ਕੱਪੜੇ ਖਰੀਦਣ ਲਈ ਨਹੀਂ ਦਿੱਤੇ ਪੈਸੇ ਤਾਂ 7 ਸਾਲਾ ਬੱਚੇ ਨੇ ਕਰ''ਤਾ ਮਾਂ ਦਾ ਕਤਲ
Monday, Mar 31, 2025 - 03:31 AM (IST)

ਗੁਰਦਾਸਪੁਰ/ਸਾਹੀਵਾਲ (ਵਿਨੋਦ) - ਪਾਕਿਸਤਾਨ ਦੇ ਸਾਹੀਵਾਲ ਜ਼ਿਲੇ ਦੇ ਕਸਬਾ ਪਾਕਪੱਤਨ ਦੇ ਮੁਹੱਲਾ ਗੁਲਜ਼ਾਰਾਬਾਦ ’ਚ 7 ਸਾਲਾ ਬੱਚੇ ਨੇ ਈਦ ਲਈ ਨਵੇਂ ਕੱਪੜੇ ਖਰੀਦਣ ਲਈ ਪੈਸੇ ਨਾ ਦੇਣ ’ਤੇ ਗੁੱਸੇ ’ਚ ਆਪਣੀ ਮਾਂ ਦਾ ਕੈਂਚੀ ਨਾਲ ਕਤਲ ਕਰ ਦਿੱਤਾ। ਸੋਬੀਆ ਨਾਂ ਦੀ 35 ਸਾਲਾ ਔਰਤ ਦੀ ਪੇਟ ਵਿਚ ਚਾਕੂ ਲੱਗਣ ਨਾਲ ਮੌਤ ਹੋ ਗਈ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਮ੍ਰਿਤਕ ਸੋਬੀਆ, ਜੋ ਦਰਜ਼ੀ ਦਾ ਕੰਮ ਕਰਦੀ ਸੀ। ਉਹ ਆਪਣੇ ਪਤੀ ਅਬਦੁਲ ਸੱਤਾਰ, ਜੋ ਕਿ ਦਿਹਾੜੀਦਾਰ ਮਜ਼ਦੂਰ ਸੀ, ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੀ ਸੀ। ਇਸ ਜੋੜੇ ਦੇ ਤਿੰਨ ਬੱਚੇ, ਇਕ ਵੱਡੀ ਧੀ ਅਤੇ ਦੋ ਛੋਟੇ ਪੁੱਤਰ ਸਨ, ਜਿਨ੍ਹਾਂ ’ਚ ਸੱਤ ਸਾਲ ਦਾ ਅਬਦੁੱਲਾ, ਵਿਚਕਾਰਲਾ ਪੁੱਤਰ ਸੀ।
ਅਬਦੁਲ ਸੱਤਾਰ ਮੁਤਾਬਕ ਅਬਦੁੱਲਾ ਆਪਣੀ ਮਾਂ ਤੋਂ ਪੈਸੇ ਮੰਗ ਰਿਹਾ ਸੀ ਪਰ ਮਾਂ ਨੇ ਉਸ ਨੂੰ ਭਰੋਸਾ ਦਿੱਤਾ ਕਿ ਉਹ ਗਾਹਕਾਂ ਤੋਂ ਪੈਸੇ ਲੈ ਕੇ ਕੱਪੜੇ ਖਰੀਦ ਲਵੇਗੀ। ਘਟਨਾ ਸਮੇਂ ਜਦੋਂ ਸੋਬੀਆ ਨੇ ਦੁਬਾਰਾ ਇਨਕਾਰ ਕੀਤਾ ਤਾਂ ਅਬਦੁੱਲਾ ਨੇ ਕੈਂਚੀ ਫੜ ਕੇ ਉਸ ’ਤੇ ਹਮਲਾ ਕਰ ਦਿੱਤਾ। ਗੁਆਂਢੀ ਅਤੇ ਉਸ ਦੀ ਭੈਣ ਮਦਦ ਲਈ ਭੱਜੇ ਪਰ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਸੋਬੀਆ ਦੀ ਮੌਤ ਹੋ ਗਈ। ਅਬਦੁੱਲਾ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਹਾਲਾਂਕਿ ਉਸ ਦੇ ਨਾਬਾਲਗ ਹੋਣ ਕਾਰਨ ਕੋਈ ਕੇਸ ਦਰਜ ਨਹੀਂ ਕੀਤਾ ਗਿਆ।
ਜ਼ਿਲਾ ਪੁਲਸ ਅਧਿਕਾਰੀ (ਡੀ.ਪੀ.ਓ.) ਜਾਵੇਦ ਚੱਢਾ ਨੇ ਦੱਸਿਆ ਕਿ ਪੁਲਸ ਨੂੰ ਪਿਤਾ ਸੱਤਾਰ, ਦਾਦੀ ਸ਼ਮੀਮ ਅਖਤਰ ਅਤੇ ਚਾਚਾ ਮਕਸੂਦ ਤੋਂ ਤਿੰਨ ਵੱਖ-ਵੱਖ ਹਲਫਨਾਮੇ ਪ੍ਰਾਪਤ ਹੋਏ ਹਨ, ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਘਟਨਾ ਦੁਰਘਟਨਾ ਸੀ ਅਤੇ ਬੱਚੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਾ ਕਰਨ ਦੀ ਬੇਨਤੀ ਕੀਤੀ ਗਈ ਸੀ। ਉਨ੍ਹਾਂ ਭਰੋਸਾ ਦਿੱਤਾ ਕਿ ਸਾਰੀਆਂ ਕਾਨੂੰਨੀ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ।