ਲਖੀਮਪੁਰ ਕਾਂਡ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ
Thursday, Oct 07, 2021 - 03:31 AM (IST)

3 ਅਕਤੂਬਰ ਨੂੰ ਲਖਮੀਪੁਰ ਖੀਰੀ (ਉੱਤਰ ਪ੍ਰਦੇਸ਼) ’ਚ ਉੱਥੋਂ ਦੇ ਉੱਪ-ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਵੱਲੋਂ ਕੇਂਦਰੀ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਦੇ ਪਿੰਡ ਬਨਬੀਰਪੁਰ ਦੇ ਦੌਰੇ ਦਾ ਵਿਰੋਧ ਕਰ ਰਹੇ ਵਿਖਾਵਾਕਾਰੀਆਂ ’ਚੋਂ 4 ਕਿਸਾਨਾਂ ਦੇ ਇਕ ਵਾਹਨ ਨਾਲ ਦਰੜੇ ਜਾਣ ਦੇ ਬਾਅਦ ਹਿੰਸਾ ਭੜਕ ਉੱਠੀ ਹੈ।
ਇਸ ਹਿੰਸਾ ’ਚ ਉਨ੍ਹਾਂ ਕਿਸਾਨਾਂ ਸਮੇਤ 9 ਵਿਅਕਤੀਆਂ ਦੀ ਮੌਤ ਹੋ ਗਈ। ਕਿਸਾਨ ਨੇਤਾ ਰਾਕੇਸ਼ ਟਿਕੈਤ ਦਾ ਦੋਸ਼ ਹੈ ਕਿ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਲੜਕੇ ਆਸ਼ੀਸ਼ ਵੱਲੋਂ ਕਿਸਾਨਾਂ ’ਤੇ ਗੱਡੀ ਚੜ੍ਹਾਉਣ ਨਾਲ ਉਨ੍ਹਾਂ ਦੀ ਮੌਤ ਹੋਈ।
ਜਿੱਥੇ ਕਿਸਾਨ ਇਸ ਘਟਨਾ ਦੇ ਲਈ ਅਜੇ ਮਿਸ਼ਰਾ ਦੇ ਅਸਤੀਫੇ ਅਤੇ ਉਨ੍ਹਾਂ ਦੇ ਲੜਕੇ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਹਨ, ਉੱਥੇ ਅਜੇ ਮਿਸ਼ਰਾ ਨੇ ਕਿਹਾ ਹੈ ਕਿ ਉਨ੍ਹਾਂ ਦਾ ਲੜਕਾ ਆਸ਼ੀਸ਼ ਤਾਂ ਘਟਨਾ ਵਾਲੀ ਥਾਂ ’ਤੇ ਸੀ ਹੀ ਨਹੀਂ।
4 ਅਕਤੂਬਰ ਨੂੰ ਇਸ ਮਾਮਲੇ ’ਤੇ ਮੱਚੇ ਬਵਾਲ ਦੇ ਦਰਮਿਆਨ ਇਕ ਪਾਸੇ ਕਿਸਾਨਾਂ ਨੇ ਮੰਤਰੀ ਅਜੇ ਮਿਸ਼ਰਾ ਅਤੇ ਉਨ੍ਹਾਂ ਦੇ ਲੜਕੇ ਆਸ਼ੀਸ਼ ਮਿਸ਼ਰਾ ਸਮੇਤ 14 ਵਿਅਕਤੀਆਂ ਦੇ ਵਿਰੁੱਧ ਮਾਮਲਾ ਦਰਜ ਕਰਵਾਇਆ ਤਾਂ ਦੂਸਰੇ ਪਾਸੇ ਅਜੇ ਮਿਸ਼ਰਾ ਦੇ ਕਰੀਬੀ ਸੁਮਿਤ ਜਾਇਸਵਾਲ ਨੇ 10-15 ਵਿਖਾਵਾਕਾਰੀ ਕਿਸਾਨਾਂ ਦੇ ਵਿਰੁੱਧ ਹੱਤਿਆ, ਦੰਗਾ ਅਤੇ ਭੰਨ-ਤੋੜ ਸਮੇਤ ਕਈ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰਵਾ ਦਿੱਤਾ।
ਮਾਮਲਾ ਸ਼ਾਂਤ ਕਰਨ ਦੇ ਲਈ 4 ਅਕਤੂਬਰ ਨੂੰ ਹੀ ਪ੍ਰਸ਼ਾਸਨ ਨੇ ਕਿਸਾਨਾਂ ਨਾਲ ਸਮਝੌਤਾ ਕਰ ਕੇ 8 ਦਿਨਾਂ ’ਚ ਦੋਸ਼ੀਆਂ ਦੀ ਗ੍ਰਿਫਤਾਰੀ , ਮ੍ਰਿਤਕਾਂ ਦੇ ਵਾਰਿਸਾਂ ਨੂੰ 45-45 ਲੱਖ ਰੁਪਏ ਅਤੇ ਜ਼ਖਮੀਆਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਨੁਕਸਾਨ ਪੂਰਤੀ ਦੇਣ ਤੇ ਹਾਈ ਕੋਰਟ ਦੇ ਰਿਟਾਇਰਡ ਜੱਜ ਕੋਲੋਂ ਘਟਨਾ ਦੀ ਨਿਆਇਕ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ।
ਇਸੇ ਦਿਨ ਲਖੀਮਪੁਰ ਖੀਰੀ ਜਾਂਦੇ ਹੋਏ ਪ੍ਰਿਯੰਕਾ ਗਾਂਧੀ ਦੇ ਨਾਲ ਹਰਿਆਣਾ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਦੇ ਇਲਾਵਾ ਸਪਾ ਦੇ ਅਖਿਲੇਸ਼ ਯਾਦਵ, ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ (ਲੋਹੀਆ) ਦੇ ਸ਼ਿਵਲਾਲ ਯਾਦਵ, ਰਾਲੋਦ ਦੇ ਜਯੰਤ ਚੌਧਰੀ, ‘ਆਪ’ ਦੇ ਸੰਜੇ ਸਿੰਘ ਤੇ ਬਸਪਾ ਦੇ ਸਤੀਸ਼ ਚੰਦਰ ਮਿਸ਼ਰਾ ਨੂੰ ਹਿਰਾਸਤ ’ਚ ਲਿਆ ਗਿਆ।
ਜਿੱਥੇ ਵਿਰੋਧੀ ਧਿਰ ਨੇ ਉਕਤ ਘਟਨਾ ਦੀ ਸੀ. ਬੀ. ਆਈ. ਤੋਂ ਜਾਂਚ ਦੀ ਮੰਗ ਕੀਤੀ ਹੈ, ਉੱਥੇ ਕਿਸਾਨਾਂ ਨੂੰ ਮਿਲਣ ਜਾ ਰਹੀ ਪ੍ਰਿਯੰਕਾ ਗਾਂਧੀ ਨੂੰ ਪੁਲਸ ਨੇ ਸੀਤਾਪੁਰ ’ਚ 30 ਘੰਟੇ ਹਿਰਾਸਤ ’ਚ ਰੱਖਣ ਦੇ ਬਾਅਦ 5 ਅਕਤੂਬਰ ਨੂੰ ਵੱਖ-ਵੱਖ ਧਾਰਾਵਾਂ ਦੇ ਤਹਿਤ ਗ੍ਰਿਫਤਾਰ ਕਰ ਲਿਆ ਅਤੇ 10 ਹੋਰ ਕਾਂਗਰਸੀ ਆਗੂਆਂ ’ਤੇ ਕੇਸ ਵੀ ਦਰਜ ਕੀਤੇ ਗਏ।
ਇਸ ਦੇ ਵਿਰੁੱਧ ਉੱਤਰ ਪ੍ਰਦੇਸ਼ ਅਤੇ ਦੇਸ਼ ’ਚ ਹੋਰਨਾਂ ਥਾਵਾਂ ’ਤੇ ਥਾਂ-ਥਾਂ ਕਾਂਗਰਸ ਅਤੇ ਹੋਰਨਾਂ ਪਾਰਟੀਆਂ ਨੇ ਰੋਸ ਵਿਖਾਵੇ ਸ਼ੁਰੂ ਕਰ ਦਿੱਤੇ ਅਤੇ ਨਵਜੋਤ ਸਿੰਘ ਸਿੱਧੂ ਨੇ ਦੋਸ਼ੀਆਂ ਦੇ ਗ੍ਰਿਫਤਾਰ ਨਾ ਹੋਣ ’ਤੇ ਲਖੀਮਪੁਰ ਖੀਰੀ ਦੇ ਵੱਲ ਪੰਜਾਬ ਕਾਂਗਰਸ ਵੱਲੋਂ ਕੂਚ ਕਰਨ ਦਾ ਐਲਾਨ ਕਰ ਦਿੱਤਾ ਅਤੇ ਪੰਜਾਬ ਦੇ ਕਾਂਗਰਸੀਆਂ ਦੇ 7 ਅਕਤੂਬਰ ਨੂੰ ਲਖੀਮਪੁਰ ਜਾਣ ਦੀ ਸੰਭਾਵਨਾ ਹੈ, ਉੱਥੇ ਰਾਕਾਂਪਾ ਸੁਪਰੀਮੋ ਸ਼ਰਦ ਪਵਾਰ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਲਖੀਮਪੁਰ ਖੀਰੀ ਕਾਂਡ ਦੀ ਭਾਜਪਾ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ।
5 ਅਕਤੂਬਰ ਨੂੰ ਲਖੀਮਪੁਰ ਕਾਂਡ ਦੀ ਜਾਂਚ ਦੇ ਲਈ ‘ਸਪੈਸ਼ਲ ਇਨਵੈਸਟੀਗੇਸ਼ਨ ਟੀਮ’ (ਸਿਟ) ਦਾ ਗਠਨ ਕਰਨ ਦੇ ਇਲਾਵਾ ਕਿਸਾਨਾਂ ਨਾਲ ਹੋਏ ਸਮਝੌਤੇ ਦੇ ਅਨੁਸਾਰ 6 ਅਕਤੂਬਰ ਨੂੰ ਸੂਬਾ ਸਰਕਾਰ ਨੇ ਨਿਆਇਕ ਜਾਂਚ ਕਮੇਟੀ ਵੀ ਗਠਿਤ ਕਰ ਦਿੱਤੀ।
ਇਹੀ ਨਹੀਂ ਇਕ ਚੰਗਾ ਕਦਮ ਚੁੱਕਦੇ ਹੋਏ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਜਾ ਰਹੀ ਪ੍ਰਿਯੰਕਾ ਗਾਂਧੀ ਨੂੰ 6 ਅਕਤੂਬਰ ਨੂੰ ਰਿਹਾਅ ਕਰ ਦਿੱਤਾ ਗਿਆ ਅਤੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ 5-5 ਦੇ ਸਮੂਹ ’ਚ ਲਖੀਮਪੁਰ ’ਚ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਦੇ ਲਈ ਜਾਣ ਦੇ ਲਈ ਸ਼ਰਤਾਂ ਸਮੇਤ ਦੀ ਬਿਲਕੁਲ ਇਜਾਜ਼ਤ ਦੇ ਦਿੱਤੀ ਗਈ।
ਇਸ ਦੇ ਬਾਅਦ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਆਦਿ ਦੇ ਨਾਲ ਲਖਨਊ ਪਹੁੰਚੇ ਅਤੇ ਉੱਥੋਂ ਨਾਟਕੀ ਘਟਨਾਕ੍ਰਮ ਦੇ ਬਾਅਦ ਉਨ੍ਹਾਂ ਨੂੰ ਪ੍ਰਸ਼ਾਸਨ ਨੇ ਲਖੀਮਪੁਰ ਖੀਰੀ ਜਾਣ ਦੀ ਇਜਾਜ਼ਤ ਦੇ ਦਿੱਤੀ।
ਇਸੇ ਦਰਮਿਆਨ ਸੀਨੀਅਰ ਕਾਂਗਰਸੀ ਨੇਤਾ ਕਪਿਲ ਸਿੱਬਲ ਨੇ ਇਸ ਮਾਮਲੇ ’ਚ ਸੁਪਰੀਮ ਕੋਰਟ ਨੂੰ ਖੁਦ ਨੋਟਿਸ ਲੈਂਦੇ ਹੋਏ ਕਦਮ ਚੁੱਕਣ ਦੀ ਬੇਨਤੀ ਕੀਤੀ ਹੈ, ਜਿਸ ’ਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੀ ਬੈਂਚ 7 ਅਕਤੂਬਰ ਨੂੰ ਸੁਣਵਾਈ ਕਰੇਗੀ ਅਤੇ ਦੂਸਰੇ ਪਾਸੇ ਕੇਂਦਰ ਸਰਕਾਰ ਵੱਲੋਂ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਦਿੱਲੀ ਤਲਬ ਕਰ ਲੈਣ ਦੇ ਬਾਅਦ ਉਨ੍ਹਾਂ ਨੇ 6 ਅਕਤੂਬਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ, ਜਿਸ ਦੇ ਬਾਅਦ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਅਸਤੀਫਾ ਨਹੀਂ ਦੇਣਗੇ।
ਜਿੱਥੇ ਉੱਤਰ ਪ੍ਰਦੇਸ਼ ਸਰਕਾਰ ਨੇ ਕਿਸਾਨਾਂ ਦੀ ਨਾਰਾਜ਼ਗੀ ਦੂਰ ਕਰਨ ਦੀ ਦਿਸ਼ਾ ’ਚ ਕੁਝ ਕਦਮ ਚੁੱਕੇ ਹਨ, ਉੱਥੇ ਪੰਜਾਬ ਤੇ ਛਤੀਸਗੜ੍ਹ ਦੀਆਂ ਸਰਕਾਰਾਂ ਨੇ ਵੀ 4 ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਅਤੇ ਇਕ ਪੱਤਰਕਾਰ ਦੇ ਪਰਿਵਾਰ ਨੂੰ 50-50 ਲੱਖ ਰੁਪਏ ਨੁਕਸਾਨਪੂਰਤੀ ਦੇਣ ਦਾ ਐਲਾਨ ਕਰ ਕੇ ਉਨ੍ਹਾਂ ਦੇ ਜ਼ਖਮਾਂ ’ਤੇ ਮਰਹੱਮ ਲਗਾਉਣ ਦੀ ਕੋਸ਼ਿਸ਼ ਕੀਤੀ ਹੈ।
ਇਸੇ ਦਰਮਿਆਨ ਜਿੱਥੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕਰਦੇ ਹੋਏ ਅਜਿਹਾ ਨਾ ਹੋਣ ਦੀ ਸਥਿਤੀ ’ਚ ਦੇਸ਼ਪੱਧਰੀ ਅੰਦੋਲਨ ਕਰਨ ਦੀ ਚਿਤਾਵਨੀ ਦੇ ਦਿੱਤੀ ਹੈ, ਉਥੇ ਮਹਾਰਾਸ਼ਟਰ ਸਰਕਾਰ ਦੀ ਗੱਠਜੋੜ ਸਰਕਾਰ ’ਚ ਸ਼ਾਮਲ ਤਿੰਨਾਂ ਸਹਿਯੋਗੀ ਪਾਰਟੀਆਂ ਸ਼ਿਵ ਸੈਨਾ, ਕਾਂਗਰਸ ਤੇ ਰਾਕਾਂਪਾ ਨੇ ਲਖੀਮਪੁਰ ਕਾਂਡ ਦੇ ਵਿਰੁੱਧ 11 ਅਕਤੂਬਰ ਨੂੰ ਮਹਾਰਾਸ਼ਟਰ ਬੰਦ ਦਾ ਸੱਦਾ ਵੀ ਦੇ ਦਿੱਤਾ ਹੈ।
ਇਸ ਲਈ ਇਹ ਹਾਲਾਤ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਅਤੇ ਸਾਰੀਆਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਜਲਦੀ ਤੋਂ ਜਲਦੀ ਇਸ ਸਮੱਸਿਆ ਨੂੰ ਸੁਲਝਾਉਣ ਦੀ ਮੰਗ ਕਰਦੇ ਹਨ ਤਾਂ ਕਿ ਗਰਮ ਹੋ ਰਿਹਾ ਸਿਆਸੀ ਮਾਹੌਲ ਸ਼ਾਂਤ ਹੋਵੇ।
- ਵਿਜੇ ਕੁਮਾਰ