ਖੁਸ਼ੀ ’ਚ ਫਾਇਰਿੰਗ ਦਾ ਲਗਾਤਾਰ ਵਧਦਾ ਰੁਝਾਨ ਬਦਲ ਰਿਹਾ ਖੁਸ਼ੀ ਨੂੰ ਮਾਤਮ ’ਚ
Thursday, Dec 02, 2021 - 03:38 AM (IST)

ਵਿਆਹ-ਸ਼ਾਦੀਆਂ, ਨਵੇਂ ਸਾਲ, ਤਿਉਹਾਰਾਂ ਅਤੇ ਖੁਸ਼ੀ ਦੇ ਹੋਰਨਾਂ ਮੌਕਿਆਂ ’ਤੇ ਭਲਾ ਕਿਸ ਦਾ ਮਨ ਨਹੀਂ ਮਚਲ ਉੱਠਦਾ! ਅਜਿਹੇ ’ਚ ਕਈ ਵਾਰ ਵਿਅਕਤੀ ਜ਼ਿਆਦਾ ਹੀ ਜੋਸ਼ ’ਚ ਆ ਕੇ ਅਜਿਹਾ ਕਰ ਬੈਠਦਾ ਹੈ, ਜਿਸ ਨਾਲ ਉਸ ਨੂੰ ਜ਼ਿੰਦਗੀ ਭਰ ਪਛਤਾਉਣਾ ਪੈਂਦਾ ਹੈ।
ਨਤੀਜਾ ਸੋਚੇ ਬਿਨਾਂ ਜੋਸ਼ ਦੇ ਮਾਰੇ ਗੋਲੀ ਚਲਾ ਕੇ ਖੁਸ਼ੀ ਪ੍ਰਗਟ ਕਰਨ ਨਾਲ ਕਿਸੇ ਵਿਅਕਤੀ ਦੀ ਜਾਨ ਚਲੀ ਜਾਂਦੀ ਹੈ ਅਤੇ ਖੁਸ਼ੀ ਦੇ ਮੌਕੇ ਦਰਦਨਾਕ ਹਾਦਸਿਆਂ ’ਚ ਬਦਲ ਜਾਂਦੇ ਹਨ, ਜਿਨ੍ਹਾਂ ਦੀਆਂ ਕੁਝ ਤਾਜ਼ਾ ਦਰਦਨਾਕ ਉਦਾਹਰਣਾਂ ਹੇਠਾਂ ਦਰਜ ਹਨ :
* 17 ਨਵੰਬਰ ਨੂੰ ਇਟਾਵਾ ਦੇ ਜਸਵੰਤ ਨਗਰ ਦੇ ‘ਨਗਲਾ ਖੁਸ਼ਹਾਲੀ’ ਪਿੰਡ ’ਚ ਇਕ ‘ਤਿਲਕ ਸਮਾਰੋਹ’ ’ਚ ਵਰ ਵਾਲੀ ਧਿਰ ਦੇ ਇਕ ਮੈਂਬਰ ਨੇ ਗੋਲੀ ਚਲਾ ਦਿੱਤੀ ਜੋ ਸਮਾਰੋਹ ’ਚ ਮੌਜੂਦ ਇਕ ਵਿਅਕਤੀ ਦੀ ਛਾਤੀ ’ਚ ਲੱਗਣ ਨਾਲ ਉਸ ਦੀ ਜਾਨ ਚਲੀ ਗਈ।
* 20 ਨਵੰਬਰ ਨੂੰ ਪਟਨਾ ਦੇ ਰਾਮਕ੍ਰਿਸ਼ਨ ਨਗਰ ਥਾਣਾ ਇਲਾਕੇ ਦੇ ਪਿੰਡ ‘ਪਿਪਰਾ’ ’ਚ ਬਰਥਡੇ ਪਾਰਟੀ ’ਚ ਬਾਰ ਬਾਲਾਓਂ ਦੇ ਨਾਚ ਦੌਰਾਨ ਖੁਸ਼ੀ ’ਚ ਫਾਇਰਿੰਗ ਦੇ ਨਤੀਜੇ ਵਜੋਂ ਇਕ ਨੌਜਵਾਨ ਦੀ ਮੌਤ ਹੋ ਗਈ।
* 22 ਨਵੰਬਰ ਨੂੰ ਮਿਰਜ਼ਾਪੁਰ ਜ਼ਿਲੇ ਦੇ ਕਟਰਾ ਕੋਤਵਾਲੀ ਥਾਣੇ ਦੇ ਇਲਾਕੇ ’ਚ ਸਥਿਤ ਇਕ ਮੈਰਿਜ ਪੈਲੇਸ ’ਚ ਵਿਆਹ ਸਮਾਰੋਹ ਦੇ ਦੌਰਾਨ ਕਿਸੇ ਬਾਰਾਤੀ ਨੇ ਜੋਸ਼ ’ਚ ਆ ਕੇ ਫਾਇਰ ਕਰ ਿਦੱਤਾ, ਜਿਸ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ।
*23 ਨਵੰਬਰ ਨੂੰ ਹਿਸਾਰ ਦੇ ‘ਪੁੱਠੀ’ ਪਿੰਡ ’ਚ ਇਕ ਵਿਆਹ ਸਮਾਰੋਹ ਦੇ ਦੌਰਾਨ ਖੁਸ਼ੀ ’ਚ ਕੀਤੀ ਫਾਇਰਿੰਗ ਦੇ ਨਤੀਜੇ ਵਜੋਂ ਇਕ 28 ਸਾਲਾ ਨੌਜਵਾਨ ਦੀ ਮੌਤ ਹੋ ਗਈ।
* 27 ਨਵੰਬਰ ਨੂੰ ਫਿਰੋਜ਼ਪੁਰ ਦੇ ਪਿੰਡ ‘ਚੁਗਤੇ ਵਾਲਾ’ ’ਚ ਵਿਆਹ ਦੇ ਸਬੰਧ ’ਚ ਕੱਢੀ ਜਾ ਰਹੀ ‘ਜਾਗੋ’ ’ਚ ਕਿਸੇ ਨੇ ਹਵਾਈ ਫਾਇਰ ਕਰ ਦਿੱਤਾ ਅਤੇ ਗੋਲੀ ਸਮਾਰੋਹ ’ਚ ਸ਼ਾਮਲ ਇਕ ਔਰਤ ਨੂੰ ਲੱਗਣ ਨਾਲ ਉਸ ਦੀ ਮੌਤ ਹੋ ਗਈ.
*30 ਨਵੰਬਰ ਨੂੰ ਪਟਨਾ ਦੇ ਦਾਨਾਪੁਰ ’ਚ ਇਕ ਵਿਆਹ ਸਮਾਰੋਹ ’ਚ ਖੁਸ਼ੀ ’ਚ ਕੀਤੀ ਫਾਇਰਿੰਗ ਦੇ ਦੌਰਾਨ ਗੋਲੀ ਲੱਗਣ ਨਾਲ ਸੰਨੀ ਦੇਵੀ ਨਾਂ ਦੀ ਔਰਤ ਦੀ ਜਾਨ ਚਲੀ ਗਈ।
*30 ਨਵੰਬਰ ਨੂੰ ਹੀ ਅੰਮ੍ਰਿਤਸਰ ’ਚ ਇਕ ਪਾਰਟੀ ਦੇ ਦੌਰਾਨ ਸ਼ਰਾਬ ਦੇ ਨਸ਼ੇ ’ਚ ਨੌਜਵਾਨਾਂ ਵੱਲੋਂ ਗੋਲੀਆਂ ਚਲਾਏ ਜਾਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ।
ਵਿਆਹ ਅਤੇ ਹੋਰਨਾਂ ਸਮਾਰੋਹਾਂ ’ਚ ਸੁਪਰੀਮ ਕੋਰਟ ਦੇ ਹੁਕਮ ਦੇ ਬਾਵਜੂਦ ‘ਖੁਸ਼ੀ ’ਚ ਫਾਇਰਿੰਗ’ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸ ਪਿਛੋਕੜ ’ਚ ਜਿੱਥੇ ਵੱਖ-ਵੱਖ ਸਮਾਰੋਹਾਂ ’ਚ ਸ਼ਰਾਬ ਅਤੇ ਹਥਿਆਰਾਂ ਦੀ ਵਰਤੋਂ ’ਤੇ ਪਾਬੰਦੀ ਸਖਤੀ ਨਾਲ ਲਾਗੂ ਕਰਨ ਦੀ ਲੋੜ ਹੈ, ਉੱਥੇ ਵਿਆਹ ਅਤੇ ਹੋਰਨਾਂ ਸਮਾਰੋਹਾਂ ’ਚ ‘ਖੁਸ਼ੀ ’ਚ ਫਾਇਰਿੰਗ’ ਕਰਨ ਵਾਲਿਆਂ ’ਤੇ ਭਾਰੀ ਜੁਰਮਾਨੇ ਅਤੇ ਗ੍ਰਿਫਤਾਰੀ ਦੀ ਵਵਿਸਥਾ ਹੋਣ ਦੇ ਨਾਲ-ਨਾਲ ਦੋਸ਼ੀ ਵਿਅਕਤੀ ਦਾ ਹਥਿਆਰ ਦਾ ਲਾਇਸੰਸ ਵੀ ਜ਼ਬਤ ਹੋਣਾ ਚਾਹੀਦਾ ਹੈ ਤਾਂ ਕਿ ਅਜਿਹੀਆਂ ਦੁਰਘਟਨਾਵਾਂ ਰੁਕ ਸਕਣ।
-ਵਿਜੇ ਕੁਮਾਰ