ਚੋਣਾਂ ਵਿਚ ‘ਭਾਜਪਾ-ਰਾਜਗ’ ਦੀ ਇਤਿਹਾਸਿਕ ਜਿੱਤ

05/24/2019 5:15:59 AM

17ਵੀਂ ਲੋਕ ਸਭਾ ਲਈ 7 ਪੜਾਵਾਂ ’ਚ ਹੋਈ ਵੋਟਿੰਗ ਦੇ 19 ਮਈ ਨੂੰ ਖਤਮ ਹੁੰਦਿਆਂ ਹੀ ਸਾਰੇ ਐਗਜ਼ਿਟ ਪੋਲਜ਼ ਵਿਚ ਭਾਜਪਾ ਦੀ ਅਗਵਾਈ ਵਾਲੇ ਰਾਜਗ ਦੇ ਦੂਜੀ ਵਾਰ ਸੱਤਾ ਵਿਚ ਆਉਣ ਦੀ ਜੋ ਭਵਿੱਖਬਾਣੀ ਕੀਤੀ ਗਈ ਸੀ, ਉਹ ਸੱਚ ਸਿੱਧ ਹੋਈ। ਨਤੀਜਿਆਂ ਤੋਂ ਇਹ ਸਪੱਸ਼ਟ ਹੈ ਕਿ ਅੱਜ ਲੋਕਾਂ ਦੀਆਂ ਉਮੀਦਾਂ ਸ਼੍ਰੀ ਨਰਿੰਦਰ ਮੋਦੀ ’ਤੇ ਕੇਂਦ੍ਰਿਤ ਹਨ ਅਤੇ ਸਮਾਜ ਦੇ ਲੋਕ ਉਨ੍ਹਾਂ ਤੋਂ ਖੁਸ਼ ਪ੍ਰਤੀਤ ਹੁੰਦੇ ਹਨ। ਭਾਜਪਾ ਲੀਡਰਸ਼ਿਪ ’ਤੇ ਭ੍ਰਿਸ਼ਟਾਚਾਰ ਦਾ ਵੀ ਕੋਈ ਦੋਸ਼ ਨਹੀਂ ਹੈ। ਇਸੇ ਕਾਰਨ ਸ਼੍ਰੀ ਮੋਦੀ ਦੀ ਸਰਕਾਰ ਵਲੋਂ ਨੋਟਬੰਦੀ ਅਤੇ ਜੀ. ਐੱਸ. ਟੀ. ਵਰਗੇ ਸਖਤ ਕਦਮਾਂ ਦੇ ਬਾਵਜੂਦ ਦੇਸ਼ ਦੇ ਲੋਕਾਂ ਨੇ ਭਾਜਪਾ ਦੇ ਪੱਖ ’ਚ ਭਾਰੀ ਵੋਟਿੰਗ ਕੀਤੀ ਹੈ। ਇਸ ਦੇ ਨਾਲ-ਨਾਲ ਪਰਿਵਾਰਵਾਦ ਨੂੰ ਖਤਮ ਕਰਨ ਦੀ ਨੀਤੀ ਵੀ ਭਾਜਪਾ ਦੇ ਪੱਖ ਵਿਚ ਗਈ ਦਿਸਦੀ ਹੈ ਕਿਉਂਕਿ ਵਿਰੋਧੀ ਧਿਰ ਦੇ ਪਰਿਵਾਰਵਾਦ ਦੇ ਪ੍ਰਤੀਕ ਕਈ ਨੇਤਾਵਾਂ ਦੀ ਚੋਣਾਂ ’ਚ ਹਾਰ ਹੋਈ ਹੈ, ਜਿਨ੍ਹਾਂ ’ਚ ਜਯੋਤੀਰਾਦਿੱਤਿਆ ਸਿੰਧੀਆ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ, ਭੁਪਿੰਦਰ ਸਿੰਘ ਹੁੱਡਾ ਆਦਿ ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ ਹਾਰਨ ਵਾਲੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀਆਂ ’ਚ ਸ਼ੀਲਾ ਦੀਕਸ਼ਿਤ, ਹਰੀਸ਼ ਰਾਵਤ, ਅਸ਼ੋਕ ਚਵਾਨ, ਸੁਸ਼ੀਲ ਕੁਮਾਰ ਸ਼ਿੰਦੇ,ਵੀਰੱਪਾ ਮੋਇਲੀ, ਨਬਾਮ ਟੂਕੀ ਅਤੇ ਮੁਕੁਲ ਸੰਗਮਾ ਸ਼ਾਮਿਲ ਹਨ। ਦੂਜੇ ਪਾਸੇ ਵਿਰੋਧੀ ਧਿਰ ’ਚ ਅੰਦਰੂਨੀ ਕਲੇਸ਼, ਪਰਿਵਾਰਵਾਦ, ਝਗੜੇ ਅਤੇ ਤਾਲਮੇਲ ਦੀ ਘਾਟ ਕਾਰਨ ਕਾਂਗਰਸ ਸਮੇਤ ਮਹਾਗੱਠਜੋੜ ਨਾਲ ਜੁੜੀਆਂ ਲੱਗਭਗ ਸਾਰੀਆਂ ਵਿਰੋਧੀ ਪਾਰਟੀਆਂ, ਰਾਜਦ, ਤੇਲਗੂਦੇਸ਼ਮ ਆਦਿ ਹਾਸ਼ੀਏ ’ਤੇ ਚਲੀਆਂ ਗਈਆਂ ਹਨ।

ਅਸੀਂ ਆਪਣੇ 21 ਮਈ ਦੇ ਸੰਪਾਦਕੀ ‘ਲੋਕ ਸਭਾ ਚੋਣਾਂ ’ਚ ਵਿਰੋਧੀ ਪਾਰਟੀਆਂ ਪੱਛੜ ਰਹੀਆਂ ਹਨ ਤਾਂ ਕਿਉਂ’ ਵਿਚ ਲਿਖਿਆ ਸੀ ਕਿ : ਬੇਸ਼ੱਕ ਕਾਂਗਰਸ ਲੀਡਰਸ਼ਿਪ ਨੇ ਪਾਰਟੀ ’ਚ ਨਵੀਂ ਜਾਨ ਪਾਉਣ ਲਈ ਪ੍ਰਿਯੰਕਾ ਗਾਂਧੀ ਨੂੰ ਅੱਗੇ ਲਿਆ ਕੇ ਉਨ੍ਹਾਂ ਨੂੰ ਪੂਰਬੀ ਯੂ. ਪੀ. ਦੀ ਜਨਰਲ ਸਕੱਤਰ ਨਿਯੁਕਤ ਕੀਤਾ ਅਤੇ ਉਨ੍ਹਾਂ ਨੇ ਕਾਰਜਭਾਰ ਸੰਭਾਲਦਿਆਂ ਹੀ ਕਾਫੀ ਤੇਜ਼ੀ ਨਾਲ ਕੰਮ ਸ਼ੁਰੂ ਕੀਤਾ ਪਰ ਉਦੋਂ ਤਕ ਕਾਫੀ ਦੇਰ ਹੋ ਚੁੱਕੀ ਸੀ ਅਤੇ ਪ੍ਰਿਯੰਕਾ ਗਾਂਧੀ ਕੁਝ ਹਾਸਿਲ ਨਹੀਂ ਕਰ ਸਕੀ। ਰਾਹੁਲ ਗਾਂਧੀ ਵੀ ਵੋਟਰਾਂ ਨੂੰ ਪ੍ਰਭਾਵਿਤ ਕਰਨ ’ਚ ਸਫਲ ਨਹੀਂ ਹੋ ਸਕੇ। ਇਥੋਂ ਤਕ ਕਿ ਹਾਰ ਦੇ ਡਰੋਂ ਉਹ ਅਮੇਠੀ ਦੇ ਨਾਲ-ਨਾਲ ਵਾਇਨਾਡ ਤੋਂ ਵੀ ਚੋਣ ਲੜਨ ਲਈ ਮਜਬੂਰ ਹੋਏ ਅਤੇ ਅਮੇਠੀ ’ਚ ਉਨ੍ਹਾਂ ਨੂੰ ਮੂੰਹ ਦੀ ਹੀ ਖਾਣੀ ਪਈ। ਦਿੱਲੀ ’ਚ ਕਾਂਗਰਸ ਅਤੇ ‘ਆਪ’ ਵਿਚਾਲੇ ਗੱਠਜੋੜ ਹੋ ਜਾਂਦਾ ਤਾਂ ਉਥੇ ਕਾਂਗਰਸ ਅਤੇ ‘ਆਪ’ ਦੀ ਇੰਨੀ ਬੁਰੀ ਤਰ੍ਹਾਂ ਹਾਰ ਨਾ ਹੁੰਦੀ। ਭਾਜਪਾ ਤੋਂ ਨਾਰਾਜ਼ ਮਮਤਾ ਬੈਨਰਜੀ ਨੇ ਕਾਂਗਰਸ ਤੋਂ ਦੂਰੀ ਬਣਾਈ ਰੱਖੀ, ਜਿਸ ਕਾਰਨ ਭਾਜਪਾ ਨੇ ਬੰਗਾਲ ’ਚ ਵੀ ਤ੍ਰਿਣਮੂਲ ਕਾਂਗਰਸ ਦਾ ਆਧਾਰ ਖਿਸਕਾ ਦਿੱਤਾ।

ਅਖਿਲੇਸ਼ ਯਾਦਵ ਨੇ ਕਾਂਗਰਸ ਤੋਂ ਮੂੰਹ ਮੋੜ ਕੇ ਮਾਇਆਵਤੀ ਨਾਲ ਗੱਠਜੋੜ ਕੀਤਾ, ਜੋ ਲੋੜੀਂਦੇ ਨਤੀਜੇ ਨਹੀਂ ਦੇ ਸਕੇ। ਜੇ ਬਸਪਾ ਅਤੇ ਸਪਾ ਦੇ ਨਾਲ-ਨਾਲ ਕਾਂਗਰਸ ਨੂੰ ਵੀ ਯੂ. ਪੀ. ਦੇ ਗੱਠਜੋੜ ’ਚ ਭਾਜਪਾ ਦੇ ਵਿਰੁੱਧ ਸ਼ਾਮਿਲ ਕਰ ਲਿਆ ਜਾਂਦਾ ਤਾਂ ਨਤੀਜੇ ਕੁਝ ਬਿਹਤਰ ਹੋ ਸਕਦੇ ਸਨ। ਤੇਲਗੂਦੇਸ਼ਮ ਪਾਰਟੀ ਦੇ ਨੇਤਾ ਚੰਦਰਬਾਬੂ ਨਾਇਡੂ ਵਲੋਂ ਵਿਰੋਧੀ ਧਿਰ ਦੀ ਏਕਤਾ ਲਈ ਕੀਤੇ ਜਾ ਰਹੇ ਯਤਨ ਵੀ ਕੋਈ ਰੰਗ ਨਹੀਂ ਲਿਆ ਸਕੇ ਅਤੇ ਖੱਬੇਪੱਖੀ ਪਾਰਟੀਆਂ ਨੂੰ ਵੀ ਮੂੰਹ ਦੀ ਖਾਣੀ ਪਈ। ਸਿਆਸੀ ਪਰਿਵਾਰਾਂ, ਜੋ ਜ਼ਿਆਦਾਤਰ ਕਾਂਗਰਸ ’ਚੋਂ ਹੀ ਨਿਕਲੇ ਹਨ, ਦੀ ਫੁੱਟ ਨੇ ਵੀ ਇਨ੍ਹਾਂ ਚੋਣਾਂ ’ਚ ਵੱਖ-ਵੱਖ ਪਾਰਟੀਆਂ ਨੂੰ ਹਰਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ। ਬਿਹਾਰ ’ਚ ਟਿਕਟਾਂ ਦੀ ਵੰਡ ਨੂੰ ਲੈ ਕੇ ਲਾਲੂ ਯਾਦਵ ਪਰਿਵਾਰ ਦੀ ਲੜਾਈ ਦਾ ਅਸਰ ਚੋਣ ਨਤੀਜਿਆਂ ’ਤੇ ਪਿਆ, ਜਿੱਥੇ ਭਾਜਪਾ ਨੇ ਰਾਜਦ ਦੀ ਅਗਵਾਈ ਵਾਲੀਆਂ ਕਾਂਗਰਸ ਅਤੇ ਸੂਬਾਈ ਪੱਧਰ ਦੀਆਂ ਪਾਰਟੀਆਂ ਦੇ ਗੱਠਜੋੜ ਦਾ ਪੱਤਾ ਸਾਫ ਕਰ ਦਿੱਤਾ।

ਹਰਿਆਣਾ ਵਿਚ ਓਮ ਪ੍ਰਕਾਸ਼ ਚੌਟਾਲਾ ਦੀ ਅਗਵਾਈ ਵਾਲੀ ਇਨੈਲੋ ’ਚ ਹੋਈ ਵੰਡ ਦਾ ਖਮਿਆਜ਼ਾ ਚੌਟਾਲਾ ਪਰਿਵਾਰ ਨੂੰ ਹੀ ਭੁਗਤਣਾ ਪਿਆ। ਇਨੈਲੋ ਅਤੇ ਉਸ ਨਾਲੋਂ ਅੱਡ ਹੋਈ ਜਨਨਾਇਕ ਜਨਤਾ ਪਾਰਟੀ ਨੇ ‘ਆਪ’ ਨਾਲ ਗੱਠਜੋੜ ਕਰ ਕੇ ਸੂਬੇ ਦੀਆਂ ਸਾਰੀਆਂ 10 ਸੀਟਾਂ ’ਤੇ ਚੋਣ ਲੜੀ ਤੇ ਮੂੰਹ ਦੀ ਖਾਧੀ। ਮੁਲਾਇਮ ਸਿੰਘ ਦੇ ਪਰਿਵਾਰ ’ਚ ਵੀ ਫੁੱਟ ਪੈਦਾ ਹੋਈ ਅਤੇ ਮੁਲਾਇਮ ਸਿੰਘ ਦੇ ਭਰਾ ਸ਼ਿਵਪਾਲ ਯਾਦਵ ਨੇ ਮੁਲਾਇਮ ਸਿੰਘ ਨਾਲੋਂ ਅੱਡ ਹੋ ਕੇ ਆਪਣੀ ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ (ਲੋਹੀਆ) ਬਣਾ ਲਈ ਅਤੇ ਯਾਦਵ ਪਰਿਵਾਰ ’ਚ ਫੁੱਟ ਨੇ ਪਾਰਟੀ ਨੂੰ ਠੇਸ ਹੀ ਪਹੁੰਚਾਈ। ਇਨ੍ਹਾਂ ਚੋਣਾਂ ’ਚ ਦਲ-ਬਦਲੂਆਂ ਦੀ ਵੀ ਹਾਰ ਹੋਈ। ਭਾਜਪਾ ਨੂੰ ਛੱਡ ਕੇ ਕਾਂਗਰਸ ’ਚ ਗਏ ਸ਼ਤਰੂਘਨ ਸਿਨ੍ਹਾ ਪਟਨਾ ਸਾਹਿਬ ਅਤੇ ਕੀਰਤੀ ਆਜ਼ਾਦ ਧਨਬਾਦ ਤੋਂ ਹਾਰ ਗਏ। ਹੁਣ ਜਦੋਂ ਕੇਂਦਰ ’ਚ ਦੁਬਾਰਾ ਇਤਿਹਾਸਿਕ ਜਿੱਤ ਤੋਂ ਬਾਅਦ ਮੋਦੀ ਸਰਕਾਰ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ, ਬੇਰੋਜ਼ਗਾਰੀ, ਆਰਥਿਕ ਮੰਦੀ, ਕਿਸਾਨਾਂ ਦੀਆਂ ਸਮੱਸਿਆਵਾਂ ’ਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ-ਨਾਲ ਰਾਮ ਮੰਦਰ, ਧਾਰਾ-370, ਤਿੰਨ ਤਲਾਕ ਆਦਿ ਨੂੰ ਲੈ ਕੇ ਕੀਤੇ ਹੋਏ ਆਪਣੇ ਵਾਅਦੇ ਪੂਰੇ ਕਰਨ ਦਾ ਵੀ ਇਸ ’ਤੇ ਦਬਾਅ ਵਧੇਗਾ।

ਦੂਜੇ ਪਾਸੇ ਇਮਰਾਨ ਖਾਨ ਵਲੋਂ ਦਿੱਤੇ ਬਿਆਨ ਤੋਂ ਬਾਅਦ ਪਾਕਿਸਤਾਨ ਨਾਲ ਸਬੰਧ ਸੁਧਾਰਨ ਦਾ ਦਬਾਅ ਵੀ ਮੋਦੀ ਸਰਕਾਰ ’ਤੇ ਰਹੇਗਾ ਅਤੇ ਕੌਮਾਂਤਰੀ ਜਗਤ ’ਚ ਇਮਰਾਨ ਖਾਨ ਦੇ ਦੋਪਾਸੜ ਸੁਰ ਭਾਰਤ ਦੀ ਵਿਦੇਸ਼ ਨੀਤੀ ਲਈ ਇਕ ਚੁਣੌਤੀ ਵੀ ਹੋ ਸਕਦੇ ਹਨ। ਇਸ ਲਈ ਅੱਜ ਜਿੱਥੇ ਭਾਜਪਾ ਦੀ ਪ੍ਰਚੰਡ ਜਿੱਤ ਦੇਸ਼ ਨੂੰ ਇਕ ਮਜ਼ਬੂਤ ਸਰਕਾਰ ਦੇਣ ਜਾ ਰਹੀ ਹੈ, ਉਥੇ ਹੀ ਇਸ ਨੇ ਦੇਸ਼ ’ਚ ਅਸਰਦਾਰ ਅਤੇ ਈਮਾਨਦਾਰ ਵਿਰੋਧੀ ਧਿਰ ਦੀ ਲੋੜ ਨੂੰ ਵੀ ਰੇਖਾਂਕਿਤ ਕੀਤਾ ਹੈ, ਜਿਸ ’ਚ ਕਾਂਗਰਸ ਵੱਡੀ ਭੂਮਿਕਾ ਨਿਭਾਅ ਸਕਦੀ ਹੈ। ਇਹੋ ਨਹੀਂ, ਇਨ੍ਹਾਂ ਚੋਣਾਂ ਨੇ ਵੱਖ-ਵੱਖ ਏਜੰਡਿਆਂ ਅਤੇ ਹਿੱਤਾਂ ਵਾਲੀਆਂ ਛੋਟੀਆਂ ਪਾਰਟੀਆਂ ਨੂੰ ਖਤਮ ਕਰ ਦਿੱਤਾ ਹੈ, ਜਿਸ ਦਾ ਸਿਹਰਾ ਜਨਤਾ ਨੂੰ ਹੀ ਜਾਂਦਾ ਹੈ।

–ਵਿਜੇ ਕੁਮਾਰ
 


Bharat Thapa

Content Editor

Related News