ਮਹਾਰਾਸ਼ਟਰ ’ਚ ਧਮਾਕਾ: ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਹੀ ਅਸਲੀ, ਵਿਧਾਨ ਸਭਾ ਸਪੀਕਰ ਦਾ ਫ਼ੈਸਲਾ

01/11/2024 6:28:36 AM

23 ਜੂਨ, 2022 ਨੂੰ ਮਹਾਰਾਸ਼ਟਰ ਦੇ ਤਤਕਾਲੀ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਸੁਪਰੀਮੋ ਊਧਵ ਠਾਕਰੇ ਦੇ ਭਰੋਸੇਮੰਦ ਸਾਥੀ ਏਕਨਾਥ ਸ਼ਿੰਦੇ ਨੇ ਆਪਣੇ ਨਾਲ 35 ਵਿਧਾਇਕਾਂ ਦੀ ਹਮਾਇਤ ਹੋਣ ਦਾ ਦਾਅਵਾ ਕਰਦੇ ਹੋਏ ਊਧਵ ਠਾਕਰੇ ਦੀ ‘ਮਹਾਵਿਕਾਸ ਅਘਾੜੀ’ ਸਰਕਾਰ, ਜਿਸ ’ਚ ਕਾਂਗਰਸ ਅਤੇ ਰਾਕਾਂਪਾ ਵੀ ਸ਼ਾਮਲ ਸਨ, ਦੇ ਵਿਰੁੱਧ ਬਗਾਵਤ ਕਰ ਦਿੱਤੀ। ਇਸ ਨਾਲ ਸ਼ਿਵ ਸੈਨਾ ਦੋਫਾੜ ਹੋ ਗਈ ਅਤੇ ਇਕ ਧੜਾ ਏਕਨਾਥ ਸ਼ਿੰਦੇ ਨਾਲ ਅਤੇ ਦੂਜਾ ਧੜਾ ਊਧਵ ਠਾਕਰੇ ਨਾਲ ਚਲਾ ਗਿਆ।

25 ਜੂਨ, 2022 ਨੂੰ ਮਹਾਰਾਸ਼ਟਰ ਵਿਧਾਨ ਸਭਾ ਦੇ ਡਿਪਟੀ ਸਪੀਕਰ ਨਰਹਰਿ ਜਿਰਵਲ ਨੇ 16 ਬਾਗੀ ਵਿਧਾਇਕਾਂ ਨੂੰ ਉਨ੍ਹਾਂ ਦੀ ਮੈਂਬਰੀ ਰੱਦ ਕਰਨ ਦਾ ਨੋਟਿਸ ਭੇਜਿਆ। ਇਸ ਦੇ ਵਿਰੁੱਧ ਬਾਗੀ ਵਿਧਾਇਕ ਸੁਪਰੀਮ ਕੋਰਟ ਪਹੁੰਚ ਗਏ ਅਤੇ 26 ਜੂਨ ਨੂੰ ਸੁਪਰੀਮ ਕੋਰਟ ਵੱਲੋਂ ਬਾਗੀ ਵਿਧਾਇਕਾਂ ਨੂੰ ਰਾਹਤ ਦੇਣ ਪਿੱਛੋਂ 28 ਜੂਨ ਨੂੰ ਤਤਕਾਲੀ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਊਧਵ ਠਾਕਰੇ ਨੂੰ ਬਹੁਮਤ ਸਾਬਤ ਕਰਨ ਲਈ ਕਿਹਾ।

29 ਜੂਨ ਨੂੰ ਸੁਪਰੀਮ ਕੋਰਟ ਵੱਲੋਂ ਫਲੋਰ ਟੈਸਟ ’ਤੇ ਰੋਕ ਲਾਉਣ ਤੋਂ ਨਾਂਹ ਕਰਨ ’ਤੇ ਊਧਵ ਠਾਕਰੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੇ ਕਾਰਨ 30 ਜੂਨ ਨੂੰ ਏਕਨਾਥ ਸ਼ਿੰਦੇ ਭਾਜਪਾ ਦੀ ਹਮਾਇਤ ਨਾਲ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣ ਗਏ।

ਇਸ ਪਿੱਛੋਂ ਏਕਨਾਥ ਸ਼ਿੰਦੇ ਅਤੇ ਊਧਵ ਠਾਕਰੇ ਧੜਿਆਂ ਵੱਲੋਂ ਦਲਬਦਲ ਵਿਰੋਧੀ ਕਾਨੂੰਨਾਂ ਦੇ ਤਹਿਤ ਇਕ-ਦੂਜੇ ਦੇ ਵਿਧਾਇਕਾਂ ਦੇ ਵਿਰੁੱਧ ਕਾਰਵਾਈ ਦੀ ਮੰਗ ਕਰਦੇ ਹੋਏ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ।

ਊਧਵ ਠਾਕਰੇ ਧੜੇ ਨੇ ਸੁਪਰੀਮ ਕੋਰਟ ’ਚ ਪਟੀਸ਼ਨ ਦਾਖਲ ਕਰ ਕੇ ਜਿਨ੍ਹਾਂ 16 ਵਿਧਾਇਕਾਂ ਦੀ ਮੈਂਬਰੀ ਰੱਦ ਕਰਨ ਦੀ ਮੰਗ ਕੀਤੀ, ਉਨ੍ਹਾਂ ’ਚ ਖੁਦ ਏਕਨਾਥ ਸ਼ਿੰਦੇ ਦੇ ਇਲਾਵਾ ਮਹੇਸ਼ ਸ਼ਿੰਦੇ, ਅਨਿਲ ਬਾਬਰੀ, ਅਬਦੁਲ ਸੱਤਾਰ, ਭਰਤ ਗੋਗਾਵਲੇ, ਸੰਜੇ ਸ਼ਿਰਸਾਟ, ਯਾਮਿਨੀ ਜਾਧਵ, ਤਾਨਾਜੀ ਸਾਵੰਤ, ਲਤਾ ਸੋਨਵਣੇ, ਪ੍ਰਕਾਸ਼ ਸੁਰਵੇ, ਬਾਲਾਜੀ ਕਿਨੀਕਰ, ਸੰਦੀਪਨ ਭੁਮਰੇ, ਬਾਲਾਜੀ ਕਲਿਆਣਕਰ, ਰਮੇਸ਼ ਬੋਰਨਾਰੇ, ਚਿਮਨਰਾਵ ਪਾਟਿਲ ਅਤੇ ਸੰਜੇ ਰਾਇਮੁਨਕਰੀ ਸ਼ਾਮਲ ਸਨ।

ਸੁਪਰੀਮ ਕੋਰਟ ਨੇ ਮਹਾਰਾਸ਼ਟਰ ਵਿਧਾਨ ਸਭਾ ਸਪੀਕਰ ਰਾਹੁਲ ਨਾਰਵੇਕਰ ਨੂੰ ਇਸ ਮਾਮਲੇ ’ਚ ਫੈਸਲਾ ਲੈਣ ਲਈ ਕਿਹਾ ਸੀ ਅਤੇ 10 ਜਨਵਰੀ, 2024 ਨੂੰ ਰਾਹੁਲ ਨਾਰਵੇਕਰ ਨੇ ਏਕਨਾਥ ਸ਼ਿੰਦੇ ਦੇ ਧੜੇ ’ਚ ਆਪਣਾ ਫੈਸਲਾ ਸੁਣਾਉਂਦੇ ਹੋਏ ਨਾ ਸਿਰਫ ਵਿਧਾਇਕਾਂ ਦੀ ਮੈਂਬਰੀ ਕਾਇਮ ਰੱਖੀ ਸਗੋਂ ਕਿਹਾ ਕਿ :

‘‘ਏਕਨਾਥ ਸ਼ਿੰਦੇ ਧੜਾ ਹੀ ਅਸਲੀ ਸ਼ਿਵ ਸੈਨਾ ਹੈ। ਸ਼ਿਵ ਸੈਨਾ ਦਾ 1999 ਦਾ ਸੰਵਿਧਾਨ ਹੀ ਮਾਨਤਾ ਪ੍ਰਾਪਤ ਹੈ। ਚੋਣ ਕਮਿਸ਼ਨ ਦੇ ਰਿਕਾਰਡ ’ਚ ਸੀ. ਐੱਮ. ਸ਼ਿੰਦੇ ਧੜਾ ਹੀ ਅਸਲੀ ਪਾਰਟੀ ਹੈ। ਮੈਂ ਇਸ ਤੋਂ ਬਾਹਰ ਨਹੀਂ ਜਾ ਸਕਦਾ। ਊਧਵ ਧੜੇ ਦੀ ਦਲੀਲ ’ਚ ਦਮ ਨਹੀਂ ਹੈ।’’

ਵਰਨਣਯੋਗ ਹੈ ਕਿ ਵਿਧਾਨ ਸਭਾ ਸਪੀਕਰ ਵੱਲੋਂ ਫੈਸਲਾ ਸੁਣਾਉਣ ਤੋਂ ਪਹਿਲਾਂ ਹੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਹਿ ਦਿੱਤਾ ਸੀ ਕਿ ‘ਬਹੁਮਤ ਸਾਡੇ ਨਾਲ ਹੈ ਅਤੇ ਅਸੀਂ ਸ਼ਿਵ ਸੈਨਾ ਹਾਂ। ਸਾਨੂੰ ਚੋਣ ਕਮਿਸ਼ਨ ਨੇ ਸ਼ਿਵ ਸੈਨਾ ਪਾਰਟੀ ਨਾਂ ਅਤੇ ਚੋਣ ਨਿਸ਼ਾਨ ਦਿੱਤਾ ਹੈ।’’

ਇਸ ਤੋਂ ਪਹਿਲਾਂ 10 ਜਨਵਰੀ, 2024 ਨੂੰ ਸਵੇਰੇ ਊਧਵ ਠਾਕਰੇ ਧੜੇ ਦੇ ਸੰਸਦ ਮੈਂਬਰ ਸੰਜੇ ਰਾਊਤ ਅਤੇ ਵਿਧਾਨ ਸਭਾ ਸਪੀਕਰ ਰਾਹੁਲ ਨਾਰਵੇਕਰ ਦਰਮਿਆਨ ਤਿੱਖੀ ਬਹਿਸ ਹੋਈ ਅਤੇ ਸੰਜੇ ਰਾਊਤ ਨੇ ਕਿਹਾ, ‘‘ਫੈਸਲੇ ’ਤੇ ਮੈਚ ਫਿਕਸਿੰਗ ਹੋਈ ਹੈ। ਸਪੀਕਰ 2 ਵਾਰ ਦੋਸ਼ੀਆਂ ਨੂੰ ਮਿਲ ਚੁੱਕੇ ਹਨ। ਅੱਜ ਦਾ ਫੈਸਲਾ ਬਸ ਗੈਰ-ਰਸਮੀ ਹੈ। ਵਿਧਾਇਕਾਂ ਦੀ ਅਯੋਗਤਾ ’ਤੇ ਫੈਸਲਾ ਦਿੱਲੀ ਤੋਂ ਹੋ ਚੁੱਕਾ ਹੈ।’’

ਇਸ ਦਰਮਿਆਨ ਮੰਗਲਵਾਰ ਨੂੰ ਊਧਵ ਠਾਕਰੇ ਨੇ ਫੈਸਲਾ ਸੁਣਾਏ ਜਾਣ ਤੋਂ ਪਹਿਲਾਂ ਏਕਨਾਥ ਸ਼ਿੰਦੇ ਅਤੇ ਵਿਧਾਨ ਸਭਾ ਸਪੀਕਰ ਰਾਹੁਲ ਨਾਰਵੇਕਰ ਦਰਮਿਆਨ ਮੁਲਾਕਾਤ ਨੂੰ ਲੈ ਕੇ ਸਵਾਲ ਉਠਾਏ ਅਤੇ ਕਿਹਾ ਸੀ ਕਿ ‘‘ਜੱਜ ਨੇ ਦੋਸ਼ੀਆਂ ਨਾਲ 2 ਵਾਰ ਮੁਲਾਕਾਤ ਕੀਤੀ। ਇਸ ਤੋਂ ਜਨਤਾ ਸਮਝ ਚੁੱਕੀ ਹੈ ਕਿ ਬੁੱਧਵਾਰ ਨੂੰ ਫੈਸਲਾ ਕੀ ਹੋਵੇਗਾ!’’

ਫੈਸਲਾ ਆਉਣ ਪਿੱਛੋਂ ਊਧਵ ਠਾਕਰੇ ਨੇ ਕਿਹਾ ਕਿ ‘‘ਇਹ ਤਾਂ ਹੋਣਾ ਹੀ ਸੀ।’’ ਓਧਰ ਸੰਜੇ ਰਾਊਤ ਨੇ ਇਸ ਫੈਸਲੇ ’ਤੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ‘‘ਵਿਧਾਨ ਸਭਾ ਦੇ ਸਪੀਕਰ ਨੇ ਪਿੱਠ ’ਚ ਖੰਜਰ ਖੋਭਿਆ ਹੈ।’’

ਇਸ ਦਰਮਿਆਨ ਜਿੱਥੇ ਵਿਧਾਨ ਸਭਾ ਸਪੀਕਰ ਰਾਹੁਲ ਨਾਰਵੇਕਰ ਦੇ ਫੈਸਲੇ ਨਾਲ ਏਕਨਾਥ ਸ਼ਿੰਦੇ ਦੇ ਕੈਂਪ ’ਚ ਜਸ਼ਨ ਦਾ ਮਾਹੌਲ ਬਣ ਗਿਆ ਹੈ ਉੱਥੇ ਹੀ ਦੂਜੇ ਪਾਸੇ ਊਧਵ ਠਾਕਰੇ ਧੜੇ ’ਚ ਨਿਰਾਸ਼ਾ ਦੀ ਲਹਿਰ ਦੌੜ ਗਈ ਹੈ ਅਤੇ ਊਧਵ ਠਾਕਰੇ ਧੜੇ ਦੇ ਵਰਕਰ ਵਿਰੋਧ ਵਿਖਾਵੇ ਲਈ ਸੜਕਾਂ ’ਤੇ ਉਤਰ ਆਏ ਹਨ।

ਇਸ ਦਰਮਿਆਨ ਸ਼ਿਵ ਸੈਨਾ (ਠਾਕਰੇ ਧੜੇ) ਦੇ ਆਗੂ ਸੰਜੇ ਰਾਊਤ ਨੇ ਕਿਹਾ ਹੈ ਕਿ ‘‘ਅਸੀਂ ਵਿਧਾਨ ਸਭਾ ਸਪੀਕਰ ਦੇ ਫੈਸਲੇ ਵਿਰੁੱਧ ਸੁਪਰੀਮ ਕੋਰਟ ’ਚ ਜਾਵਾਂਗੇ।’’ ਫੈਸਲਾ ਕੀ ਹੁੰਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ।

- ਵਿਜੇ ਕੁਮਾਰ


Anmol Tagra

Content Editor

Related News