ਸੜਕਾਂ ’ਤੇ ‘ਮੌਤ’ ਬਣ ਕੇ ਘੁੰਮ ਰਹੇ ‘ਅਵਾਰਾ ਤੇ ਬੇਸਹਾਰਾ ਪਸ਼ੂ’

Thursday, Feb 22, 2024 - 05:44 AM (IST)

ਦੇਸ਼ ’ਚ ਵੱਡੀ ਗਿਣਤੀ ’ਚ ਸੜਕਾਂ ’ਤੇ ਘੁੰਮ ਰਹੇ ਬੇਸਹਾਰਾ ਪਸ਼ੂ, ਖਾਸ ਤੌਰ ’ਤੇ ਗਊਵੰਸ਼ ਲੋਕਾਂ ਦੀ ਸੁਰੱਖਿਆ ਲਈ ਭਾਰੀ ਸਮੱਸਿਆ ਬਣ ਗਏ ਹਨ। ਇਸ ਨਾਲ ਵਾਹਨਾਂ ਦੀ ਆਵਾਜਾਈ ’ਚ ਰੁਕਾਵਟ ਪੈਣ ਤੋਂ ਇਲਾਵਾ ਦੁਰਘਟਨਾਵਾਂ ਨਾਲ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ, ਜਿਸ ਦੀਆਂ ਚੰਦ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ :

* 17 ਜਨਵਰੀ ਨੂੰ ਮਥੁਰਾ (ਉੱਤਰ ਪ੍ਰਦੇਸ਼) ਦੇ ਥਾਣਾ ‘ਰਾਇਆ’ ਦੇ ਤਹਿਤ ਸੂਰਜ ਨਹਿਰ ਪੁਲ ਦੇ ਨੇੜੇ ਸੜਕ ’ਤੇ ਅਚਾਨਕ ਇਕ ਸਾਨ੍ਹ ਦੇ ਆ ਜਾਣ ਨਾਲ ਬਾਈਕ ਸਵਾਰ ਦੀ ਉਸ ਨਾਲ ਟੱਕਰ ਦੇ ਨਤੀਜੇ ਵਜੋਂ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ।

* 24 ਜਨਵਰੀ ਨੂੰ ਮਿਰਜ਼ਾਪੁਰ (ਉੱਤਰ ਪ੍ਰਦੇਸ਼) ਦੇ ‘ਕੋਟਵਾ’ ਪਿੰਡ ਦੇ ਨੇੜੇ ਸੜਕ ’ਤੇ ਜਾ ਰਹੀ ਬੇਸਹਾਰਾ ਗਾਂ ਨੂੰ ਬਚਾਉਣ ਦੀ ਕੋਸ਼ਿਸ਼ ’ਚ ਇਕ ਕਾਰ ਡਿਵਾਈਡਰ ਨਾਲ ਟਕਰਾ ਕੇ ਉਲਟ ਜਾਣ ਨਾਲ ਉਸ ’ਚ ਸਵਾਰ ਇਕ ਵਿਅਕਤੀ ਦੀ ਮੌਤ ਤੇ 5 ਹੋਰ ਗੰਭੀਰ ਜ਼ਖਮੀ ਹੋ ਗਏ।

* 9 ਫਰਵਰੀ ਨੂੰ ‘ਬਲੌਦਾ ਬਾਜ਼ਾਰ’ (ਛੱਤੀਸਗੜ੍ਹ) ਜ਼ਿਲੇ ਦੇ ‘ਕੌੜੀਆਂ’ ਪਿੰਡ ਦੇ ਨੇੜੇ ਦੇਰ ਰਾਤ ਇਕ ਬੇਸਹਾਰਾ ਗਾਂ ਨਾਲ ਟਕਰਾ ਕੇ ਇਕ ਕਾਰ ਉਲਟ ਗਈ, ਜਿਸ ਨਾਲ ਉਸ ’ਚ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ।

* 9 ਫਰਵਰੀ ਨੂੰ ‘ਜੋਧਪੁਰ (ਰਾਜਸਥਾਨ) ’ਚ ਇਕ ਬੇਸਹਾਰਾ ਪਸ਼ੂ ਨੂੰ ਬਚਾਉਣ ਦੀ ਕੋਸ਼ਿਸ਼ ’ਚ ਇਕ ਬਾਈਕ ਸਵਾਰ ਇਕ ਵਾਹਨ ਨਾਲ ਟਕਰਾ ਕੇ ਮਾਰਿਆ ਗਿਆ।

* 11 ਫਰਵਰੀ ਨੂੰ ਸ਼ਿਓਪੁਰ (ਮੱਧ ਪ੍ਰਦੇਸ਼) ’ਚ ਅਚਾਨਕ ਸੜਕ ’ਤੇ ਪਸ਼ੂ ਆ ਜਾਣ ਨਾਲ ਇਕ ਬਾਈਕ ਬੇਕਾਬੂ ਹੋ ਕੇ ਹਾਦਸਾਗ੍ਰਸਤ ਹੋ ਗਿਆ ਜਿਸ ਨਾਲ ਉਸ ’ਤੇ ਸਵਾਰ 3 ’ਚੋਂ ਇਕ ਵਿਅਕਤੀ ਦੀ ਮੌਤ ਅਤੇ 2 ਹੋਰ ਗੰਭੀਰ ਜ਼ਖਮੀ ਹੋ ਗਏ।

*15 ਫਰਵਰੀ ਨੂੰ ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼) ’ਚ ਆਪਣੀ ਸਾਲੀ ਦੇ ਵਿਆਹ ਸਮਾਗਮ ’ਚ ਸ਼ਾਮਲ ਹੋਣ ਲਈ ਦਿੱਲੀ ਤੋਂ ਆਏ ਇਕ ਨੌਜਵਾਨ ਦੀ ਬਾਈਕ ਸੜਕ ’ਤੇ ਘੁੰਮ ਰਹੀ ਗਾਂ ਨਾਲ ਟਕਰਾਉਣ ਨਾਲ ਉਸ ਦੀ ਦਰਦਨਾਕ ਮੌਤ ਹੋ ਗਈ।

* 18 ਫਰਵਰੀ ਨੂੰ ਪਾਲੀ (ਰਾਜਸਥਾਨ) ਵਿਚ ‘ਦੇਸੂਰੀ’ ਥਾਣੇ ਦੇ ਤਹਿਤ ਇਕ ਸਾਨ੍ਹ ਨਾਲ ਟਕਰਾ ਕੇ ਗੰਭੀਰ ਜ਼ਖਮੀ ਹੋਏ ਬਾਈਕ ਸਵਾਰ ਦੀ ਮੌਤ ਹੋ ਗਈ।

* 18 ਫਰਵਰੀ ਨੂੰ ਹੀ ਕਾਂਗੜਾ (ਹਿਮਾਚਲ ਪ੍ਰਦੇਸ਼) ਦੇ ‘ਕੁੰਦਲੀ ਹਾਰ’ ’ਚ ਬੇਸਹਾਰਾ ਪਸ਼ੂ ਨਾਲ ਟੱਕਰ ਹੋਣ ਦੇ ਸਿੱਟੇ ਵਜੋਂ ਇਕ ਬਾਈਕ ਸਵਾਰ ਦੀ ਮੌਤ ਹੋ ਗਈ।

* 19 ਫਰਵਰੀ ਨੂੰ ਹੁਸ਼ਿਆਰਪੁਰ (ਪੰਜਾਬ) ਦੇ ਕਸਬਾ ‘ਹਰਿਆਣਾ’ ਨੇੜੇ ਇਕ ਬੇਸਹਾਰਾ ਗਾਂ ਨੂੰ ਬਚਾਉਣ ਦਾ ਯਤਨ ਕਰਦੇ ਹੋਏ ਸਾਹਿਲ ਕਟੋਚ ਅਤੇ ਉਨ੍ਹਾਂ ਦੇ ਦਾਦਾ ਰਿਟਾਇਰਡ ਕੈਪਟਨ ਰੋਸ਼ਨ ਲਾਲ ਕਟੋਚ ਦੀ ਕਾਰ ਦੁਰਘਟਨਾਗ੍ਰਸਤ ਹੋ ਜਾਣ ਨਾਲ ਉਨ੍ਹਾਂ ਦੀ ਘਟਨਾ ਸਥਾਨ ’ਤੇ ਹੀ ਅਤੇ 82 ਸਾਲਾ ਵੇਦ ਕੁਮਾਰੀ ਕਟੋਚ ਦੀ ਬਾਅਦ ’ਚ ਹਸਪਤਾਲ ’ਚ ਇਲਾਜ ਦੌਰਾਨ ਜਾਨ ਚਲੀ ਗਈ ਜਦਕਿ ਗੰਭੀਰ ਤੌਰ ’ਤੇ ਜ਼ਖਮੀ 18 ਸਾਲਾ ਦੋਹਤਾ ਇਲਾਜ ਅਧੀਨ ਹੈ।

* 21 ਫਰਵਰੀ ਨੂੰ ਸਿਰੋਹੀ (ਰਾਜਸਥਾਨ) ਦੇ ‘ਸਾਂਤਪੁਰ’ ਪਿੰਡ ’ਚ ਸੜਕ ’ਤੇ 2 ਗਾਵਾਂ ਦੀ ਲੜਾਈ ਦੀ ਲਪੇਟ ’ਚ ਇਕ ਬਾਈਕ ਸਵਾਰ ਪਿੱਛੇ ਬੈਠੀ 6 ਸਾਲਾ ਬੱਚੀ ਹੇਠਾਂ ਡਿੱਗ ਕੇ ਇਕ ਗਾਂ ਦੇ ਪੈਰ ਹੇਠਾਂ ਦਰੜੀ ਜਾਣ ਨਾਲ ਮਾਰੀ ਗਈ।

ਅਵਾਰਾ ਪਸ਼ੂਆਂ ਦੀ ਸਮੱਸਿਆ ਨਾਸੂਰ ਬਣਦੀ ਜਾ ਰਹੀ ਹੈ ਪਰ ਪ੍ਰਸ਼ਾਸਨ ਇਸ ਨੂੰ ਲੈ ਕੇ ਬਿਲਕੁਲ ਵੀ ਗੰਭੀਰ ਦਿਖਾਈ ਨਹੀਂ ਦਿੰਦਾ। ਆਏ ਦਿਨ ਇਨ੍ਹਾਂ ਦੀ ਲਪੇਟ ’ਚ ਆ ਕੇ ਨਿਰਦੋਸ਼ ਲੋਕ ਆਪਣੇ ਹੱਥ-ਪੈਰ ਤੁੜਵਾਉਣ ਤੋਂ ਇਲਾਵਾ ਜਾਨ ਗੁਆ ਰਹੇ ਹਨ।

ਪੰਜਾਬ ’ਚ 2019 ’ਚ ਕੀਤੀ ਗਈ ਪਸ਼ੂਧਨ ਗਿਣਤੀ ਅਨੁਸਾਰ ਢਾਈ ਲੱਖ ਦੇ ਲਗਭਗ ਬੇਸਹਾਰਾ ਪਸ਼ੂ ਸਨ। ਜਦਕਿ ਉੱਤਰ ਪ੍ਰਦੇਸ਼ ’ਚ ਇਨ੍ਹਾਂ ਦੀ ਗਿਣਤੀ 11 ਲੱਖ 84 ਹਜ਼ਾਰ 494 ਦੱਸੀ ਗਈ ਸੀ ਜੋ ਹੁਣ ਹੋਰ ਵੀ ਵੱਧ ਚੁੱਕੀ ਹੋਵੇਗੀ।

ਸਾਲ 2022 ’ਚ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਕ ਭਾਸ਼ਣ ’ਚ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦਾ ਜ਼ਿਕਰ ਕਰ ਚੁੱਕੇ ਹਨ ਅਤੇ 13 ਫਰਵਰੀ, 2024 ਨੂੰ ਦਿੱਲੀ ਹਾਈਕੋਰਟ ਦੇ ਜਸਟਿਸ ਸੀ. ਹਰੀਸ਼ੰਕਰ ਨੇ ਇਕ ਪਟੀਸ਼ਨ ’ਤੇ ਫੈਸਲਾ ਸੁਣਾਉਂਦੇ ਹੋਏ ਕਿਹਾ ਸੀ ਕਿ :

‘‘ਨਗਰ ਨਿਗਮ ਅਧਿਕਾਰੀਆਂ ਦਾ ਕਰਤੱਵ ਇਹ ਯਕੀਨੀ ਬਣਾਉਣ ਲਈ ਠੋਸ ਕਦਮ ਉਠਾਉਣਾ ਹੈ ਕਿ ਅਵਾਰਾ ਜਾਨਵਰਾਂ ਦਾ ਪੁਨਰਵਾਸ ਕੀਤਾ ਜਾਵੇ ਅਤੇ ਉਹ ਨਿਵਾਸੀਆਂ, ਰਾਹੀਆਂ ਜਾਂ ਸੜਕ ’ਤੇ ਚੱਲਣ ਵਾਲੇ ਵਾਹਨਾਂ ਲਈ ਖਤਰਾ ਨਾ ਬਣਨ।’’

ਪ੍ਰਸ਼ਾਸਨ ਵਲੋਂ ਬੇਸਹਾਰਾ ਪਸ਼ੂਆਂ ਤੋਂ ਮੁਕਤੀ ਦਿਵਾਉਣ ’ਚ ਅਸਫਲ ਰਹਿਣ ਨਾਲ ਲੋਕਾਂ ’ਚ ਰੋਹ ਵਧ ਰਿਹਾ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਇਨ੍ਹਾਂ ਨੂੰ ਬੇਸਹਾਰਾ ਛੱਡਣ ਵਾਲੇ ਲੋਕਾਂ ਵਿਰੁੱਧ ਸਖਤ ਕਾਰਵਾਈ ਅਤੇ ਇਨ੍ਹਾਂ ਦੇ ਪੁਨਰਵਾਸ ਲਈ ਤਸੱਲੀਬਖਸ਼ ਵਿਵਸਥਾ ਕਰਨ ਦੀ ਲੋੜ।

–ਵਿਜੇ ਕੁਮਾਰ


Anmol Tagra

Content Editor

Related News