ਨਹੀਂ ਰੁਕ ਰਿਹਾ ਦੁਨੀਆ ’ਚ ਕੁਦਰਤ ਦਾ ਪ੍ਰਕੋਪ
Tuesday, Jul 27, 2021 - 03:17 AM (IST)

ਅਸੀਂ ਅਕਸਰ ਲਿਖਦੇ ਰਹਿੰਦੇ ਹਾਂ ਕਿ ਕੁਝ ਸਮੇਂ ਤੋਂ ਦੁਨੀਆ ਦੇ ਹਾਲਾਤ ਦੇਖਦੇ ਹੋਏ ਕਈ ਲੋਕਾਂ ਦਾ ਕਹਿਣਾ ਠੀਕ ਲੱਗਦਾ ਹੈ ਕਿ ਦੁਨੀਆ ’ਤੇ ਸ਼ਨੀ ਦੀ ਸਾੜ੍ਹਸਤੀ ਦਾ ਪ੍ਰਕੋਪ ਜਾਰੀ ਹੈ। ਕਿਤੇ ਕੋਰੋਨਾ ਮਹਾਮਾਰੀ ਜਾਨ ਲੈ ਰਹੀ ਹੈ, ਕਿਤੇ ਫੰਗਸ ਤਾਂ ਕਿਤੇ ਭੂਚਾਲ, ਅਾਸਮਾਨੀ ਬਿਜਲੀ, ਜ਼ਮੀਨ ਖਿਸਕਣ, ਹੜ੍ਹ, ਮੀਂਹ, ਜੰਗਲਾਂ ਦੀ ਅੱਗ ਆਦਿ ਨਾਲ ਭਾਰੀ ਤਬਾਹੀ ਹੋ ਰਹੀ ਹੈ :
* 16 ਜੁਲਾਈ ਤਕ ਮੀਂਹ, ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਬੈਲਜੀਅਮ ਅਤੇ ਜਰਮਨ ’ਚ 126 ਤੋਂ ਵੱਧ ਲੋਕਾਂ ਦੀਆਂ ਮੌਤਾਂ ਅਤੇ 1300 ਤੋਂ ਵੱਧ ਲੋਕ ਲਾਪਤਾ ਹੋ ਚੁੱਕੇ ਹਨ। ਮੀਂਹ ਕਾਰਨ ਜਰਮਨੀ ’ਚ ਰੇਲਵੇ ਨੂੰ 1.5 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਯੂਰਪ ਦੇ ਕੁਝ ਹੋਰਨਾਂ ਦੇਸ਼ਾਂ ’ਚ ਦੂਜੀ ਵਿਸ਼ਵ ਜੰਗ (1939-1945) ਤੋਂ ਬਾਅਦ ਪਹਿਲੀ ਵਾਰ ਇੰਨਾ ਭਾਰੀ ਮੀਂਹ ਪਿਆ ਹੈ, ਜਿਸ ਕਾਰਨ 70,000 ਕਰੋੜ ਰੁਪਏ ਦੀ ਜਾਇਦਾਦ ਨੁਕਸਾਨੀ ਗਈ ਹੈ।
* 16 ਜੁਲਾਈ ਨੂੰ ਆਸਾਮ ਦੇ ਕਈ ਜ਼ਿਲਿਆਂ ’ਚ 3.4 ਤੀਬਰਤਾ ਅਤੇ ਜਾਪਾਨ ਦੇ ‘ਹਾਚੀਜੋਜ਼ਿਮਾ’ ਟਾਪੂ ’ਚ 5.5 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
* 18 ਜੁਲਾਈ ਨੂੰ ਬਿਹਾਰ ’ਚ ਰੋਹਤਾਸ ਜ਼ਿਲੇ ਦੇ ਸ਼ਿਵ ਸਾਗਰ ਇਲਾਕੇ ’ਚ ਆਸਮਾਨੀ ਬਿਜਲੀ ਡਿੱਗਣ ਨਾਲ ਤਿੰਨ ਵਿਅਕਤੀਆਂ ਦੀ ਜਾਨ ਚਲੀ ਗਈ।
* 19 ਜੁਲਾਈ ਨੂੰ ਸਿੱਕਮ ਦੀ ਰਾਜਧਾਨੀ ਗੰਗਟੋਕ ਅਤੇ ਆਲੇ-ਦੁਆਲੇ ਦੇ ਇਲਾਕਿਆਂ ’ਚ 3.2 ਤੀਬਰਤਾ ਦੇ ਅਤੇ ਇੰਡੋਨੇਸ਼ੀਆ ’ਚ 5.2 ਤੀਬਰਤਾ ਦੇ ਭੂਚਾਲ ਆਏ।
* 19 ਜੁਲਾਈ ਨੂੰ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲੇ ’ਚ ਮੀਂਹ ਨਾਲ ਸੰਬੰਧਤ ਦੁਰਘਟਨਾਵਾਂ ’ਚ ਘੱਟੋ-ਘੱਟ 3 ਵਿਅਕਤੀਆਂ ਦੇ ਡੁੱਬ ਜਾਣ ਨਾਲ ਅਤੇ ਠਾਣੇ ਦੇ ‘ਕਲਵਾਪੁਰ’ ਇਲਾਕੇ ’ਚ ਇਕ ਚੱਟਾਨ ਦੇ ਖਿਸਕ ਕੇ ਇਕ ‘ਚਾਲ’ ਉੱਤੇ ਡਿੱਗ ਜਾਣ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ। ਇਸੇ ਦਿਨ ਉੱਤਰਾਖੰਡ ’ਚ ਬੱਦਲ ਫਟਣ ਨਾਲ ਇਕ ਹੀ ਪਰਿਵਾਰ ਦੇ ਤਿੰਨ ਮੈਂਬਰ ਮਾਰੇ ਗਏ।
* 20 ਜੁਲਾਈ ਨੂੰ ਮਹਾਰਾਸ਼ਟਰ ਦੇ ਨਾਸਿਕ ਵਿਖੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਬਿਹਾਰ ’ਚ ਆਸਮਾਨੀ ਬਿਜਲੀ ਡਿੱਗਣ ਨਾਲ 4 ਵਿਅਕਤੀ ਮਾਰੇ ਗਏ, ਚੀਨ ’ਚ ਸੁਰੰਗ ਧਸਣ ਨਾਲ 3 ਵਿਅਕਤੀਆਂ ਦੀ ਮੌਤ ਹੋ ਗਈ। ਇਸੇ ਦਿਨ ਪਾਕਿਸਤਾਨ ਦੇ ਬਲੋਚਿਸਤਾਨ ਵਿਖੇ ਹੜ੍ਹ ਨੇ 21 ਵਿਅਕਤੀਆਂ ਦੀ ਜਾਨ ਲੈ ਲਈ ਅਤੇ 22 ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ।
* 21 ਜੁਲਾਈ ਨੂੰ ਬੀਕਾਨੇਰ ਵਿਖੇ 5.3 ਅਤੇ ਲੇਹ ਵਿਖੇ 3.6 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸੇ ਦਿਨ ਚੀਨ ਦੇ ਕੇਂਦਰੀ ਹੇਨਾਨ ਸੂਬੇ ’ਚ 1000 ਸਾਲ ’ਚ ਹੋਈ ਸਭ ਤੋਂ ਭਿਆਨਕ ਵਰਖਾ ਨਾਲ 33 ਵਿਅਕਤੀਆਂ ਦੀ ਮੌਤ ਅਤੇ 1400 ਕਰੋੜ ਰੁਪਏ ਦੀ ਜਾਇਦਾਦ ਨਸ਼ਟ ਹੋ ਗਈ ਅਤੇ ਹਿਮਾਚਲ ’ਚ ਵੱਖ-ਵੱਖ ਥਾਵਾਂ ’ਤੇ ਮੀਂਹ ਕਾਰਨ 3 ਵਿਅਕਤੀਆਂ ਦੀ ਮੌਤ ਪਿਛੋਂ ਇਸ ਮੌਸਮ ’ਚ ਹੁਣ ਤਕ ਉਥੇ ਮ੍ਰਿਤਕਾਂ ਦੀ ਗਿਣਤੀ 167 ਹੋ ਗਈ ਹੈ।
* 22 ਜੁਲਾਈ ਨੂੰ ਮਹਾਰਾਸ਼ਟਰ ਦੀਆਂ ਕਈ ਥਾਵਾਂ ’ਤੇ 24 ਘੰਟਿਆਂ ’ਚ ਸਾਧਾਰਨ ਤੋਂ 344 ਫੀਸਦੀ ਵੱਧ ਵਰਖਾ ਰਿਕਾਰਡ ਕੀਤੀ ਗਈ, ਜਿਸ ਕਾਰਨ ਸੂਬੇ ਦੇ ਕਈ ਜ਼ਿਲਿਆਂ ’ਚ ਹਾਲਾਤ ਬਹੁਤ ਹੀ ਮਾੜੇ ਹੋ ਗਏ। ਸੂਬੇ ’ਚ 26 ਜੁਲਾਈ ਤਕ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਮ੍ਰਿਤਕਾਂ ਦੀ ਗਿਣਤੀ 164 ਦਾ ਅੰਕੜਾ ਪਾਰ ਕਰ ਚੁੱਕੀ ਹੈ। ਪੱਛਮੀ ਮਹਾਰਾਸ਼ਟਰ ਅਤੇ ਤੱਟਵਰਤੀ ਕੋਂਕਣ ਦਾ ਪੂਰਾ ਖੇਤਰ ਪਾਣੀ ’ਚ ਡੁੱਬ ਗਿਆ ਅਤੇ ਚਿਪਲੂਨ ਸ਼ਹਿਰ ਤਾਂ ਪਾਣੀ ’ਚ ਲਗਭਗ ਡੁੱਬ ਹੀ ਗਿਆ ਹੈ।
ਇਸੇ ਦਿਨ ‘ਪਨਾਮਾ’ ਅਤੇ ‘ਕੋਸਟਾਰਿਕਾ’ ਵਿਚ 6.8 ਤੀਬਰਤਾ ਅਤੇ ਰਾਜਸਥਾਨ ਦੇ ਬੀਕਾਨੇਰ ਸਮੇਤ ਕਈ ਥਾਵਾਂ ’ਤੇ 4.8 ਤੀਬਰਤਾ ਦੇ ਭੂਚਾਲ ਦੇ ਝਟਕੇ ਲੱਗੇ।
* 24 ਜੁਲਾਈ ਨੂੰ ਉੱਤਰਕਾਸ਼ੀ ’ਚ 3.4 ਤੀਬਰਤਾ ਅਤੇ ਫਿਲੀਪੀਨਸ ਵਿਖੇ 6.7 ਤੀਬਰਤਾ ਦੇ ਭੂਚਾਲ ਆਏ, 24 ਜੁਲਾਈ ਤਕ ਅਮਰੀਕਾ ਦੇ 13 ਸੂਬਿਆਂ ’ਚ 85 ਥਾਵਾਂ ’ਤੇ ਜੰਗਲਾਂ ’ਚ ਲੱਗੀ ਅੱਗ ਕਾਰਨ 14 ਲੱਖ ਏਕੜ ਇਲਾਕਾ ਸੜ ਕੇ ਤਬਾਹ ਹੋਣ ਦੀ ਖ਼ਬਰ ਹੈ।
* 25 ਜੁਲਾਈ ਨੂੰ ਨਿਊਜ਼ੀਲੈਂਡ ’ਚ ‘ਕੇਰਮਾਡੈਡ’ ਟਾਪੂ ਦੇ ਨੇੜੇ 6.8 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਹਿਮਾਚਲ ਦੇ ਕਿਨੌਰ ’ਚ ਜ਼ਮੀਨ ਖਿਸਕਣ ਪਿੱਛੋਂ ਇਕ ਮੁਸਾਫਰ ਮੋਟਰ ਗੱਡੀ ’ਤੇ ਚੱਟਾਨਾਂ ਡਿੱਗਣ ਕਾਰਨ 9 ਸੈਲਾਨੀਆਂ ਦੀ ਜਾਨ ਚਲੀ ਗਈ ਅਤੇ ਬੈਲਜੀਅਮ ’ਚ ਮੀਂਹ ਅਤੇ ਹੜ੍ਹ ਕਾਰਨ ਮਰਨ ਵਾਲਿਆਂ ਦਾ ਅੰਕੜਾ 36 ਤਕ ਪਹੁੰਚ ਗਿਆ।
* ਇਸੇ ਦਿਨ ਨਾਰਵੇ ਦੀ ਰਾਜਧਾਨੀ ਓਸਲੋ ਦੇ ਦੱਖਣ ’ਚ ਦੇਰ ਰਾਤ ਤੇਜ਼ ਆਵਾਜ਼ ਨਾਲ ਉਲਕਾ ਪਿੰਡ ਡਿੱਗਾ। ਇਸ ਦੀ ਆਵਾਜ਼ ਅਤੇ ਤੇਜ਼ ਰੌਸ਼ਨੀ ਕਾਰਨ ਲੋਕ ਦਹਿਲ ਗਏ ਅਤੇ ਇਹ ਪ੍ਰਕਾਸ਼ ਪੁੰਜ ਅਤੇ ਆਵਾਜ਼ ਕੁਝ ਹੀ ਪਲਾਂ ’ਚ ਗਾਇਬ ਹੋ ਗਈ।
* 26 ਜੁਲਾਈ ਨੂੰ ਹੈਦਰਾਬਾਦ ਦੇ ਦੱਖਣੀ ਇਲਾਕੇ ’ਚ ਰਿਕਟਰ ਪੈਮਾਨੇ ’ਤੇ 4.00 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਵਿਗਿਆਨੀਆਂ ਨੇ ਗਲੋਬਲ ਵਾਰਮਿੰਗ ਕਾਰਨ ਪੌਣ-ਪਾਣੀ ਦੀ ਤਬਦੀਲੀ ਅਤੇ ਗਲੇਸ਼ੀਅਰਾਂ ਦੇ ਪਿਘਲਣ ਕਾਰਨ ਸਮੁੰਦਰ ਦੇ ਪਾਣੀ ਦਾ ਪੱਧਰ ਵਧਣ ਅਤੇ ਅੰਨ੍ਹੇਵਾਹ ਉਦਯੋਗਿਕ ਵਿਕਾਸ ਨੂੰ ਕਈ ਆਫਤਾਂ ਦਾ ਕਾਰਨ ਦੱਸਦੇ ਹੋਏ ਚਿਤਾਵਨੀ ਦਿੱਤੀ ਹੈ ਕਿ ਜੇ ਕੁਦਰਤ ਨਾਲ ਬੇਲੋੜੀ ਛੇੜਛਾੜ ਬੰਦ ਨਾ ਕੀਤੀ ਗਈ ਤਾਂ 2070 ਤਕ ਧਰਤੀ ਦਾ ਤਾਪਮਾਨ ਇੰਨਾ ਵਧ ਜਾਵੇਗਾ ਕਿ ਇਥੇ ਰਹਿਣਾ ਮੁਸ਼ਕਲ ਹੋ ਜਾਵੇਗਾ।
ਇਸ ਦੌਰਾਨ ਅਮਰੀਕੀ ਖੋਜਕਰਤਾਵਾਂ ਨੇ ਇਹ ਦਾਅਵਾ ਕੀਤਾ ਹੈ ਕਿ ਚੰਦਰਮਾ ਦੀ ਚਾਲ ਕਾਰਨ ਤੱਟੀ ਖੇਤਰਾਂ ’ਚ ਹੜ੍ਹ ਦਾ ਖਤਰਾ ਵਧਦਾ ਹੈ। ਉਨ੍ਹਾਂ ਮੁਤਾਬਕ ਪੌਣ-ਪਾਣੀ ਦੀ ਤਬਦੀਲੀ ਕਾਰਨ ਵਧਦੇ ਸਮੁੰਦਰ ਦੇ ਪਾਣੀ ਦੇ ਪੱਧਰ ਦੇ ਨਾਲ ਚੰਦਰਮਾ ਆਪਣੇ ਪੰਧ ਤੋਂ ਡਗਮਗਾ ਜਾਵੇਗਾ, ਜਿਸ ਕਾਰਨ ਧਰਤੀ ’ਤੇ 2030 ’ਚ ਭਾਰੀ ਹੜ੍ਹ ਆ ਸਕਦਾ ਹੈ।
ਉਕਤ ਆਫਤਾਂ ਤੋਂ ਇਲਾਵਾ ਮੌਸਮ ਵੀ ਤਰ੍ਹਾਂ-ਤਰ੍ਹਾਂ ਦੇ ਰੰਗ ਦਿਖਾ ਰਿਹਾ ਹੈ। ਸ਼ਾਇਦ ਕੁਦਰਤ ਸਮੁੱਚੀ ਦੁਨੀਆ ਨੂੰ ਚਿਤਾਵਨੀ ਦੇ ਰਹੀ ਹੈ ਕਿ ਅਜੇ ਵੀ ਸੰਭਲ ਜਾਓ ਅਤੇ ਮੇਰੇ ਨਾਲ ਛੇੜਛਾੜ ਕਰਨੀ ਬੰਦ ਕਰ ਦਿਓ, ਨਹੀਂ ਤਾਂ ਤੁਹਾਨੂੰ ਤਬਾਹੀ ਦੀ ਲੀਲਾ ਮੌਜੂਦਾ ਸਮੇਂ ਤੋਂ ਵੀ ਵੱਧ ਦੇਖਣ ਨੂੰ ਮਿਲੇਗੀ।