‘ਹਿੰਦ ਸਮਾਚਾਰ’ ਹੋਇਆ 74 ਸਾਲ ਦਾ, ਅਨੇਕ ਚੁਣੌਤੀਆਂ ਨੂੰ ਪਾਰ ਕਰ

05/05/2022 10:31:07 AM

ਆਟੀਕਲ :  ਉਰਦੂ ਰੋਜ਼ਾਨਾ ’ਚ ‘ਹਿੰਦ ਸਮਾਚਾਰ’ ਦਾ ਵਿਸ਼ੇਸ਼ ਸਥਾਨ ਹੈ। ਉਰਦੂ ਪੱਤਰਕਾਰਿਤਾ ਦੇ 200 ਸਾਲ ਪੂਰੇ ਹੋਣ ’ਤੇ ‘ਉਰਦੂ ਪੱਤਰਕਾਰਿਤਾ ਦੂਜੀ ਸ਼ਤਾਬਦੀ ਸਮਾਰੋਹ ਕਮੇਟੀ’ ਦੇ ਵੱਲੋਂ 30 ਮਾਰਚ ਨੂੰ ਦਿੱਲੀ ’ਚ ਆਯੋਜਿਤ ਸਮਾਗਮ ’ਚ ‘ਹਿੰਦ ਸਮਾਚਾਰ’ ਦੇ ਸੰਪਾਦਕ ਨੂੰ ਸਮਾਗਮ ਦੀ ਪ੍ਰਧਾਨਗੀ ਲਈ ਸੱਦਾ ਦੇਣ ਅਤੇ ਉਰਦੂ ਪੱਤਰਕਾਰਿਤਾ ’ਚ ਯੋਗਦਾਨ ਦੇ ਲਈ ਸਨਮਾਨਿਤ ਕੀਤਾ ਗਿਆ। ‘ਹਿੰਦ ਸਮਾਚਾਰ’ ਦੇ ਹੋਂਦ ’ਚ ਆਉਣ ਦੀ ਕਹਾਣੀ ਵੀ ਦੇਸ਼ ਦੀ ਆਜ਼ਾਦੀ ਜਿੰਨੀ ਹੀ ਪੁਰਾਣੀ ਹੈ। ਦੇਸ਼ ਦੀ ਵੰਡ ਦੇ ਬਾਅਦ ਲਾਹੌਰ ਨੂੰ ਅਲਵਿਦਾ ਕਹਿ ਕੇ ਅਸੀਂ 14 ਅਗਸਤ, 1947 ਨੂੰ ਜਲੰਧਰ ਆ ਕੇ ਪੱਕਾ ਬਾਗ ਸਥਿਤ ਇਕ ਮਕਾਨ ਵਿਚ ਰਹਿਣ ਲੱਗੇ ਜਿਸ ਦੇ ਸਾਹਮਣੇ ਸਾਡਾ ਦਫਤਰ ਹੈ।

 ਲਾਹੌਰ ’ਚ ਛਪਣ ਵਾਲੇ ਹਿੰਦੂਆਂ ਦੇ ਉਰਦੂ ਰੋਜ਼ਾਨਾ ’ਚ ਮਹਾਸ਼ਾ ਖੁਸ਼ਹਾਲ ਚੰਦਰ ਅਤੇ ਉਨ੍ਹਾਂ ਦੇ ਪੁੱਤਰਾਂ ਸ਼੍ਰੀ ਯਸ਼, ਸ਼੍ਰੀ ਰਣਬੀਰ ਅਤੇ ਸ਼੍ਰੀ ਯੁੱਧਵੀਰ ਦਾ ਅਖਬਾਰ ‘ਮਿਲਾਪ’, ਮਹਾਸ਼ਾ ਕ੍ਰਿਸ਼ਨ ਅਤੇ ਉਨ੍ਹਾਂ ਦੇ ਪੁੱਤਰਾਂ ਸ਼੍ਰੀ ਵੀਰੇਂਦਰ ਅਤੇ ਸ਼੍ਰੀ ਨਰਿੰਦਰ ਦਾ ‘ਪ੍ਰਤਾਪ’ ਅਤੇ ਗੋਸਵਾਮੀ ਗਣੇਸ਼ ਦੱਤ ਜੀ ਵੱਲੋਂ ਸਥਾਪਿਤ ‘ਵੀਰ ਭਾਰਤ’ ਮੁੱਖ ਸਨ। ਦੂਜੇ ਪਾਸੇ ਮੁਸਲਿਮ ਲੀਗ ਦੇ 3 ਉਰਦੂ ਰੋਜ਼ਾਨਾ ‘ਜ਼ਮੀਂਦਾਰ’, ‘ਇਨਕਲਾਬ’ ਅਤੇ ‘ਸ਼ਹਬਾਜ਼’ ਪ੍ਰਕਾਸ਼ਿਤ ਹੁੰਦੇ ਸਨ। ਇਹ ਸਾਰੇ ਅਖਬਾਰ ਇਕ ਦੂਸਰੇ ’ਤੇ ਖੂਬ ਟਿੱਪਣੀਆਂ ਕਰਦੇ ਸਨ। 4 ਮਈ, 1948 ਨੂੰ 1800 ਕਾਪੀਆਂ ਦੇ ਨਾਲ ਜਦੋਂ ਪੂਜਨੀਕ ਪਿਤਾ ਜੀ ਨੇ ਉਰਦੂ ਰੋਜ਼ਾਨਾ ‘ਹਿੰਦ ਸਮਾਚਾਰ’ ਦਾ ਪ੍ਰਕਾਸ਼ਨ ਜਲੰਧਰ (ਪੰਜਾਬ) ਤੋਂ ਸ਼ੁਰੂ ਕੀਤਾ ਉਸ ਸਮੇਂ ਇੱਥੋਂ ਕੋਈ ਉਰਦੂ ਰੋਜ਼ਾਨਾ ਪ੍ਰਕਾਸ਼ਿਤ ਨਹੀਂ ਹੁੰਦਾ ਸੀ। ਕੁਝ ਹੀ ਸਮੇਂ ਬਾਅਦ ਯਸ਼ ਜੀ ਨੇ ਵੀ ਜਲੰਧਰ ਤੋਂ ‘ਮਿਲਾਪ’ ਉਰਦੂ ਅਤੇ ਵੀਰੇਂਦਰ ਜੀ ਨੇ ਵੀ ‘ਪ੍ਰਤਾਪ’ ਉਰਦੂ ਸ਼ੁਰੂ ਕਰ ਦਿੱਤਾ।

ਲਾਲਾ ਜੀ ਲਾਹੌਰ ਕਾਂਗਰਸ ਦੇ ਪ੍ਰਧਾਨ ਸਨ ਅਤੇ ਪੰਜਾਬ ਆਉਣ ’ਤੇ ਉਹ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਬਣਾਏ ਗਏ। ਉਨ੍ਹਾਂ ਨੂੰ 1952 ’ਚ ਭੀਮ ਸੇਨ ਸੱਚਰ ਮੰਤਰੀ ਮੰਡਲ ’ਚ ਸ਼ਾਮਲ ਕਰ ਕੇ ਸਿੱਖਿਆ, ਟਰਾਂਸਪੋਰਟ ਅਤੇ ਸਿਹਤ ਮੰਤਰੀ ਬਣਾਇਆ ਗਿਆ। ਭੀਮ ਸੇਨ ਸੱਚਰ ਦੇ ਅਸਤੀਫੇ ਦੇ ਬਾਅਦ ਪ੍ਰਤਾਪ ਸਿੰਘ ਕੈਰੋਂ ਦੇ ਮੁੱਖ ਮੰਤਰੀ ਕਾਲ ਦੇ ਦੌਰਾਨ ਲਾਲਾ ਜੀ ਨੇ ਆਪਣੇ ਤਿੰਨਾਂ ਹੀ ਵਿਭਾਗਾਂ ’ਚ ਸ਼ਾਨਦਾਰ ਸੁਧਾਰ ਕਰਦੇ ਹੋਏ ਜਿੱਥੇ 8ਵੀਂ ਜਮਾਤ ਤੱਕ ਪਾਠ ਪੁਸਤਕਾਂ ਅਤੇ ਟਰਾਂਸਪੋਰਟ ਦਾ ਰਾਸ਼ਟਰੀਕਰਨ ਕੀਤਾ, ਉੱਥੇ ਹੀ ਆਯੁਰਵੈਦਿਕ ਡਿਸਪੈਂਸਰੀਆਂ ਖੁੱਲ੍ਹਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਤਾਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਵੱਲੋਂ ਟਰਾਂਸਪੋਰਟ ਦੇ ਰਾਸ਼ਟਰੀਕਰਨ ਦਾ ਵਿਰੋਧ ਕਰਨ ’ਤੇ ਉਨ੍ਹਾਂ ਦੀ ਕੈਰੋਂ ਨਾਲ ਵਿਗੜ ਗਈ। ਇਸ ਦੇ ਬਾਅਦ ਜਦੋਂ ਪ੍ਰਤਾਪ ਸਿੰਘ ਕੈਰੋਂ ’ਤੇ ਭਾਰੀ ਦੋਸ਼ ਲੱਗੇ ਤਾਂ ਲਾਲਾ ਜੀ ਨੇ ਮੰਤਰੀ ਮੰਡਲ ਅਤੇ ਕਾਂਗਰਸ ਤੋਂ ਅਸਤੀਫਾ ਦੇ ਕੇ ‘ਹਿੰਦ ਸਮਾਚਾਰ’ ’ਚ ਉਨ੍ਹਾਂ ਦੇ ਸਕੈਂਡਲ ਛਾਪਣੇ ਸ਼ੁਰੂ ਕਰ ਦਿੱਤੇ। ਲਾਲਾ ਜੀ ਨੇ ਕੈਰੋਂ ਦੇ ਵਿਰੁੱਧ ਚੌ. ਦੇਵੀ ਲਾਲ, ਪ੍ਰਬੋਧ ਚੰਦਰ, ਮਾਸਟਰ ਤਾਰਾ ਸਿੰਘ, ਅਬਦੁਲ ਗਨੀ ਡਾਰ ਆਦਿ ਨੇਤਾਵਾਂ ਦੇ ਨਾਲ ਤਤਕਾਲੀਨ ਰਾਸ਼ਟਰਪਤੀ ਡਾ. ਰਾਧਾਕ੍ਰਿਸ਼ਣਨ ਨਾਲ ਮੁਲਾਕਾਤ ਕੀਤੀ, ਜਿਸ ਦੇ ਬਾਅਦ ਸ਼੍ਰੀ ਕੈਰੋਂ ਦੇ ਵਿਰੁੱਧ ਦਾਸ ਕਮਿਸ਼ਨ ਦੀ ਜਾਂਚ ਵਿਚ ਦੋਸ਼ੀ ਪਾਏ ਜਾਣ ’ਤੇ ਪੰਡਿਤ ਨਹਿਰੂ ਨੇ ਕੈਰੋਂ ਤੋਂ ਅਸਤੀਫਾ ਲੈ ਲਿਅਾ।

‘ਹਿੰਦ ਸਮਾਚਾਰ’ ਲਗਾਤਾਰ ਤਰੱਕੀ ਕਰ ਰਿਹਾ ਸੀ ਪਰ ਇਸ ਨੂੰ ਕਈ ਸੰਕਟਾਂ ਦਾ ਸਾਹਮਣਾ ਵੀ ਕਰਨਾ ਪਿਆ। ਜਦੋਂ ਪੰਜਾਬ ਤੋਂ ਵੱਖ ਹੋ ਕੇ ਹਰਿਆਣਾ ਸੂਬਾ ਬਣਿਆ ਤਾਂ ਉੱਥੋਂ ਦੀ ਬੰਸੀ ਲਾਲ ਸਰਕਾਰ ਨੇ ‘ਹਿੰਦ ਸਮਾਚਾਰ’ ਦੇ ਇਸ਼ਤਿਹਾਰ ਬੰਦ ਕਰ ਦਿੱਤੇ। ਜਦੋਂ 1974 ’ਚ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਬਣੇ, ਉਨ੍ਹਾਂ ਨੇ ਪੰਜਾਬ ’ਚ ਸ਼ਰਾਬ ਦੀ ਵਿਕਰੀ ’ਚ ਖੁੱਲ੍ਹੀ ਢਿੱਲ ਦੇ ਦਿੱਤੀ ਤਾਂ ਲਾਲਾ ਜੀ ਦੇ ਵਿਰੋਧ ਦੇ ਕਾਰਨ ਗਿਆਨੀ ਜ਼ੈਲ ਸਿੰਘ ਨੇ ਪਹਿਲਾਂ ਤਾਂ ‘ਹਿੰਦ ਸਮਾਚਾਰ’ ਦੇ ਇਸ਼ਤਿਹਾਰ ਬੰਦ ਕੀਤੇ ਅਤੇ ਫਿਰ ਸਰਕਾਰੀ ਦਫਤਰਾਂ ’ਚ ‘ਹਿੰਦ ਸਮਾਚਾਰ’ ਦਾ ਦਾਖਲਾ ਬੰਦ ਕੀਤਾ ਅਤੇ ਇਸ ਦੇ ਬਾਅਦ ਸਾਡੀ ਬਿਜਲੀ ਵੀ ਕਟਵਾ ਦਿੱਤੀ ਗਈ।

ਇਸ ਦੇ ਨਤੀਜੇ ਵਜੋਂ ਸਾਨੂੰ ਟ੍ਰੈਕਟਰ ਦੀ ਸਹਾਇਤਾ ਨਾਲ ਅਖਬਾਰ ਛਾਪਣੇ ਪਏ। ਹਾਲਾਂਕਿ ਬਾਅਦ ’ਚ ਸੁਪਰੀਮ ਕੋਰਟ ਦੇ ਹੁਕਮ ’ਤੇ ਸਾਡੀ ਬਿਜਲੀ ਬਹਾਲ ਕਰ ਦਿੱਤੀ ਗਈ, ਜਿਸ ਨਾਲ ਸਾਡੇ ਅਖਬਾਰ ਹੋਰ ਵੀ ਮਸ਼ਹੂਰ ਹੋ ਗਏ। ਇਸੇ ਤਰ੍ਹਾਂ ਸ਼ੇਖ ਅਬਦੁੱਲਾ ਦੀ ਜੰਮੂ-ਕਸ਼ਮੀਰ ਸਰਕਾਰ ਦਾ ਭ੍ਰਿਸ਼ਟਾਚਾਰ ਉਜਾਗਰ ਕਰਨ ’ਤੇ ਉਸ ਨੇ ਵੀ ‘ਹਿੰਦ ਸਮਾਚਾਰ’ ’ਤੇ ਬੈਨ ਲਾਇਆ ਪਰ ਸੁਪਰੀਮ ਕੋਰਟ ਦੇ ਹੁਕਮ ਨਾਲ ਸਰਕਾਰ ਨੂੰ ਕੁਝ ਦਿਨਾਂ ’ਚ ਹੀ ਬੈਨ ਹਟਾਉਣਾ ਪਿਆ।

‘ਹਿੰਦ ਸਮਾਚਾਰ’ ਨੇ ਆਪਣੀ ਸੰਘਰਸ਼ ਯਾਤਰਾ ਦੌਰਾਨ ਅੱਤਵਾਦ ਵਿਰੁੱਧ ਵੀ ਲੜਾਈ ਲੜੀ ਅਤੇ ਆਪਣੇ ਦੋ ਮੁੱਖ ਸੰਪਾਦਕਾਂ ਪੂਜਨੀਕ ਪਿਤਾ ਲਾਲਾ ਜਗਤ ਨਾਰਾਇਣ ਜੀ ਅਤੇ ਮੇਰੇ ਵੱਡੇ ਭਾਈ ਸ਼੍ਰੀ ਰਮੇਸ਼ ਚੰਦਰ ਜੀ, 2 ਸਮਾਚਾਰ ਸੰਪਾਦਕਾਂ ਅਤੇ ਉੱਪ-ਸੰਪਾਦਕਾਂ ਦੇ ਇਲਾਵਾ 58 ਹੋਰਨਾਂ ਰਿਪੋਰਟਰਾਂ, ਫੋਟੋਗ੍ਰਾਫਰਾਂ, ਡਰਾਈਵਰਾਂ, ਏਜੰਟਾ ਅਤੇ ਹਾਕਰਾਂ ਨੂੰ ਗੁਆਇਆ। ‘ਹਿੰਦ ਸਮਾਚਾਰ’ ਜੋ 1800 ਕਾਪੀਆਂ ਤੋਂ ਸ਼ੁਰੂ ਹੋਇਆ ਸੀ ਤੇਜ਼ੀ ਨਾਲ ਵਧਦੇ-ਵਧਦੇ ਇਸ ਦੀ ਪ੍ਰਸਾਰ ਗਿਣਤੀ 1,01,475 ਕਾਪੀਆਂ ਤੱਕ ਪਹੁੰਚ ਗਈ ਅਤੇ ਇਹ ਭਾਰਤ ਦਾ ਸਭ ਤੋਂ ਵੱਧ ਪ੍ਰਸਾਰ ਗਿਣਤੀ ਵਾਲਾ ਉਰਦੂ ਰੋਜ਼ਾਨਾ ਬਣ ਗਿਆ ਪਰ ਅੱਜ ਜਦੋਂ ਅਸੀਂ ਆਪਣੇ ‘ਹਿੰਦ ਸਮਾਚਾਰ’ ਦੀ 74ਵੀਂ ਵਰ੍ਹੇਗੰਢ ਮਨਾ ਰਹੇ ਹਾਂ ਹੁਣ ਦੇਸ਼ ਦੀ ਵੰਡ ਤੋਂ ਪਹਿਲਾਂ ਦੇ ਵਾਂਗ ਅਦਾਲਤੀ ਅਤੇ ਸਰਕਾਰੀ ਭਾਸ਼ਾ ਨਾ ਰਹਿਣ ਦੇ ਕਾਰਨ ਉਰਦੂ ਭਾਸ਼ਾ ਲਗਭਗ ਖਤਮ ਹੁੰਦੀ ਜਾ ਰਹੀ ਹੈ ਅਤੇ ‘ਹਿੰਦ ਸਮਾਚਾਰ’ ਦੀ ਪ੍ਰਸਾਰ ਗਿਣਤੀ ਵੀ ਘੱਟ ਹੋ ਗਈ ਹੈ। ਹੁਣ ਤਾਂ ਸਥਿਤੀ ਇਹ ਹੈ ਕਿ ਉਰਦੂ ਜਾਣਨ ਵਾਲੇ ਹਰੇਕ ਬਜ਼ੁਰਗ ਦੇ ਨਾਲ ‘ਹਿੰਦ ਸਮਾਚਾਰ’ ਆਪਣਾ ਇਕ ਪਾਠਕ ਗਵਾ ਰਿਹਾ ਹੈ ਅਤੇ ਇਸ ਦੇ ਇਲਾਵਾ ਪੰਜਾਬ ਤੋਂ ਹੁਣ ਕੋਈ ਵੀ ਹੋਰ ਉਰਦੂ ਰੋਜ਼ਾਨਾ ਪ੍ਰਕਾਸ਼ਿਤ ਨਹੀਂ ਹੋ ਰਿਹਾ। ਹਾਲਾਂਕਿ ਸ਼ਾਰਟ ਹੈਂਡ ਵਰਗੀ ਲਿਪੀ ’ਤੇ ਆਧਾਰਿਤ ਉਰਦੂ ਭਾਸ਼ਾ ਦਾ ਆਪਣਾ ਹੀ ਆਕਰਸ਼ਨ ਹੈ ਅਤੇ ਉਰਦੂ ਸ਼ਾਇਰੀ ਪ੍ਰਤੀ ਲੋਕਾਂ ਦਾ ਮੋਹ ਅਜੇ ਵੀ ਸਿਖਰ ’ਤੇ ਹੈ।

ਬਹਿਰਹਾਲ 74 ਸਾਲਾਂ ਤੱਕ ‘ਹਿੰਦ ਸਮਾਚਾਰ’ ਨੂੰ ਆਪਣਾ ਪਿਆਰ ਦੇਣ ਲਈ ਪਾਠਕਾਂ ਦਾ ਧੰਨਵਾਦ ਪ੍ਰਗਟ ਕਰਦੇ ਹੋਏ ਇਸ ਲੰਬੇ ਸਫਰ ’ਚ ਸਾਡੇ ਹਮਸਫਰ ਬਣਨ ਵਾਲੇ ਆਪਣੇ ਸਟਾਫ ਦਾ ਵੀ ਅਸੀਂ ਧੰਨਵਾਦ ਪ੍ਰਗਟ ਕਰਦੇ ਹਾਂ ਜਿਨ੍ਹਾਂ ’ਚੋਂ ਮੇਰੇ ਵਰਗੇ ਕੁਝ ਮੈਂਬਰ ਆਪਣੀ ਜ਼ਿੰਦਗੀ ਦੀ ਸ਼ਾਮ ’ਚ ਵੀ ਆਪਣੇ ਇਸ ਪਿਆਰੇ ਅਖਬਾਰ ਦੀ ਸੇਵਾ ਕਰ ਰਹੇ ਹਨ।

-ਵਿਜੇ ਕੁਮਾਰ

 


Meenakshi

News Editor

Related News