ਦੇਸ਼ ਦੇ ਸਭ ਤੋਂ ਵੱਡੇ ‘ਕੋਚਿੰਗ ਕੇਂਦਰ ਕੋਟਾ ’ਚ’ ‘ਵਿਦਿਆਰਥੀਆਂ ਵੱਲੋਂ ਆਤਮਹੱਤਿਆਵਾਂ’

Thursday, Feb 01, 2024 - 05:49 AM (IST)

ਦੇਸ਼ ਦੇ ਸਭ ਤੋਂ ਵੱਡੇ ‘ਕੋਚਿੰਗ ਕੇਂਦਰ ਕੋਟਾ ’ਚ’ ‘ਵਿਦਿਆਰਥੀਆਂ ਵੱਲੋਂ ਆਤਮਹੱਤਿਆਵਾਂ’

ਰਾਜਸਥਾਨ ਦਾ ਸ਼ਹਿਰ ਕੋਟਾ ਦੇਸ਼ ਦਾ ਸਭ ਤੋਂ ਵੱਡਾ ਕੋਚਿੰਗ ਹੱਬ ਹੈ, ਜਿੱਥੇ ਲਗਭਗ 200 ਕੋਚਿੰਗ ਸੰਸਥਾਨ ਚੱਲ ਰਹੇ ਹਨ। ਇਨ੍ਹਾਂ ’ਚ ਦੇਸ਼ ਦੇ ਕੋਨੇ-ਕੋਨੇ ਤੋਂ ਢਾਈ ਲੱਖ ਦੇ ਲਗਭਗ ਵਿਦਿਆਰਥੀ-ਵਿਦਿਆਰਥਣਾਂ ਇੰਜੀਨੀਅਰਿੰਗ ਤੇ ਮੈਡੀਕਲ ਦੀ ਪੜ੍ਹਾਈ ਲਈ ਕੋਚਿੰਗ ਲੈਣ ਲਈ ਆਉਂਦੇ ਹਨ।

ਇੱਥੋਂ ਕੋਚਿੰਗ ਲੈ ਕੇ ਸਿਲੈਕਟ ਹੋਣ ਵਾਲੇ ਵਿਦਿਆਰਥੀ-ਵਿਦਿਆਰਥਣਾਂ ਦੀ ਸਫਲਤਾ ਦਾ ਬਿਹਤਰ ਪ੍ਰਤੀਸ਼ਤ ਦੇਖਦੇ ਹੋਏ ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਨੂੰ ਇੱਥੇ ਕੋਚਿੰਗ ਲਈ ਭੇਜਣਾ ਪਸੰਦ ਕਰਦੇ ਹਨ ਪਰ ਕਾਫੀ ਸਮੇਂ ਤੋਂ ਇਹ ਸ਼ਹਿਰ ਵਿਦਿਆਰਥੀ-ਵਿਦਿਆਰਥਣਾਂ ਦੀਆਂ ਆਤਮਹੱਤਿਆਵਾਂ ਦੇ ਕਾਰਨ ਚਰਚਾ ’ਚ ਆਇਆ ਹੋਇਆ ਹੈ। ਜਨਵਰੀ ਮਹੀਨੇ ’ਚ ਹੀ ਸਿਰਫ ਇਕ ਹਫਤੇ ’ਚ ਇੱਥੇ ਕੋਚਿੰਗ ਦੇ ਦੋ ਵਿਦਿਆਰਥੀਆਂ ਨੇ ਆਤਮਹੱਤਿਆ ਕਰ ਲਈ :

* 25 ਜਨਵਰੀ 2024 ਨੂੰ ਇਕ ਕੋਚਿੰਗ ਸੰਸਥਾਨ ’ਚ ਮਈ ’ਚ ਹੋਣ ਵਾਲੀ ‘ਨੀਟ ਪ੍ਰੀਖਿਆ ਦੀ ਤਿਆਰੀ ਕਰ ਰਹੇ ਮੁਰਾਦਾਬਾਦ (ਉੱਤਰ ਪ੍ਰਦੇਸ਼) ਦੇ ‘ਬਿਲਾਵਾਲਾ’ ਪਿੰਡ ਦੇ ਇਕ ਵਿਦਿਆਰਥੀ ਮੁਹੰਮਦ ਜ਼ੈਦ ਨੇ ਆਤਮਹੱਤਿਆ ਕਰ ਲਈ।

* 29 ਜਨਵਰੀ,2024 ਨੂੰ ਜੇ.ਈ.ਈ. ਮੇਨਜ਼ ਦੀ ਤਿਆਰੀ ਕਰ ਰਹੀ 18 ਸਾਲਾ ਵਿਦਿਆਰਥਣਾਂ ਨੇ ਫਾਂਸੀ ਲਾ ਲਈ। ਉਸ ਦੀ 31 ਜਨਵਰੀ ਨੂੰ ਪ੍ਰੀਖਿਆ ਸੀ ਅਤੇ ਕੋਚਿੰਗ ਦਾ ਕੋਰਸ ਖਤਮ ਹੋਣ ਤੋਂ ਬਾਅਦ ਉਹ ਘਰ ਤੋਂ ਹੀ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ।

ਇਹ ਤਾਂ ਸਿਰਫ 2 ਉਦਾਹਰਣਾਂ ਹਨ, ਅਸਲ ’ਚ ਪਿਛਲੇ ਸਾਲਾਂ ਦੌਰਾਨ ਅਚਾਨਕ ਵੱਡੀ ਗਿਣਤੀ ’ਚ ਇੱਥੇ ਕੋਚਿੰਗ ਲੈ ਰਹੇ ਵਿਦਿਆਰਥੀ-ਵਿਦਿਆਰਥਣਾਂ ਦੀਆਂ ਆਤਮਹੱਤਿਆਵਾਂ ਦੀਆਂ ਘਟਨਾਵਾਂ ਨੇ ਪ੍ਰਸ਼ਾਸਨ ਅਤੇ ਮਾਪਿਆਂ ਨੂੰ ਪ੍ਰੇਸ਼ਾਨੀ ’ਚ ਪਾਇਆ ਹੋਇਆ ਹੈ।

ਅੰਕੜਿਆਂ ਅਨੁਸਾਰ ਕੋਟਾ ’ਚ 2015 ’ਚ 18, 2016 ’ਚ 17, 2017 ’ਚ 7, 2018 ’ਚ 20, 2019 ’ਚ 18, 2022 ’ਚ 15 ਅਤੇ 2023 ’ਚ 30 ਵਿਦਿਆਰਥੀ- ਵਿਦਿਆਰਥਣਾਂ ਨੇ ਪ੍ਰੀਖਿਆ ਅਤੇ ਉਸ ’ਚ ਪ੍ਰਦਰਸ਼ਨ ਨੂੰ ਲੈ ਕੇ ਦਬਾਅ ਕਾਰਨ ਆਪਣੀ ਜ਼ਿੰਦਗੀ ਖਤਮ ਕਰ ਲਈ।

ਸਾਲ 2020 ਅਤੇ 2021 ’ਚ ਆਤਮਹੱਤਿਆ ਦੀ ਕੋਈ ਸੂਚਨਾ ਨਹੀਂ ਮਿਲੀ ਕਿਉਂਕਿ ਉਸ ਸਮੇਂ ’ਚ ਕੋਚਿੰਗ ਸੰਸਥਾਨ ਜਾਂ ਤਾਂ ਬੰਦ ਸਨ ਜਾਂ ਕੋਵਿਡ-19 ਮਹਾਮਾਰੀ ਦੇ ਕਾਰਨ ਆਨਲਾਈਨ ਮੋਡ ’ਤੇ ਚੱਲ ਰਹੇ ਸਨ।

ਬੀਤੇ ਸਾਲ ਰਾਜਸਥਾਨ ਸਰਕਾਰ ਵੱਲੋਂ ਕੋਟਾ ’ਚ ਵਿਦਿਆਰਥੀਆਂ ਦੀਆਂ ਆਤਮਹੱਤਿਆਵਾਂ ਦੇ ਗਲਤ ਰੁਝਾਨ ’ਤੇ ਰੋਕ ਲਗਾਉਣ ਲਈ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੇ ਬਾਵਜੂਦ ਵਿਦਿਆਰਥੀ-ਵਿਦਿਆਰਥਣਾਂ ਵੱਲੋਂ ਆਤਮਹੱਤਿਆ ਕਰਨ ਦੇ ਮਾਮਲੇ ’ਚ ਕੋਈ ਕਮੀ ਨਹੀਂ ਆਈ।

ਵਿਦਿਆਰਥੀਆਂ ਦੀ ਮਾਨਸਿਕ ਸਿਹਤ ਅਤੇ ਆਤਮਹੱਤਿਆਵਾਂ ਦੇ ਮਾਮਲਿਆਂ ਨੂੰ ਦੇਖਦੇ ਹੋਏ 16 ਜਨਵਰੀ ਨੂੰ ਕੇਂਦਰੀ ਸਿੱਖਿਆ ਮੰਤਰਾਲਾ ਨੇ ਕੋਚਿੰਗ ਸੈਂਟਰਾਂ ਨੂੰ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਅਤੇ 16 ਸਾਲਾਂ ਤੋਂ ਘੱਟ ਉਮਰ ਦੇ ਲੜਕੇ-ਲੜਕੀਆਂ ਨੂੰ ਕੋਚਿੰਗ ਸੈਂਟਰਾਂ ’ਚ ਦਾਖਲਾ ਦੇਣ ’ਤੇ ਪਾਬੰਦੀ ਲਾ ਦਿੱਤੀ। ਇਸ ਸਬੰਧ ’ਚ ਜਾਰੀ ਨਿਯਮਾਂ ਦੀ ਉਲੰਘਣਾ ’ਤੇ ਸੰਸਥਾਨਾਂ ਨੂੰ 10 ਲੱਖ ਰੁਪਏ ਤੱਕ ਜੁਰਮਾਨੇ ਦੀ ਵੀ ਵਿਵਸਥਾ ਕੀਤੀ ਗਈ ਹੈ।

ਇਹੀ ਨਹੀਂ ਜ਼ਿਲਾ ਕੁਲੈਕਟਰ ਡਾ. ਰਵਿੰਦਰ ਗੋਸਵਾਮੀ ਨੇ ਕੋਚਿੰਗ ਸੈਂਟਰਾਂ ਅਤੇ ਹੋਸਟਲ ਸੰਚਾਲਕਾਂ ਦੀ ਬੈਠਕ ਸੱਦ ਕੇ ਵਿਦਿਆਰਥੀਆਂ ਨੂੰ ਹਾਂ-ਪੱਖੀ ਮਾਹੌਲ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਗੈਰ-ਹਾਜ਼ਰੀ ਅਤੇ ਰਵੱਈਏ ’ਚ ਤਬਦੀਲੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ।

ਇਸ ਦੇ ਤਹਿਤ ਸਾਰੇ ਕੋਚਿੰਗ ਸੰਸਥਾਨਾਂ ’ਚ ਬਾਇਓਮੈਟ੍ਰਿਕ ਹਾਜ਼ਰੀ ਨੂੰ ਜ਼ਰੂਰੀ ਕਰਦੇ ਹੋਏ ਵਿਦਿਆਰਥੀਆਂ ਲਈ ਹਾਂ-ਪੱਖੀ ਮਾਹੌਲ ਦੇਣ, ਛੁੱਟੀ, ਟੈਸਟ ਆਦਿ ਦੇ ਦਿਸ਼ਾ-ਨਿਰਦੇਸ਼ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ।

ਇਹੀ ਨਹੀਂ ਡਾ. ਰਵਿੰਦਰ ਗੋਸਵਾਮੀ ਨੂੰ ਹੁਣ ਹਰ ਸ਼ੁੱਕਰਵਾਰ ਨੂੰ ਕਿਸੇ ਵੀ ਹੋਸਟਲ ’ਚ ਜਾ ਕੇ ਵਿਦਿਆਰਥੀ-ਵਿਦਿਆਰਥਣਾਂ ਦੇ ਨਾਲ ਡਿਨਰ ਕਰ ਕੇ ਉਨ੍ਹਾਂ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਪ੍ਰੇਸ਼ਾਨੀਆਂ ਬਾਰੇ ਗੱਲਬਾਤ ਕਰ ਕੇ ਉਨ੍ਹਾਂ ਨੂੰ ਜ਼ਰੂਰੀ ਮਾਰਗਦਰਸ਼ਨ ਦੇਣ ਦਾ ਫੈਸਲਾ ਵੀ ਕੀਤਾ ਹੈ। ਇਸ ਮੁਹਿੰਮ ਦਾ ਨਾਂ ‘ਕਾਮਯਾਬ ਕੋਟਾ’ ਰੱਖਿਆ ਗਿਆ ਹੈ।

ਡਾ. ਰਵਿੰਦਰ ਗੋਸਵਾਮੀ ਦਾ ਕਹਿਣਾ ਹੈ ਕਿ ਇਸ ਨਾਲ ਇਨ੍ਹਾਂ ਵਿਦਿਆਰਥੀ- ਵਿਦਿਆਰਥਣਾਂ ਦੀ ਮਾਨਸਿਕ ਸਿਹਤ ਠੀਕ ਰਹੇਗੀ। ਉਨ੍ਹਾਂ ਦਾ ਇਹ ਪ੍ਰਯੋਗ ਕਿੰਨਾ ਸਫਲ ਹੁੰਦਾ ਹੈ ਇਹ ਤਾਂ ਆਉਣ ਵਾਲੇ ਦਿਨਾਂ ’ਚ ਹੀ ਪਤਾ ਲੱਗੇਗਾ ਪਰ ਇਸ ਦੇ ਨਾਲ ਹੀ ਬੱਚਿਆਂ ਦੇ ਮਾਤਾ-ਪਿਤਾ ਨੂੰ ਵੀ ਚਾਹੀਦਾ ਕਿ ਉਹ ਉਨ੍ਹਾਂ ਨੂੰ ਉਨ੍ਹਾਂ ਦੀ ਪਸੰਦ ਦੇ ਹੀ ਵਿਸ਼ੇ ਚੁਣਨ ਦੇਣ, ਉਨ੍ਹਾਂ ’ਤੇ ਆਪਣੀ ਪਸੰਦ ਨਾ ਥੋਪਣ। ਇਹ ਵੀ ਬੱਚਿਆਂ ਨੂੰ ਗੈਰ-ਜ਼ਰੂਰੀ ਮਾਨਸਿਕ ਦਬਾਅ ’ਚ ਲਿਆਉਣ ਦਾ ਇਕ ਵੱਡਾ ਕਾਰਨ ਬਣਦਾ ਹੈ।

-ਵਿਜੇ ਕੁਮਾਰ


author

Anmol Tagra

Content Editor

Related News