ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ 'ਚ ਅੱਜ ਕੀ ਹੋਇਆ ? ਜਾਣੋ ਹਰ ਅਪਡੇਟ
Friday, Mar 21, 2025 - 07:48 PM (IST)

ਚੰਡੀਗੜ੍ਹ- ਸ਼ੁੱਕਰਵਾਰ ਨੂੰ ਸ਼ੁਰੂ ਹੋਇਆ ਪੰਜਾਬ ਸਰਕਾਰ ਦਾ ਬਜਟ ਸੈਸ਼ਨ ਅੱਜ ਦੀ ਕਾਰਵਾਈ ਪਿੱਛੋਂ ਸੋਮਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਅੱਜ ਦਾ ਸੈਸ਼ਨ ਹੰਗਾਮਾ ਭਰਪੂਰ ਰਿਹਾ। ਬਜਟ ਸੈਸ਼ਨ ਦੀ ਸ਼ੁਰੂਆਤ ‘ਚ ਰਾਜਪਾਲ ਗੁਲਾਬ ਚੰਦ ਕਟਾਰੀਆ ਦੇਸੰਬੋਧਨ ਨਾਲ ਹੋਈ। ਇਸ ਦੇ ਤੁਰੰਤ ਬਾਅਦ ਵਿਰੋਧੀ ਧਿਰ ਵਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ ਤੇ ਕੁਝ ਦੇਰ ਬਾਅਦ ਵਿਰੋਧ ਧਿਰ ਕਾਂਗਰਸ ਸਦਨ ਤੋਂ ਵਾਕਆਊਟ ਕਰ ਗਈ। ਅੱਜ ਦੀ ਕਾਰਵਾਈ ਦੌਰਾਨ ਵਿਧਾਇਕ ਵਲੋਂ ਆਪਣੇ-ਆਪਣੇ ਖੇਤਰਾਂ ਅਤੇ ਸੂਬੇ ਨਾਲ ਸੰਬੰਧਤ ਕਈ ਮੁੱਦੇ ਚੁੱਕੇ ਗਏ-
ਵਿਧਾਨ ਸਭਾ 'ਚ ਬੋਲੇ ਗਵਰਨਰ ਕਟਾਰੀਆ, ਪੰਜਾਬ 'ਚ ਬਣਨਗੇ 3 ਨਵੇਂ ਮੈਡੀਕਲ ਕਾਲਜ
ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਦੀ ਸ਼ੁਰੂਆਤ ਅੱਜ ਗਵਰਨਰ ਗੁਲਾਬ ਚੰਦ ਕਟਾਰੀਆ ਵੱਲੋਂ ਕਰ ਦਿੱਤੀ ਗਈ ਹੈ। ਇਥੇ ਦੱਸ ਦੇਈਏ ਕਿ ਪੰਜਾਬ ਦਾ ਬਜਟ ਵਿੱਤ ਮੰਤਰੀ ਹਰਪਾਲ ਚੀਮਾ ਨੂੰ 26 ਮਾਰਚ ਨੂੰ ਪੇਸ਼ ਕੀਤਾ ਜਾਵੇਗਾ। ਅੱਜ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਦੀ ਕਾਰਵਾਈ ਦੌਰਾਨ ਜਿੱਥੇ ਪੰਜਾਬ ਗਵਰਨਰ ਗੁਲਾਬ ਚੰਦ ਕਟਾਰੀਆ ਵੱਲੋਂ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ ਗਈਆਂ, ਉਥੇ ਹੀ ਵਿਰੋਧੀ ਧਿਰ ਵੱਲੋਂ ਖ਼ੂਬ ਹੰਗਾਮਾ ਕੀਤਾ ਗਿਆ।
ਪ੍ਰਤਾਪ ਬਾਜਵਾ ਨੇ ਕੀਤੀ ਪਟਿਆਲਾ ਦੇ ਐੱਸ.ਐੱਸ.ਪੀ. ਨੂੰ ਹਟਾਉਣ ਦੀ ਮੰਗ
ਜ਼ੀਰੋ ਆਵਰ ਦੌਰਾਨ ਬਾਜਵਾ ਨੇ ਕਿਹਾ ਕਿ ਕਰਨਲ 13 ਤਾਰੀਖ ਨੂੰ ਆਪਣੇ ਪੁੱਤ ਨਾਲ ਖਾਣਾ ਖਾਣ ਆਏ ਸਨ। ਉਨ੍ਹਾਂ ਦੀ ਪਤਨੀ ਮੁਤਾਬਕ 12 ਪੁਲਸ ਮੁਲਾਜ਼ਮ ਸਿਵਲ ਵਰਦੀ ਵਿਚ ਆਏ ਅਤੇ ਪਾਰਕਿੰਗ ਨੂੰ ਲੈ ਕੇ ਵਿਵਾਦ ਹੋ ਗਿਆ। ਇਸ ਦੌਰਾਨ ਪੁਲਸ ਵਾਲਿਆਂ ਨੇ ਕਰਨਲ ਨਾਲ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੀ ਪੱਗ ਵੀ ਉਤਾਰ ਦਿੱਤੀ। ਕਰਨਲ ਨੇ ਆਪਣਾ ਆਈ. ਡੀ. ਕਾਰਡ ਵੀ ਦਿਖਾਇਆ ਪਰ ਉਹ ਨਹੀਂ ਰੁਕੇ। ਪ੍ਰਤਾਪ ਬਾਜਵਾ ਨੇ ਉਦਾਹਰਣ ਦਿੰਦਿਆਂ ਕਿਹਾ ਕਿ 1992 ਵਿਚ ਵੀ ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਸੀ। ਉਸ ਸਮੇਂ ਆਰਮੀ ਕਮਾਂਡ ਨੇ ਇਹ ਮੁੱਦਾ ਗਵਰਨਰ ਕੋਲ ਚੁੱਕਿਆ। ਜਾਂਚ ਦੌਰਾਨ ਐੱਸ.ਐੱਸ. ਪੀ. ਦੀ ਗਲਤੀ ਪਾਈ ਗਈ, ਜਿਸ ਤੋਂ ਬਾਅਦ ਉਸ ਨੂੰ ਮੂਲ ਕੈਡਰ ਪੰਜਾਬ ਵਿਚ ਵਾਪਸ ਭੇਜ ਦਿੱਤਾ ਗਿਆ। ਉਨ੍ਹਾਂ ਨੇ ਮੰਗ ਕੀਤੀ ਕਿ ਪਟਿਆਲਾ ਦੇ ਐੱਸ. ਐੱਸ. ਪੀ. ਨਾਨਕ ਸਿੰਘ ਨੂੰ ਵੀ ਉਥੋਂ ਹਟਾਇਆ ਜਾਵੇ ਕਿਉਂਕਿ ਉਨ੍ਹਾਂ ਨੇ ਮੁਲਜ਼ਮ ਪੁਲਸ ਵਾਲਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ।
ਜਦੋਂ ਵਿਧਾਨ ਸਭਾ ਵਿਚ ਭੜਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ...
ਪੰਜਾਬ ਬਜਟ ਸੈਸ਼ਨ ਦੀ ਪਹਿਲੇ ਦਿਨ ਦੀ ਕਾਰਵਾਈ ਹੰਗਾਮਾ ਭਰਪੂਰ ਰਹੀ। ਸਪੀਕਰ ਦੇ ਭਾਸ਼ਣ ਦੌਰਾਨ ਹੀ ਵਿਰੋਧੀ ਧਿਰ ਕਾਂਗਰਸ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮਗਰੋਂ ਜਲੰਧਰ ਤੋਂ ਵਿਧਾਇਕ ਪਰਗਟ ਸਿੰਘ ਨੇ ਸਪੀਕਰ ਕੁਲਤਾਰ ਸੰਧਵਾਂ 'ਤੇ ਕਿਸਾਨਾਂ ਨੂੰ ਲੈ ਕੇ ਦਿੱਤੇ ਵਿਵਾਦਤ ਬਿਆਨ 'ਤੇ ਦੋਸ਼ ਲਗਾਇਆ। ਇਸ 'ਤੇ ਸਪੀਕਰ ਭੜਕ ਗਏ ਅਤੇ ਉਨ੍ਹਾਂ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਤੁਸੀਂ ਗਲਤ ਗੱਲ ਆਖ ਰਹੇ ਹੋ। ਸਪੀਕਰ ਨੇ ਕਿਹਾ ਕਿ ਬਿਨਾਂ ਸਿਰ ਪੈਰ ਦੀ ਗੱਲ ਨਾ ਕਰੋ। ਮੇਰਾ ਅਜਿਹਾ ਇਕ ਵੀ ਵਿਵਾਦਤ ਬਿਆਨ ਦਿਖਾ ਦਿਓ। ਜਿਸ ਵਿਚ ਮੈਂ ਆਖਿਆ ਹੋਵੇ ਕਿ ਧਰਨੇ ਕਰਕੇ ਨਸ਼ਾ ਵਧਿਆ ਹੈ, ਅਜਿਹਾ ਬਿਆਨ ਮੈਂ ਕਦੇ ਨਹੀਂ ਦਿੱਤਾ। ਸਪੀਕਰ ਨੇ ਕਿਹਾ ਕਿ ਮੈਨੂੰ ਭੁਲੇਖਾ ਸੀ ਕਿ ਤੁਸੀਂ ਬਹੁਤ ਸਿਆਣੀ ਗੱਲ ਕਰਦੇ ਹੋ ਪਰ ਅਜਿਹਾ ਨਹੀਂ ਹੈ।
ਉਹ ਤਾਂ ਸਾਨੂੰ ਸਕੂਲਾਂ 'ਚ ਘੇਰ ਕੇ ਖੜ੍ਹ ਜਾਂਦੇ...,ਵਿਧਾਨ ਸਭਾ 'ਚ ਬੋਲੇ ਵਿਧਾਇਕ ਭੋਲਾ ਗਰੇਵਾਲ
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਮਿਡ-ਡੇਅ ਮੀਲ ਵਰਕਰਾਂ ਦਾ ਮੁੱਦਾ ਚੁੱਕਿਆ। ਇਸ ਮੌਕੇ ਵਿਧਾਇਕ ਨੇ ਦੱਸਿਆ ਕਿ ਸਰਕਾਰ ਸਕੂਲਾਂ ਲਈ ਚੰਗਾ ਕੰਮ ਕਰ ਰਹੀ ਹੈ। ਇਨ੍ਹਾਂ ਕਿਹਾ ਕਿ ਜਦੋਂ ਸਰਕਾਰ ਸਕੂਲਾਂ ਲਈ ਪੈਸੇ ਖ਼ਰਚ ਕਰ ਰਹੀ ਹੈ ਤਾਂ ਸਕੂਲਾਂ ਵਿੱਚ ਬੱਚਿਆਂ ਲਈ ਖਾਣਾ (ਮੀਡ-ਡੇਅ ਮੀਲ) ਤਿਆਰ ਕਰਨ ਵਾਲੇ ਵਰਕਰਾਂ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਗਰੇਵਾਲ ਨੇ ਕਿਹਾ ਕਿ ਬੱਚਿਆਂ ਲਈ ਖਾਣਾ ਬਣਾਉਣ ਵਾਲੇ ਵਰਕਰਾਂ ਦਾ ਗਰਮੀ ਵਿੱਚ ਬੁਰਾ ਹਾਲ ਹੋ ਜਾਂਦਾ ਹੈ, ਜਦਕਿ ਉਨ੍ਹਾਂ ਨੂੰ ਸਿਰਫ 3 ਹਜ਼ਾਰ ਰੁਪਏ ਮਹੀਨੇ ਦੀ ਉਜਰਤ ਮਿਲਦੀ ਹੈ। ਇਸ ਕਾਰਨ ਸਰਕਾਰ ਨੂੰ ਸਕੂਲਾਂ ਵਿੱਚ ਮਿਡ-ਡੇਅ ਮੀਲ ਬਣਾਉਣ ਵਾਲੇ ਵਰਕਰਾਂ ਦਾ ਮਾਣਭੱਤਾ ਵਧਾਉਣਾ ਚਾਹੀਦਾ ਹੈ।
ਗੂੰਜਿਆ ਕਿਸਾਨਾਂ ਦੀ ਜ਼ਮੀਨ ਐਕਵਾਇਰ ਦਾ ਮੁੱਦਾ
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਸ਼ੁਰੂਆਤ ਅੱਜ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਭਾਸ਼ਾਣ ਨਾਲ ਕੀਤੀ ਗਈ। ਪੰਜਾਬ ਵਿਧਾਨ ਸਭਾ ਸੈਸ਼ਨ ਦਾ ਪਹਿਲਾ ਦਿਨ ਹੰਗਾਮੇ ਭਰਪੂਰ ਰਿਹਾ। ਰਾਜਪਾਲ ਦੇ ਭਾਸ਼ਣ ਦੌਰਾਨ ਹੀ ਵਿਰੋਧੀ ਧਿਰ ਕਾਂਗਰਸ ਨੇ ਖ਼ੂਬ ਹੰਗਾਮਾ ਕੀਤਾ। ਇਥੇ ਦੱਸ ਦੇਈਏ ਕਿ ਜਿਵੇਂ ਹੀ ਰਾਜਪਾਲ ਆਪਣੇ ਭਾਸ਼ਣ ਦੌਰਾਨ ਸਿੱਖਿਆ ’ਤੇ ਬੋਲਣ ਲੱਗੇ ਤਾਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਖੜ੍ਹੇ ਹੋ ਕੇ ਇਸ ਦਾ ਵਿਰੋਧ ਕੀਤਾ। ਇਸ ਦੌਰਾਨ ਸਾਰੇ ਹੀ ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਵਿੱਚ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਕਾਂਗਰਸੀ ਵਿਧਾਇਕਾਂ ਨੇ 'ਜੈ ਜਵਾਨ ਜੈ ਕਿਸਾਨ' ਦੇ ਨਾਅਰੇ ਲਗਾਏ। ਕਾਂਗਰਸੀ ਵਿਧਾਇਕ ਰਾਜਪਾਲ ਦੇ ਭਾਸ਼ਣ ਦੌਰਾਨ ਹੀ ਸਦਨ ’ਚੋਂ ਵਾਕਆਊਟ ਕਰ ਗਏ।
ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਦਾ ਮੁੱਦਾ
ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪਹਿਲੇ ਹੀ ਦਿਨ ਸਦਨ ਵਿੱਚ ਵਿਧਾਇਕਾਂ ਵਲੋਂ ਸਵਾਲਾਂ ਦੀ ਝੜੀ ਲਗਾ ਦਿੱਤੀ ਗਈ। ਇਸ ਦੌਰਾਨ ਨਵਾਂਸ਼ਹਿਰ ਤੋਂ ਵਿਧਾਇਕ ਡਾਕਟਰ ਨੱਛਤਰਪਾਲ ਸਿੰਘ ਨੇ ਪੁੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਕੀਤੀ। ਵਿਧਾਇਕ ਨੱਛਤਰਪਾਲ ਸਿੰਘ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਮੁਲਾਜ਼ਮਾਂ ਵਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਇਨ੍ਹਾਂ ਨੇ ਕਿਹਾ ਮੁਲਾਜ਼ਮਾਂ ਦੀ ਇਸ ਮੰਗ ਵੱਲ ਤੁਰੰਤ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ 18 ਨਵੰਬਰ 2022 ਨੂੰ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਸਰਕਾਰ ਨੇ ਉਸ ਵੇਲੇ ਇਸ ਸਕੀਮ ਦਾ ਪੂਰਾ ਪ੍ਰਚਾਰ ਵੀ ਕੀਤਾ ਪਰ ਅੱਜ ਤਕ ਇਹ ਨੋਟੀਫਿਕੇਸ਼ਨ ਲਾਗੂ ਹੀ ਨਹੀਂ ਕੀਤਾ ਗਿਆ। ਜਿਸ ਨੂੰ ਤੁਰੰਤ ਲਾਗੂ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮ ਲੰਮੇ ਸਮੇਂ ਤੋਂ ਇਸ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕੀਤਾ ਜਾਵੇ, ਇਸ ਨਾਲ ਲੱਖਾਂ ਮੁਲਾਜ਼ਮਾਂ ਨੂੰ ਲਾਭ ਹੋਵੇਗਾ।
ਸਫਾਈ ਸੇਵਕਾਂ ਦੀਆਂ ਉਜਰਤਾਂ ਵਿੱਚ ਜਲਦ ਹੋਵੇਗਾ ਵਾਧਾ
ਪੰਜਾਬ ਦੇ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਘੱਟੋ-ਘੱਟ ਉਜਰਤ ਦਾ ਮੁੱਦਾ ‘ਚ ਵਾਧਾ ਕਰਨ ਘੱਟੋ-ਘੱਟ ਉਜਰਤਾਂ ਵਿੱਚ ਵਾਧਾ ਕਰਨ ਦੀ ਤਜਵੀਜ਼ ਪੰਜਾਬ ਸਰਕਾਰ ਦੇ ਕਿਰਤ ਵਿਭਾਗ ਦੇ ਵਿਚਾਰ ਅਧੀਨ ਹੈ ਤੇ ਉਜਰਤਾਂ ਵਿੱਚ ਵਾਧਾ ਵੀ ਵਧੀਆ ਤਰੀਕੇ ਨਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ‘ਚ 4 ਨਹੀਂ ਸਗੋਂ ਅੱਠ ਸ਼੍ਰੇਣੀਆਂ ਹਨ | ਕਿਰਤ ਮੰਤਰੀ ਨੇ ਦੱਸਿਆ ਕਿ ਘੱਟੋ-ਘੱਟ ਉਜਰਤਾਂ ਦੇ ਤਰੀਕਿਆਂ ਨਾਲ ਵਧਾਈਆਂ ਜਾਂਦੀਆਂ ਹਨ | ਜਿਨ੍ਹਾਂ ‘ਚ ਇੱਕ ਹੈ ਘੱਟੋ-ਘੱਟ ਉਜਰਤਾਂ ਦੀ ਵਿਵਸਥਾ ‘ਚ ਹੋਏ ਵਾਧੇ ਅਨੁਸਾਰ ਸਾਲ ‘ਚ ਦੋ ਵਾਰ, 1 ਮਾਰਚ ਅਤੇ 1 ਸਤੰਬਰ ਤੋਂ ਕੀਤੀ ਜਾਂਦੀ ਹੈ। ਇਸ ਮੁਤਾਬਕ ਆਖਰੀ ਵਾਧਾ ਮਿਤੀ 01 ਸਤੰਬਰ 2024 ਨੂੰ ਹੋਇਆ ਸੀ ਅਤੇ ਅਗਲਾ ਵਾਧਾ ਮਿਤੀ 01.03.2025 ਤੋਂ ਆਉਣ ਵਾਲੇ ਕੁਝ ਦਿਨਾਂ ‘ਚ ਕਰ ਦਿੱਤਾ ਜਾਵੇਗਾ।
ਡਰਾਈਵਿੰਗ ਲਾਈਸੈਂਸ ਨੂੰ ਲੈ ਕੇ ਚੰਗੀ ਖ਼ਬਰ
ਡਰਾਈਵਿੰਗ ਲਾਈਸੈਂਸ ਅਤੇ ਆਰ. ਸੀ. ਦੀ ਉਡੀਕ ਵਿਚ ਬੈਠੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ ਕਿਉਂਕਿ ਲੋਕਾਂ ਨੂੰ ਹੁਣ ਡਰਾਈਵਿੰਗ ਲਾਇਸੈਂਸ ਅਤੇ ਆਰ. ਸੀ. ਦੀ ਪ੍ਰਿਟਿੰਗ ਲਈ ਇੰਤਜ਼ਾਰ ਨਹੀਂ ਕਰਨਾ ਪਵੇਗਾ। ਅੱਜ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪ੍ਰਿਟਿੰਗ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਇਕ ਮਹੀਨੇ ਵਿਚ ਪੈਂਡਿੰਗ ਮਾਮਲਿਆਂ ਨੂੰ ਪੂਰਾ ਕਰ ਲਿਆ ਜਾਵੇਗਾ।
ਵਿਧਾਇਕਾ ਅਰੁਣਾ ਚੌਧਰੀ ਨੇ ਚੁੱਕਿਆ ਹਰਿਦੁਆਰ ਬੱਸ ਸੇਵਾ ਦਾ ਮੁੱਦਾ
ਪੰਜਾਬ ਬਜਟ ਸੈਸ਼ਨ ਦਾ ਪਹਿਲਾ ਦਿਨ ਕਾਫ਼ੀ ਹੰਗਾਮੇ ਵਾਲਾ ਰਿਹਾ। ਇਸ ਦੌਰਾਨ ਵਿਧਾਨ ਸਭਾ 'ਚ ਪਹੁੰਚੇ ਵਿਧਾਇਕਾਂ ਨੇ ਕਈ ਵੱਖ-ਵੱਖ ਮੁੱਦਿਆਂ 'ਤੇ ਸਵਾਲ ਖੜ੍ਹੇ ਕੀਤੇ। ਇਸ ਦੌਰਾਨ ਕਾਂਗਰਸ ਦੀ ਵਿਧਾਇਕ ਅਰੁਣਾ ਚੌਧਰੀ ਨੇ ਹਰਿਦੁਆਰ ਬੱਸ ਸੇਵਾ ਦਾ ਮੁੱਦਾ ਉਠਾਉਦਿਆਂ ਕਿਹਾ ਕਿ ਹਰਿਦੁਆਰਾ ਤੋਂ ਪਠਾਨਕੋਟ ਦਾ ਬੱਸ ਪਰਮਿਟ ਨਹੀਂ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਹਰਿਦੁਆਰਾ ਤੋਂ ਪਠਾਨਕੋਟ ਲਈ ਬੱਸ ਚੱਲਦੀ ਹੈ, ਜੋ ਹੁਣ ਮੁਕੇਰਿਆਂ ਤੋਂ ਹੁਸ਼ਿਆਰਪੁਰ ਤੇ ਚੰਡੀਗੜ੍ਹ ਜਾ ਕੇ ਫਿਰ ਹਰਿਦੁਆਰ ਜਾਂਦੀ ਹੈ।