ਸੜਕਾਂ ’ਤੇ ਮੰਡਰਾ ਰਹੀ ‘ਬਿਨਾਂ ਬੁਲਾਈ ਮੌਤ’ ‘ਆਵਾਰਾ ਅਤੇ ਬੇਸਹਾਰਾ ਪਸ਼ੂ’

02/25/2024 5:49:55 AM

ਦੇਸ਼ ਵਿਚ ਲਗਾਤਾਰ ਵਧ ਰਹੀ ਆਵਾਰਾ ਕੁੱਤਿਆਂ ਦੀ ਗਿਣਤੀ ਤਾਂ ਪਹਿਲਾਂ ਹੀ ਲੋਕਾਂ ਦੀ ਸੁਰੱਖਿਆ ਲਈ ਭਾਰੀ ਖਤਰਾ ਬਣੀ ਹੋਈ ਹੈ, ਹੁਣ ਕੁਝ ਸਮੇਂ ਤੋਂ ਸੜਕਾਂ ’ਤੇ ਘੁੰਮ ਰਹੇ ਹੋਰ ਆਵਾਰਾ ਪਸ਼ੂ, ਖਾਸ ਕਰ ਕੇ ਗਊਵੰਸ਼ ਵੀ ਲੋਕਾਂ ਦੀ ਸੁਰੱਖਿਆ ਲਈ ਭਾਰੀ ਖਤਰਾ ਬਣਦੇ ਜਾ ਰਹੇ ਹਨ।

ਬੀਤੇ ਸਾਲ 23 ਨਵੰਬਰ ਨੂੰ ਕਾਨਪੁਰ (ਉੱਤਰ ਪ੍ਰਦੇਸ਼) ’ਚ ਇਕ ਆਵਾਰਾ ਸਾਨ੍ਹ ਨੇ ਸੜਕ ’ਤੇ ਜਾ ਰਹੇ ਬਜਰੰਗ ਦਲ ਦੇ ਇਕ ਸਥਾਨਕ ਆਗੂ ‘ਪ੍ਰਖਰ ਸ਼ੁਕਲਾ’ ਦੀ ਛਾਤੀ ’ਚ ਆਪਣੇ ਸਿੰਙ ਨਾਲ ਟੱਕਰ ਮਾਰ ਦਿੱਤੀ ਜਿਸ ਨਾਲ ਉਨ੍ਹਾਂ ਦੀ ਦਰਦਨਾਕ ਮੌਤ ਹੋ ਗਈ।

ਅਤੇ ਹੁਣ ਨਵੀਂ ਦਿੱਲੀ ਦੇ ‘ਦੇਵਲੀ ਖਾਨਪੁਰ’ ਇਲਾਕੇ ’ਚ ਆਪਣੇ ਬੇਟੇ ਨੂੰ ਸਕੂਲ ਛੱਡਣ ਜਾ ਰਹੇ ‘ਸੁਭਾਸ਼ ਝਾਅ’ ਨਾਂ ਦੇ ਵਿਅਕਤੀ ’ਤੇ ਬੱਸ ਸਟੈਂਡ ਦੇ ਨੇੜੇ ਇਕ ਗਾਂ ਨੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ’ਤੇ ਵਾਰ-ਵਾਰ ਹਮਲਾ ਕਰ ਕੇ ਉਸ ਦੀ ਜਾਨ ਲੈ ਲਈ।

ਗਾਂ ਇੰਨੀ ਭੂਤਰੀ ਹੋਈ ਸੀ ਕਿ ਕੋਈ ਵੀ ਵਿਅਕਤੀ ਉਸ ਦੇ ਨੇੜੇ ਫਟਕਣ ਦਾ ਹੌਸਲਾ ਨਾ ਕਰ ਸਕਿਆ। ਲੋਕਾਂ ਦਾ ਕਹਿਣਾ ਹੈ ਕਿ ਕਈ ਲੋਕ ਦੁੱਧ ਚੋਅ ਕੇ ਆਪਣੀਆਂ ਗਾਵਾਂ ਨੂੰ ਇਸੇ ਤਰ੍ਹਾਂ ਸੜਕਾਂ ’ਤੇ ਭਟਕਣ ਲਈ ਛੱਡ ਦਿੰਦੇ ਹਨ ਅਤੇ ਇਹ ਗਾਂ ਵੀ ਅਜਿਹੇ ਹੀ ਕਿਸੇ ਵਿਅਕਤੀ ਦੀ ਸੀ।

ਸਬੰਧਤ ਪ੍ਰਸ਼ਾਸਨ ਦੇ ਆਵਾਰਾ ਪਸ਼ੂਆਂ ਤੋਂ ਮੁਕਤੀ ਦਿਵਾਉਣ ’ਚ ਅਸਫਲ ਰਹਿਣ ਦਾ ਲੋਕਾਂ ’ਚ ਰੋਸ ਵਧ ਰਿਹਾ ਹੈ। ਇਸ ਲਈ ਸਬੰਧਤ ਵਿਭਾਗਾਂ ਵੱਲੋਂ ਇਸ ਸਮੱਸਿਆ ਨੂੰ ਨਜਿੱਠਣ ਲਈ ਜਿੰਨੀ ਛੇਤੀ ਹੋ ਸਕੇ ਯਤਨ ਕਰਨ ਦੀ ਲੋੜ ਹੈ ਤਾਂ ਕਿ ਲੋਕਾਂ ਨੂੰ ਇਸ ‘ਬਿਨਾਂ ਬੁਲਾਈ ਮੌਤ’ ਤੋਂ ਮੁਕਤੀ ਮਿਲ ਸਕੇ।

ਇੱਥੇ ਇਹ ਗੱਲ ਵੀ ਵਰਣਨਯੋਗ ਹੈ ਕਿ ਕਈ ਸੂਬਿਆਂ ’ਚ ਸਰਕਾਰਾਂ ‘ਗਊ ਸੈੱਸ’ ਦੇ ਨਾਂ ’ਤੇ ਭਾਰੀ ‘ਟੈਕਸ’ ਜਾਂ ‘ਕਰ’ ਵਸੂਲਦੀਆਂ ਹਨ ਪਰ ਉਸ ਰਕਮ ਦੀ ਵਰਤੋਂ ‘ਗਊ ਸਦਨਾਂ’ ਦੇ ਨਿਰਮਾਣ ਅਤੇ ਗਊਵੰਸ਼ ਨੂੰ ਸੁਰੱਖਿਆ ਦੇਣ ਲਈ ਕਰਨ ਦੀ ਥਾਂ ਹੋਰ ਕਾਰਜਾਂ ’ਚ ਕਰਦੀਆਂ ਹਨ। ਜਦਕਿ ਗਊਆਂ ਦੇ ਨਾਂ ’ਤੇ ਇਕੱਠੀ ਰਾਸ਼ੀ ਉਨ੍ਹਾਂ ਦੇ ਪੁਨਰਵਾਸ ’ਤੇ ਖਰਚ ਕੀਤੀ ਜਾਣੀ ਚਾਹੀਦੀ ਹੈ।

- ਵਿਜੇ ਕੁਮਾਰ


Anmol Tagra

Content Editor

Related News