ਅਜਿਹੇ ਹਨ ਸਾਡੇ ਚੰਦ ਸੱਤਾਧਾਰੀ ਆਗੂ ‘ਅੱਤਿਆਚਾਰੀ, ਥੱਪੜਬਾਜ਼ ਅਤੇ ਗਾਲੀਬਾਜ਼’

10/29/2023 3:19:54 AM

ਸੱਤਾ ਸਥਾਪਨਾ ਨਾਲ ਜੁੜੇ ਲੋਕਾਂ, ਸਿਆਸਤਦਾਨਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਕੋਈ ਵੀ ਕਾਨੂੰਨ ਵਿਰੋਧੀ ਕੰਮ ਨਹੀਂ ਕਰਨਗੇ ਅਤੇ ਖੁਦ ਨੂੰ ਸੱਚਾ ਲੋਕ ਸੇਵਕ ਸਿੱਧ ਕਰਦੇ ਹੋਏ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਲਝਾਉਣ ’ਚ ਮਦਦ ਕਰਨਗੇ ਪਰ ਅੱਜ ਇਹੀ ਲੋਕ ਦਬੰਗ ਅਤੇ ਗਲਤ ਕੰਮਾਂ ’ਚ ਸ਼ਾਮਲ ਪਾਏ ਜਾ ਰਹੇ ਹਨ, ਜੋ ਹੇਠਲਿਖਤ 4 ਤਾਜ਼ਾ ਉਦਾਹਰਣਾਂ ਤੋਂ ਸਪੱਸ਼ਟ ਹੈ :

* 27 ਅਕਤੂਬਰ ਨੂੰ ਬਿਹਾਰ ਦੇ ਸਾਰਨ ਜ਼ਿਲੇ ’ਚ ਨਿਯਮਾਂ ਦੀ ਉਲੰਘਣਾ ਕਰਨ ’ਤੇ ਪੁਲਸ ਕੋਲੋਂ ਜ਼ਬਤ ਕੀਤੀਆਂ ਗਈਆਂ ਗੱਡੀਆਂ ਨੂੰ ਜਬਰਨ ਛੁਡਾਉਣ ਦੇ ਮਾਮਲੇ ’ਚ ਮਹਾਰਾਜਗੰਜ ਤੋਂ ਭਾਜਪਾ ਐੱਮ. ਪੀ. ਜਨਾਰਦਨ ਸਿੰਘ ਸਮੇਤ 17 ਲੋਕਾਂ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਗਈ। ਐੱਮ. ਪੀ. ਦੀ ਸ਼ਹਿ ’ਤੇ ਉਨ੍ਹਾਂ ਦੇ ਹਮਾਇਤੀ ਬਨੀਆਪੁਰ ਥਾਣੇ ’ਚ ਜ਼ਬਰਦਸਤੀ ਦਾਖਲ ਹੋ ਕੇ ਉੱਥੋਂ ਜ਼ਬਤ ਕੀਤੀਆਂ ਗਈਆਂ ਗੱਡੀਆਂ ਨੂੰ ਕੱਢ ਕੇ ਲੈ ਗਏ।

* 22 ਅਕਤੂਬਰ ਨੂੰ ਮਹਾਰਾਸ਼ਟਰ ਦੇ ਬੀਡ ਜ਼ਿਲੇ ’ਚ ਹੈਰਾਨ ਕਰਨ ਵਾਲੇ ਇਕ ਮਾਮਲੇ ’ਚ ਸਥਾਨਕ ਭਾਜਪਾ ਵਿਧਾਇਕ ਸੁਰੇਸ਼ ਧਸ ਦੀ ਪਤਨੀ ਪ੍ਰਾਜਕਤਾ ਸੁਰੇਸ਼ ਧਸ, ਰਾਹੁਲ ਜਗਦਾਲੈ ਅਤੇ ਰਘੂ ਪਵਾਰ ਵਿਰੁੱਧ ਖੇਤ ’ਚ ਕੰਮ ਕਰ ਰਹੀ ਇਕ ਆਦਿਵਾਸੀ ਔਰਤ ਨੂੰ ਨਗਨ ਕਰ ਕੇ ਉਸ ਨਾਲ ਮਾਰ-ਕੁੱਟ ਕਰਨ ਦੇ ਦੋਸ਼ ’ਚ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ’ਤੇ ਜ਼ੁਲਮ ਨਿਵਾਰਨ ਕਾਨੂੰਨ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ।

ਪੀੜਤ ਆਦਿਵਾਸੀ ਔਰਤ ਦਾ ਦੋਸ਼ ਹੈ ਕਿ ਵਿਧਾਇਕ ਦੀ ਪਤਨੀ ਉਨ੍ਹਾਂ ਦੀ ਜੱਦੀ ਜ਼ਮੀਨ ਨੂੰ ਗੁੰਡਿਆਂ ਦੀ ਮਦਦ ਨਾਲ ਹੜੱਪਣਾ ਚਾਹੁੰਦੀ ਸੀ। ਦੋਸ਼ ਹੈ ਕਿ ਉਕਤ ਔਰਤ ਜਦ ਬੈਲਗੱਡੀ ’ਚ ਚਾਰਾ ਲੱਦ ਰਹੀ ਸੀ, ਤਦ ਦੋਸ਼ੀ ਰਾਹੁਲ ਜਗਦਾਲੈ ਅਤੇ ਰਘੂ ਪਵਾਰ ਆਏ, ਜਿਨ੍ਹਾਂ ਨੇ ਉਸ ਨੂੰ ਫੜ ਕੇ ਜ਼ਮੀਨ ’ਤੇ ਲਿਟਾ ਕੇ ਕੁੱਟਿਆ ਅਤੇ ਉਸ ਨੂੰ ਪੂਰੀ ਤਰ੍ਹਾਂ ਨਗਨ ਕਰ ਦਿੱਤਾ।

* 6 ਅਕਤੂਬਰ ਨੂੰ ਤੇਲੰਗਾਨਾ ਦੇ ਗ੍ਰਹਿ ਮੰਤਰੀ ਮਹਿਮੂਦ ਅਲੀ (ਭਾਰਤ ਰਾਸ਼ਟਰ ਸਮਿਤੀ) ਸੂਬੇ ਦੇ ਪਸ਼ੂ ਪਾਲਣ ਮੰਤਰੀ ਪੀ. ਸ਼੍ਰੀਨਿਵਾਸ ਯਾਦਵ ਦੇ ਜਨਮ ਦਿਨ ’ਤੇ ਹੈਦਰਾਬਾਦ ’ਚ ਆਯੋਜਿਤ ਸਮਾਗਮ ’ਚ ਉਨ੍ਹਾਂ ਨੂੰ ਸ਼ੁੱਭਕਾਮਨਾ ਭੇਟ ਕਰਨ ਗਏ ਸਨ।

ਇਸ ਲਈ ਉਨ੍ਹਾਂ ਨੇ ਸ਼੍ਰੀ ਯਾਦਵ ਨੂੰ ਭੇਟ ਕਰਨ ਲਈ ਆਪਣੇ ਗਾਰਡ ਨੂੰ ਗੁਲਦਸਤਾ ਲਿਆਉਣ ਨੂੰ ਕਿਹਾ ਸੀ ਪਰ ਗਾਰਡ ਕਿਸੇ ਕਾਰਨ ਗੁਲਦਸਤਾ ਨਹੀਂ ਲਿਆ ਸਕਿਆ ਤਾਂ ਤੈਸ਼ ’ਚ ਆ ਕੇ ਉਨ੍ਹਾਂ ਨੇ ਸ਼ਰੇਆਮ ਆਪਣੇ ਸੁਰੱਖਿਆ ਗਾਰਡ ਦੇ ਮੂੰਹ ’ਤੇ ਥੱਪੜ ਮਾਰੇ ਅਤੇ ਪਸ਼ੂ ਪਾਲਣ ਮੰਤਰੀ ਸ਼੍ਰੀਨਿਵਾਸ ਯਾਦਵ ਅਤੇ ਹੋਰ ਲੋਕਾਂ ਨੇ ਦਖਲ ਦੇ ਕੇ ਮਹਿਮੂਦ ਅਲੀ ਨੂੰ ਸ਼ਾਂਤ ਕੀਤਾ।

* 6 ਅਕਤੂਬਰ ਨੂੰ ਹੀ ਦਬੰਗਪੁਣੇ ਦੀ ਹੋਰ ਉਦਾਹਰਣ ਬਿਹਾਰ ’ਚ ਜਦ (ਯੂ) ਵਿਧਾਇਕ ਗੋਪਾਲ ਮੰਡਲ ਨੇ ਪਟਨਾ ਸਥਿਤ ਪਾਰਟੀ ਦਫਤਰ ’ਚ ਪੇਸ਼ ਕੀਤੀ। ਵਰਨਣਯੋਗ ਹੈ ਕਿ 2 ਦਿਨ ਪਹਿਲਾਂ ਜਦ ਉਹ ਭਾਗਲਪੁਰ ’ਚ ‘ਜਵਾਹਰ ਲਾਲ ਨਹਿਰੂ ਮੈਡੀਕਲ ਕਾਲਜ’ ’ਚ ਕਿਸੇ ਕੰਮ ਨੂੰ ਗਏ ਤਾਂ ਉੱਥੇ ਆਪਣਾ ਪਿਸਤੌਲ ਲਹਿਰਾਉਣ ਲੱਗੇ ਸਨ, ਜਿਸ ਨੂੰ ਦੇਖ ਕੇ ਉੱਥੇ ਮੌਜੂਦ ਲੋਕ ਸਹਿਮ ਗਏ। ਇਸ ਪਿੱਛੋਂ ਉਹ ਹੱਥ ’ਚ ਪਿਸਤੌਲ ਲਹਿਰਾਉਂਦੇ ਹੋਏ ਹੀ ਆਪਣੇ ਸੁਰੱਖਿਆ ਗਾਰਡ ਨਾਲ ਉੱਥੋਂ ਬਾਹਰ ਨਿਕਲ ਗਏ।

ਜਦ ਪੱਤਰਕਾਰਾਂ ਨੇ ਗੋਪਾਲ ਮੰਡਲ ਨੂੰ ਉਕਤ ਘਟਨਾ ਨੂੰ ਲੈ ਕੇ ਸਵਾਲ ਕੀਤਾ ਤਾਂ ਉਹ ਪੱਤਰਕਾਰਾਂ ’ਤੇ ਹੀ ਭੜਕ ਉੱਠੇ ਅਤੇ ਕਹਿਣ ਲੱਗੇ, ‘‘ਬਈ ਪਿਸਤੌਲ ਤਾਂ ਹੁਣ ਵੀ ਮੇਰੇ ਕੋਲ ਹੈ। ਤੁਸੀਂ ਲੋਕ ਪੱਤਰਕਾਰ ਹੋ ਜਾਂ ਕੁਝ ਹੋਰ?’’

ਪੱਤਰਕਾਰਾਂ ਨੇ ਜਦੋਂ ਉਨ੍ਹਾਂ ਨੂੰ ਕਿਹਾ ਕਿ ਕੀ ਇਕ ਵਿਧਾਇਕ ਦਾ ਇਹੀ ਲੱਛਣ ਹੈ, ਤਾਂ ਉਹ ਤਪਾਕ ਨਾਲ ਬੋਲੇ, ‘‘ਤੁਸੀਂ ਮੇਰੇ ਬਾਪ ਹੋ? ਮੇਰੇ ਕੋਲ ਪਿਸਤੌਲ ਹੈ ਤਾਂ ਕੀ ਲਹਿਰਾਵਾਂਗੇ ਨਹੀਂ?’’ ਉਨ੍ਹਾਂ ਨੇ ਕਈ ਵਾਰ ਦੁਹਰਾਇਆ ‘‘ਹਾਂ ਲਹਿਰਾਵਾਂਗੇ, ਪਿਸਤੌਲ ਲਹਿਰਾਵਾਂਗੇ। ਤੁਸੀਂ ਲੋਕ ਕੌਣ ਹੋ ਜੋ ਮੈਨੂੰ ਮਨ੍ਹਾਂ ਕਰੋਗੇ। ਭੱਜ...।’’ ਇਹ ਕਹਿੰਦੇ ਹੋਏ ਗੋਪਾਲ ਮੰਡਲ ਨੇ ਇਹੋ ਜਿਹੀਆਂ ਗਾਲਾਂ ਕੱਢੀਆਂ ਜਿਨ੍ਹਾਂ ਦਾ ਵਰਨਣ ਇੱਥੇ ਨਹੀਂ ਕੀਤਾ ਜਾ ਸਕਦਾ।

ਪ੍ਰਭਾਵਸ਼ਾਲੀ ਲੋਕਾਂ ਵੱਲੋਂ ਆਪਣੀ ਸ਼ਕਤੀ ਦਾ ਅਣ-ਉਚਿਤ ਲਾਭ ਉਠਾ ਕੇ ਇਸ ਤਰ੍ਹਾਂ ਦਾ ਆਚਰਨ ਕਰਨਾ ਇਕ ਬਹੁਤ ਗਲਤ ਰੁਝਾਨ ਹੈ। ਜੇ ਇਸ ਨੂੰ ਰੋਕਿਆ ਨਾ ਗਿਆ ਤਾਂ ਆਮ ਲੋਕ ਵੀ ਇਨ੍ਹਾਂ ਦੀ ਦੇਖਾ-ਦੇਖੀ ਇਸੇ ਤਰ੍ਹਾਂ ਦਾ ਆਚਰਨ ਕਰਨ ਲੱਗਣਗੇ, ਜਿਸ ਦਾ ਨਤੀਜਾ ਚੰਗਾ ਨਹੀਂ ਹੋਵੇਗਾ। ਇਸ ਲਈ ਅਜਿਹਾ ਆਚਰਨ ਕਰਨ ਵਾਲੇ ਆਗੂਆਂ ’ਤੇ ਰੋਕ ਲਾਉਣ ਲਈ ਉਨ੍ਹਾਂ ਦੀਆਂ ਪਾਰਟੀਆਂ ਨੂੰ ਹੀ ਕੁਝ ਠੋਸ ਕਦਮ ਚੁੱਕਣੇ ਪੈਣਗੇ।

-ਵਿਜੇ ਕੁਮਾਰ


Anmol Tagra

Content Editor

Related News