ਪੰਜਾਬ ''ਚ ਵੱਡੇ ਬਦਲਾਓ ਦੀ ਤਿਆਰੀ ਵਿੱਚ ਭਾਜਪਾ

Thursday, Jan 02, 2025 - 07:09 PM (IST)

ਪੰਜਾਬ ''ਚ ਵੱਡੇ ਬਦਲਾਓ ਦੀ ਤਿਆਰੀ ਵਿੱਚ ਭਾਜਪਾ

ਵੈਬ ਡੈਸਕ : ਪੰਜਾਬ ਵਿੱਚ ਭਾਜਪਾ ਵੱਡੇ ਬਦਲਾਓ ਦੀ ਤਿਆਰੀ ਕਰ ਰਹੀ ਹੈ। ਪੰਜਾਬ ਦੇ ਭਾਜਪਾ ਪ੍ਰਧਾਨ ਸੁਨੀਲ ਜਾਖ਼ੜ ਵਲੋਂ ਕੀਤੀ ਗਈ ਅਸਤੀਫੇ ਦੀ ਪੇਸ਼ਕਸ਼ ਤੋਂ ਬਾਅਦ ਇਹ ਚਰਚਾ ਤਾਂ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ ਕਿ ਜਲਦ ਹੀ ਪੰਜਾਬ ਭਾਜਪਾ ਦਾ ਪ੍ਰਧਾਨ ਬਦਲਿਆ ਜਾ ਸਕਦਾ ਹੈ ਪਰ ਹੁਣ ਇਨ੍ਹਾਂ ਚਰਚਾਵਾਂ 'ਤੇ ਪਹਿਲੀ ਵਾਰ ਭਾਜਪਾ ਦੇ ਇੰਚਾਰਜ ਵਿਜੇ ਰੁਪਾਨੀ ਨੇ ਚੁੱਪੀ ਤੋੜੀ ਹੈ। ਉਨ੍ਹਾਂ ਨੇ ਸਾਫ ਕਰ ਦਿੱਤਾ ਹੈ ਕਿ ਮੌਜੂਦਾ ਪ੍ਰਧਾਨ ਦੀ ਅਗਵਾਈ ਵਿੱਚ ਹੀ ਭਾਜਪਾ ਫਿਲਹਾਲ ਸੂਬੇ ਵਿੱਚ ਅੱਗੇ ਵੱਧੇਗੀ ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਇਸ਼ਾਰੇ ਨਾਲ ਭਾਜਪਾ ਪ੍ਰਧਾਨ ਬਦਲੇ ਜਾਣ ਦੀ ਖ਼ਬਰ ਦਾ ਵੀ ਖੰਡਨ ਨਹੀਂ ਕੀਤਾ। 

ਨਗਰ ਨਿਗਮ ਚੋਣਾਂ ਤੋਂ ਬਾਅਦ ਅੱਜ ਚੰਡੀਗੜ੍ਹ 'ਚ ਪੰਜਾਬ ਭਾਜਪਾ ਦੀ ਅਹਿਮ ਮੀਟਿੰਗ ਹੋਈ। ਇਹ ਮੀਟਿੰਗ ਭਾਜਪਾ ਇੰਚਾਰਜ ਵਿਜੇ ਰੁਪਾਨੀ ਦੀ ਅਗਵਾਈ ਹੇਠ ਹੋਈ। ਹਾਲਾਂਕਿ ਪ੍ਰਧਾਨ ਸੁਨੀਲ ਜਾਖੜ ਮੀਟਿੰਗ ਵਿੱਚ ਮੌਜੂਦ ਨਹੀਂ ਰਹੇ। ਇਸ ਮੌਕੇ ਮੀਡੀਆ ਨੇ ਰੁਪਾਨੀ ਤੋਂ ਜਾਖੜ ਬਾਰੇ ਪੁੱਛਿਆ ਤਾਂ ਰੁਪਾਨੀ ਨੇ ਕਿਹਾ ਕਿ ਹੁਣ ਤੱਕ ਜਾਖੜ ਹੀ ਆਗੂ ਹਨ। ਜਾਖੜ ਦੀ ਅਗਵਾਈ ਹੇਠ ਹੀ ਭਾਜਪਾ ਅੱਗੇ ਵਧੇਗੀ।

ਅੰਦੋਲਨਕਾਰੀ ਕਿਸਾਨਾਂ ਨਾਲ ਗੱਲਬਾਤ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਇਹ ਮਾਮਲਾ ਸੁਪਰੀਮ ਕੋਰਟ 'ਚ ਚੱਲ ਰਿਹਾ ਹੈ। ਸੁਪਰੀਮ ਕੋਰਟ ਜੋ ਵੀ ਹੁਕਮ ਦੇਵੇਗੀ, ਉਸ ਦਾ ਪਾਲਣ ਕੀਤਾ ਜਾਵੇਗਾ। ਰੁਪਾਨੀ ਨੇ ਇਸ ਦੌਰਾਨ ਕਿਹਾ ਕਿ ਸੰਗਠਨ ਦੇ ਦਮ 'ਤੇ ਭਾਜਪਾ 2027 ਦੀਆਂ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ। ਇਹ ਦੂਜੀਆਂ ਪਾਰਟੀਆਂ ਤੋਂ ਵੱਖਰੀ ਪਾਰਟੀ ਹੈ। ਪਾਰਟੀ ਦਾ ਵਿਸਤਾਰ ਸਮੁੱਚੀ ਲੋਕਤੰਤਰ ਪ੍ਰਣਾਲੀ ਰਾਹੀਂ ਕੀਤਾ ਜਾ ਰਿਹਾ ਹੈ। ਸਾਡੀ ਪਾਰਟੀ ਵਿੱਚ 15 ਕਰੋੜ ਤੋਂ ਵੱਧ ਮੈਂਬਰ ਹਨ। ਪੰਜਾਬ ਵਿੱਚ ਵੀ ਪਾਰਟੀ ਦਾ ਗ੍ਰਾਫ਼ ਵੱਧ ਰਿਹਾ ਹੈ। ਵਿਧਾਨ ਸਭਾ ਚੋਣਾਂ, ਲੋਕ ਸਭਾ ਚੋਣਾਂ ਅਤੇ ਲੋਕ ਸਭਾ ਚੋਣਾਂ ਵਿੱਚ ਸਾਡੀਆਂ ਸੀਟਾਂ ਵਧੀਆਂ ਹਨ। ਪੰਜਾਬ ਵਿੱਚ ਜਥੇਬੰਦੀ ਨੂੰ ਮਜ਼ਬੂਤ ​​ਕਰਨ ਲਈ ਮੈਂਬਰਸ਼ਿਪ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਨੈਸ਼ਨਲ ਆਰਗੇਨਾਈਜ਼ੇਸ਼ਨ ਦੇ ਜਨਰਲ ਸਕੱਤਰ ਸੰਤੋਸ਼ ਰਾਹ ਦਿਖਾਉਣ ਲਈ ਪੰਜਾਬ ਆਏ ਹਨ। ਸਾਰੇ ਜ਼ਿਲ੍ਹਿਆਂ ਦੇ ਵਰਕਰ ਮੈਂਬਰਸ਼ਿਪ ਵਿੱਚ ਜੁਟੇ ਹੋਏ ਹਨ। 2027 ਦੀਆਂ ਵਿਧਾਨ ਸਭਾ ਚੋਣਾਂ ਭਾਜਪਾ ਵਲੋਂ ਜਥੇਬੰਦੀ ਦੇ ਦਮ 'ਤੇ ਲੜੀਆਂ ਜਾਣਗੀਆਂ। 

ਕਿਸਾਨਾਂ ਨਾਲ ਗੱਲਬਾਤ ਤੇ ਡੱਲੇਵਾਲ ਦੀ ਭੁੱਖ ਹੜਤਾਲ ਬਾਰੇ ਪੁੱਛੇ ਜਾਣ 'ਤੇ ਵਿਜੇ ਰੁਪਾਨੀ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਦਿੱਤੇ ਹੁਕਮਾਂ ਦੀ ਪਾਲਣਾ ਕੀਤੀ ਜਾਵੇਗੀ। ਪੰਜਾਬ ਦੀਆਂ ਲੋਕ ਸਭਾ ਅਤੇ ਨਿਗਮ ਚੋਣਾਂ 'ਚ ਕਿਸਾਨਾਂ ਨੇ ਸਾਡਾ ਸਾਥ ਦਿੱਤਾ ਹੈ। ਜਿੱਥੋਂ ਤੱਕ ਕੇਂਦਰ ਸਰਕਾਰ ਦੀ ਕਿਸਾਨਾਂ ਨਾਲ ਗੱਲਬਾਤ ਦਾ ਸਵਾਲ ਹੈ, ਇਹ ਮਾਮਲਾ ਸੁਪਰੀਮ ਕੋਰਟ ਵਿੱਚ ਚੱਲ ਰਿਹਾ ਹੈ। ਸੁਪਰੀਮ ਕੋਰਟ ਨੇ ਸੂਬਾ ਸਰਕਾਰ ਨੂੰ ਸਮਝਾਇਆ ਹੈ ਕਿ ਇਸ ਮਾਮਲੇ ਨੂੰ ਸਾਰਿਆਂ ਨਾਲ ਗੱਲਬਾਤ ਕਰਕੇ ਸੁਲਝਾਉਣਾ ਚਾਹੀਦਾ ਹੈ। ਸੁਪਰੀਮ ਕੋਰਟ ਜੋ ਵੀ ਹੁਕਮ ਦੇਵੇਗੀ, ਉਸ ਦੀ ਪਾਲਣਾ ਕੀਤੀ ਜਾਵੇਗੀ। 

ਨਵੇਂ ਪ੍ਰਧਾਨ ਦੀ ਕਰਾਵਾਂਗੇ ਚੋਣ

ਨਵੇਂ ਪੰਜਾਬ ਪ੍ਰਧਾਨ ਦੇ ਬਾਰੇ ਵਿਜੇ ਰੁੁਪਾਨੀ ਨੇ ਦੱਸਿਆ ਕਿ ਸੁਨੀਲ ਜਾਖੜ ਅਜੇ ਵੀ ਸੂਬਾ ਭਾਜਪਾ ਦੇ ਮੁੱਖੀ ਹਨ, ਹਲਾਂਕਿ ਪਾਰਟੀ ਨੂੰ ਲੋਕ ਸਭਾ ਚੋਣਾਂ ਦੌਰਾਨ ਇਕ ਵੀ ਸੀਟ 'ਤੇ ਪੰਜਾਬ ਵਿੱਚ ਜਿੱਤ ਨਹੀਂ ਮਿਲੀ। ਜਿਸ ਦੀ ਜ਼ਿੰਮੇਵਾਰੀ ਲੈਂਦੇ ਹੋਏ ਖੁਦ ਸੁਨੀਲ ਜਾਖੜ ਨੇ ਪਾਰਟੀ ਹਾਈਕਮਾਂਡ ਤੋਂ ਉਨ੍ਹਾਂ ਨੂੰ ਪ੍ਰਧਾਨ ਦੇ ਅਹੁਦੇ ਤੋਂ ਮੁਕਤ ਕਰਨ ਦੀ ਮੰਗ ਕੀਤੀ ਹੈ ਪਰ ਪਾਰਟੀ ਨੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਹੈ। ਹੁਣ ਨਵੀਂ ਜਥੇਬੰਦੀ ਬਣਾਈ ਜਾਵੇਗੀ। ਜਥੇਬੰਦੀ ਤੋਂ ਬਾਅਦ ਪ੍ਰਧਾਨ ਦੀ ਚੋਣ ਵੀ ਹੋਵੇਗੀ।ਅੱਜ ਮੌਜੂਦਾ ਸਮੇਂ ਵਿੱਚ ਜਾਖੜ ਹੀ ਪ੍ਰਧਾਨ ਹਨ ਤੇ ਪਾਰਟੀ ਉਨ੍ਹਾਂ ਦੀ ਅਗਵਾਈ ਵਿੱਚ ਹੀ ਅੱਗੇ ਵਧੇਗੀ। 

 

 

 


author

DILSHER

Content Editor

Related News