ਭਾਜਪਾ ਦਾ ਚੋਣ ਮਨੋਰਥ ਪੱਤਰ 2022 ਤਕ 75 ਸੰਕਲਪ ਪੂਰੇ ਕਰਨ ਦਾ ਵਾਅਦਾ

04/09/2019 6:46:36 AM

ਪੂਰੀ ਦੁਨੀਆ ’ਚ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਵਲੋਂ ਵੋਟਰਾਂ ਨੂੰ ਲੁਭਾਉਣ ਲਈ ਚੋਣ ਮਨੋਰਥ ਪੱਤਰ ਜਾਰੀ ਕਰਨ ਦਾ ਰਿਵਾਜ ਹੈ। ਇਸੇ ਸਿਲਸਿਲੇ ’ਚ 8 ਅਪ੍ਰੈਲ ਨੂੰ ਭਾਜਪਾ ਨੇ ਆਪਣਾ ਮਨੋਰਥ ਪੱਤਰ ‘ਸੰਕਲਪ ਪੱਤਰ’ ਦੇ ਨਾਂ ਨਾਲ ਜਾਰੀ ਕੀਤਾ। ਇਸ ਮੌਕੇ ’ਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ‘‘ਆਜ਼ਾਦੀ ਦੇ 75 ਸਾਲ ਪੂਰੇ ਹੋਣ ’ਤੇ 2022 ਤਕ ਅਸੀਂ 75 ਟੀਚੇ ਤੈਅ ਕੀਤੇ ਹਨ।’’ ਮਨੋਰਥ ਪੱਤਰ ਕਮੇਟੀ ਦੇ ਮੁਖੀ ਅਤੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਨੁਸਾਰ, ‘‘6 ਕਰੋੜ ਦੇਸ਼ਵਾਸੀਆਂ ਦੀ ਹਿੱਸੇਦਾਰੀ ਨਾਲ ਬਣਿਆ ਨਵੇਂ ਭਾਰਤ ਵੱਲ ਕਦਮ ਵਧਾਉਣ ਵਾਲਾ ਇਹ ਬੇਹੱਦ ਦੂਰਅੰਦੇਸ਼ੀ ਵਾਲਾ ਵਿਵਹਾਰਿਕ ਮਨੋਰਥ ਪੱਤਰ ਹੈ।’’ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਨੇ ਕਿਹਾ, ‘‘ਇਹ ਸਰਕਾਰ ਆਪਣੇ ਵਾਅਦੇ ਪੂਰੇ ਕਰਦੀ ਹੈ। ਇਤਿਹਾਸ ’ਚ ਇਹ ਪਹਿਲੀ ਸਰਕਾਰ ਹੈ, ਜਿਸ ਨੇ ਗਰੀਬੀ ਨੂੰ ਸਭ ਤੋਂ ਤੇਜ਼ੀ ਨਾਲ ਖਤਮ ਕਰਨ ਦਾ ਕੰਮ ਕੀਤਾ ਹੈ। ਪੁਰਾਣੀਆਂ ਸਰਕਾਰਾਂ ਨੇ ਨਾਅਰੇ ਦਿੱਤੇ, ਸਾਡੀ ਸਰਕਾਰ ਨੇ ਨਤੀਜੇ ਦਿੱਤੇ। ਪਿਛਲੇ 5 ਸਾਲਾਂ ’ਚ ਮਹਿੰਗਾਈ ਦਰ ਸਭ ਤੋਂ ਘੱਟ ਰਹੀ ਹੈ।’’

ਇਸ ‘75 ਸੂਤਰੀ’ ਮਨੋਰਥ ਪੱਤਰ ਦੀਆਂ ਮੁੱਖ ਗੱਲਾਂ ਹੇਠਾਂ ਦਰਜ ਹਨ :

* ਤਿੰਨ ਤਲਾਕ ਵਿਰੁੱਧ ਕਾਨੂੰਨ ਬਣਾ ਕੇ ਮੁਸਲਿਮ ਔਰਤਾਂ ਨੂੰ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

* ਹਰੇਕ ਵਿਅਕਤੀ ਨੂੰ 5 ਕਿਲੋਮੀਟਰ ਦੇ ਦਾਇਰੇ ’ਚ ਬੈਂਕਿੰਗ ਸਹੂਲਤ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਹਰੇਕ ਵਿਅਕਤੀ ਦਾ ਆਪਣਾ ਬੈਂਕ ਖਾਤਾ ਹੋਵੇਗਾ।

* ਰਾਮ ਮੰਦਰ ’ਤੇ ਸਾਰੀਆਂ ਸੰਭਾਵਨਾਵਾਂ ਦੀ ਭਾਲ ਕੀਤੀ ਜਾਵੇਗੀ ਅਤੇ ਜਲਦੀ ਤੋਂ ਜਲਦੀ ਸੁਹਿਰਦਤਾਪੂਰਨ ਮਾਹੌਲ ’ਚ ਮੰਦਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

* 60 ਸਾਲਾਂ ਤੋਂ ਵੱਧ ਉਮਰ ਦੇ ਕਿਸਾਨਾਂ ਅਤੇ ਛੋਟੇ ਦੁਕਾਨਦਾਰਾਂ ਨੂੰ ਪੈਨਸ਼ਨ ਦਿੱਤੀ ਜਾਵੇਗੀ, ਕਿਸਾਨ ਕ੍ਰੈਡਿਟ ਕਾਰਡ ’ਤੇ ਮਿਲਣ ਵਾਲਾ 1 ਲੱਖ ਰੁਪਏ ਤਕ ਦਾ ਖੇਤੀ ਕਰਜ਼ਾ 5 ਸਾਲਾਂ ਤਕ ਵਿਆਜ-ਮੁਕਤ ਹੋਵੇਗਾ।

* ਸਾਰੇ ਕਿਸਾਨਾਂ ਨੂੰ ‘ਕਿਸਾਨ ਸਨਮਾਨ ਨਿਧੀ’ ਦਾ ਲਾਭ ਦਿੱਤਾ ਜਾਵੇਗਾ ਅਤੇ 2022 ਤਕ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਜਾਵੇਗੀ।

* ਬਰਾਮਦ ਦੁੱਗਣੀ ਕਰਨ, ਰਾਸ਼ਟਰੀ ਵਪਾਰ ਕਮਿਸ਼ਨ ਕਾਇਮ ਕਰਨ ਅਤੇ ‘ਇਜ਼ ਆਫ ਡੂਇੰਗ ਬਿਜ਼ਨੈੱਸ ਰੈਂਕਿੰਗ’ ਵਿਚ ਭਾਰਤ ਦੇ ਰੈਂਕ ਨੂੰ ਹੋਰ ਵੀ ਬਿਹਤਰ ਬਣਾਉਣ ਦਾ ਟੀਚਾ ਹੈ। ਉੱਦਮੀਆਂ ਨੂੰ ਬਿਨਾਂ ਸਕਿਓਰਿਟੀ 50 ਲੱਖ ਰੁਪਏ ਤਕ ਕਰਜ਼ਾ ਦਿੱਤਾ ਜਾਵੇਗਾ।

* ਖੇਤਰੀ ਅਸੰਤੁਲਨ ਖਤਮ ਕੀਤਾ ਜਾਵੇਗਾ, ਜ਼ਮੀਨ ਦੇ ਰਿਕਾਰਡ ਦਾ ਡਿਜੀਟਲੀਕਰਨ ਕੀਤਾ ਜਾਵੇਗਾ ਅਤੇ ਜੰਮੂ-ਕਸ਼ਮੀਰ ’ਚੋਂ ਧਾਰਾ-370 ਅਤੇ 35-ਏ ਖਤਮ ਕੀਤੀ ਜਾਵੇਗੀ।

* ਅੱਤਵਾਦ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਅਤੇ ਸੁਰੱਖਿਆ ਬਲਾਂ ਨੂੰ ਅੱਤਵਾਦੀਆਂ ਦਾ ਸਾਹਮਣਾ ਕਰਨ ਲਈ ਫ੍ਰੀ ਹੈਂਡ ਦੇਣ ਦੀ ਨੀਤੀ ਜਾਰੀ ਰੱਖਣ, ਨਾਜਾਇਜ਼ ਘੁਸਪੈਠ ਰੋਕਣ ਲਈ ਸਖ਼ਤੀ ਵਰਤਣ, ਨਾਗਰਿਕਤਾ ਸੋਧ ਬਿੱਲ ਲਾਗੂ ਕਰਨ, ਸੂਬਿਆਂ ਦੀ ਵਿਸ਼ੇਸ਼ ਪਛਾਣ ਦੀ ਰੱਖਿਆ ਕਰਨ ਦਾ ਵਾਅਦਾ ਵੀ ਕੀਤਾ ਗਿਆ ਹੈ।

* ਮੈਨੇਜਮੈਂਟ, ਇੰਜੀਨੀਅਰਿੰਗ ਅਤੇ ਲਾਅ ਕਾਲਜਾਂ ਦੀਆਂ ਸੀਟਾਂ ਦੀ ਗਿਣਤੀ ਵਧਾਈ ਜਾਵੇਗੀ। ਮਾਹਿਰ ਡਾਕਟਰਾਂ ਦੀ ਗਿਣਤੀ ਦੁੱਗਣੀ ਕਰਨ ਤੋਂ ਇਲਾਵਾ ਟ੍ਰੇਂਡ ਡਾਕਟਰਾਂ ਅਤੇ ਲੋਕਾਂ ਦਾ ਅਨੁਪਾਤ 1:1400 ਕੀਤਾ ਜਾਵੇਗਾ।

* ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਹਰੇਕ ਪਰਿਵਾਰ ਲਈ ਪੱਕੇ ਮਕਾਨਾਂ ਤੋਂ ਇਲਾਵਾ ਔਰਤਾਂ ਨੂੰ ਵਿਧਾਨ ਸਭਾ ’ਚ 33 ਫੀਸਦੀ ਰਾਖਵਾਂਕਰਨ ਦਿੱਤਾ ਜਾਵੇਗਾ।

* ਦਿਹਾਤੀ ਵਿਕਾਸ ’ਤੇ 25 ਲੱਖ ਕਰੋੜ ਰੁਪਏ ਖਰਚ ਕੀਤੇ ਜਾਣਗੇ।

* 2022 ਤਕ ਸਾਰੀਆਂ ਰੇਲ ਪਟੜੀਆਂ ਨੂੰ ਬ੍ਰਾਡਗੇਜ ’ਚ ਬਦਲਣ ਅਤੇ ਬਿਜਲਈਕਰਨ ਕਰਨ, ਪੂਰੇ ਦੇਸ਼ ’ਚ ਸਮਾਰਟ ਰੇਲਵੇ ਸਟੇਸ਼ਨਾਂ ਦੇ ਨਿਰਮਾਣ ਅਤੇ ਡਾਇਰੈਕਟ ਫ੍ਰੇਟ ਕੋਰੀਡੋਰ ਯੋਜਨਾ ਪੂਰੀ ਕਰਨ ਦਾ ਵਾਅਦਾ ਵੀ ਮਨੋਰਥ ਪੱਤਰ ’ਚ ਕੀਤਾ ਗਿਆ ਹੈ।

* ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਡੇਢ ਲੱਖ ਸਿਹਤ ਅਤੇ ਵੈੱਲਨੈੱਸ ਕੇਂਦਰ ਖੋਲ੍ਹਣ, 75 ਨਵੇਂ ਮੈਡੀਕਲ ਕਾਲਜ/ਪੋਸਟ-ਗ੍ਰੈਜੂਏਟ ਮੈਡੀਕਲ ਕਾਲਜਾਂ ਦੀ ਸਥਾਪਨਾ, ਗਰੀਬਾਂ ਨੂੰ ਉਨ੍ਹਾਂ ਦੇ ਦਰਵਾਜ਼ੇ ’ਤੇ ਮਿਆਰੀ ਮੁੱਢਲੀ ਸਿੱਖਿਆ ਮੁਹੱਈਆ ਕਰਵਾਉਣ ਤੋਂ ਇਲਾਵਾ ਆਂਗਨਵਾੜੀ ਕੇਂਦਰਾਂ ਦੀ ਗਿਣਤੀ 3 ਗੁਣਾ ਵਧਾਈ ਜਾਏਗੀ।

ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ (ਭਾਜਪਾ) ਨੇ ਕਾਂਗਰਸ ਦੇ ਮਨੋਰਥ ਪੱਤਰ ’ਤੇ ਟਿੱਪਣੀ ਕਰਦਿਆਂ ਕਿਹਾ ਸੀ ਕਿ ‘‘ਪਾਰਟੀ ਦਾ ਮਨੋਰਥ ਪੱਤਰ ਦੇਸ਼-ਵਿਰੋਧੀ ਏਜੰਡਾ ਹੈ ਅਤੇ ਕਾਂਗਰਸ ਦੇ ਵਾਅਦੇ ਦੇਸ਼ ਦੀ ਏਕਤਾ ਲਈ ਖਤਰਾ ਹਨ।’’

ਹੁਣ ਕਾਂਗਰਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਨੇ ਭਾਜਪਾ ਦੇ ਮਨੋਰਥ ਪੱਤਰ ਨੂੰ ‘ਝਾਂਸਾ ਪੱਤਰ’ ਕਰਾਰ ਦਿੰਦਿਆਂ ਕਿਹਾ ਹੈ ਕਿ ‘‘ਭਾਜਪਾ ਦੇ ਇਸ ਮਨੋਰਥ ਪੱਤਰ ’ਚ ਸਿਰਫ ਮੋਦੀ ਅਤੇ ਉਨ੍ਹਾਂ ਦਾ ਹੰਕਾਰ ਹੈ, ਲੋਕਾਂ ਲਈ ਕੁਝ ਨਹੀਂ ਹੈ।’’

ਇਸੇ ਤਰ੍ਹਾਂ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਦਾਅਵਾ ਕੀਤਾ ਕਿ ‘‘ਮੋਦੀ ਜੀ ਦਾ ਮੂਲ ਮੰਤਰ ‘ਝਾਂਸੇ ਸੇ ਫਾਂਸੀ’ ਹੈ, ਇਸ ’ਤੇ ਲੋਕ ਭਰੋਸਾ ਕਿਵੇਂ ਕਰਨ? ਇਹ ਮਨੋਰਥ ਪੱਤਰ ਨਹੀ ‘ਝਾਂਸਾ ਪੱਤਰ’ ਹੈ।’’

ਇਸ ਲਈ ਹੁਣ ਦੇਖਣਾ ਹੋਵੇਗਾ ਕਿ ਕਾਂਗਰਸ ਵਲੋਂ ਖੁੱਲ੍ਹ ਕੇ ਕੀਤੇ ਗਏ ਲੋਕ-ਲੁਭਾਊ ਵਾਅਦਿਆਂ ਦੇ ਮੁਕਾਬਲੇ ਭਾਜਪਾ ਦਾ ਇਹ ਮਨੋਰਥ ਪੱਤਰ ਕਿੰਨਾ ਲੁਭਾ ਪਾਉਂਦਾ ਹੈ।

–ਵਿਜੇ ਕੁਮਾਰ
 


Bharat Thapa

Content Editor

Related News