ਜ਼ਿੰਦਗੀ ਦੀ ਸ਼ਾਮ ਧੀ ਰਹਿੰਦੀ ਸਦਾ ਮਾਂ-ਬਾਪ ਦੀ ਧੀ ਅਤੇ ਪੁੱਤਰ ਰਹਿੰਦਾ ਸਿਰਫ ਵਿਆਹ ਤੱਕ

09/24/2021 3:47:21 AM

ਪ੍ਰਾਚੀਨ ਕਾਲ ’ਚ ਮਾਤਾ-ਪਿਤਾ ਦੇ ਇਕ ਹੀ ਹੁਕਮ ’ਤੇ ਔਲਾਦਾਂ ਸਭ ਕੁਝ ਕਰਨ ਨੂੰ ਤਿਆਰ ਰਹਿੰਦੀਆਂ ਸਨ ਪਰ ਅੱਜਕਲ ਆਪਣੀ ਗ੍ਰਹਿਸਥੀ ਵਸਣ ਦੇ ਬਾਅਦ ਔਲਾਦਾਂ ਮਾਪਿਆਂ ਵਲੋਂ ਅੱਖਾਂ ਫੇਰ ਲੈਂਦੀਆਂ ਹਨ ਅਤੇ ਉਨ੍ਹਾਂ ਦਾ ਇਕੋ ਇਕ ਮਕਸਦ ਜਾਇਦਾਦ ’ਤੇ ਕਬਜ਼ਾ ਕਰਨ ਦਾ ਹੀ ਰਹਿ ਜਾਂਦਾ ਹੈ।

ਇਸੇ ਕਾਰਨ ਆਪਣੇ ਬੱਚਿਆਂ ਦੇ ਪਾਲਣ-ਪੋਸ਼ਣ ’ਚ ਸਾਰੀ ਜ਼ਿੰਦਗੀ ਲਗਾ ਦੇਣ ਵਾਲੇ ਬਜ਼ੁਰਗ ਮਾਤਾ-ਪਿਤਾ ਨੂੰ ਉਨ੍ਹਾਂ ਕੋਲੋਂ ਹੀ ਗੁਜ਼ਾਰਾ ਭੱਤਾ ਹਾਸਲ ਕਰਨ ਲਈ ਅਦਾਲਤ ਦੀ ਪਨਾਹ ’ਚ ਜਾਣਾ ਪੈਂਦਾ ਹੈ। ਦੇਸ਼ ਦੀਆਂ ਅਦਾਲਤਾਂ ’ਚ ਸੀਨੀਅਰ ਨਾਗਰਿਕਾਂ ਦੇ ਪੈਂਡਿੰਗ 25.02 ਲੱਖ ਕੇਸਾਂ ’ਚੋਂ 3 ਲੱਖ ਅਜਿਹੇ ਹਨ ਜਿਨ੍ਹਾਂ ’ਚ ਬਜ਼ੁਰਗ ਮਾਤਾ-ਪਿਤਾ ਨੇ ਅਦਾਲਤਾਂ ਨੂੰ ਉਨ੍ਹਾਂ ਨੂੰ ਆਪਣੇ ਹੀ ਬੱਚਿਆਂ ਵੱਲੋਂ ਕੀਤੀ ਜਾਣ ਵਾਲੀ ਕੁੱਟ-ਮਾਰ ਤੋਂ ਸੁਰੱਖਿਆ ਮੁਹੱਈਆ ਕਰਨ, ਆਪਣੇ ਹੀ ਘਰ ’ਚ ਰਹਿਣ ਦੇਣ ਅਤੇ ਗੁਜ਼ਾਰਾ ਭੱਤਾ ਹਾਸਲ ਕਰਨ ਲਈ ਅਪੀਲ ਕੀਤੀ ਹੈ।

17 ਸਤੰਬਰ ਨੂੰ ਬਾਂਬੇ ਹਾਈ ਕੋਰਟ ਦੇ ਜਸਟਿਸ ਜੀ. ਐੱਸ. ਕੁਲਕਰਣੀ ਨੇ 90 ਸਾਲਾ ਪਿਤਾ ਅਤੇ 89 ਸਾਲਾ ਮਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਪੁੱਤਰ ਅਤੇ ਉਸ ਦੇ ਪਰਿਵਾਰ ਨੂੰ ਮਾਤਾ-ਪਿਤਾ ਦੇ ਮਾਲਕੀ ਵਾਲਾ ਫਲੈਟ ਖਾਲੀ ਕਰ ਕੇ ਘਰ ’ਚੋਂ ਿਨਕਲ ਜਾਣ ਦਾ ਹੁਕਮ ਜਾਰੀ ਕਰਦੇ ਹੋਏ ਕਿਹਾ :

‘‘ਇਹ ਮਾਮਲਾ ਬਹੁਤ ਹੀ ਦੁਖਦਾਈ ਹੈ। ਇਕ ਬਜ਼ੁਰਗ ਮਾਤਾ-ਪਿਤਾ ਨੂੰ ਆਪਣਾ ਅਧਿਕਾਰ ਹਾਸਲ ਕਰਨ ਦੇ ਲਈ ਅਦਾਲਤ ਦੇ ਚੱਕਰ ਲਾਉਣੇ ਪੈ ਰਹੇ ਹਨ। ਇਸ ਲਈ ਇਹ ਕਹਿਣਾ ਸੱਚ ਹੀ ਹੈ ਕਿ ਧੀ ਸਦਾ ਧੀ ਰਹਿੰਦੀ ਹੈ ਅਤੇ ਪੁੱਤਰ ਸਿਰਫ ਵਿਆਹ ਹੋਣ ਤੱਕ।’’

ਇਸੇ ਤਰ੍ਹਾਂ 22 ਸਤੰਬਰ ਨੂੰ ਪੰਜਾਬ-ਹਰਿਆਣਾ ਹਾਈਕੋਰਟ ਦੇ ਜਸਟਿਸ ਹਰਨਰੇਸ਼ ਸਿੰਘ ਗਿੱਲ ਨੇ ਇਕ ਪੁੱਤਰ ਅਤੇ ਨੂੰਹ ਦੀ ਆਪਣੇ ਪਿਤਾ ਦੇ ਵਿਰੁੱਧ ਰਿੱਟ ਇਹ ਕਹਿੰਦੇ ਹੋਏ ਰੱਦ ਕਰ ਦਿੱਤੀ ਕਿ ਸਿਰਫ ਇਸ ਆਧਾਰ ’ਤੇ ਉਹ ਆਪਣੇ ਮਾਤਾ-ਪਿਤਾ ਦੇ ਮਕਾਨ ’ਤੇ ਦਾਅਵਾ ਨਹੀਂ ਕਰ ਸਕਦੇ ਕਿ ਉਨ੍ਹਾਂ ਨੇ ਇਸ ਦੀ ਮੁਰੰਮਤ ’ਚ ਯੋਗਦਾਨ ਦਿੱਤਾ ਹੈ।

ਜਸਟਿਸ ਗਿੱਲ ਨੇ ਰਿੱਟਕਰਤਾ ਪੁੱਤਰ ਨੂੰ ਮਕਾਨ ਖਾਲੀ ਕਰਨ ਦਾ ਹੁਕਮ ਦਿੱਤਾ ਅਤੇ ਕਿਹਾ ਕਿ ਇਸ ਮਾਮਲੇ ’ਚ ਪੁੱਤਰ ਅਤੇ ਨੂੰਹ ਸਿਰਫ ਜਾਇਦਾਦ ਅਤੇ ਪੈਸੇ ਦੇ ਪਿੱਛੇ ਭੱਜ ਰਹੇ ਹਨ ਅਤੇ ਇਹ ਭੁੱਲ ਗਏ ਹਨ ਕਿ ਉਨ੍ਹਾਂ ਦੇ ਇਸ ਵਤੀਰੇ ਨਾਲ ਬਜ਼ੁਰਗ ਮਾਪਿਆਂ ਨੂੰ ਕਿੰਨੀ ਪ੍ਰੇਸ਼ਾਨੀ ਹੋ ਰਹੀ ਹੈ।

ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਚ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਦਾ ਹਵਾਲਾ ਦਿੱਤਾ,‘‘ਕਾਹੇ ਪੂਤ ਝਗਰਤ ਹਾਓ ਸੰਗ ਬਾਪ।। ਜਿਨਕੇ ਜਨੇ ਬਡੀਰੇ ਤੁਮ ਹਓ ਤਿਨ ਸਿਓ ਝਗਰਤ ਪਾਪ।।’’ ਭਾਵ ਹੇ ਪੁੱਤਰ ਤੁਸੀਂ ਆਪਣੇ ਪਿਤਾ ਨਾਲ ਕਿਉਂ ਝਗੜ ਰਹੇ ਹੋ, ਆਪਣੇ ਜਨਮਦਾਤਾ ਅਤੇ ਪਾਲਣ-ਪੋਸ਼ਣ ਕਰਨ ਵਾਲੇ ਨਾਲ ਝਗੜਨਾ ਪਾਪ ਹੈ।

ਉਕਤ ਦੋਵੇਂ ਉਦਾਹਰਣਾਂ ਇਸ ਗੱਲ ਦਾ ਮੂੰਹ ਬੋਲਦਾ ਸਬੂਤ ਹਨ ਕਿ ਅੱਜ ਬਜ਼ੁਰਗ ਮਾਤਾ-ਪਿਤਾ ਕਿਸ ਤਰ੍ਹਾਂ ਆਪਣੀਆਂ ਔਲਾਦਾਂ ਦੇ ਹੱਥੋਂ ਤੰਗ-ਪ੍ਰੇਸ਼ਾਨ ਹੋ ਰਹੇ ਹਨ। ਅਜਿਹੇ ’ਚ ਲੋੜ ਹੈ ਕਿ ਸਰਕਾਰ ਬਜ਼ੁਰਗਾਂ ਦੇ ਅਧਿਕਾਰਾਂ ਦੀ ਰੱਖਿਆ ਦੇ ਲਈ ਬਣਾਏ ਗਏ ਕਾਨੂੰਨਾਂ ਦਾ ਵੱਧ ਤੋਂ ਵੱਧ ਪ੍ਰਚਾਰ ਕਰੇ ਤਾਂ ਕਿ ਬਜ਼ੁਰਗਾਂ ਨੂੰ ਇਨ੍ਹਾਂ ਦੀ ਜਾਣਕਾਰੀ ਮਿਲੇ ਅਤੇ ਉਹ ਔਲਾਦਾਂ ਦੇ ਵਲੋਂ ਤੰਗ-ਪ੍ਰੇਸ਼ਾਨ ਕੀਤੇ ਜਾਣ ਤੋਂ ਬਚ ਸਕਣ।

-ਵਿਜੇ ਕੁਮਾਰ


Bharat Thapa

Content Editor

Related News