ਕੁਝ ਪੁਲਸ ਕਰਮਚਾਰੀਆਂ ਦੀਆਂ ਕਰਤੂਤਾਂ ਜੋ ਬਣ ਰਹੀਆਂ ਵਿਭਾਗ ਦੀ ਬਦਨਾਮੀ ਦਾ ਕਾਰਨ
Friday, May 26, 2023 - 02:31 AM (IST)
ਹਾਲਾਂਕਿ ਪੁਲਸ ਵਿਭਾਗ ’ਤੇ ਲੋਕਾਂ ਦੀ ਸੁਰੱਖਿਆ ਦਾ ਜ਼ਿੰਮਾ ਹੋਣ ਦੇ ਨਾਤੇ ਉਨ੍ਹਾਂ ਕੋਲੋਂ ਅਨੁਸ਼ਾਸਿਤ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਪਰ ਅੱਜ ਦੇਸ਼ ’ਚ ਕੁਝ ਪੁਲਸ ਕਰਮਚਾਰੀ ਆਪਣੇ ਕਾਰਿਆਂ ਕਾਰਨ ਆਲੋਚਨਾ ਦੇ ਪਾਤਰ ਬਣਨ ਦੇ ਨਾਲ-ਨਾਲ ਆਪਣੇ ਵਿਭਾਗ ਦੀ ਬਦਨਾਮੀ ਦਾ ਕਾਰਨ ਵੀ ਬਣ ਰਹੇ ਹਨ।
ਇਸ ਦੀਆਂ ਸਿਰਫ ਇਸੇ ਮਹੀਨੇ ਦੀਆਂ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :-
* 3 ਮਈ ਨੂੰ ਲਖਨਊ ’ਚ ਪੁਲਸ ਦੇ ਇਕ ਸਿਪਾਹੀ ਨੂੰ ਬਿਨਾਂ ਨੰਬਰ ਦੇ ਸਕੂਟਰ ’ਤੇ ਸਵਾਰ ਹੋ ਕੇ ਇਕ ਸਕੂਲੀ ਵਿਦਿਆਰਥਣ ਦਾ ਪਿੱਛਾ ਅਤੇ ਉਸ ਨਾਲ ਛੇੜਖਾਨੀ ਕਰਨ ਦੇ ਦੋਸ਼ ਹੇਠ ਮੁਅੱਤਲ ਅਤੇ ਗ੍ਰਿਫਤਾਰ ਕੀਤਾ ਗਿਆ।
* 10 ਮਈ ਨੂੰ ਕਾਨਪੁਰ ’ਚ ਇਕ ਦਾਰੋਗਾ ਵਿਰੁੱਧ ਇਕ ਪੀੜਤ ਔਰਤ ਦੀ ਸ਼ਿਕਾਇਤ ’ਤੇ ਕਾਰਵਾਈ ਕਰਨ ਦੀ ਬਜਾਏ ਉਲਟਾ ਉਸ ਨੂੰ ਅਸ਼ਲੀਲ ਮੈਸੇਜ ਭੇਜਣ ਅਤੇ ਉਸ ’ਤੇ ਦੋਸਤੀ ਲਈ ਦਬਾਅ ਪਾਉਣ ਅਤੇ ਇਨਕਾਰ ਕਰਨ ’ਤੇ ਪੀੜਤਾ ਦੇ ਪਤੀ ’ਤੇ ਹੀ ਮੁਕੱਦਮਾ ਦਰਜ ਕਰਨ ਤੇ ਕੁੱਟਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ।
* 14 ਮਈ ਨੂੰ ਜਮੂਈ (ਬਿਹਾਰ) ਦੇ ਝਾਝਾ ਥਾਣੇ ’ਚ ਆਪਣੇ ਪਤੀ ਅਤੇ ਭੈਣ ਦੇ ਨਾਲ ਸ਼ਿਕਾਇਤ ਲਿਖਵਾਉਣ ਪੁੱਜੀ ਔਰਤ ਨੂੰ 2 ਦਾਰੋਗਿਆਂ ਨੇ ਜਾਤੀ ਸੂਚਕ ਗਾਲ੍ਹਾਂ ਕੱਢੀਆਂ, ਉਸ ਦੇ ਪਤੀ ਨੂੰ ਕੁੱਟਣ ਅਤੇ ਉਸ ਨੂੰ ਛੱਡਣ ਦੇ ਬਦਲੇ 10,000 ਰੁਪਏ ਰਿਸ਼ਵਤ ਮੰਗਣ ਤੋਂ ਇਲਾਵਾ ਥਾਣੇ ਦੀਆਂ ਬੱਤੀਆਂ ਬੁਝਾ ਕੇ ਦੋਵਾਂ ਭੈਣਾਂ ਨਾਲ ਛੇੜਖਾਨੀ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਵੀ ਕੁੱਟ ਦਿੱਤਾ।
* 23 ਮਈ ਨੂੰ ਗੁਰਦਾਸਪੁਰ ’ਚ ਨਸ਼ੇ ’ਚ ਟੱਲੀ ਹੋਮਗਾਰਡ ਇਕ ਰੇਹੜੀ ’ਤੇ 20 ਰੁਪਏ ਦੇ ਗੋਲਗੱਪੇ ਖਾਣ ਤੋਂ ਬਾਅਦ ਰੇਹੜੀ ਵਾਲੇ ਨੂੰ ਪੈਸੇ ਦੇਣ ਦੀ ਬਜਾਏ ਉਸ ’ਤੇ ਵਰਦੀ ਦੀ ਧੌਂਸ ਜਮਾਉਣ ਲੱਗਾ ਅਤੇ ਘਟਨਾ ਦੀ ਵੀਡੀਓ ਬਣਾਉਣ ਵਾਲੇ ਲੋਕਾਂ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅਧਿਕਾਰੀਆਂ ਨੇ ਉਸ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ।
* 23 ਮਈ ਨੂੰ ਹੀ ਨਾਗਪੁਰ (ਮਹਾਰਾਸ਼ਟਰ) ’ਚ ਹਾਈ ਕੋਰਟ ਦੇ ਇਕ ਜੱਜ ਦੀ ਕੋਠੀ ’ਤੇ ਤਾਇਨਾਤ ਕਾਂਸਟੇਬਲ ਨੂੰ ਪਰਿਵਾਰ ਦੇ ਮੈਂਬਰਾਂ ਦੀ ਗੈਰ-ਹਾਜ਼ਰੀ ’ਚ ਗੈਰਾਜ ਤੋਂ ਉਨ੍ਹਾਂ ਦੀ ਲਗਜ਼ਰੀ ਕਾਰ ਕੱਢ ਕੇ ਲਿਜਾਣ ਅਤੇ ਟੱਕਰ ਮਾਰ ਕੇ ਨੁਕਸਾਨ ਕਰਨ ਦੇ ਦੋਸ਼ ਹੇਠ ਨੌਕਰੀ ਤੋਂ ਬਰਖਾਸਤ ਕੀਤਾ ਗਿਆ।
* 24 ਮਈ ਨੂੰ ਕਿਸ਼ਨਗੰਜ (ਬਿਹਾਰ) ’ਚ ਆਪਣੇ ਪਤੀ ਦੀ ਖੋਜ ’ਚ ਭਟਕ ਰਹੀ ਔਰਤ ਨੂੰ ਆਪਣੇ ਸਰਕਾਰੀ ਨਿਵਾਸ ’ਚ ਰੱਖ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ‘ਟੇਢਾਗਾਛ’ ਥਾਣੇ ਦੇ ਥਾਣੇਦਾਰ ਵਿਰੁੱਧ ਕੇਸ ਦਰਜ ਕੀਤਾ ਗਿਆ।
ਇਸ ਲਈ ਅਜਿਹਾ ਕਰਨ ਵਾਲੇ ਪੁਲਸ ਕਰਮਚਾਰੀਆਂ ਨੂੰ ਸਖਤ ਅਤੇ ਸਿੱਖਿਆਦਾਇਕ ਸਜ਼ਾ ਦੇਣ ਦੀ ਲੋੜ ਹੈ ਕਿਉਂਕਿ ਇਸ ਤਰ੍ਹਾਂ ਦਾ ਲਾਪ੍ਰਵਾਹੀ ਅਤੇ ਗਲਤ ਚਰਿੱਤਰ ਸੁਰੱਖਿਆ ਵਿਵਸਥਾ ਲਈ ਵੀ ਖਤਰਾ ਸਿੱਧ ਹੋ ਰਿਹਾ ਹੈ।
- ਵਿਜੇ ਕੁਮਾਰ