ਚੋਣਾਂ ਦਾ ਪਹਿਲਾ ਪੜਾਅ ਅੱਜ ਤਰ੍ਹਾਂ-ਤਰ੍ਹਾਂ ਦੀਆਂ ਦਿਲਚਸਪੀਆਂ ਜਾਰੀ

04/11/2019 7:11:59 AM

ਆਮ ਚੋਣਾਂ ਦਾ ਪਹਿਲਾ ਪੜਾਅ 11 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਜਦੋਂ 20 ਸੂਬਿਆਂ ਦੀਆਂ 91 ਲੋਕ ਸਭਾ ਸੀਟਾਂ ਲਈ ਵੋਟਿੰਗ ਹੋਵੇਗੀ। ਇਸ ਦੌਰਾਨ ਕਈ ਦਿਲਚਸਪ ਗੱਲਾਂ ਦੇਖਣ ’ਚ ਆ ਰਹੀਆਂ ਹਨ, ਜਿਨ੍ਹਾਂ ’ਚੋਂ ਕੁਝ ਹੇਠਾਂ ਦਰਜ ਹਨ :

* ਮਹਾਰਾਸ਼ਟਰ ਦੇ ਕਈ ਹਿੱਸੇ ਪਾਣੀ ਦੀ ਭਾਰੀ ਕਮੀ ਦਾ ਸ਼ਿਕਾਰ ਹਨ। ਪਿਛਲੇ ਦਿਨੀਂ ਜਦੋਂ ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਰਾਓ ਸਾਹਿਬ ਦਾਨਵੇ ਔਰੰਗਾਬਾਦ ’ਚ ਭਾਸ਼ਣ ਦੇ ਰਹੇ ਸਨ ਉਦੋਂ ਹੀ ਰੌਲਾ ਪੈ ਗਿਆ ਕਿ ਟੂਟੀਆਂ ’ਚ ਪਾਣੀ ਆ ਗਿਆ। ਬਸ ਫਿਰ ਕੀ ਸੀ, ਇਕੱਠੇ ਹੋਏ ਜ਼ਿਆਦਾਤਰ ਲੋਕ ਭਾਸ਼ਣ ਸੁਣਨਾ ਛੱਡ ਕੇ ਪਾਣੀ ਭਰਨ ਚਲੇ ਗਏ।

* ਇਸ ਨਾਲ ਮਿਲਦੀ-ਜੁਲਦੀ ਘਟਨਾ ਆਂਧਰਾ ਪ੍ਰਦੇਸ਼ ’ਚ ਹੋਈ। ਉਥੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਭਾਸ਼ਣ ਸ਼ੁਰੂ ਹੋਣ ਦੇ ਕੁਝ ਹੀ ਸਮੇਂ ਅੰਦਰ ਹਾਜ਼ਰ ਲੋਕ ਘਰਾਂ ਨੂੰ ਚੱਲ ਪਏ। ਦਰਅਸਲ ਯੋਗੀ ਆਦਿੱਤਿਆਨਾਥ ਦਾ ਭਾਸ਼ਣ ਹਿੰਦੀ ’ਚ ਸੀ ਜੋ ਉਥੇ ਮੌਜੂਦ ਲੋਕਾਂ ਦੀ ਸਮਝ ਤੋਂ ਬਾਹਰ ਸੀ। ਭਾਜਪਾ ਵਰਕਰਾਂ ਨੇ ਜਦੋਂ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜਦ ਸਾਡੇ ਪੱਲੇ ਹੀ ਕੁਝ ਨਹੀਂ ਪੈ ਰਿਹਾ ਤਾਂ ਅਸੀਂ ਇਥੇ ਰੁਕ ਕੇ ਕੀ ਕਰਾਂਗੇ।

* ਕੋਲਕਾਤਾ ਦੇ ਕੁਝ ਖੇਤਰਾਂ ’ਚ ਚੰਗੀ ਖਾਸੀ ਗਿਣਤੀ ਚੀਨੀ ਮੂਲ ਦੇ ਲੋਕਾਂ ਦੀ ਹੈ। ਲਿਹਾਜ਼ਾ ਉਥੇ ਚੀਨੀ ਲਿੱਪੀ ’ਚ ਵੀ ਤ੍ਰਿਣਮੂਲ ਕਾਂਗਰਸ ਦੇ ਇਸ਼ਤਿਹਾਰ ਲਗਾਏ ਗਏ ਹਨ ਅਤੇ ਮਮਤਾ ਬੈਨਰਜੀ ਪ੍ਰਚਾਰ ਲਈ ਆਪਣੇ ਭਾਸ਼ਣਾਂ ’ਚ ਚੀਨੀ, ਸੰਥਾਲੀ ਅਤੇ ਤੇਲਗੂ ਭਾਸ਼ਾਵਾਂ ਦੇ ਸ਼ਬਦਾਂ ਦੀ ਵੀ ਵਰਤੋਂ ਕਰ ਰਹੀ ਹੈ।

* ਰਾਹੁਲ ਦੀ ਅਮੇਠੀ ਦੇ 13 ਪਿੰਡਾਂ ਦੇ ਵੋਟਰਾਂ ਨੇ ਚੋਣਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਉਹ ਸਿਆਸਤਦਾਨਾਂ ਦੇ ਝੂਠੇ ਵਾਅਦਿਆਂ ਤੋਂ ਤੰਗ ਆ ਗਏ ਹਨ। ਵਰ੍ਹਿਆਂ ਤੋਂ ਉਨ੍ਹਾਂ ਦੀਆਂ ਕਈ ਅਹਿਮ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ।

* ਵੋਟਰਾਂ ਨੂੰ ਵੋਟਿੰਗ ਲਈ ਉਤਸ਼ਾਹਿਤ ਕਰਨ ਵਾਸਤੇ ਦੇਸ਼ ਭਰ ’ਚ ਚੋਣਵੇਂ ਪੈਟਰੋਲ ਪੰਪ ਮਾਲਕਾਂ ਵਲੋਂ ਵੋਟਿੰਗ ਵਾਲੇ ਦਿਨ ਉਂਗਲ ’ਤੇ ਵੋਟ ਪਾਏ ਜਾਣ ਦਾ ਨਿਸ਼ਾਨ ਦਿਖਾਉਣ ’ਤੇ ਪੈਟਰੋਲ ਤੇ ਡੀਜ਼ਲ ਦੀ ਕੀਮਤ ’ਚ 50 ਪੈਸੇ ਪ੍ਰਤੀ ਲਿਟਰ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਹੈ।

* ਕੁਝ ਬਿਨ ਬੁਲਾਏ ਮਹਿਮਾਨਾਂ ਦੇ ਆਉਣ ਨਾਲ ਦੇਸ਼ ’ਚ ਕਈ ਜਗ੍ਹਾ ਅਚਾਨਕ ਸ਼ਾਦੀ-ਵਿਆਹ ਦੇ ਸਮਾਗਮਾਂ, ਧਾਰਮਿਕ ਆਯੋਜਨਾਂ ਤੇ ਹੋਰ ਸਭਾ-ਸਮਾਗਮਾਂ ਦੇ ਨਾਲ-ਨਾਲ ਸ਼ੋਕ ਸਭਾਵਾਂ ਤਕ ਦੀ ‘ਰੌਣਕ’ ਵਧਣ ਲੱਗੀ ਹੈ। ਇਹ ਹਨ ਚੋਣ ਉਮੀਦਵਾਰ ਜਾਂ ਉਨ੍ਹਾਂ ਦੇ ਏਜੰਟ, ਜੋ ਸੰਬੰਧਤ ਲੋਕਾਂ ਨੂੰ ਵਧਾਈ ਦੇਣ ਜਾਂ ਅਫਸੋਸ ਪ੍ਰਗਟਾਉਣ ਦੇ ਬਹਾਨੇ ਉਨ੍ਹਾਂ ਤੋਂ ਵੋਟਾਂ ਮੰਗ ਰਹੇ ਹਨ।

* ਨਿਤੀਸ਼ ਨੇ ਕਿਹਾ ਹੈ ਕਿ ‘‘ਹੁਣ ਬਿਜਲੀ ਦਾ ਜ਼ਮਾਨਾ ਹੈ। ਹਰ ਘਰ ’ਚ ਬਿਜਲੀ ਆ ਗਈ ਹੈ। ਇਸ ਲਈ ਹੁਣ ਲਾਲਟੈਨ (ਲਾਲੂ ਯਾਦਵ ਦੀ ਪਾਰਟੀ ਰਾਜਦ ਦਾ ਚੋਣ ਨਿਸ਼ਾਨ) ਦੀ ਲੋੜ ਨਹੀਂ ਹੈ। ਲੋਕਾਂ ਨੂੰ ਭਰਪੂਰ ਬਿਜਲੀ ਮਿਲ ਰਹੀ ਹੈ।’’ ਜਵਾਬ ’ਚ ਲਾਲੂ ਬੋਲੇ, ‘‘ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂ) ਦੇ ਚੋਣ ਨਿਸ਼ਾਨ ‘ਤੀਰ’ ਦਾ ਪ੍ਰਚਲਨ ਤਾਂ ਦ੍ਵਾਪਰ ਯੁੱਗ ’ਚ ਹੀ ਖਤਮ ਹੋ ਗਿਆ ਸੀ। ਇਸ ਲਈ ਹੁਣ ਇਸ ਦੀ ਕੀ ਲੋੜ ਹੈ। ਬਿਜਲੀ ਜਾਣ ’ਤੇ ਹੁਣ ਵੀ ਲਾਲਟੈਨ ਜਗਾਉਣੀ ਹੀ ਪੈਂਦੀ ਹੈ।’’

* ਸਮ੍ਰਿਤੀ ਈਰਾਨੀ ਨੇ ਕਿਹਾ, ‘‘ਜੋ ਖੁਦ ਸਾਈਕਲ ’ਤੇ ਚੱਲ ਰਹੇ ਹਨ ਉਹ ਮੈਟਰੋ ਦਾ ਸੁਪਨਾ ਨਹੀਂ ਦੇਖ ਸਕਦੇ ਅਤੇ ਹਾਥੀ ’ਤੇ ਸਵਾਰ ਹਵਾਈ ਅੱਡੇ ਦੀ ਗੱਲ ਨਹੀਂ ਸੋਚ ਸਕਦੇ। ਹਾਥੀ ਜਦੋਂ ਸਾਈਕਲ ’ਤੇ ਸਵਾਰ ਹੋਵੇਗਾ ਤਾਂ ਸਾਈਕਲ ਪੰਕਚਰ ਹੋ ਜਾਵੇਗਾ।’’

* ਸਮ੍ਰਿਤੀ ਈਰਾਨੀ ’ਤੇ ਕਾਂਗਰਸ ਦੀ ਸਹਿਯੋਗੀ ਪਾਰਟੀ ਪੀ.ਆਰ.ਪੀ. ਦੇ ਨੇਤਾ ਜਯਦੀਪ ਕਵਾੜੇ ਨੇ ਟਿੱਪਣੀ ਕਰਦਿਆਂ ਕਿਹਾ, ‘‘ਉਹ ਆਪਣੇ ਮੱਥੇ ’ਤੇ ਵੱਡੀ ਬਿੰਦੀ ਲਾਉਂਦੀ ਹੈ। ਮੈਨੂੰ ਕਿਸੇ ਨੇ ਦੱਸਿਆ ਹੈ ਕਿ ਲਗਾਤਾਰ ਪਤੀ ਬਦਲਣ ਵਾਲੀ ਔਰਤ ਦੀ ਬਿੰਦੀ ਵੀ ਵੱਡੀ ਹੁੰਦੀ ਜਾਂਦੀ ਹੈ।’’ ਇਸ ਬਿਆਨ ਲਈ ਕਵਾੜੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਬਾਅਦ ’ਚ ਜ਼ਮਾਨਤ ’ਤੇ ਛੱਡ ਵੀ ਦਿੱਤਾ ਗਿਆ।

* ਲਾਲੂ ਪ੍ਰਸਾਦ ਯਾਦਵ ਦੇ ਕੁਨਬੇ ’ਚ ਫੁੱਟ ਪੈ ਗਈ ਹੈ। ਵੱਡੇ ਬੇਟੇ ਤੇਜ ਪ੍ਰਤਾਪ ਯਾਦਵ ਨੇ ਛੋਟੇ ਭਰਾ ਤੇਜਸਵੀ ਤੋਂ ਨਾਰਾਜ਼ ਹੋ ਕੇ ਆਪਣਾ ਵੱਖਰਾ ‘ਲਾਲੂ-ਰਾਬੜੀ ਮੋਰਚਾ’ ਬਣਾ ਕੇ ਬਿਹਾਰ ’ਚ ਦੋ ਸੀਟਾਂ ’ਤੇ ਉਮੀਦਵਾਰ ਖੜ੍ਹੇ ਕਰਨ ਦਾ ਫੈਸਲਾ ਕੀਤਾ ਹੈ।

* ਦੂਸ਼ਣਬਾਜ਼ੀ ਦਾ ਸਿਲਸਿਲਾ ਜ਼ੋਰਾਂ ’ਤੇ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਪਾਕਿਸਤਾਨ ਦਾ ਢੋਲ ਪਿੱਟਣ ਦਾ ਦੋਸ਼ ਲਾਇਆ ਹੈ, ਤਾਂ ਮਮਤਾ ਬੈਨਰਜੀ ਨੇ ਉਨ੍ਹਾਂ ’ਤੇ ਨਿੱਜੀ ਦੋਸ਼ ਲਾਉਂਦਿਆਂ ਕਿਹਾ ਹੈ ਕਿ ‘‘ਮੋਦੀ ਦੰਗਿਆਂ ਅਤੇ ਕਤਲੇਆਮ ਦੇ ਮਾਧਿਅਮ ਰਾਹੀਂ ਸਿਆਸਤ ’ਚ ਆਏ ਹਨ। ਉਹ ਫਾਸੀਵਾਦ ਦੇ ਰਾਜਾ ਹਨ। ਜੇ ਹਿਟਲਰ ਜ਼ਿੰਦਾ ਹੁੰਦਾ ਤਾਂ ਮੋਦੀ ਦੀਆਂ ਸਰਗਰਮੀਆਂ ਦੇਖ ਕੇ ਖੁਦਕੁਸ਼ੀ ਕਰ ਲੈਂਦਾ।’’ ਚੋਣਾਂ ਦਾ ਪਹਿਲਾ ਪੜਾਅ ਸ਼ੁਰੂ ਹੋਣ ਤਕ ਕੁਝ ਅਜਿਹੀਆਂ ਦਿਲਚਸਪੀਆਂ ਦੇਖਣ ਨੂੰ ਮਿਲੀਆਂ ਹਨ।

–ਵਿਜੇ ਕੁਮਾਰ
 


Bharat Thapa

Content Editor

Related News