੀ ’ਚ ਇਸ ਸਾਲ ਸੁਰੱਖਿਆ ਬਲਾਂ ਦੇ ਸਾਹਮਣੇ ਅੱਤਵਾਦੀਆਂ ਦੇ ਆਤਮਸਮਰਪਣ ਦਾ ਇਹ ਪਹਿਲਾ ਮੌਕਾ ਹੈ। ਨਦੀਮ ਦੀ ਮਾਂ ਨੇ ਉਸ ਨੂੰ ਆਤਮਸਮਰਪਣ ਕਰਨ ਦੀ ਅਪੀਲ ਕਰਦੇ ਹੋਏ  ਕਿਹਾ, ‘‘ਨਦੀਮ ਸਰੰਡਰ ਕਰ ਦਿਓ। ਜਿਸ ਜੇਹਾਦ ਦੇ ਲਈ ਤੁਸੀਂ ਨਿਕਲੇ ਹੋ, ਉਹ ਤੁਹਾਡੇ ’ਤੇ ਹਰਾਮ ਹੈ। ਹਥਿਆਰ ਛੱਡ ਦਿਓ ਅਤੇ ਬਾਹਰ ਨਿਕਲ ਆਓ। ਤੁਹਾਡੀ ਮਾਂ ਤੁਹਾਨੂੰ ਕਹਿ ਰਹੀ ਹੈ।’’
ਮਹਿਬੂਬਾ ਮੁਫਤੀ ਨੇ ਉਕਤ ਅੱਤਵਾਦੀਆਂ ਨੂੰ ਆਤਮਸਮਰਪਣ  ਦੇ ਲਈ ਰਾਜ਼ੀ ਕਰਨ ’ਤੇ ਸੁਰੱਖਿਆ ਬਲਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੇ ਹੋਏ ਟਵੀਟ ਕੀਤਾ ਕਿ : 
‘‘ਸੁਰੱਖਿਆ ਬਲਾਂ ਨੂੰ ਅੱਤਵਾਦੀਆਂ ਦੇ ਪਰਿਵਾਰਕ ਮੈਂਬਰਾਂ ਤੋਂ ਸਹਿਯੋਗ ਮਿਲਣ ਅਤੇ ਆਤਮਸਮਰਪਣ ਲਈ ਰਾਜ਼ੀ ਕਰਨ ’ਤੇ 2 ਜ਼ਿੰਦਗੀਆਂ ਬਚਾਉਣ ਦੇ ਲਈ ਧੰਨਵਾਦ। ਇਸ ਤਰ੍ਹਾਂ ਦੇ ਯਤਨ ਜਾਰੀ ਰਹਿਣੇ ਚਾਹੀਦੇ ਹਨ ਤਾਂ ਕਿ ਅੱਤਵਾਦ ’ਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ ਆਪਣੀ ਜ਼ਿੰਦਗੀ ਜਿਊਣ ਦਾ ਦੂਜਾ ਮੌਕਾ ਿਦੱਤਾ ਜਾ ਸਕੇ।’’
* 8 ਜੁਲਾਈ ਨੂੰ ਕਸ਼ਮੀਰ ਘਾਟੀ ’ਚ ਬਦਲਾਅ ਦੀ ਤੀਜੀ ਉਦਾਹਰਣ ‘ਹਿਜਬੁਲ ਮੁਜਾਹਿਦੀਨ’ ਦੇ ਪੋਸਟਰ ਬੁਆਏ ਅਤੇ ਖਤਰਨਾਕ ਅੱਤਵਾਦੀ ਬੁਰਹਾਨ ਵਾਨੀ ਦੀ ਛੇਵੀਂ ਬਰਸੀ ’ਤੇ ਦੇਖਣ ਨੂੰ ਮਿਲੀ ਜਿਸ ਨੂੰ ਸੁਰੱਖਿਆ ਬਲਾਂ ਨੇ ਦੱਖਣੀ ਕਸ਼ਮੀਰ ’ਚ 8 ਜੁਲਾਈ 2016 ਨੂੰ ਐਨਕਾਊਂਟਰ ’ਚ ਮਾਰ-ਮੁਕਾਇਆ ਸੀ ਅਤੇ ਇਸ ਦੇ ਬਾਅਦ ਘਾਟੀ ਤੇ ਜੰਮੂ ਖੇਤਰ ਦੇ ਕੁਝ ਹਿੱਸਿਆਂ ’ਚ 5 ਮਹੀਨਿਆਂ ਤੱਕ ਜਾਰੀ ਰਹੀਆਂ ਹਿੰਸਕ ਘਟਨਾਵਾਂ ’ਚ 100 ਤੋਂ ਵੱਧ ਲੋਕ ਮਾਰੇ ਗਏ ਤੇ ਹਜ਼ਾਰਾਂ ਲੋਕ ਜ਼ਖਮ ਹੋਏ ਸਨ। 
ਪਿਛਲੇ 5 ਸਾਲਾਂ ਦੇ ਉਲਟ ਇਸ ਵਾਰ 8 ਜੁਲਾਈ ਨੂੰ ਅੱਤਵਾਦੀਆਂ ਦੇ ਵੱਲੋਂ ਨਾ ਤਾਂ ਕੋਈ ਸਮਾਗਮ ਆਯੋਜਿਤ ਕੀਤਾ ਗਿਆ ਅਤੇ ਨਾ ਹੀ ਕਿਸੇ ਹੜਤਾਲ ਦਾ ਸੱਦਾ ਦਿੱਤਾ ਗਿਆ। ਕਸ਼ਮੀਰ ਘਾਟੀ ਦੀਆਂ ਸਾਰੀਆਂ ਮਸਜਿਦਾਂ ’ਚ ਜੁੰਮੇ ਦੀ ਨਮਾਜ਼ ਦੇ ਬਾਅਦ ਲੋਕ ਸਿੱਧੇ 10 ਜੁਲਾਈ ਨੂੰ ਹੋਣ ਵਾਲੀ ਈਦ ਦੀ ਖਰੀਦਦਾਰੀ  ਲਈ ਬਾਜ਼ਾਰਾਂ ਵੱਲ ਨਿਕਲ ਗਏ।  ਇੱਥੋਂ ਤੱਕ ਕਿ ਬੁਰਹਾਨ ਦੇ ਗ੍ਰਹਿ ਨਗਰ ਪੁਲਵਾਮਾ ’ਚ ਵੀ ਹੜਤਾਲ ਨਹੀਂ ਹੋਈ। 
* ਇਸ ਵਾਰ 8 ਜੁਲਾਈ ਨੂੰ ਇੰਟਰਨੈੱਟ ਸੇਵਾਵਾਂ ਨੂੰ ਵੀ ਨਹੀਂ ਰੋਕਿਆ ਗਿਆ ਜਦਕਿ ਪਿਛਲੇ 5 ਸਾਲਾਂ ਤੋਂ ਪ੍ਰਸ਼ਾਸਨ 8 ਜੁਲਾਈ ਨੂੰ ਇੰਟਰਨੈੱਟ ਸੇਵਾਵਾਂ ਬੰਦ ਕਰਦਾ ਰਿਹਾ ਹੈ। 
ਜੰਮੂ-ਕਸ਼ਮੀਰ ਦੇ ਲੋਕਾਂ ਵੱਲੋਂ 2 ਅੱਤਵਾਦੀਆਂ ਨੂੰ ਫੜ ਕੇ ਪੁਲਸ ਦੇ ਹਵਾਲੇ ਕਰਨਾ, ਮਾਂ ਦੀ ਅਪੀਲ ’ਤੇ 2 ਅੱਤਵਾਦੀਅਾਂ ਦਾ ਪੁਲਸ ਦੇ ਸਾਹਮਣੇ ਆਤਮਸਮਰਪਣ ਕਰਨਾ ਅਤੇ ਖਤਰਨਾਕ ਅੱਤਵਾਦੀ ਬੁਰਹਾਨ ਵਾਨੀ ਦੀ ਬਰਸੀ ’ਤੇ ਇਸ ਵਾਰ ਘਾਟੀ ’ਚ ਵਿਰੋਧ ਵਿਖਾਵੇ ਦਾ ਨਾ ਹੋਣਾ ਇੱਥੇ ਲੋਕਾਂ ’ਚ ਆ ਰਹੇ ਹਾਂਪੱਖੀ ਬਦਲਾਅ ਦੇ ਆਰੰਭ ਦਾ ਸੰਕੇਤ ਹੈ। 
ਜੇਕਰ ਇਸੇ ਤਰ੍ਹਾਂ ਆਮ ਲੋਕ, ਭਟਕੇ ਹੋਏ ਨੌਜਵਾਨਾਂ ਦੇ ਮਾਤਾ-ਪਿਤਾ ਅਤੇ ਸੁਰੱਖਿਆ ਅਧਿਕਾਰੀ ਉਨ੍ਹਾਂ ਨੂੰ ਸਹੀ ਰਸਤੇ ’ਤੇ ਪਰਤ ਆਉਣ ਲਈ ਪ੍ਰੇਰਿਤ ਅਤੇ ਅੱਤਵਾਦੀਆਂ ਵੱਲੋਂ  ਆਪਣੇ ਹੀ ਭਰਾਵਾਂ ਦਾ ਖੂਨ ਵਹਾਉਣ ਦੇ ਭੈੜੇ ਨਤੀਜਿਆਂ ਬਾਰੇ ਜਾਗਰੂਕ ਕਰਨ ਤਾਂ ਸ਼ਾਇਦ ਘਾਟੀ ’ਚ ਸੁਖ-ਖੁਸ਼ਹਾਲੀ ਅਤੇ ਸ਼ਾਂਤੀ ਦਾ 30 ਸਾਲ ਪਹਿਲਾਂ ਵਾਲਾ ਦੌਰ ਵਾਪਸ ਆਉਣ ’ਚ ਜ਼ਿਆਦਾ ਸਮਾਂ ਨਾ ਲੱਗੇ।

ਵਿਜੇ ਕੁਮਾਰ


Karan Kumar

Content Editor

Related News