''ਆਵਾਰਾ ਕੁੱਤਿਆਂ ਦੀ ਵਧ ਰਹੀ ਦਹਿਸ਼ਤ'' ਅਸਰਦਾਰ ਕਦਮ ਜਲਦੀ ਚੁੱਕੇ ਜਾਣ

07/06/2018 3:33:56 AM

ਭਾਰਤ ਵਿਚ ਆਦਮਖੋਰ ਹੁੰਦੇ ਜਾ ਰਹੇ ਆਵਾਰਾ ਕੁੱਤਿਆਂ ਦੀ ਦਹਿਸ਼ਤ ਇੰਨੀ ਵਧ ਚੁੱਕੀ ਹੈ ਕਿ ਰੋਜ਼ ਦਿੱਲੀ ਵਿਚ ਹੀ ਇਨ੍ਹਾਂ ਦੇ ਵੱਢਣ ਦੀਆਂ 200 ਤੋਂ ਵੱਧ ਘਟਨਾਵਾਂ ਵਾਪਰ ਰਹੀਆਂ ਹਨ। ਕੁੱਤਿਆਂ ਦੇ ਵੱਢਣ ਨਾਲ ਹੋਣ ਵਾਲੀ ਬੀਮਾਰੀ ਰੈਬੀਜ਼ ਨਾਲ ਮੌਤਾਂ ਨੇ ਕੈਂਸਰ ਵਰਗੀ ਘਾਤਕ ਬੀਮਾਰੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਤੇ ਪਿਛਲੇ 2 ਸਾਲਾਂ ਵਿਚ ਇਸ ਬੀਮਾਰੀ ਦਾ ਸ਼ਿਕਾਰ ਇਕ ਵੀ ਪੀੜਤ ਨਹੀਂ ਬਚ ਸਕਿਆ। 
ਆਵਾਰਾ ਕੁੱਤਿਆਂ ਦੇ ਕਾਰਨ ਉੱਤਰ ਪ੍ਰਦੇਸ਼ ਦੇ ਸੀਤਾਪੁਰ ਵਿਚ ਤਾਂ ਬੱਚੇ ਸਕੂਲ ਜਾਣ ਤੋਂ ਵੀ ਡਰਨ ਲੱਗੇ ਹਨ, ਜਿੱਥੇ ਨਵੰਬਰ 2017 ਤੋਂ ਲੈ ਕੇ ਹੁਣ ਤਕ ਇਹ 13 ਤੋਂ ਵੱਧ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾ ਚੁੱਕੇ ਹਨ। ਸਿਰਫ ਇਕ ਮਹੀਨੇ ਦੇ ਦੌਰਾਨ ਹੀ ਕੁੱਤਿਆਂ ਦੇ ਵੱਢਣ ਦੀਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
06 ਜੂਨ ਨੂੰ ਭਿੱਖੀਵਿੰਡ 'ਚ ਆਵਾਰਾ ਕੁੱਤਿਆਂ ਨੇ ਗਲੀ ਵਿਚ ਖੇਡ ਰਹੇ 4 ਸਾਲਾ ਬੱਚੇ 'ਤੇ ਹਮਲਾ ਕਰ ਕੇ ਉਸ ਦੀਆਂ ਲੱਤਾਂ, ਪਿੱਠ ਅਤੇ ਸੱਜੇ ਕੰਨ ਨੂੰ ਵੱਢ ਖਾਧਾ। 
06 ਜੂਨ ਨੂੰ ਕਾਨਪੁਰ ਵਿਚ ਇਕ 7 ਸਾਲਾ ਮਾਸੂਮ ਨੂੰ ਵੱਢ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ।
08 ਜੂਨ ਨੂੰ ਕਾਨਪੁਰ ਦੀ ਜੇ. ਕੇ. ਕਾਲੋਨੀ ਵਿਚ ਘਰੋਂ ਬਾਹਰ ਖੇਡ ਰਹੇ 2 ਬੱਚਿਆਂ 'ਤੇ ਹਮਲਾ ਕਰ ਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਲਹੂ-ਲੁਹਾਨ ਕਰ ਦਿੱਤਾ।
11 ਜੂਨ ਨੂੰ ਇਕ ਆਵਾਰਾ ਕੁੱਤੇ ਨੇ ਹਿਮਾਚਲ ਪ੍ਰਦੇਸ਼ ਦੇ ਨਾਹਨ ਵਿਚ 3 ਬੱਚਿਆਂ ਸਮੇਤ ਇਕ ਦਰਜਨ ਲੋਕਾਂ ਨੂੰ ਵੱਢ ਖਾਧਾ।
11 ਜੂਨ ਨੂੰ ਹੀ ਬਰਨਾਲਾ ਦੇ ਛੀਨੀਵਾਲ ਖੁਰਦ ਪਿੰਡ ਵਿਚ ਇਕ ਵਿਅਕਤੀ ਨੂੰ ਆਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਦਿੱਤਾ।
15 ਜੂਨ ਨੂੰ ਲੁਧਿਆਣਾ ਦੇ ਛਾਉਣੀ ਮੁਹੱਲਾ ਇਲਾਕੇ 'ਚ ਘਰ ਦੇ ਬਾਹਰ ਖੇਡ ਰਹੇ 13 ਸਾਲਾ ਬੱਚੇ ਨੂੰ ਕੁੱਤੇ ਨੇ ਵੱਢ ਲਿਆ। 
18 ਜੂਨ ਨੂੰ ਚੰਡੀਗੜ੍ਹ ਦੇ ਪਾਰਕ ਵਿਚ ਖੇਡ ਰਹੇ 4 ਬੱਚਿਆਂ 'ਤੇ ਆਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ 'ਚੋਂ ਡੇਢ ਸਾਲ ਦੇ ਇਕ ਬੱਚੇ ਨੂੰ ਨੋਚ-ਨੋਚ ਕੇ ਮਾਰ ਦਿੱਤਾ।
19-20 ਜੂਨ ਨੂੰ ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲੇ ਵਿਚ ਆਵਾਰਾ ਕੁੱਤਿਆਂ ਨੇ ਵੱਖ-ਵੱਖ ਪਿੰਡਾਂ ਵਿਚ ਹਮਲਾ ਕਰ ਕੇ 15 ਬੱਚਿਆਂ ਸਮੇਤ 60 ਲੋਕਾਂ ਨੂੰ ਜ਼ਖ਼ਮੀ ਕੀਤਾ। 
20 ਜੂਨ ਨੂੰ ਮੁਰਾਦਾਬਾਦ ਦੇ ਨੇੜੇ ਕੁੱਤਿਆਂ ਨੇ 20 ਲੋਕਾਂ ਨੂੰ ਵੱਢ ਖਾਧਾ।
21 ਜੂਨ ਨੂੰ ਹਰਿਆਣਾ ਦੇ ਨਾਗਲ ਪਿੰਡ ਵਿਚ ਖੂੰਖਾਰ ਆਵਾਰਾ ਕੁੱਤਿਆਂ ਨੇ ਵਾੜੇ ਵਿਚ ਬੱਝੇ ਪਸ਼ੂਆਂ ਨੂੰ ਨੋਚ-ਨੋਚ ਕੇ ਖਾ ਲਿਆ, ਜਿਸ ਨਾਲ ਇਕ ਮੱਝ ਦੀ ਮੌਤ ਅਤੇ 6 ਹੋਰ ਪਸ਼ੂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।
21 ਜੂਨ ਨੂੰ ਜਲੰਧਰ ਦੇ ਗੜ੍ਹਾ ਵਿਚ ਇਕ ਬੱਚੀ ਨੂੰ ਵੱਢ ਖਾਧਾ।
22 ਜੂਨ ਨੂੰ ਮੋਹਾਲੀ ਦੇ ਪਿੰਡ ਦਾਊ ਵਿਚ ਹੱਡਾਰੋੜੀ ਦੇ 3 ਕੁੱਤਿਆਂ ਨੇ ਖੇਤਾਂ ਵਿਚ 7 ਸਾਲਾ ਬੱਚੇ 'ਤੇ ਹਮਲਾ ਕਰ ਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ।
24 ਜੂਨ ਨੂੰ ਬਟਾਲਾ ਦੇ ਪਿੰਡ ਵਡਾਲਾ ਬਾਂਗਰ ਦੇ ਨੇੜੇ ਆਵਾਰਾ ਕੁੱਤਿਆਂ ਦੇ ਝੁੰਡ ਨੇ ਖੇਤ ਵਿਚ ਕੰਮ  ਕਰ ਕੇ ਪਰਤ ਰਹੇ ਬਜ਼ੁਰਗ ਨੂੰ ਘੇਰ ਕੇ ਮਾਰ ਦਿੱਤਾ। 
24 ਜੂਨ ਨੂੰ ਹੀ ਉੱਤਰ ਪ੍ਰਦੇਸ਼ ਦੇ ਸ਼ਾਮਲੀ ਵਿਚ ਆਵਾਰਾ ਕੁੱਤਿਆਂ ਨੇ 6 ਲੋਕਾਂ 'ਤੇ ਹਮਲਾ ਕਰ ਕੇ ਉਨ੍ਹਾਂ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ।
02 ਜੁਲਾਈ ਨੂੰ ਜਲੰਧਰ ਦੇ ਬਸਤੀਆਤ ਇਲਾਕੇ ਵਿਚ ਆਵਾਰਾ ਕੁੱਤੇ ਨੇ ਕਈ ਔਰਤਾਂ ਅਤੇ ਬੱਚਿਆਂ ਨੂੰ ਵੱਢਿਆ, ਜਿਸ ਨੂੰ ਲੋਕਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। 
04 ਜੁਲਾਈ ਨੂੰ ਭਗਵਾਨਪੁਰ ਵਿਚ ਬਾਗ ਦੀ ਰਖਵਾਲੀ ਕਰਦੇ ਇਕ ਲੜਕੇ 'ਤੇ ਕੁੱਤੇ ਨੇ ਹਮਲਾ ਕਰ ਕੇ ਉਸ ਨੂੰ ਮਾਰ ਦਿੱਤਾ ਅਤੇ 4 ਹੋਰਨਾਂ ਨੂੰ ਜ਼ਖ਼ਮੀ ਕਰ ਦਿੱਤਾ।
05 ਜੁਲਾਈ ਨੂੰ ਠਾਕੁਰਦੁਆਰਾ ਵਿਚ ਆਵਾਰਾ ਕੁੱਤਿਆਂ ਦੇ ਹਮਲੇ ਵਿਚ 8 ਲੋਕ ਜ਼ਖ਼ਮੀ ਹੋਏ।
ਉੱਪਰ ਦਿੱਤੀਆਂ ਗਈਆਂ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਆਵਾਰਾ ਕੁੱਤਿਆਂ ਦੀ ਦਹਿਸ਼ਤ ਕਿਸੇ ਇਕ ਖੇਤਰ ਤਕ ਸੀਮਤ ਨਾ ਰਹਿ ਕੇ ਪੂਰੇ ਦੇਸ਼ ਭਰ ਵਿਚ ਫੈਲ ਰਹੀ ਹੈ। ਇਨ੍ਹਾਂ ਆਵਾਰਾ ਕੁੱਤਿਆਂ ਨੂੰ ਵੱਸ ਵਿਚ ਕਰਨ ਦੀ ਜ਼ਿੰਮੇਵਾਰੀ ਲੋਕਲ ਬਾਡੀਜ਼ ਦੀ ਹੈ ਪਰ ਉਹ ਇਸ ਪਾਸੇ ਪੂਰਾ ਧਿਆਨ ਨਹੀਂ ਦੇ ਰਹੀਆਂ। 
ਜਦੋਂ ਪੀੜਤ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਜਾਂਦਾ ਹੈ, ਉਥੇ ਉਸ ਨੂੰ ਇਲਾਜ ਨਹੀਂ ਮਿਲਦਾ ਅਤੇ ਜ਼ਿਆਦਾਤਰ ਥਾਵਾਂ 'ਤੇ ਹਸਪਤਾਲਾਂ ਵਿਚ ਐਂਟੀ-ਰੈਬੀਜ਼ ਵੈਕਸੀਨ ਤਕ ਮੁਹੱਈਆ ਨਹੀਂ ਹੈ। 
ਹੁਣ ਇਕ ਮਹੱਤਵਪੂਰਨ ਫੈਸਲੇ ਵਿਚ ਉੱਤਰਾਖੰਡ ਹਾਈਕੋਰਟ ਨੇ 15 ਜੂਨ ਨੂੰ ਸੂਬਾਈ ਸਰਕਾਰ ਨੂੰ ਇਹ ਗੱਲ ਯਕੀਨੀ ਬਣਾਉਣ ਦਾ ਹੁਕਮ ਦਿੱਤਾ ਹੈ ਕਿ ਅਗਲੇ 6 ਮਹੀਨਿਆਂ ਦੇ ਅੰਦਰ ਸੂਬੇ ਵਿਚ ਸੜਕਾਂ 'ਤੇ ਕੋਈ ਆਵਾਰਾ ਕੁੱਤਾ ਨਜ਼ਰ ਨਾ ਆਵੇ ਅਤੇ ਇਨ੍ਹਾਂ ਨੂੰ ਸ਼ੈਲਟਰ ਹਾਊਸਾਂ ਵਿਚ ਰੱਖਿਆ ਜਾਵੇ। 
ਇਸ ਤਰ੍ਹਾਂ ਹੋਰਨਾਂ ਸੂਬਿਆਂ ਦੀਆਂ ਸਰਕਾਰਾਂ ਲਈ ਵੀ ਇਸ ਸਬੰਧੀ ਹੁਕਮ ਜਾਰੀ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਆਮ ਲੋਕਾਂ ਦੀਆਂ ਜਾਨਾਂ ਬਚ ਸਕਣ। 
—ਵਿਜੇ ਕੁਮਾਰ


Vijay Kumar Chopra

Chief Editor

Related News